Friday 14 August 2020

ਸੁਖਮਨੀ ਸਾਹਿਬ ਸਰਲ ਅਰਥ ਅਸਟਪਦੀ - 6


                              ਸਰਲ ਅਰਥ ਅਸਟਪਦੀ - 6 


ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ।। ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦਿ ਗੁਰਦੇਵ ।। ।।

ਗੁਰੂ ਜੀ ਪ੍ਰਭੂ ਅੱਗੇ ਬੇਨਤੀ ਕਰਦੇ ਹੋਏ ਕਹਿੰਦੇ ਹਨ ਕਿ ਹੇ ਪ੍ਰਭੂ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਡੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ ਅਤੇ ਮੋਹ ਦਾ ਨਾਸ ਹੋ ਜਾਵੇ।

ਅਸਟਪਦੀ ।।

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ।। ਤਿਸੁ ਠਾਕੁਰ ਕਉ ਰਖੁ ਮਨ ਮਾਹਿ ।।

ਐ ਜੀਵ, ਜਿਸ ਪ੍ਰਮਾਤਮਾ ਦੀ ਕਿਰਪਾ ਨਾਲ਼ ਤੂੰ ਛੱਤੀ ਤਰਾਂ ਦੇ ਅਰਥਾਤ ਭਾਂਤ ਭਾਂਤ ਦੇ ਅੰਮ੍ਰਿਤ ਵਰਗੇ ਪਦਾਰਥ ਖਾਂਦਾ ਹੈਂ, ਉਸ ਮਾਲਕ ਨੂੰ ਹਮੇਸ਼ਾ ਅਪਣੇ ਮਨ ਵਿੱਚ ਯਾਦ ਰੱਖਿਆ ਕਰ। ਕਦੇ ਇੱਕ ਪਲ ਲਈ ਵੀ ਇਹ ਗੱਲ ਨਾ ਭੁੱਲਿਆ ਕਰ ਕਿ ਇਹ ਸਭ ਦਾਤਾਂ ਦੇਣ ਵਾਲ਼ਾ ਉਹ ਮਾਲਕ ਹੀ ਹੈ।

ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ।। ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ।।

ਜਿਸ ਮਾਲਕ ਦੀ ਮਿਹਰ ਦਾ ਸਦਕਾ ਤੂੰ ਅਪਣੇ ਸਰੀਰ ਤੇ ਖੁਸ਼ਬੂਦਾਰ ਅਤਰ ਫੁਲੇਲ ਆਦਿ ਲਗਾ ਕੇ ਇਸ ਨੂੰ ਸੁਗੰਧ ਭਰਪੂਰ ਬਣਾਉਂਦਾ ਹੈਂ, ਉਸ ਦਾ ਸਿਮਰਨ ਕਰਿਆ ਕਰ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਤੈਨੂੰ ਮਹਾ ਮੁਕਤੀ ਪ੍ਰਾਪਤ ਹੋਵੇਗੀ।

ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ । ਤਿਸਹਿ ਧਿਆਇ ਸਦਾ ਮਨ ਅੰਦਰਿ ।।

ਜਿਸ ਪ੍ਰਭੂ ਦੀ ਕਿਰਪਾ ਨਾਲ਼ ਤੂੰ ਸੁਖਦਾਈ ਮਹਿਲਾਂ ਵਿੱਚ ਵਸਦਾ ਹੈਂ, ਸਦਾ ਹੀ ਅਪਣੇ ਮਨ ਵਿੱਚ ਉਸ ਨੂੰ ਯਾਦ ਰੱਖਿਆ ਕਰ, ਸਦਾ ਉਸ ਦੇ ਨਾਮ ਦਾ  ਸਿਮਰਨ ਕਰਦਾ ਰਿਹਾ ਕਰ

ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ।। ਆਠ ਪਹਰ ਸਿਮਰਹੁ ਤਿਸੁ ਰਸਨਾ ।।

ਜਿਸ ਦੀ ਕਿਰਪਾ ਨਾਲ਼ ਤੂੰ ਸੁਖ ਪੂਰਬਕ ਅਪਣੇ ਘਰ ਵਿੱਚ ਅਪਣੇ ਪਰਿਵਾਰ ਸਮੇਤ ਰਹਿੰਦਾ ਹੈਂ, ਅੱਠੇ ਪਹਿਰ ਅਪਣੀ ਜੀਭ ਨਾਲ਼ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਰੰਗ ਰਸ ਭੋਗ ।। ਨਾਨਕ ਸਦਾ ਧਿਆਈਐ ਧਿਆਵਨ ਜੋਗ ।। ।।

ਜਿਸ ਮਾਲਕ ਦੀ ਮਿਹਰ ਨਾਲ਼ ਤੂੰ ਤਰਾਂ ਤਰਾਂ ਦੇ ਰੰਗਾਂ ਰਸਾਂ ਦਾ ਅਨੰਦ ਮਾਣਦਾ ਹੈਂ, ਉਸ ਧਿਆਉਣ ਯੋਗ ਮਾਲਕ ਨੂੰ ਹਮੇਸ਼ਾ ਅਪਣੇ ਮਨ ਵਿੱਚ ਧਿਆਉਂਦਾ ਰਿਹਾ ਕਰ। ਇਹ ਸਭ ਰੰਗ ਰਸ ਉਸ ਦੇ ਬਖ਼ਸ਼ਿਸ਼ ਕੀਤੇ ਹੋਏ ਹਨ। ਇਨ੍ਹਾਂ ਸਾਰੀਆਂ ਦਾਤਾਂ ਦੇ ਦੇਣ ਵਾਲ਼ੇ ਨੂੰ ਭੁੱਲਣਾ ਸਭ ਤੋਂ ਵੱਡੀ ਮੂਰਖਤਾ ਹੈ।

ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ।। ਤਿਸਹਿ ਤਿਆਗ ਕਤ ਅਵਰ ਲੁਭਾਵਹਿ ।।

ਐ ਜੀਵ, ਜਿਸ ਪ੍ਰਭੂ ਦੀ ਕਿਰਪਾ ਸਦਕਾ ਤੂੰ ਭਾਂਤ ਭਾਂਤ ਦੇ ਖੂਬਸੂਰਤ ਸੂਤੀ ਅਤੇ ਰੇਸ਼ਤੀ ਵਸਤਰ ਪਹਿਨਦਾ ਹੈਂ, ਉਸ ਨੂੰ ਭੁਲਾ ਕੇ ਤੂੰ ਹੋਰ ਕਿਸ ਦੇ ਪਿਆਰ ਵਿੱਚ ਕਿਉਂ ਉਲ਼ਝ ਗਿਆ ਹੈਂ?

ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ।। ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ।।

ਜਿਸ ਮਾਲਕ ਦੀ ਮਿਹਰ ਸਦਕਾ ਤੂੰ ਸੁਖਾਂ ਭਰੀ ਸੇਜ ਦਾ ਅਨੰਦ ਮਾਣਦਾ ਹੈਂ, ਅੱਠੇ ਪਹਿਰ ਉਸ ਮਾਲਕ ਦਾ ਜਸ ਗਾਉਂਦਾ ਰਿਹਾ ਕਰ।

ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ।। ਮੁਖਿ ਤਾ ਕੋ ਜਸੁ ਰਸਨ ਬਖਾਨੈ ।।

ਤੇਰੀ ਇਹ ਸ਼ਾਨੋ ਸ਼ੌਕਤ, ਮਾਣ ਇੱਜ਼ਤ ਤੇਰੀ ਅਪਣੀ ਕਮਾਈ ਹੋਈ ਨਹੀਂ। ਇਹ ਉਸ ਮਾਲਕ ਦੀ ਬਖ਼ਸ਼ੀ  ਹੋਈ ਦਾਤ ਹੈ। ਜਿਸ ਪ੍ਰਭੂ ਦੀ ਕਿਰਪਾ ਨਾਲ਼ ਸਾਰੀ ਦੁਨੀਆਂ ਤੇਰਾ ਸਤਿਕਾਰ ਕਰਦੀ  ਹੈ, ਅਪਣੀ ਜੀਭ ਨਾਲ਼, ਅਪਣੇ ਮੂੰਹ ਤੋਂ ਉਸ ਮਾਲਕ ਦੀ ਵਡਿਆਈ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ।। ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੇਰਾ ਧਰਮ ਕਾਇਮ ਰਹਿੰਦਾ ਹੈ, ਤੇਰਾ ਵਿਸ਼ਵਾਸ਼ ਡੋਲਦਾ ਨਹੀਂ, ਤੂੰ ਅਪਣੇ ਫ਼ਰਜ਼ਾਂ ਦਾ ਪਾਲਣ ਕਰਦਾ ਰਹਿੰਦਾ ਹੈਂ, ਉਸ ਪਰਮ ਉੱਚ ਸ਼ਕਤੀ ਨੂੰ ਅਪਣੇ ਮਨ ਵਿੱਚ ਸਦਾ ਯਾਦ ਰੱਖਿਆ ਕਰ।

ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ।। ਨਾਨਕ ਪਤਿ ਸੇਤੀ ਘਰਿ ਜਾਵਹਿ ।। ।।

ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ਼ ਤੈਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਇੱਜ਼ਤ ਮਿਲੇਗੀ ਅਤੇ ਤੂੰ ਸਨਮਾਨ ਸਹਿਤ ਅਪਣੇ ਉਸ ਅਸਲੀ ਘਰ (ਪ੍ਰਭੂ ਦੇ ਪਾਸ) ਵਾਪਸ ਜਾ ਸਕੇਂਗਾ ਜਿੱਥੋਂ ਤੂੰ ਆਇਆ ਹੈਂ।

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ।। ਲਿਵ ਲਾਵਹੁ ਤਿਸੁ ਰਾਮ ਸਨੇਹੀ ।।

