ਸਲੋਕੁ ।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।।
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ।।
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ।। ੧ ।।
ਇਹ ਜੀਵ ਦਾਤਾਂ ਦੀ ਬਖ਼ਸ਼ਿਸ਼ ਕਰਨ ਵਾਲ਼ੇ ਮਾਲਕ ਨੂੰ ਭੁੱਲ ਕੇ ਹੋਰ ਹੋਰ
ਵਸਤਾਂ ਦੇ ਮੋਹ ਵਿੱਚ ਫਸ ਕੇ ਉਨ੍ਹਾਂ ਨੂੰ ਹਾਸਲ ਕਰਨ ਦੀ ਦੌੜ ਵਿੱਚ ਲੱਗ ਜਾਂਦਾ ਹੈ। ਇਸ ਨੂੰ
ਮਾਇਆ ਤੋਂ ਬਿਨਾਂ ਹੋਰ ਕੁੱਝ ਦਿਖਾਈ ਹੀ ਨਹੀਂ ਦਿੰਦਾ। ਇਸ ਤਰਾਂ ਕਰਨ ਵਾਲ਼ਾ ਮਨੁੱਖ ਕੁੱਝ ਵੀ ਹਾਸਲ ਨਹੀਂ ਕਰ ਸਕਦਾ। ਨਾਮ ਸਿਮਰਨ ਨਾ
ਕਰਨ ