Wednesday 24 July 2019

Kali Heer Dee - ਪੱਥਰ ਨਰਮ ਨਾ ਪੈਂਦੇ ਕਦੇ ਕਿਸੇ ਨੇ ਵੇਖੇ ਨੇ



ਪੱਥਰ ਨਰਮ ਨਾ ਪੈਂਦੇ ਕਦੇ ਕਿਸੇ ਨੇ ਵੇਖੇ ਨੇ
ਸਾਲਾਂ ਬੱਧੀ ਰੱਖੇ ਪਾਣੀ ਵਿੱਚ ਡੁਬੋ ਕੇ।
ਕੋਕੜ ਮੋਠ ਨਾ ਰਿੱਝਦੇ ਤੌੜੀ ਭਾਂਵੇਂ ਸੜ ਜਾਵੇ
ਹਾਰਾ ਪਾਥੀਆਂ ਦੇ ਨਾਲ਼ ਜੇ ਭਰੀਏ ਤੋ ਤੋ ਕੇ।
ਕੱਲਰ ਦੇ ਵਿੱਚ ਪਾਇਆ ਬੀਜ ਕਦੇ ਨਾ ਫਲ਼ਿਆ ਹੈ
ਵਾਹੋ ਜਿੰਨਾ ਮਰਜ਼ੀ ਜੋਗਾਂ ਨੂੰ ਜੋ ਜੋ ਕੇ।
ਕੋਲਾ ਕਾਲ਼ੇ ਤੋਂ ਨਾ ਚਿੱਟਾ ਕਦੇ ਵੀ ਹੋ ਸਕਦਾ, ਜੱਗ ਜਾਣੇ,
ਕਰਨਾ ਚਾਹੀਏ ਉਹਨੂੰ ਦੇ ਦੁੱਧ ਦੇ ਨਾਲ਼ ਧੋ ਕੇ।
ਲੁੱਡਣ ਮੋਛਾ ਸੁੱਕਿਆ ਹੋਇਆ ਪੱਕੀ ਟਾਹਲੀ ਦਾ
ਕੌਣ ਵਿਖਾਵੇ ਉਹਨੂੰ ਮਾਸਾ ਇੱਕ ਮੁਚੋ ਕੇ।
ਕਹਿੰਦਾ ਮੁੰਡਿਆ ਤੇਰੇ ਵਰਗੇ ਨੰਗ ਮਲੰਗਾਂ ਦੀ
ਗੱਲ ਨਾ ਸੁਣਾਂ ਦੋ ਘੜੀ ਮੈਂ ਤਾਂ ਕੋਲ਼ ਖਲੋ ਕੇ।
ਬਹੁਤ ਪਖੰਡੀਆਂ ਦੇ ਨਾਲ਼ ਰੋਜ਼ ਵਾਸਤਾ ਪੈਂਦਾ ਹੈ
ਮੰਗਣ ਭੀਖ ਤਰਸ ਦੀ ਮਾਇਆ ਗੰਢ ਲੁਕੋ ਕੇ।
ਐਂਵੇਂ ਪੱਥਰ ਦੇ ਨਾਲ਼ ਮਾਰ ਨਾ ਟੱਕਰਾਂ ਛੋਕਰਿਆ, ਗੱਲ ਸੁਣ ਲੈ,
ਭਰੀ ਨਾ ਕਿਸੇ ਬਾਲ਼ਟੀ ਦੁੱਧ ਨਾਲ਼ ਝੋਟਾ ਚੋ ਕੇ।
ਧੱਕੇ ਦੇ ਨਾਲ਼ ਬੈਠਣਾ ਚਾਹੇ ਜੋ ਵਿੱਚ ਬੇੜੀ ਦੇ
ਮਾਰਾਂ ਵਿੱਚ ਝਨਾਂ ਦੇ ਧੱਕਾ ਮਾਰ ਡੁਬੋ ਕੇ।
ਲਾ ਲਾ ਪੈਰਾਂ ਨੂੰ ਹੱਥ ਤੇਰਾ ਕੁੱਝ ਨਾ ਸੌਰਨਾ
ਚੁੱਕ ਪੁਆ ਨਾ ਬੈਠੀਂ ਤੂੰ ਕੋਡਾ ਹੋ ਹੋ ਕੇ।
ਟੱਬਰ ਨੂੰ ਦੱਸ ਕੀ ਮੈਂ ਅਪਣਾ ਮਾਸ ਖੁਆਊਂਗਾ
ਤੇਰੇ ਜਿਹੇ ਮੁਸ਼ਟੰਡਿਆਂ ਨੂੰ ਬਿਨ ਪੈਸੇ ਢੋ ਕੇ?
ਕੰਡਾ ਲੇਧੜੇ ਦਾ ਬਣ ਕੇ ਐਂਵੇਂ ਚਿੰਬੜ ਨਾ, ਤੂੰ ਮੈਨੂੰ,
ਛੱਡ ਦੇ ਜਿੱਦ ਪਨਾਗਾ ਬਹਿ ਜਾ ਲਾਂਭੇ ਹੋ ਕੇ।

Kali Heerਸੁਣ ਨਾਂਹ ਕੋਰੀ ਧੀਦੋ ਮੁੱਖ ਤੋਂ ਲੁੱਡਣ ਝਬੇਲ ਦੇ




ਸੁਣ ਨਾਂਹ ਕੋਰੀ ਧੀਦੋ ਮੁੱਖ ਤੋਂ ਲੁੱਡਣ ਝਬੇਲ ਦੇ

ਪੱਤਣੋ ਹਟ ਕੇ ਥੋੜਾ ਦੂਰ ਬਹਿ ਗਿਆ ਜਾ ਕੇ।

ਭੁੱਲਣ ਖਾਤਰ ਦੁੱਖ ਦਿਲ ਵਿੱਚ ਨਿਰਾਸ਼ਾ ਡੁੱਬੇ ਦਾ

ਫੜ ਕੇ ਵੰਝਲ਼ੀ ਬਹਿ ਗਿਆ ਬੁੱਲ੍ਹਾਂ ਦੇ ਨਾਲ਼ ਲਾ ਕੇ।

ਨਿੱਕਲਣ ਲੱਗੀਆਂ ਵੰਝਲ਼ੀ ਵਿੱਚੋਂ ਧੁਨਾਂ ਪਿਆਰੀਆਂ

ਜਿੱਦਾਂ ਹੋਣ ਵਜਾਈਆਂ ਮਿਸ਼ਰੀ ਵਿੱਚ ਰਲ਼ਾ ਕੇ।

ਜੀਹਨੇ ਸੁਣੀਆਂ ਖਿੱਚਿਆ ਧੀਦੋ ਵੱਲ ਨੂੰ ਆ ਗਿਆ

ਬਹਿ ਗਿਆ ਕੋਲ਼ ਫੱਕਰ ਦੇ ਪੂਰੀ ਬਿਰਤੀ ਲਾ ਕੇ।

ਹੁੰਦੇ ਹੁੰਦੇ ਪੱਤਣ ਸਾਰਾ ਖਾਲੀ ਹੋ ਗਿਆ

ਕੁੱਲ ਮੁਸਾਫ਼ਿਰ ਬਹਿ ਗਏ ਕੋਲ਼ ਧੀਦੋ ਦੇ ਆ ਕੇ।

ਨਾਰਾਂ ਲੁੱਡਣ ਦੀਆਂ ਵੀ ਕੋਲ਼ੇ ਆ ਕੇ ਬਹਿ ਗਈਆਂ

ਜਿੱਦਾਂ ਹੋਣ ਨਾਗਣਾ ਕੀਲੀਆਂ ਬੀਨ ਵਜਾ ਕੇ।

ਐਨੀਆਂ ਮਸਤ ਹੋ ਗੀਆਂ ਭੁੱਲ ਗੀਆਂ ਅਪਣੇ ਆਪ ਨੂੰ

ਬਹਿ ਗੀਆਂ ਬਣ ਧੀਦੋ ਦੀਆਂ ਲੁੱਡਣ ਨੂੰ ਭੁਲਾ ਕੇ।

ਇੱਕ ਇੱਕ ਲੱਤ ਧੀਦੋ ਦੀ ਛਾਤੀ ਰੱਖ ਲਈ ਦੋਹਾਂ ਨੇ

ਘੁੱਟਣ ਲੱਗੀਆਂ ਪੋਲੇ ਪੋਲੇ ਜਹੇ ਦਬਾ ਕੇ।

ਲੱਤਾਂ ਵੇਖ ਘੁੱਟਦੀਆਂ ਖਤਰਾ ਪੈ ਗਿਆ ਲੁੱਡਣ ਨੂੰ

ਰੰਨਾਂ ਗੱਭਰੂ ਨੇ ਪੱਟ ਲਈਆਂ ਜਾਦੂ ਪਾ ਕੇ।

ਰਹਿ ਜਾਊਂ ਖਾਲੀ ਹੱਥ ਮੈਂ ਪੱਤਣ ਤੇ ਝੱਖ ਮਾਰਦਾ

ਮੁੰਡਾ ਰੰਨਾਂ ਮੇਰੀਆਂ ਲੈ ਜਾਊ ਖਿਸਕਾ ਕੇ।

ਹੁਣ ਪਛਤਾਵੇ ਕਿਉਂ ਨਾ ਪਾਰ ਲੰਘਾ ਤਾ ਛੋਹਰ ਨੂੰ

ਦੇਰੀ ਬਿਨਾਂ ਕੀਤਿਆਂ ਬੇੜੀ ਵਿੱਚ ਬਿਠਾ ਕੇ।

ਪਰ ਨਾ ਗਿਆ ਵਕਤ ਮੁੜ ਹੱਥ ਪਨਾਗਾ ਆਉਂਦਾ ਹੈ

ਭਾਂਵੇਂ ਜ਼ੋਰ ਲਾ ਲੀਏ ਵਾਜਾਂ ਮਾਰ ਬੁਲਾ ਕੇ।

Kali Heer ਵੰਝਲ਼ੀ ਬੁੱਲ੍ਹਾਂ ਨਾਲ਼ੋਂ ਲਾਹੀ ਧੀਦੋ ਰਾਂਝੇ ਨੇ


ਵੰਝਲ਼ੀ ਬੁੱਲ੍ਹਾਂ ਨਾਲ਼ੋਂ ਲਾਹੀ ਧੀਦੋ ਰਾਂਝੇ ਨੇ

ਟੰਗ ਲਈ ਕਮਰ ਕਸੇ ਵਿੱਚ ਬੁੱਲ੍ਹਾਂ ਨਾਲ਼ ਛੁਹਾ ਕੇ।

ਕਰਨੀ ਪਾਰ ਝਨਾਂ ਹੈ ਦਿਲ ਵਿੱਚ ਪੂਰੀ ਧਾਰ ਲਈ

ਕਰਨੀ ਪਵੇ ਜਾਨ ਦੀ ਭਾਂਵੇਂ ਬਾਜ਼ੀ ਲਾ ਕੇ।

ਠਿਲ੍ਹਣ ਲਈ ਝਨਾਂ ਵਿੱਚ ਕੰਢੇ ਉੱਤੇ ਜਾ ਖੜ੍ਹਿਆ

ਨਾਰਾਂ ਲੁੱਡਣ ਦੀਆਂ ਲਿਆ ਫੜ ਬਾਂਹਾਂ ਤੋਂ ਜਾ ਕੇ।

ਪਾਣੀ ਡੂੰਘਾ ਵਗਦਾ ਤੇਜ਼ ਬਲਾ ਦਾ ਮਹਿਰਮਾ

ਐਂਵੇਂ ਬਹਿ ਜਾਵੇਂਗਾ ਅਪਣੀ ਜਾਨ ਗੁਆ ਕੇ।

ਵਾਰੀ ਜਾਂਦੀਆਂ ਹਾਂ ਲੱਖ ਵਾਰੀ ਤੇਰੀ ਜਾਨ ਤੋਂ

ਪਾਰ ਲੰਘਾਈਏ ਤੈਨੂੰ ਮੋਢਿਆਂ ਉੱਤੇ ਚਾ ਕੇ।

ਨਹੀਂ ਮਜ਼ਾਲ ਲੁੱਡਣ ਦੀ ਰੋਕੇ ਬੇੜੀ ਚੜ੍ਹਨੇ ਤੋਂ

ਬੋਲੂ ਕੁੱਝ ਤਾਂ ਬਹਿ ਜਾਊ ਛਿੱਤਰ ਸਾਥੋਂ ਖਾ ਤੇ।

ਤੂੰ ਹੈਂ ਮਲਕ ਅਸੀਂ ਗੁਲਾਮ ਤੇਰੀਆਂ ਹੋ ਗਈਆਂ

ਸੁਰਮੇ ਵਾਂਗੂੰ ਰੱਖੀਏ ਅੱਖਾਂ ਵਿੱਚ ਵਸਾ ਕੇ।

ਬਾਂਹੋਂ ਫੜ ਧੀਦੋ ਨੂੰ ਵਿੱਚ ਬੇੜੀ ਦੇ ਲੈ ਆਈਆਂ

ਉੱਤੇ ਪਲੰਘ ਬਿਠਾ ਤਾ ਲਾੜੇ ਵਾਂਗ ਸਜਾ ਕੇ।

ਜਿੱਦਾਂ  ਕਰ ਤਕਸੀਰ ਮੁਆਫ਼ ਵਿਚਾਰੇ ਆਦਮ ਨੂੰ

ਜੰਨਤ ਵਿੱਚ ਬਿਠਾ ਤਾ ਹੋਵੇ ਕਿਸੇ ਲਿਆ ਕੇ।

ਜਾਂ ਫਿਰ ਅਜ਼ਾਜ਼ੀਲ ਨੂੰ ਕੱਢ ਕੇ ਕੋਈ ਜਹੰਨਮ ਚੋਂ

ਵਿੱਚ ਬਹਿਸ਼ਤ ਵਾੜ ਦਏ ਕੁੱਲ ਗੁਨਾਹ ਬਖ਼ਸ਼ਾ ਕੇ।

ਦੋਵੇ ਪਾਸੇ ਬਹਿ ਗੀਆਂ ਨਾਰਾਂ ਲੁੱਡਣ ਝਬੇਲ ਦੀਆਂ

ਇੱਕ ਇੱਕ ਬਾਂਹ ਪਨਾਗਾ ਕਮਰ ਦੁਆਲ਼ੇ ਪਾ ਕੇ।