ਜਿਸ ਪ੍ਰਭੂ ਦੀ ਕਿਰਪਾ ਸਦਕਾ ਤੇਰਾ ਇਹ ਸੋਨੇ ਵਰਗਾ ਸਰੀਰ ਰੋਗਾਂ ਤੋਂ ਬਚਿਆ ਰਹਿੰਦਾ ਹੈ ਉਸ ਪ੍ਰਮਾਤਮਾ ਨਾਲ਼ ਸਦਾ ਅਪਣਾ ਧਿਆਨ ਜੋੜ ਕੇ ਰੱਖਿਆ ਕਰ।

ਜਿਹ ਪ੍ਰਸਾਦਿ ਤੇਰਾ ਓਲਾ ਰਹਤ ।। ਮਨੁ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ।।

ਜਿਸ ਵਾਹਿਗੁਰੂ ਦੀ ਮਿਹਰ ਨਾਲ਼ ਤੇਰੇ ਸਾਰੇ ਪਰਦੇ ਢਕੇ ਰਹਿੰਦੇ ਹਨ, ਉਸ ਪ੍ਰਭੂ ਦੀ ਵਡਿਆਈ ਕਰਨ ਨਾਲ਼ ਤੈਨੂੰ ਸੁਖਾਂ ਦੀ  ਪ੍ਰਾਪਤੀ ਹੋਵੇਗੀ।

ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ।। ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੇਰੇ ਸਾਰੇ ਦੋਸ਼ਾਂ ਤੇ, ਸਾਰੇ ਗੁਨਾਹਾਂ, ਸਾਰੇ ਪਾਪਾਂ ਤੇ ਪਰਦਾ ਪੈ ਜਾਂਦਾ ਹੈ, ਤੂੰ ਸਦਾ ਹੀ ਉਸ ਮਾਲਕ ਦੀ ਸ਼ਰਨ ਵਿੱਚ ਪਿਆ ਰਿਹਾ ਕਰ।

ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ।। ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ।।

ਜਿਸ ਮਾਲਕ ਦੀ ਕਿਰਪਾ ਸਦਕਾ ਤੂੰ ਸਾਰੀ ਸ੍ਰਿਸ਼ਟੀ ਦਾ ਸਭ ਤੋਂ ਉੱਤਮ ਜੀਵ ਬਣਿਆਂ ਹੋਇਆ ਹੈਂ, ਕੋਈ ਹੋਰ ਜੀਵ ਤੇਰਾ ਮੁਕਾਬਲਾ ਨਹੀਂ ਕਰ ਸਕਦਾ, ਤੂੰ ਅਪਣੇ ਮਨ ਵਿੱਚ ਹਮੇਸ਼ਾ ਉਸ ਮਹਾਨ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ।।ਨਾਨਕ ਤਾ ਕੀ ਭਗਤਿ ਕਰੇਹ ।। ।।

ਗੁਰੂ ਜੀ ਸਿਖਿਆ ਦਿੰਦੇ ਹਨ ਕਿ ਐ ਜੀਵ, ਜਿਸ ਮਾਲਕ ਦੀ ਕਿਰਪਾ ਸਦਕਾ ਤੈਨੂੰ ਇਹ ਦੁਰਲੱਭ ਦੇਹ ਮਿਲੀ ਹੈ, ਤੂੰ ਉਸ ਮਾਲਕ ਦੀ ਭਗਤੀ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ।।ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ।।

ਹੇ ਮੇਰੇ ਮਨ, ਜਿਸ ਮਾਲਕ ਦੀ ਕਿਰਪਾ ਨਾਲ਼ ਤੈਨੂੰ ਇਹ ਸਾਰੇ  ਗਹਿਣੇ ਪ੍ਪਤ ਹੋਏ ਹਨ ਜਿਹੜੇ ਤੂੰ ਅਪਣੇ ਸਰੀਰ ਉੱਤੇ ਪਹਿਨਦਾ ਹੈਂ, ਉਸ ਦੇ ਨਾਮ ਦਾ ਸਿਮਰਨ ਕਰਨ ਵਿੱਚ ਤੂੰ ਆਲਸ ਕਿਉਂ ਕਰਦਾ ਹੈਂ?

ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ।। ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ।।

ਹੇ ਮੇਰੇ ਮਨ, ਜਿਸ ਪ੍ਰਭੂ ਦੀ ਕਿਰਪਾ ਨਾਲ਼ ਤੈਨੂੰ ਹਾਥੀ ਘੋੜਿਆਂ ਦੀ ਸਵਾਰੀ ਕਰਨ ਦਾ ਮੌਕਾ ਮਿਲਿਆ ਹੈ, ਉਸ ਪ੍ਰਭੂ ਦੇ ਨਾਮ ਨੂੰ ਕਦੇ ਵੀ ਅਪਣੇ ਮਨ ਤੋਂ ਵਿਸਾਰਿਆ ਨਾ ਕਰ।

ਜਿਹ ਪ੍ਰਸਾਦਿ ਬਾਗ ਮਿਲਖ ਧਨਾ ।। ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ।।

ਹੇ ਜੀਵ, ਜਿਸ ਮਾਲਕ ਦੀ ਮਿਹਰ ਨਾਲ਼ ਤੈਨੂੰ ਜ਼ਮੀਨ, ਜਾਇਦਾਦ, ਬਾਗ ਬਗੀਚੇ ਅਤੇ ਧਨ ਦੌਲਤ ਪ੍ਰਾਪਤ ਹੋਏ ਹਨ, ਉਸ ਮਾਲਕ ਦੇ ਨਾਮ ਨੂੰ ਹਮੇਸ਼ਾ ਅਪਣੇ ਹਿਰਦੇ ਵਿੱਚ ਪਰੋ ਕੇ ਰੱਖਿਆ ਕਰ।

ਜਿਨਿ ਤੇਰੀ ਮਨ ਬਨਤ ਬਨਾਈ ।। ਊਠਤ ਬੈਠਤ ਸਦ ਤਿਸਹਿ ਧਿਆਈ ।।

ਹੇ ਮੇਰੇ ਮਨ, ਜਿਸ ਪ੍ਰਭੂ ਨੇ ਤੇਰੇ ਇਸ ਸੁੰਦਰ ਸਰੀਰ ਦੀ ਰਚਨਾ ਕੀਤੀ ਹੈ, ਤੂੰ ਹਰ ਵਕਤ ਉੱਠਦਾ ਬਹਿੰਦਾ ਉਸ ਨੂੰ ਅਪਣੇ ਮਨ ਵਿੱਚ ਧਿਆਉਂਦਾ ਰਿਹਾ ਕਰ

ਤਿਸਹਿ ਧਿਆਇ ਜੋ ਏਕ ਅਲਖੈ ।। ਈਹਾ ਊਹਾ ਨਾਨਕ ਤੇਰੀ ਰਖੈ ।। ।।

ਹੇ ਮਨਾ, ਤੂੰ ਸਦਾ ਉਸ ਇੱਕੋ ਇੱਕ ਪ੍ਰਭੂ ਨੂੰ ਧਿਆਉਂਦਾ ਰਿਹਾ ਕਰ ਜਿਸ ਵਰਗਾ ਹੋਰ ਕੋਈ ਨਹੀਂ, ਜਿਸ ਦੇ ਸੁਭਾਅ ਅਤੇ ਸ਼ਕਤੀ ਦਾ ਵਰਨਣ ਕਰਨਾ ਸਾਡੇ ਲਈ ਸੰਭਵ ਨਹੀਂ ਅਤੇ ਜਿਹੜਾ ਇਸ ਦੁਨੀਆਂ ਵਿੱਚ ਅਤੇ ਉਸ ਦੁਨੀਆਂ ਵਿੱਚ ਦੋਹਾਂ ਥਾਵਾਂ ਤੇ ਤੇਰੀ ਇੱਜ਼ਤ ਰੱਖਦਾ ਹੈ, ਤੈਨੂੰ ਹਰ ਕਿਸਮ ਦੇ ਕਸ਼ਟਾਂ ਤੋਂ ਬਚਾਉਂਦਾ ਹੈ।

 ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ।। ਮਨ ਆਠ ਪਹਰ ਕਰਿ ਤਿਸ ਕਾ ਧਿਆਨ ।।

ਹੇ ਜੀਵ, ਜਿਸ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕਰ ਕੇ ਤੈਨੂੰ ਇਹ ਸਮਰਥਾ ਦਿੱਤੀ ਹੈ ਕਿ ਰੱਜ ਕੇ ਪੁੰਨ ਦਾਨ ਕਰ ਸਕੇਂ, ਤੂੰ ਹਰ ਵੇਲ਼ੇ ਉਸ ਪ੍ਰਮਾਤਮਾ ਦਾ ਧਿਆਨ ਧਰਿਆ ਕਰ।

ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ।। ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ।।

ਜਿਸ ਪ੍ਰਮਾਤਮਾ ਦੀ ਮਿਹਰ ਨਾਲ਼ ਤੈਨੂੰ ਉੱਚੇ ਆਚਾਰ ਵਾਲ਼ਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਤੂੰ ਉਸ ਪ੍ਰਮਾਤਮਾ ਨੂੰ ਹਰ ਸਾਹ ਨਾਲ਼ ਯਾਦ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ।। ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ।।

ਜਿਸ ਪ੍ਰਮਾਤਮਾ ਨੇ ਤੈਨੂੰ ਖੂਬਸੂਰਤ ਸਰੀਰ ਅਤੇ ਸ਼ਖਸ਼ੀਅਤ ਬਖ਼ਸ਼ੀ ਹੈ, ਤੂੰ ਉਸ ਬੇਜੋੜ, ਅਦੁੱਤੀ ਪ੍ਰਮਾਤਮਾ ਦੇ ਨਾਮ ਦਾ ਹਰ ਵੇਲ਼ੇ ਸਿਮਰਨ ਕਰਦਾ ਰਿਹਾ ਕਰ ਜਿਸ ਦੇ ਬਰਾਬਰ ਦੀ ਹੋਰ ਕੋਈ ਤਾਕਤ ਨਹੀਂ ਹੈ।

ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ।। ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ।।

