Wednesday 24 July 2019

Kali Heer ਵੰਝਲ਼ੀ ਬੁੱਲ੍ਹਾਂ ਨਾਲ਼ੋਂ ਲਾਹੀ ਧੀਦੋ ਰਾਂਝੇ ਨੇ


ਵੰਝਲ਼ੀ ਬੁੱਲ੍ਹਾਂ ਨਾਲ਼ੋਂ ਲਾਹੀ ਧੀਦੋ ਰਾਂਝੇ ਨੇ

ਟੰਗ ਲਈ ਕਮਰ ਕਸੇ ਵਿੱਚ ਬੁੱਲ੍ਹਾਂ ਨਾਲ਼ ਛੁਹਾ ਕੇ।

ਕਰਨੀ ਪਾਰ ਝਨਾਂ ਹੈ ਦਿਲ ਵਿੱਚ ਪੂਰੀ ਧਾਰ ਲਈ

ਕਰਨੀ ਪਵੇ ਜਾਨ ਦੀ ਭਾਂਵੇਂ ਬਾਜ਼ੀ ਲਾ ਕੇ।

ਠਿਲ੍ਹਣ ਲਈ ਝਨਾਂ ਵਿੱਚ ਕੰਢੇ ਉੱਤੇ ਜਾ ਖੜ੍ਹਿਆ

ਨਾਰਾਂ ਲੁੱਡਣ ਦੀਆਂ ਲਿਆ ਫੜ ਬਾਂਹਾਂ ਤੋਂ ਜਾ ਕੇ।

ਪਾਣੀ ਡੂੰਘਾ ਵਗਦਾ ਤੇਜ਼ ਬਲਾ ਦਾ ਮਹਿਰਮਾ

ਐਂਵੇਂ ਬਹਿ ਜਾਵੇਂਗਾ ਅਪਣੀ ਜਾਨ ਗੁਆ ਕੇ।

ਵਾਰੀ ਜਾਂਦੀਆਂ ਹਾਂ ਲੱਖ ਵਾਰੀ ਤੇਰੀ ਜਾਨ ਤੋਂ

ਪਾਰ ਲੰਘਾਈਏ ਤੈਨੂੰ ਮੋਢਿਆਂ ਉੱਤੇ ਚਾ ਕੇ।

ਨਹੀਂ ਮਜ਼ਾਲ ਲੁੱਡਣ ਦੀ ਰੋਕੇ ਬੇੜੀ ਚੜ੍ਹਨੇ ਤੋਂ

ਬੋਲੂ ਕੁੱਝ ਤਾਂ ਬਹਿ ਜਾਊ ਛਿੱਤਰ ਸਾਥੋਂ ਖਾ ਤੇ।

ਤੂੰ ਹੈਂ ਮਲਕ ਅਸੀਂ ਗੁਲਾਮ ਤੇਰੀਆਂ ਹੋ ਗਈਆਂ

ਸੁਰਮੇ ਵਾਂਗੂੰ ਰੱਖੀਏ ਅੱਖਾਂ ਵਿੱਚ ਵਸਾ ਕੇ।

ਬਾਂਹੋਂ ਫੜ ਧੀਦੋ ਨੂੰ ਵਿੱਚ ਬੇੜੀ ਦੇ ਲੈ ਆਈਆਂ

ਉੱਤੇ ਪਲੰਘ ਬਿਠਾ ਤਾ ਲਾੜੇ ਵਾਂਗ ਸਜਾ ਕੇ।

ਜਿੱਦਾਂ  ਕਰ ਤਕਸੀਰ ਮੁਆਫ਼ ਵਿਚਾਰੇ ਆਦਮ ਨੂੰ

ਜੰਨਤ ਵਿੱਚ ਬਿਠਾ ਤਾ ਹੋਵੇ ਕਿਸੇ ਲਿਆ ਕੇ।

ਜਾਂ ਫਿਰ ਅਜ਼ਾਜ਼ੀਲ ਨੂੰ ਕੱਢ ਕੇ ਕੋਈ ਜਹੰਨਮ ਚੋਂ

ਵਿੱਚ ਬਹਿਸ਼ਤ ਵਾੜ ਦਏ ਕੁੱਲ ਗੁਨਾਹ ਬਖ਼ਸ਼ਾ ਕੇ।

ਦੋਵੇ ਪਾਸੇ ਬਹਿ ਗੀਆਂ ਨਾਰਾਂ ਲੁੱਡਣ ਝਬੇਲ ਦੀਆਂ

ਇੱਕ ਇੱਕ ਬਾਂਹ ਪਨਾਗਾ ਕਮਰ ਦੁਆਲ਼ੇ ਪਾ ਕੇ।

No comments:

Post a Comment