Monday 14 October 2019

ਗੀਤ -- ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।






ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।
ਆ ਕੇ ਛੱਡਣਾ ਜੈਕਾਰਾ ਪਹਿਲਾਂ ਗੱਜ ਵੱਜ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।

ਨਹੀਂ ਛੋਟਾ ਮੋਟਾ ਮੌਕਾ ਸਾਡੇ ਯਾਰ ਦਾ ਵਿਆਹ ਹੈ।
ਠਾਠਾਂ ਮਾਰਦਾ ਦਿਲਾਂ ਦੇ ਵਿੱਚ ਨੱਚਣੇ ਦਾ ਚਾਅ ਹੈ।
ਨਹੀਂ ਕਿਸੇ ਤੋਂ ਕਹਾਉਣਾ ਆਉਣਾ ਆਪੇ ਭੱਜ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।

ਪੱਗ ਬੰਨ੍ਹਣੀ ਫਿਰੋਜੀ ਚਿੱਟਾ ਕੁੜਤਾ ਹੈ ਪਾਉਣਾ।
ਤੇੜ ਚਾਦਰਾ ਫਿਰੋਜੀ ਗੋਲ਼ ਬੰਨ੍ਹ ਕੇ ਸਜਾਉਣਾ।
ਆਉਣਾ ਸਾਹਮਣੇ ਲੋਕਾਂ ਦੇ ਪੂਰਾ ਸਜ ਧਜ ਕੇ ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।

ਪਾਉਣੀ ਮੋਰਾਂ ਵਾਂਗ ਪੈਲ ਭੋਰਾ ਅੱਕਣਾ ਨਹੀਂ ਹੈ।
ਦੇਣਾ ਢੋਲੀ ਨੂੰ ਥਕਾ ਅਸਾਂ ਥੱਕਣਾ ਨਹੀਂ ਹੈ।
ਪਾਟ  ਜਾਊਗਾ ਵਿਚਾਰਾ ਢੋਲ ਵੱਜ ਵੱਜ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਜਦੋਂ ਰੱਜ ਕੇ।

ਹੁੰਦਾ ਭੰਗੜਾ ਪਨਾਗਾ ਕੀ ਹੈ ਜੱਗ ਨੂੰ ਦਿਖਾਉਣਾ।
ਕੱਲੇ ਨੱਚਣਾ ਨਹੀਂ ਅਾਪ ਸਾਰੀ ਜੰਨ ਨੂੰ ਨਚਾਉਣਾ।
ਜਾਨੀ ਆਉਣਗੇ ਗਲਾਸਾਂ ਵਿੱਚ ਪਈ ਛੱਡ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਜਦੋਂ ਰੱਜ ਕੇ।