ਜਿਸ ਪ੍ਰਮਾਤਮਾ ਦੀ ਮਿਹਰ ਸਦਕਾ ਤੂੰ ਉੱਤਮ ਸ਼ਖਸ਼ੀਅਤ ਵਾਲ਼ਾ ਕਰ ਕੇ ਜਾਣਿਆਂ ਜਾਂਦਾ ਹੈਂ, ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਦਿਨ ਰਾਤ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰੀ ਪਤਿ ਰਹੈ ।। ਗੁਰ ਪ੍ਰਸਾਦਿ ਨਾਨਕ ਜਸੁ ਕਹੈ ।। ।।

ਗੁਰੂ ਜੀ ਮਿਹਰ ਕਰਦੇ ਹੋਏ ਜੀਵ ਨੂੰ ਸਿੱਖਿਆ ਦਿੰਦੇ ਹਨ ਕਿ ਜਿਹੜਾ ਮਾਲਕ ਅਪਣੀ ਮਿਹਰ ਕਰ ਕੇ ਤੇਰੀ ਇੱਜ਼ਤ ਨੂੰ ਬਚਾਈ ਰੱਖਦਾ ਹੈ, ਤੇਰਾ ਸਮਾਜ ਵਿੱਚ ਮਾਣ ਤਾਣ ਕਾਇਮ ਰੱਖਦਾ ਹੈ, ਤੂੰ ਗੁਰੂ ਦੀ ਕਿਰਪਾ ਨਾਲ਼ ਉਸ ਮਾਲਕ ਦੇ ਗੁਣ ਗਾਉਂਦਾ ਰਿਹਾ ਕਰ।

ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ।। ਜਿਹ ਪ੍ਰਸਾਦਿ ਪੇਖਹਿ ਬਿਸਮਾਦ ।।

ਐ ਜੀਵ, ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਕਿਰਪਾ ਨਾਲ਼ ਤੇਰੇ ਕੰਨ ਅੰਮ੍ਰਿਤਮਈ ਰੱਬੀ ਸੰਗੀਤ ਨੂੰ ਸੁਣਨ ਦੇ ਸਮਰਥ ਹਨ ਅਤੇ ਜਿਸ ਦੀ ਮਿਹਰ ਨਾਲ਼ ਤੂੰ ਅਪਣੀਆਂ ਅੱਖਾਂ ਨਾਲ਼ ਅਚਰਜ ਕੌਤਕ ਹੁੰਦੇ ਵੇਖ ਸਕਦਾ ਹੈਂ।

ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ।। ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ।।

ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਦਯਾ ਦਾ ਪਾਤਰ ਹੋਣ ਕਰਕੇ ਤੂੰ ਅਪਣੀ ਜ਼ਬਾਨ ਤੋਂ ਮਿੱਠੇ ਮਿੱਠੇ ਬੋਲ ਬੋਲ ਸਕਦਾ ਹੈਂ, ਜਿਸ ਦੀ ਕਿਰਪਾ ਨਾਲ਼ ਸੁਖ ਅਨੰਦ ਵਿੱਚ ਅਪਣਾ ਜੀਵਨ ਬਸਰ ਕਰਦਾ ਹੈਂ।

ਜਿਹ ਪ੍ਰਸਾਦਿ ਹਸਤ ਕਰ ਚਲਹਿ ।। ਜਿਹ ਪ੍ਰਸਾਦਿ ਸੰਪੂਰਨ ਫਲਹਿ ।।

ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਮਿਹਰ ਸਦਕਾ ਤੇਰੇ ਹੱਥ ਪੈਰ ਕੰਮ ਕਰਦੇ ਹਨ, ਜਿਸ ਦੀ ਕਿਰਪਾ ਨਾਲ਼ ਤੇਰੇ ਸਾਰੇ ਕਾਰਜ ਨੇਪਰੇ ਚੜ੍ਹਦੇ ਹਨ, ਤੇਰੇ ਯਤਨ ਫਲ਼ੀਭੂਤ ਹੁੰਦੇ ਹਨ।

ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ।। ਜਿਹ ਪ੍ਰਸਾਦਿ ਸੁਖਿ ਸਹਜ ਸਮਾਵਹਿ ।।

ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਮਿਹਰ ਨਾਲ਼ ਤੂੰ ਮਹਾ ਮੁਕਤੀ ਪ੍ਰਾਪਤ ਕਰ ਸਕਦਾ ਹੈਂ, ਜਿਸ ਦੀ ਦਯਾ ਨਾਲ਼ ਸੁਖ ਸ਼ਾਂਤੀ ਨਾਲ਼ ਅਪਣਾ ਜੀਵਨ ਬਤੀਤ ਕਰਦਾ ਹੈਂ।

ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ।। ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ।। ।।

ਇਹੋ ਜਿਹੇ ਦਯਾਲੂ ਪ੍ਰਮਾਤਮਾ ਨੂੰ ਛੱਡ ਕੇ ਤੂੰ ਹੋਰ ਕਿਸੇ ਸ਼ਕਤੀ (ਮਾਇਆ) ਨਾਲ਼ ਪਿਆਰ ਕਿਉਂ ਪਾਈ ਬੈਠਾ ਹੈਂ? ਹੇ ਜੀਵ, ਗੁਰੂ ਦੀ ਸਿਖਿਆ ਵੱਲ ਧਿਆਨ ਦੇ, ਉਸ ਦੀ ਕਿਰਪਾ ਨਾਲ਼ ਇਸ ਅਗਿਆਨਤਾ ਦੀ ਗਹਿਰੀ ਨੀਂਦ ਵਿੱਚੋਂ ਜਾਗ ਜਾ, ਅਤੇ ਮਾਇਆ ਨੂੰ ਛੱਡ ਕੇ ਅਪਣੇ ਮਨ ਨੂੰ ਉਸ ਮਾਲਕ ਦੇ ਚਰਨਾਂ ਨਾਲ਼ ਜੋੜ ਜਿਸ ਨੇ ਤੈਨੂੰ ਇਹ ਸਭ ਕੁੱਝ ਬਖਸ਼ਿਸ਼ ਕੀਤਾ ਹੈ।

ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ।। ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ।।

ਜਿਸ ਮਾਲਕ ਦੀ ਮਿਹਰ ਦਾ ਸਦਕਾ ਤੈਨੂੰ ਸੰਸਾਰ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ ਹੈ, ਤੇਰਾ ਨਾਮ ਬਣਿਆਂ ਹੈ, ਉਸ ਨੂੰ ਬਿਲਕੁਲ ਵੀ ਅਪਣੇ ਮਨ ਤੋਂ ਨਾ ਭੁਲਾਇਆ ਕਰ।

ਜਿਹ ਪ੍ਰਸਾਦਿ ਤੇਰਾ ਪਰਤਾਪੁ ।। ਰੇ ਮਨ ਮੂੜ ਤੂ ਤਾ ਕਉ ਜਾਪੁ ।।

ਐ ਮੂਰਖ ਮਨ, ਜਿਸ ਮਾਲਕ ਦੀ ਕਿਰਪਾ ਨਾਲ਼ ਤੇਰਾ ਤੇਜ ਪਰਤਾਪ ਬਣਿਆਂ ਹੋਇਆ ਹੈ, ਤੈਨੂੰ ਦੁਨੀਆਂ ਵਿਚ ਮਾਣ ਸਤਿਕਾਰ ਮਿਲ ਰਿਹਾ ਹੈ, ਤੂੰ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ।। ਤਿਸਹਿ ਜਾਨੁ ਮਨ ਸਦਾ ਹਜੂਰੇ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੇਰੇ ਸਾਰੇ ਕੰਮ ਸੰਪੂਰਨ ਹੁੰਦੇ ਹਨ, ਉਸ ਮਾਲਕ ਨੂੰ ਹਰ ਵੇਲ਼ੇ ਹਾਜ਼ਰ ਨਾਜ਼ਰ ਸਮਝਿਆ ਕਰ।

ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ।। ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੈਨੂੰ ਸਿਰਜਣਹਾਰ ਕਰਤਾਰ ਦੀ ਸਮਝ ਆਉਂਦੀ ਹੈ, ਤੂੰ ਉਸ ਮਾਲਕ ਨਾਲ਼ ਅਪਣੀ ਅਭੇਦਤਾ ਬਣਾ ਕੇ ਰੱਖ, ਉਸ ਦੇ ਨਾਲ਼ ਇੱਕ ਮਿੱਕ ਹੋ ਕੇ ਰਿਹਾ ਕਰ।

ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ।। ਨਾਨਕ ਜਾਪੁ ਜਪੈ ਜਪੁ ਸੋਇ ।। ।।

ਜਿਸ ਮਾਲਕ ਦਿ ਮਿਹਰ ਨਾਲ਼ ਸੰਸਾਰ ਦੇ ਸਾਰੇ ਜੀਵਾਂ ਦਾ ਪਾਰ ਉਤਾਰਾ ਹੁੰਦਾ ਹੈ, ਉਨ੍ਹਾਂ ਨੂੰ ਮੁਕਤੀ ਮਿਲਦੀ ਹੈ, ਤੂੰ ਹਰ ਵਕਤ ਉਸ ਦੇ ਨਾਮ ਨੂੰ ਜੱਪਦਾ ਰਿਹਾ ਕਰ।

ਆਪਿ ਜਪਾਏ ਜਪੈ ਸੋ ਨਾਉ ।। ਆਪਿ ਗਾਵਾਏ ਸੁ ਹਰਿ ਗੁਨ ਗਾਉ ।।

ਜਿਨ੍ਹਾਂ ਜੀਵਾਂ ਉੱਤੇ ਮਾਲਕ ਆਪ ਕਿਰਪਾ ਕਰ ਕੇ ਉਨ੍ਹਾਂ ਤੋਂ ਅਪਣਾ ਨਾਮ ਜਪਾਉਂਦਾ ਹੈ, ਉਹ ਹੀ ਉਸ ਦਾ ਨਾਮ ਜੱਪਦੇ ਹਨ। ਜਿਨ੍ਹਾਂ ਤੇ ਕਿਰਪਾ ਕਰ ਕੇ ਉਹ ਉਨ੍ਹਾਂ ਨੂੰ ਅਪਣਾ ਜਸ ਗਾਉਣ ਦੀ ਸਮਝ ਦਿੰਦਾ ਹੈ, ਉਹ ਹੀ ਉਸ ਦਾ ਜਸ ਗਾਉਂਦੇ ਹਨ।

ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ।। ਪ੍ਰਭੂ ਦਇਆ ਤੇ ਕਮਲ ਬਿਗਾਸੁ ।।

ਉਸ ਮਾਲਕ ਦੀ ਕਿਰਪਾ ਨਾਲ਼ ਹੀ ਜੀਵ ਦੇ ਮਨ ਦਾ ਹਨ੍ਹੇਰਾ ਦੂਰ ਹੁੰਦਾ ਹੈ ਅਤੇ ਉਸ ਵਿੱਚ ਦੈਵੀ ਗਿਆਨ ਅਤੇ ਆਤਮ ਗਿਆਨ ਦਾ ਪਰਕਾਸ਼ ਹੁੰਦਾ ਹੈ। ਉਸ ਦੀ ਕਿਰਪਾ ਨਾਲ਼ ਹੀ ਜੀਵ ਦਾ ਹਿਰਦਾ ਕਮਲ ਦੇ ਫੁੱਲ ਦੀ ਤਰਾਂ ਖਿੜਿਆ ਰਹਿੰਦਾ ਹੈ।

ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ।। ਪ੍ਰਭ ਦਇਆ ਤੇ ਮਤਿ ਊਤਮ ਹੋਇ ।।

ਜਿਸ ਜੀਵ ਨਾਲ਼ ਪ੍ਰਮਾਤਮਾ ਖੁਸ਼ ਹੋ ਜਾਂਦਾ ਹੈ, ਉਸ ਦੇ ਮਨ ਵਿੱਚ ਹੀ ਉਹ ਵਸਦਾ ਹੈ। ਉਸ ਦੀ ਮਿਹਰ ਹੋ ਜਾਣ ਨਾਲ਼ ਹੀ ਜੀਵ ਦੀ ਦੁਰਮੱਤ ਦੂਰ ਹੋ ਕੇ ਉਹ ਨੇਕ ਬੁੱਧ ਵਾਲ਼ਾ ਬਣਦਾ ਹੈ।

ਸਰਬ ਨਿਧਾਨ ਪ੍ਰਭ ਤੇਰੀ ਮਇਆ ।। ਆਪਹੁ ਕਛੂ ਨ ਕਿਨਹੂ ਲਇਆ ।।

ਹੇ ਮਾਲਕ, ਜੇ ਜੀਵ ਤੇ ਤੇਰੀ ਕਿਰਪਾ ਹੋ ਜਾਵੇ ਤਾਂ ਉਸ ਨੂੰ ਦੁਨੀਆਂ ਦੇ ਸਾਰੇ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ। ਅਪਣੀ ਅਕਲ ਅਤੇ ਅਪਣੇ ਯਤਨਾਂ ਨਾਲ਼ ਕੋਈ ਕੁੱਝ ਪ੍ਰਾਪਤ ਨਹੀਂ ਕਰ ਸਕਦਾ।

ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ।। ਨਾਨਕ ਇਨ ਕੈ ਕਛੂ ਨ ਹਾਥ ।। ।।

ਗੁਰੂ ਜੀ ਸਮਝਾਉਂਦੇ ਹਨ ਕਿ ਇਹ ਜੀਵ ਉਸ ਪਾਸੇ ਹੀ ਲੱਗਦੇ ਹਨ, ਜਿਸ ਪਾਸੇ ਮਾਲਕ ਇਨ੍ਹਾਂ ਨੂੰ ਲਾਉਂਦਾ ਹੈ, ਇਨ੍ਹਾਂ ਦੇ ਅਪਣੇ ਵਸ ਵਿੱਚ ਕੁੱਝ ਵੀ ਨਹੀਂ। ਜੀਵ ਅਪਣੀ ਮਰਜ਼ੀ ਨਾਲ਼ ਕੁੱਝ ਨਹੀਂ ਕਰ ਸਕਦਾ। ਉਹ ਓਹੀ ਕਰਦਾ ਹੈ ਜੋ ਮਾਲਕ ਉਸ ਤੋਂ ਕਰਵਾਉਂਦਾ ਹੈ।


Friday 7 August 2020

ਸੁਖਮਨੀ ਸਾਹਿਬ --- ਅਸਟਪਦੀ - 5 ਅਰਥ

 

ਸਲੋਕੁ ।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।

ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ।। ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ।। ।।

ਇਹ ਜੀਵ ਦਾਤਾਂ ਦੀ ਬਖ਼ਸ਼ਿਸ਼ ਕਰਨ ਵਾਲ਼ੇ ਮਾਲਕ ਨੂੰ ਭੁੱਲ ਕੇ ਹੋਰ ਹੋਰ ਵਸਤਾਂ ਦੇ ਮੋਹ ਵਿੱਚ ਫਸ ਕੇ ਉਨ੍ਹਾਂ ਨੂੰ ਹਾਸਲ ਕਰਨ ਦੀ ਦੌੜ ਵਿੱਚ ਲੱਗ ਜਾਂਦਾ ਹੈ। ਇਸ ਨੂੰ ਮਾਇਆ ਤੋਂ ਬਿਨਾਂ ਹੋਰ ਕੁੱਝ ਦਿਖਾਈ ਹੀ ਨਹੀਂ ਦਿੰਦਾ। ਇਸ ਤਰਾਂ ਕਰਨ ਵਾਲ਼ਾ  ਮਨੁੱਖ ਕੁੱਝ ਵੀ ਹਾਸਲ ਨਹੀਂ ਕਰ ਸਕਦਾ। ਨਾਮ ਸਿਮਰਨ ਨਾ ਕਰਨ ਕਰਕੇ ਸਗੋਂ ਉਹ ਅਪਣੀ ਇੱਜ਼ਤ ਵੀ ਗੁਆ ਬੈਠਦਾ ਹੈ। 

ਅਸਟਪਦੀ ।।

ਦਸ ਬਸਤੂ ਲੇ ਪਾਛੈ ਪਾਵੈ ।। ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ।।

ਮਨੁੱਖ ਉਹ ਬਹੁਤ ਸਾਰੀਆਂ ਦਾਤਾਂ ਜੋ ਮਾਲਕ ਨੇ ਉਸ ਨੂੰ ਦਿੱਤੀਆਂ ਹਨ ਭੁੱਲ ਜਾਂਦਾ ਹੈ। ਇੱਕ ਵਸਤ ਜੋ ਉਹ ਚਾਹੁੰਦਾ ਹੈ ਜਦ ਉਸ ਨੂੰ ਨਹੀਂ ਮਿਲਦੀ ਤਾਂ ਉਹ ਪਹਿਲਾਂ ਮਿਲੀਆਂ ਦਸ ਦਾਤਾਂ ਨੂੰ ਭੁੱਲ ਜਾਂਦਾ ਹੈ ਅਤੇ ਮਾਲਕ ਵਿੱਚ ਅਪਣਾ ਭਰੋਸਾ ਗੁਆ ਬੈਠਦਾ ਹੈ।

ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ।। ਤਉ ਮੂੜਾ ਕਹੁ ਕਹਾ ਕਰੇਇ ।।

ਉਹ ਇਹ ਨਹੀਂ ਸੋਚਦਾ ਕਿ ਜੇ ਮਾਲਕ ਉਹ ਇੱਕ ਵਸਤ ਵੀ ਨਾ ਦੇਵੇ ਅਤੇ ਜੋ ਅਨੇਕਾਂ ਦਾਤਾਂ ਉਸ ਨੇ ਦਿੱਤੀਆਂ ਹਨ ਉਹ ਵੀ ਖੋਹ ਲਵੇ ਤਾਂ ਉਹ ਕੀ ਕਰ ਲਵੇਗਾ?

ਜਿਸੁ ਠਾਕੁਰ ਸਿਉ ਨਾਹੀ ਚਾਰਾ ।। ਤਾ ਕਉ ਕੀਜੈ ਸਦ ਨਮਸਕਾਰਾ ।।

ਜੀਵ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਉਸ ਦੇ ਅੱਗੇ ਖੁਸ਼ੀ ਖੁਸ਼ੀ ਸਿਰ ਝੁਕਾ ਦੇਣਾ ਹੀ ਸਿਆਣਪ ਹੈ, ਜੋ ਉਹ ਕਰੇ ਉਸ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਣਾ ਚਾਹੀਦਾ ਹੈ।

ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ।। ਸਰਬ ਸੂਖ ਤਾਹੂ ਮਨਿ ਵੂਠਾ ।।

ਜਿਸ ਜੀਵ ਨੂੰ ਮਾਲਕ ਨਾਲ਼ ਪਿਆਰ ਹੋ ਜਾਂਦਾ ਹੈ ਅਤੇ ਉਹ ਮਲਕ ਦੇ ਕੀਤੇ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲੈਂਦਾ ਹੈ ਉਸ ਦੇ ਮਨ ਵਿੱਚ ਸਾਰੇ ਸੁਖ ਵਸ ਜਾਂਦੇ ਹਨ, ਉਸ ਨੂੰ ਸੰਸਾਰ ਦੇ ਸਭ ਸੁਖ ਮਿਲ ਜਾਂਦੇ ਹਨ।

ਜਿਸ ਜਨ ਅਪਨਾ ਹੁਕਮੁ ਮਨਾਇਆ ।। ਸਰਬ ਥੋਕ ਨਾਨਕ ਤਿਨਿ ਪਾਇਆ ।। ।।

ਜਿਸ ਜੀਵ ਨੂੰ ਪ੍ਰਮਾਤਮਾ ਮਿਹਰ ਕਰ ਕੇ ਅਪਣਾ ਹੁਕਮ ਮੰਨਣ ਦੀ ਸਮਝ ਦੇ ਦਿੰਦਾ ਹੈ ਉਸ ਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਹਨ, ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ।

