Thursday 28 January 2021

ਜੋ ਹੋਣਾ ਈ ਹੈ ਉਹਤੋਂ ਡਰਨਾ ਕੀ?

 

ਜੋ ਹੋਣਾ ਈ ਹੈ ਉਹਤੋਂ ਡਰਨਾ ਕੀ?      ਡਰ ਡਰ ਕੇ ਮੌਤ ਤੋਂ ਮਰਨਾ ਕੀ?

ਜਦ ਹੜ੍ਹ ਆਊਗਾ ਦੇਖਾਂਗੇ,           ਐਂਵੇਂ ਕਣੀਆਂ ਦੇ ਨਾਲ਼ ਖਰਨਾ ਕੀ?

ਜੋ ਰਾਹ ਮੰਜ਼ਿਲ ਨੂੰ ਨਹੀਂ ਜਾਂਦਾ,       ਭੁੱਲ ਪੈਰ ਓਸ ਤੇ ਧਰਨਾ ਕੀ?

ਜਿਸ ਪੀੜ ਤੋਂ ਬਚਿਆ ਜਾ ਸਕਦੈ,     ਉਹ ਪੀੜ ਬਿਲੋੜੀ ਜਰਨਾ ਕੀ?

ਡਰ ਸਮਝ ਸਮੁੰਦਰ ਟਿੱਬਿਆਂ ਨੂੰ,      ਡੁੱਬਣ ਦਾ ਚਿੱਤ ਵਿੱਚ ਧਰਨਾ ਕੀ?

ਜੋ ਕਰਨਾ ਹੈ ਕਰ ਖੁਸ਼ ਹੋ ਕੇ,        ਐਵੇਂ ਬੱਧੇ ਚੱਟੀ ਭਰਨਾ ਕੀ?

ਬਣ ਬੱਦਲ਼ ਮਾਰੂਥਲ ਤੇ ਵਰ੍ਹ,        ਸਾਗਰ ਤੇ ਪਨਾਗਾ ਵਰ੍ਹਨਾ ਕੀ?




Wednesday 27 January 2021

ਕੁਰਸੀ ਤਾਂ ਹੁੰਦੀ ਹੈ ਪਿਆਰੀ ਸਭ ਨੂੰ, ਦੇਖਿਆ ਟਰੰਪ ਵਾਂਗੂੰ ਰੋਂਦਾ ਕੋਈ ਨਾ

 

ਕੁਰਸੀ ਤਾਂ ਹੁੰਦੀ ਹੈ ਪਿਆਰੀ ਸਭ ਨੂੰ, ਦੇਖਿਆ ਟਰੰਪ ਵਾਂਗੂੰ ਰੋਂਦਾ ਕੋਈ ਨਾ।

ਹੁੰਦੈ ਅਫਸੋਸ ਜਦੋਂ ਖੁੱਸੇ ਕੁਰਸੀ, ਪਰ ਉਹਦੇ ਵਾਂਗੂੰ ਸੁੱਧ ਬੁੱਧ ਖੋਂਦਾ ਕੋਈ ਨਾ।

 

ਜਿੱਤ ਹਾਰ ਬਣੀ ਹੋਈ ਵਿੱਚ ਜੱਗ ਦੇ, ਜਿੱਤਦਾ ਹੈ ਇੱਕ, ਇੱਕ ਹਾਰਦਾ ਹੁੰਦੈ।

ਹੋਵੇ ਜੋ ਸਿਆਣਾ ਦੁੱਖ ਹਾਰ ਦੇ ਨੂੰ ਉਹ ਸ਼ੇਰ ਬਣ ਹੱਸ ਕੇ ਸਹਾਰਦਾ ਹੁੰਦੈ।

ਬੱਚਿਆਂ ਦੇ ਵਾਂਗ ਚੰਘਿਆੜਾਂ ਮਾਰਦਾ ਹਾਰ ਅਪਣੀ ਤੇ ਬੰਦਾ ਸੋਂਹਦਾ ਕੋਈ ਨਾ।

ਹੁੰਦੈ ਅਫਸੋਸ ਜਦੋਂ ਖੁੱਸੇ ਕੁਰਸੀ, ਪਰ ਉਹਦੇ ਵਾਂਗੂੰ ਸੁੱਧ ਬੁੱਧ ਖੋਂਦਾ ਕੋਈ ਨਾ।

 

ਹਾਰ ਅਪਣੀ ਨੂੰ ਸਵੀਕਾਰਦਾ ਨਾ ਜੋ ਜੱਗ ਉੱਤੇ ਉਹਦੇ ਜਿਹਾ ਸ਼ੁਦਾਈ ਕੋਈ ਨਾ।

ਪੱਲੇ ਪੈਂਦਾ ਹਾਸਾ ਸਾਰੇ ਸੰਸਾਰ ਦਾ, ਹੋਰ ਹੁੰਦੀ ਰੋ ਕੇ ਕਮਾਈ ਕੋਈ ਨਾ।

ਹੋਰ ਹੁੰਦਾ ਗੂੜ੍ਹਾ ਸਗੋਂ ਦਾਗ ਹਾਰ ਦਾ, ਹੰਝੂਆਂ ਦਾ ਪਾਣੀ ਉਹਨੂੰ ਧੋਂਦਾ ਕੋਈ ਨਾ।

ਹੁੰਦੈ ਅਫਸੋਸ ਜਦੋਂ ਖੁੱਸੇ ਕੁਰਸੀ, ਪਰ ਉਹਦੇ ਵਾਂਗੂੰ ਸੁੱਧ ਬੁੱਧ ਖੋਂਦਾ ਕੋਈ ਨਾ।

 

ਤੋੜ ਤੇ ਰਿਕਾੜ ਉਹਨੇ ਸਾਰੇ ਰੋਣ ਦੇ, ਸੁਣ ਸੁਣ ਦੁਨੀਆਂ ਦੇ ਲੋਕ ਥੱਕ ਗਏ।

ਹਾਰ ਕੇ ਵੀ ਆਖੀ ਜਾਂਦੈ ਹਾਰਿਆ ਨਾ ਮੈਂ, ਹੱਸਦੇ ਪਨਾਗਾ ਸਾਡੇ ਢਿੱਡ ਪੱਕ ਗਏ।

ਏਹੋ ਜੇਹੇ ਪਾਗਲਾਂ ਦੇ ਸਰਦਾਰ ਦੇ ਨਾਲ਼ ਬੰਦਾ ਜੱਗ ਦਾ ਖਲੋਂਦਾ ਕੋਈ ਨਾ।

ਹੁੰਦੈ ਅਫਸੋਸ ਜਦੋਂ ਖੁੱਸੇ ਕੁਰਸੀ, ਪਰ ਉਹਦੇ ਵਾਂਗੂੰ ਸੁੱਧ ਬੁੱਧ ਖੋਂਦਾ ਕੋਈ ਨਾ।