ਅਗਨਤੁ ਸਾਹੁ ਅਪਨੀ ਦੇ ਰਾਸਿ ।। ਖਾਤ ਪੀਤ ਬਰਤੈ ਅਨਦ ਉਲਾਸਿ ।।

ਕਈ ਵਾਰ ਕੋਈ ਬੇਅੰਤ ਧਨ ਦਾ ਮਾਲਕ ਅਪਣੀ ਸਾਰੀ ਦੌਲਤ ਕਿਸੇ ਜੀਵ ਨੂੰ ਦੇ ਕੇ ਕਿਤੇ ਬਾਹਰ ਚਲਿਆ ਜਾਂਦਾ ਹੈ। ਜੀਵ ਉਸ ਦੌਲਤ ਦੇ ਸਿਰ ਤੇ ਰੱਜ ਰੱਜ ਕੇ ਖਾਂਦਾ ਪੀਂਦਾ ਹੈ ਅਤੇ ਹਰ ਤਰਾਂ ਦਾ ਅਨੰਦ ਮਾਣਦਾ ਹੈ। ਇਸੇ ਤਰਾਂ ਪ੍ਰਮਾਤਮਾ ਨੇ ਬੇਅਂਤ ਦੌਲਤ ਇਨਸਾਨ ਨੂੰ ਬਖਸ਼ਿਸ਼ ਕੀਤੀ ਹੋਈ ਹੈ ਅਤੇ ਉਹ ਉਸ ਦਾ ਅਨੰਦ ਮਾਣ ਰਿਹਾ ਹੈ।

ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ।। ਅਗਿਆਨੀ ਮਨਿ ਰੋਸਿ ਕਰੇਇ ।।

ਪਰ ਜੇ ਮਾਲਕ ਵਾਪਸ ਆ ਕੇ ਅਪਣੀ ਹੀ ਦਿੱਤੀ ਦੌਲਤ ਵਿੱਚੋਂ ਥੋੜੀ ਜਿਹੀ ਵਾਪਸ ਲੈ ਲਵੇ ਤਾਂ ਇਸ ਦਾ ਮੂਰਖ ਜੀਵ ਗੁੱਸਾ ਕਰਦਾ ਹੈ, ਬੁਰਾ ਮਨਾਉਂਦਾ ਹੈ। ਇਸੇ ਤਰਾਂ ਜੇ ਪ੍ਰਮਾਤਮਾ ਅਪਣੇ ਬਖਸ਼ੇ ਖ਼ਜ਼ਾਨਿਆਂ ਵਿੱਚੋਂ ਥੋੜਾ ਜਿਹਾ ਹਿੱਸਾ ਵੀ ਵਾਪਸ ਲੈ ਲਵੇ ਤਾਂ ਇਨਸਾਨ ਬੁਰਾ ਮਨਾਉਂਦਾ ਹੈ।

ਅਪਨੀ ਪਰਤੀਤਿ ਆਪ ਹੀ ਖੋਵੈ ।। ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ।।

ਇਸ ਤਰਾਂ ਕਰ ਕੇ ਇਨਸਾਨ ਅਪਣਾ ਵਿਸ਼ਵਾਸ਼ ਆਪ ਹੀ ਗੁਆ ਲੈਂਦਾ ਹੈ। ਮੁੜ ਕੇ ਮਾਲਕ ਉਸ ਤੇ ਭਰੋਸਾ ਨਹੀਂ ਕਰਦਾ।

ਜਿਸ ਕੀ ਬਸਤੁ ਤਿਸੁ ਆਗੈ ਰਾਖੈ ।। ਪ੍ਰਭ ਕੀ ਆਗਿਆ ਮਾਨੈ ਮਾਥੈ ।।

ਸਿਆਣਪ ਇਸ ਗੱਲ ਵਿੱਚ ਹੈ ਕਿ ਇਹ ਦੌਲਤ ਜਿਸ ਦੀ ਦਿੱਤੀ ਹੋਈ ਹੈ, ਖੁਸ਼ੀ ਖੁਸ਼ੀ ਉਸ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ। ਉਸ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ ਚਾਹੀਦਾ ਹੈ।

ਉਸ ਤੇ ਚਉਗੁਨ ਕਰੈ ਨਿਹਾਲੁ  ।। ਨਾਨਕ ਸਾਹਿਬੁ ਸਦਾ ਦਇਆਲੁ ।। ।।

ਜਦੋਂ ਜੀਵ ਇਸ ਤਰਾਂ ਕਰਦਾ ਹੈ ਤਾਂ ਮਾਲਕ ਖੁਸ਼ ਹੋ ਕੇ ਪਹਿਲਾਂ ਨਾਲ਼ੋਂ ਵੀ ਕਿਤੇ ਵੱਧ ਦਾਤਾਂ ਉਸ ਦੀ ਝੋਲ਼ੀ ਵਿੱਚ ਪਾ ਕੇ ਉਸ ਨੂੰ ਨਿਹਾਲ ਕਰ ਦਿੰਦਾ ਹੈ। ਗੁਰੂ ਜੀ ਇਹ ਸਿੱਖਿਆ ਦਿੰਦੇ ਹਨ ਕਿ ਉਸ ਮਾਲਕ ਦਾ ਸੁਭਾਅ ਤਾਂ ਸਦਾ ਹੀ ਦਿਆਲਤਾ ਭਰਪੂਰ ਹੈ। ਉਹ ਤਾਂ ਦਾਤਾਂ ਦੇ ਕੇ ਖੁਸ਼ ਹੁੰਦਾ ਹੈ।

ਅਨਿਕ ਭਾਤਿ ਮਾਇਆ ਕੇ ਹੇਤ ।। ਸਰਪਰ ਹੋਵਤ ਜਾਨੁ ਅਨੇਤ ।।

ਇਹ ਜੀਵ ਸੰਸਾਰ ਵਿੱਚ ਆ ਕੇ ਮਾਇਆ ਦੇ ਅਨੇਕਾਂ ਰੂਪਾਂ ਦੇ ਮੋਹ ਵਿੱਚ ਫਸ ਜਾਂਦਾ ਹੈ। ਜੋ ਯਕੀਨਨ ਹੋਣਾ ਹੈ ਉਸ ਉੱਤੇ ਸ਼ੰਕਾ ਕਰਨ ਲੱਗ ਪੈਂਦਾ ਹੈ ਅਰਥਾਤ ਇਹ ਗੱਲ ਭੁੱਲ ਜਾਂਦਾ ਹੈ ਕਿ ਇੱਕ ਦਿਨ ਇਸ ਮਾਇਆਵੀ ਸੰਸਾਰ ਨੂੰ ਉਸ ਨੇ ਛੱਡ ਜਾਣਾ ਹੈ।

ਬਿਰਖ ਕੀ ਸਾਇਆ ਸਿਉ ਰੰਗੁ ਲਾਵੈ ।। ਓਹ ਬਿਨਸੈ ਉਹੁ ਮਨਿ ਪਛੁਤਾਵੈ ।।

ਜੀਵ ਮਾਇਆ ਨਾਲ਼ ਪਿਆਰ ਪਾ ਕੇ ਬੈਠ ਜਾਂਦਾ ਹੈ ਜਿਹੜੀ ਦਰਖਤ ਦੀ ਛਾਂ ਦੀ ਤਰਾਂ ਹੈਜਿਸ ਤਰਾਂ ਦਰਖਤ ਦੀ ਛਾਂ ਦਿਨ ਢਲ਼ਨ ਨਾਲ਼ ਢਲ਼ ਜਾਂਦੀ ਹੈ, ਉਸੇ ਤਰਾਂ ਮਾਇਆ ਵੀ ਇਨਸਾਨ ਕੋਲ਼ ਸਦਾ ਨਹੀਂ ਰਹਿਂਦੀ, ਸਮਾਂ ਪੈਣ ਨਾਲ਼ ਹੱਥੋਂ ਨਿਕਲ਼ ਜਾਂਦੀ ਹੈ। ਜਦੋਂ ਇਹ ਮਾਇਆ ਉਸ ਨੂੰ ਛੱਡ ਜਾਂਦੀ ਹੈ ਤਾਂ ਉਹ ਅਪਣੇ ਮਨ ਅੰਦਰ ਅਪਣੇ ਕੀਤੇ ਤੇ ਦੁਖੀ ਹੁੰਦਾ ਹੈ ਅਤੇ ਪਛਤਾਉਂਦਾ ਹੈ।

ਜੋ ਦੀਸੈ ਸੋ ਚਾਲਨਹਾਰੁ ।। ਲਪਟਿ ਰਹਿਓ ਤਹ ਅੰਧ ਅੰਧਾਰੁ ।।

ਇਸ ਸੰਸਾਰ ਵਿੱਚ ਜੋ ਕੁੱਝ ਵੀ ਦ੍ਰਿਸ਼ਟਮਾਨ ਹੈ ਉਹ ਟਿਕਾਊ ਨਹੀਂ, ਚੱਲਣਹਾਰ ਹੈ। ਪਰ ਇਹ ਅਕਲ ਦਾ ਅੰਨ੍ਹਾ ਮਨੁੱਖ ਇਸ ਸਚਾਈ ਨੂੰ ਨਹੀਂ ਸਮਝਦਾ ਅਤੇ ਚੱਲਣਹਾਰ ਨੂੰ ਚੰਬੜਿਆ ਬੈਠਾ ਹੈ।

ਬਟਾਊ ਸਿਉ ਜੋ ਲਾਵੈ ਨੇਹ ।। ਤਾ ਕਉ ਹਾਥਿ ਨ ਆਵੈ ਕੇਹ ।।

ਮੁਸਾਫ਼ਰ ਕਦੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ, ਥੋੜੀ ਦੇਰ ਰੁਕਣ ਤੋਂ ਬਾਦ ਅੱਗੇ ਚਲਿਆ ਜਾਂਦਾ ਹੈ। ਜਿਹੜਾ ਇਨਸਾਨ ਮੁਸਾਫ਼ਰ ਨਾਲ਼ ਪਿਆਰ ਪਾਉਂਦਾ ਹੈ ਉਸ ਦੇ ਕੁੱਝ ਹੱਥ ਨਹੀਂ ਆਉਂਦਾ, ਉਸ ਨੂੰ ਅੰਤ ਪਛਤਾਉਣਾ ਪੈਂਦਾ ਹੈ। ਇਸੇ ਤਰਾਂ ਮਾਇਆ ਵੀ ਕਦੇ ਇੱਕ ਥਾਂ ਟਿਕ ਕੇ ਨਹੀਂ ਰਹਿੰਦੀ, ਆਉਂਦੀ ਜਾਂਦੀ ਰਹਿੰਦੀ ਹੈਇਸ ਨਾਲ਼ ਪਿਆਰ ਪਾਉਣ ਵਾਲ਼ੇ ਦੇ ਹੱਥ ਦੁੱਖ ਅਤੇ ਪਛਤਾਵੇ ਤੋਂ ਬਿਨਾਂ ਹੋਰ ਕੁੱਝ ਨਹੀਂ ਆਉਂਦਾ।

ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।। ਕਰਿ ਕਿਰਪਾ ਨਾਨਕ ਆਪਿ ਲਏ ਲਾਈ ।। ।।

ਗੁਰੂ ਜੀ ਅਪਣੇ ਮਨ ਨੂੰ ਸੰਬੋਧਿਤ ਹੋ ਕੇ ਸਾਨੂੰ ਸਿੱਖਿਆ ਦਿੰਦੇ ਹਨ ਕਿ ਪ੍ਰਮਾਤਮਾ ਦੇ ਨਾਮ ਦਾ ਪਿਆਰ ਸਦਾ ਹੀ ਸੁਖਾਂ ਦਾ ਸੋਮਾ ਹੈ, ਇਸ ਕਰ ਕੇ ਮਾਇਆ ਨੂੰ ਛੱਡ ਕੇ ਪ੍ਰਮਾਤਮਾ ਨਾਲ਼ ਪਿਆਰ ਕਰਨਾ ਸਿੱਖੋ। ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਉਹ ਆਪ ਹੀ ਅਪਣੇ ਨਾਲ਼ ਜੋੜ ਲੈਂਦਾ ਹੈ।

ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ।। ਮਿਥਿਆ ਹਉਮੈ ਮਮਤਾ ਮਾਇਆ ।।

ਸੰਸਾਰ ਵਿੱਚ ਸਾਡਾ ਇਹ ਸਰੀਰ, ਧਨ ਦੌਲਤ, ਅਤੇ ਪਰਿਵਾਰ ਸਭ ਝੂਠ ਹੈ, ਅਸਥਾਈ ਹੈ। ਸਾਡਾ ਹੰਕਾਰ, ਸਾਡੀ ਮਮਤਾ ਅਤੇ ਮਾਇਆ ਸਭ ਝੂਠ ਹਨ। ਇਹ ਸਾਰੀਆਂ ਚੀਜ਼ਾਂ ਸਮੇ ਦੇ ਨਾਲ਼ ਖ਼ਤਮ ਹੋ ਜਾਂਦੀਆਂ ਹਨ, ਸਦਾ ਲਈ ਨਹੀਂ ਰਹਿੰਦੀਆਂ ਅਤੇ ਨਾ ਹੀ ਮੌਤ ਤੋਂ ਬਾਦ ਸਾਡਾ ਸਾਥ ਦਿੰਦੀਆਂ ਹਨ

ਮਿਥਿਆ ਰਾਜ ਜੋਬਨ ਧਨ ਮਾਲ ।। ਮਿਥਿਆ ਕਾਮ ਕ੍ਰੋਧ ਬਿਕਰਾਲ ।।

ਸਾਡਾ ਰਾਜ ਭਾਗ ਅਰਥਾਤ ਜੋ ਦੂਜਿਆਂ ਉੱਤੇ ਸਾਨੂੰ ਤਾਕਤ ਹਾਸਲ ਹੈ, ਸਾਡੀ ਜਵਾਨੀ ਅਤੇ ਧਨ ਸੰਪਦਾ ਸਭ ਝੂਠ ਹਨ, ਚਲਾਇਮਾਨ ਹਨ। ਕਾਮ ਅਤੇ ਕ੍ਰੋਧ ਦੇ ਭਿਆਨਕ ਜਜ਼ਬੇ ਵੀ ਝੂਠ ਹਨ, ਸਥਾਈ ਨਹੀਂ। ਇਹ ਸਭ ਵਸਤਾਂ ਭੁਲੇਖਾ ਪਾਉਣ ਵਾਲ਼ੀਆਂ ਹਨ। ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਖੁਸ਼ੀ ਦਿੰਦੀਆਂ ਹਨ ਪਰ ਅਸਲ ਵਿੱਚ ਇਹ ਕੋਈ ਖੁਸ਼ੀ ਨਹੀਂ ਦੇ ਸਕਦੀਆਂ।

ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ।ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ।।

ਸਾਡੀ ਮਲਕੀਅਤ ਦੀਆਂ ਸਭ ਚੀਜ਼ਾਂ ਜਿਵੇਂ ਰਥ, ਹਾਥੀ, ਘੋੜੇ ਅਤੇ ਸੋਹਣੇ ਸੋਹਣੇ ਕੱਪੜੇ ਸਭ ਝੂਠ ਹਨ, ਛਲਾਵਾ ਹਨ, ਚਾਰ ਦਿਨਾਂ ਦੀ ਖੇਡ ਹਨ। ਦੁਨੀਆਂ ਦੇ ਸੁੰਦਰ ਨਜ਼ਾਰੇ, ਸੰਗੀ ਸਾਥੀ ਅਤੇ ਮਾਇਆ ਜਿਨ੍ਹਾਂ ਨੂੰ ਵੇਖ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ ਸਭ ਝੂਠ ਹਨ, ਚਾਰ ਦਿਨਾਂ ਦੀ ਚਾਨਣੀ ਹਨ। ਇਹ ਸਭ ਕੁੱਝ ਇੱਕ ਧੋਖਾ ਹੈ ਜਿਸ ਨੂੰ ਅਸੀਂ ਸੱਚ ਮੰਨੀ ਬੈਠੇ ਹਾਂ।

ਮਿਥਿਆ ਧ੍ਰੋਹ ਮੋਹ ਅਭਿਮਾਨੁ ।। ਮਿਥਿਆ ਆਪਸ ਊਪਰਿ ਕਰਤ ਗੁਮਾਨੁ ।।

ਸਾਡਾ ਵਲ ਛਲ, ਮੋਹ ਮਮਤਾ ਅਤੇ ਅਭਿਮਾਨ ਸਭ ਝੂਠ ਹਨ। ਅਪਣੇ ਆਪ ਉੱਤੇ, ਅਪਣੀ ਤਾਕਤ, ਦੌਲਤ, ਸੁੰਦਰਤਾ ਆਦਿ ਜਿਨ੍ਹਾਂ ਉੱਤੇ ਅਸੀਂ ਹੰਕਾਰ ਕਰਦੇ ਹਾਂ ਉਹ ਸਭ ਵੀ ਝੂਠ ਹਨ, ਇੱਕ ਧੋਖਾ ਹਨ, ਇੱਕ ਛਲ ਹਨ

ਅਸਥਿਰ ਭਗਤਿ ਸਾਧ ਕੀ ਸਰਨ ।। ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ।। ।।

ਕੇਵਲ ਸੰਤ ਪੁਰਖਾਂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਭਗਤੀ ਕਰਨਾ ਹੀ ਸਦੀਵੀ ਤੌਰ ਤੇ ਸਾਡਾ ਸਾਥ ਦੇਣ ਵਾਲ਼ੀਆਂ ਚੀਜ਼ ਹੈਇਸ ਕਰਕੇ ਹਰੀ ਦੇ ਸੇਵਕ ਹਰ ਵੇਲ਼ੇ ਹਰੀ ਦੇ ਚਰਨਾ ਦਾ ਧਿਆਨ ਧਰ ਕੇ ਉਸ ਦੇ ਨਾਮ ਦਾ ਸਿਮਰਨ ਕਰਦੇ ਹੋਏ ਹੀ ਅਪਣਾ ਜੀਵਨ ਬਤੀਤ ਕਰਦੇ ਹਨ। ਸਦਾ ਪ੍ਰਭੂ ਦੇ ਚਰਨਾਂ ਨਾਲ਼ ਜੁੜੇ ਰਹਿਣ ਕਰਕੇ ਉਹ ਕਦੇ ਨਹੀਂ ਡੋਲਦੇ।

ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ।। ਮਿਥਿਆ ਹਸਤ ਪਰ ਦਰਬ ਕਉ ਹਿਰਹਿ ।।

ਉਹ ਕੰਨ ਬੇਕਾਰ ਹਨ ਜਿਹੜੇ ਦੂਜੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਹਨ। ਉਹ ਹੱਥ ਬੇਕਾਰ ਹਨ ਜਿਹੜੇ ਪਰਾਏ ਧਨ ਨੂੰ ਚੁਰਾ ਕੇ ਖੁਸ਼ ਹੁੰਦੇ ਹਨ।

ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦਿ ।। ਮਿਥਿਆ ਰਸਨਾ ਭੋਜਨ ਅਨ ਸ੍ਵਾਦ ।।

ਉਹ ਅੱਖਾਂ ਬੇਕਾਰ ਹਨ ਜਿਹੜੀਆਂ ਪਰਾਈ ਇਸਤਰੀ ਦੀ ਸੁੰਦਰਤਾ ਨੂੰ ਵੇਖ ਕੇ ਖੁਸ਼ ਹੁੰਦੀਆਂ ਹਨ। ਉਹ ਜੀਭ ਵੀ ਬੇਕਾਰ ਹੈ ਜਿਹੜੀ ਤਰਾਂ ਤਰਾਂ ਦੇ ਭੋਜਨ ਪਦਾਰਥਾਂ ਅਤੇ ਹੋਰ ਖਾਣ ਦੀਆਂ ਵਸਤਾਂ ਦੇ ਸੁਆਦ ਮਾਣਨ ਵਿੱਚ ਗ੍ਰਸਤ ਰਹਿੰਦੀ ਹੈ।

ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ।। ਮਿਥਿਆ ਮਨ ਪਰ ਲੋਭ ਲੁਭਾਵਹਿ ।।

ਉਹ ਪੈਰ ਵੀ ਬੇਕਾਰ ਹਨ ਜੋ ਕਿਸੇ ਦੂਜੇ ਦਾ ਬੁਰਾ ਕਰਨ ਲਈ ਦੌੜ ਕੇ ਜਾਂਦੇ ਹਨਉਹ ਮਨ ਵੀ ਬੇਕਾਰ ਹੈ ਜਿਹੜਾ ਪਰਾਏ ਧਨ ਨੂੰ ਵੇਖ ਕੇ ਉਸ ਨੂੰ ਹਥਿਆਉਣ ਲਈ ਲਲਚਾਉਂਦਾ ਹੈ।

ਮਿਥਿਆ ਤਨ ਨਹੀ ਪਰਉਪਕਾਰਾ ।। ਮਿਥਿਆ ਬਾਸੁ ਲੇਤ ਬਿਕਾਰਾ ।।

ਉਹ ਸਰੀਰ ਬੇਕਾਰ ਹੈ ਜਿਹੜਾ ਕਿਸੇ ਦੂਜੇ ਦਾ ਭਲਾ ਨਹੀਂ ਕਰਦਾ। ਉਹ ਨੱਕ ਵੀ ਬੇਕਾਰ ਹੈ ਜਿਹੜਾ ਵਿਕਾਰਾਂ ਨੂੰ ਜਨਮ ਦੇਣ ਵਾਲ਼ੀਆਂ ਵਸਤਾਂ ਦੀ ਵਾਸ਼ਨਾ ਵਿੱਚ ਖੁਭਿਆ ਰਹਿੰਦਾ  ਹੈ।

ਬਿਨ ਬੂਝੇ ਮਿਥਿਆ ਸਭ ਭਏ ।। ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ।। ।।

ਸਰੀਰ ਦੇ ਸਾਰੇ ਅੰਗ ਹੀ ਬੇਕਾਰ ਹਨ ਜੇ ਉਹ ਪ੍ਰਮਾਤਮਾ ਦੀ ਸਮਝ ਹਾਸਲ ਕਰ ਕੇ ਉਸ ਦੀ ਸੇਵਾ ਵਿੱਚ ਨਹੀਂ ਲੱਗਦੇ। ਇਹ ਸਾਡਾ ਸਰੀਰ ਤਾਂ ਹੀ ਸਫਲ ਹੈ ਜੇ ਅਸੀਂ ਇਸ ਨੂੰ ਹਰੀ ਦੇ ਨਾਮ ਦੇ ਸਿਮਰਨ ਅਤੇ ਉਸ ਦੀ ਸੇਵਾ ਵਿੱਚ ਲਾਈਏ।

ਬਿਰਥੀ ਸਾਕਤ ਕੀ ਆਰਜਾ ।। ਸਾਚ ਬਿਨਾ ਕਹ ਹੋਵਤ ਸੂਚਾ ।।

ਮਨਮੁਖ ਇਨਸਾਨ ਦੀ ਲੰਮੀ ਉਮਰ ਵੀ ਬੇਕਾਰ ਹੈ। ਜੇ ਇਨਸਾਨ ਅਪਣੇ ਆਪ ਨੂੰ ਪ੍ਰਮਾਤਮਾ ਦੀ ਸੇਵਾ ਵਿੱਚ ਲਾ ਕੇ ਉਸ ਨਾਲ਼ ਅਭੇਦਤਾ ਪ੍ਰਾਪਤ ਨਹੀਂ ਕਰਦਾ ਤਾਂ ਲੰਮੀ ਉਮਰ ਪਾਉਣ ਦੇ ਬਾਵਜੂਦ ਉਹ ਪਵਿੱਤਰ ਜਾਂ ਮਹਾਨ ਨਹੀਂ ਬਣ ਸਕਦਾ, ਮੁਕਤੀ ਨਹੀਂ ਪਾ ਸਕਦਾ

ਬਿਰਥਾ ਨਾਮ ਬਿਨਾ ਤਨੁ ਅੰਧ ।। ਮੁਖਿ ਆਵਤ ਤਾ ਕੈ ਦੁਰਗੰਧ ।।

ਅਸੀਂ ਅੰਨ੍ਹੇ ਹਾਂ, ਮੂਰਖ ਹਾਂ ਜੇ ਅਸੀਂ ਨਾਮ ਨਹੀਂ ਜੱਪਦੇ। ਨਾਮ ਜੱਪਣ ਤੋਂ ਬਿਨਾ ਸਾਡਾ ਸਰੀਰ ਹੀ ਬੇਕਾਰ ਹੈ। ਨਾਮ ਤੋਂ ਵਿਹੂਣੇ ਇਲਸਾਨ ਦੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ।

ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ।। ਮੇਘ ਬਿਨਾ ਜਿਉ ਖੇਤੀ ਜਾਇ ।।

ਨਾਮ ਜੱਪਣ ਤੋਂ ਬਿਨਾ ਸਾਡੇ ਦਿਨ ਅਤੇ ਰਾਤਾਂ ਬੇਕਾਰ ਬੀਤਦੇ ਹਨ, ਸਾਡਾ ਸਮਾਂ ਕਿਸੇ ਅਰਥ ਨਹੀਂ ਲੱਗਦਾ। ਸਾਡਾ ਜੀਵਨ ਬੇਅਰਥ ਬਰਬਾਦ ਹੁੰਦਾ ਰਹਿੰਦਾ ਹੈ ਜਿਵੇਂ ਬੱਦਲ਼ ਦੇ ਬਰਸਣ ਤੋਂ ਬਿਨਾ ਖੇਤੀ ਬਰਬਾਦ ਹੋ ਜਾਂਦੀ ਹੈ।

ਗੋਬਿੰਦ ਭਜਨ ਬਿਨੁ ਬ੍ਰਿਥੇ ਸਭ ਕਾਮ ।। ਜਿਉ ਕਿਰਪਨ ਕੇ ਨਿਰਾਰਥ ਦਾਮ ।।

ਪ੍ਰਮਾਤਮਾ ਦੇ ਭਜਨ ਤੋਂ ਬਿਨਾ ਬਾਕੀ ਸਾਰੇ ਕੰਮ ਫ਼ਜ਼ੂਲ ਹਨ, ਉਨ੍ਹਾਂ ਦਾ ਕੋਈ ਲਾਭ ਨਹੀਂ। ਸਾਡੇ ਕੀਤੇ ਹੋਰ ਸਾਰੇ ਕੰਮ ਉਸੇ ਤਰਾਂ ਸਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ ਜਿਵੇਂ ਕੰਜੂਸ ਦਾ ਧਨ ਉਸ ਦੇ ਕਿਸੇ ਕੰਮ ਦਾ ਨਹੀਂ ਆਉਂਦਾ।

ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ।। ਨਾਨਕ ਤਾ ਕੈ ਬਲਿ ਬਲਿ ਜਾਉ ।। ।।

ਉਹ ਇਨਸਾਨ ਧੰਨ ਹਨ, ਮਹਾਨ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਮਤਾ ਦਾ ਨਾਮ ਵਸਿਆ ਹੋਇਆ ਹੈ। ਗੁਰੂ ਜੀ ਅਜਿਹੇ ਮਹਾਨ ਇਨਸਾਨਾਂ ਦੇ ਵਾਰੇ ਵਾਰੇ ਜਾਂਦੇ ਹਨ।

ਰਹਤ ਅਵਰ ਕਛੁ ਅਵਰ ਕਮਾਵਤ ।। ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ।।

ਬਹੁਤੇ ਇਨਸਾਨਾਂ ਦੇ ਬਾਹਰਲੇ ਦਿਖਾਵੇ ਦੇ ਰਹਿਣ ਢੰਗ ਵਿੱਚ ਅਤੇ ਅਸਲ ਕਰਮਾਂ ਵਿੱਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਦਾ ਜੀਵਨ ਢੰਗ ਕੁੱਝ ਹੋਰ ਹੁੰਦਾ ਹੈ ਅਤੇ ਉਹ ਦਾਅਵੇ ਕੁੱਝ ਹੋਰ ਕਰਦੇ ਹਨ। ਦਿਲੋਂ ਉਨ੍ਹਾਂ ਦੀ ਪ੍ਰਮਾਤਮਾ ਨਾਲ਼ ਕੋਈ ਪ੍ਰੀਤ ਨਹੀਂ ਹੁੰਦੀ ਪਰ ਵਿਖਾਵਾ ਉਹ ਇਹ ਕਰਦੇ ਹਨ ਕਿ ਉਨ੍ਹਾਂ ਦਾ ਪ੍ਰਮਾਤਮਾ ਨਾਲ਼ ਬਹੁਤ ਪਿਆਰ ਹੈ। ਉਨ੍ਹਾਂ ਦਾ ਪ੍ਰਭੂ ਪਿਆਰ ਕੇਵਲ ਗੱਲਾਂ ਤੱਕ ਸੀਮਿਤ ਹੁੰਦਾ ਹੈ।

ਜਾਨਨਹਾਰ ਪ੍ਰਭੂ ਪਰਬੀਨ ।ਬਾਹਰਿ ਭੇਖ ਨ ਕਾਹੂ ਭੀਨ ।।

ਪ੍ਰੰਤੂ ਜਾਣੀ ਜਾਣ ਪ੍ਰਮਾਤਮਾ ਏਨਾ ਸਮਝਦਾਰ ਹੈ ਕਿ ਉਹ ਸਭ ਕੁੱਝ ਜਾਣਦਾ ਹੈ, ਸਮਝਦਾ ਹੈ ਇਸ ਕਰਕੇ ਉਹ ਬਾਹਰਲੇ ਵਿਖਾਵੇ ਤੇ ਨਹੀਂ ਰੀਝਦਾ। ਝੂਠੇ ਪਾਖੰਡ ਕਰ ਕੇ ਇਨਸਾਨ ਉਸ ਨੂੰ ਖੁਸ਼ ਨਹੀਂ ਕਰ ਸਕਦਾ। ਉਹ ਤਾਂ ਸੱਚੇ ਦਿਲੋਂ ਕੀਤੇ ਪਿਆਰ ਦਾ ਕਾਇਲ ਹੈ। ਬਾਹਰਲੇ ਦਿਖਾਵੇ ਨਾਲ਼ ਅਸੀਂ ਦੁਨੀਆਂ ਨੂੰ ਧੋਖਾ ਦੇ ਸਕਦੇ ਹਾਂ, ਪ੍ਰਮਾਤਮਾ ਨੂੰ ਨਹੀਂ।

ਅਵਰ ਉਪਦੇਸੈ ਆਪਿ ਨ ਕਰੈ ।। ਆਵਤ ਜਾਵਤ ਜਨਮੈ ਮਰੈ ।।

ਜੀਵ ਦੂਜਿਆਂ ਨੂੰ ਉਪਦੇਸ਼ ਦਿੰਦਾ ਰਹਿੰਦਾ ਹੈ ਪਰ ਆਪ ਉਨ੍ਹਾਂ ਸਿਖਿਆਵਾਂ ਤੇ ਅਮਲ ਨਹੀਂ ਕਰਦਾ ਜਿਹੜੀਆਂ ਉਹ ਹੋਰਾਂ ਨੂੰ ਦਿੰਦਾ ਹੈਅਜਿਹਾ ਇਨਸਾਨ ਜੰਮਣ ਮਰਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਵਾਰ ਵਾਰ ਜੰਮਦਾ ਹੈ ਅਤੇ ਮਰਦਾ ਹੈ।

ਜਿਸ ਕੈ ਅੰਤਰਿ ਬਸੈ ਨਿਰੰਕਾਰੁ ।। ਤਿਸ ਕੀ ਸੀਖ ਤਰੈ ਸੰਸਾਰੁ ।।

ਜਿਸ ਇਨਸਾਨ ਦੇ ਅੰਦਰ ਨਿਰੰਕਾਰ ਪ੍ਰਮਾਤਮਾ ਆਪ ਵਸਦਾ ਹੈ, ਜਿਸ ਦੀ ਕਹਿਣੀ ਅਤੇ ਕਥਨੀ ਇੱਕੋ ਜਿਹੀ ਹੁੰਦੀ ਹੈ, ਉਸ ਦੀ ਦਿੱਤੀ ਹੋਈ ਸਿੱਖਿਆ ਦੁਨੀਆਂ ਨੂੰ ਸਿੱਧੇ ਰਾਹ ਤੇ ਪਾਉਂਦੀ ਹੈ, ਲੋਕਾਂ ਦਾ ਪਾਰ ਉਤਾਰਾ ਕਰਦੀ ਹੈ।

ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ।। ਨਾਨਕ ਉਨ ਜਨ ਚਰਨ ਪਰਾਤਾ ।। ।।

ਪ੍ਰਮਾਤਮਾ ਦਾ ਗਿਆਨ ਅਤੇ ਉਸ ਦੇ ਨਾਲ਼ ਮੇਲ ਉਨ੍ਹਾਂ ਜੀਵਾਂ ਨੂੰ ਹੀ ਨਸੀਬ ਹੁੰਦਾ ਹੈ ਜਿਹੜੇ ਪ੍ਰਮਾਤਮਾ ਨੂੰ ਭਾ ਜਾਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਇਹ ਲੋਕ ਬਹੁਤ ਮਹਾਨ ਹੁੰਦੇ ਹਨ ਅਤੇ ਉਹ ਅਜਿਹੇ ਲੋਕਾਂ ਦੇ ਚਰਨੀ ਲੱਗਦੇ ਹਨ।

ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ।। ਅਪਨਾ ਕੀਆ ਆਪਹਿ ਮਾਨੈ ।।

ਮੈਂ ਜੋ ਵੀ ਚਾਹੁੰਦਾ ਹਾਂ ਉਸ ਲਈ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹਾਂ ਪ੍ਰੰਤੂ ਪ੍ਰਮਾਤਮਾ ਤਾਂ ਜਾਣੀ ਜਾਣ ਹੈ। ਜੋ ਮੈਂ ਚਾਹੁੰਦਾ ਹਾਂ ਉਹ ਪਹਿਲਾਂ ਹੀ ਜਾਣਦਾ ਹੈ। ਅਸਲ ਵਿੱਚ ਉਹ ਆਪ ਹੀ ਜੀਵ (ਸਰਗੁਣ) ਰੂਪ ਵਿੱਚ ਬੇਨਤੀ ਕਰਦਾ ਹੈ ਅਤੇ ਆਪ ਹੀ ਅਪਣੇ ਨਿਰਗੁਣ ਰੂਪ ਵਿੱਚ ਉਸ ਬੇਨਤੀ ਨੂੰ ਪ੍ਰਵਾਨ ਕਰਦਾ ਹੈ।

ਆਪਹਿ ਆਪ ਆਪਿ ਕਰਤ ਨਿਬੇਰਾ ।। ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ।।

ਸਾਰੇ ਜੀਵਾਂ ਵਿੱਚ ਉਹ ਆਪ ਹੀ ਵਸਦਾ ਹੈ ਅਤੇ ਉਹ ਆਪ ਹੀ ਇਨਸਾਨ ਨੂੰ ਇਹ ਸਮਝ ਦਿੰਦਾ ਹੈ ਕਿ ਪ੍ਰਮਾਤਮਾ ਨੇੜੇ ਹੈ ਜਾਂ ਦੂਰ। ਕੁੱਝ ਲੋਕਾਂ ਨੂੰ ਉਹ ਅਜਿਹੀ ਸਮਝ ਦਿੰਦਾ ਹੈ ਕਿ ਉਨ੍ਹਾਂ ਨੂੰ ਬਹੁਤ ਨੇੜੇ ਲੱਗਦਾ ਹੈ ਅਤੇ ਕਈਆਂ ਨੂੰ ਅਜਿਹੀ ਮੱਤ ਦਿੰਦਾ ਹੈ ਕਿ ਉਹ ਉਸ ਨੂੰ ਬਹੁਤ ਦੂਰ ਸਮਝਦੇ ਹਨ।

ਉਪਾਵ ਸਿਆਨਪ ਸਗਲ ਤੇ ਰਹਤ ।। ਸਭੁ ਕਛੁ ਜਾਨੈ ਆਤਮ ਕੀ ਰਹਤ ।

ਸਾਡੇ ਅਪਣੀ ਅਕਲ ਨਾਲ਼ ਕੀਤੇ ਯਤਨਾ ਨਾਲ਼ ਉਸ ਨੂੰ ਮਿਲਿਆ ਨਹੀਂ ਜਾ ਸਕਦਾ। ਉਹ ਸਾਡੀ ਅਕਲ ਦੀ ਅਤੇ ਸਾਡੇ ਕੀਤੇ ਸਾਰੇ ਯਤਨਾਂ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਅੰਤਰੀਵ ਭਾਵ ਕੀ ਹਨ, ਸਾਡੇ ਮਨ ਵਿੱਚ ਕੀ ਚੱਲ ਰਿਹਾ ਹੈ, ਉਹ ਸਭ ਜਾਣਦਾ ਹੈ।

ਜਿਸੁ ਭਾਵੈ ਤਿਸੁ ਲਏ ਲੜਿ ਲਾਇ ।। ਥਾਨ ਥਨੰਤਰਿ ਰਹਿਆ ਸਮਾਇ ।।

ਜਿਸ ਨੂੰ ਉਹ ਚਾਹੁੰਦਾ ਹੈ, ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ, ਉਸ ਨੂੰ ਉਹ ਅਪਣੇ ਲੜ ਲਾ ਲੈਂਦਾ ਹੈ, ਉਸ  ਦੇ ਮਨ ਵਿੱਚ ਅਪਣੇ ਲਈ ਪਿਆਰ ਪੈਦਾ ਕਰ ਦਿੰਦਾ ਹੈ। ਉਸ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਹਰ ਥਾਂ ਤੇ ਵਸਿਆ ਹੋਇਆ ਹੈ। ਕੋਈ ਅਜਿਹੀ ਥਾਂ ਨਹੀਂ ਜਿੱਥੇ ਉਹ ਮੌਜੂਦ ਨਹੀਂ।

ਸੋ ਸੇਵਕੁ ਜਿਸੁ ਕਿਰਪਾ ਕਰੀ ।। ਨਿਮਖ ਨਿਮਖ ਜਪਿ ਨਾਨਕ ਹਰੀ ।। ।। ।।

ਜਿਸ ਤੇ ਉਹ ਅਪਣੀ ਕਿਰਪਾ ਕਰ ਦਿੰਦਾ ਹੈ ਉਹ ਉਸ ਦਾ ਸੇਵਕ ਬਣ ਜਾਂਦਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਇਹ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ ਕਿ ਅਸੀਂ ਅਪਣੀ ਜ਼ਿੰਦਗੀ ਦਾ ਹਰ ਪਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਿੱਚ ਲਗਾਈਏ।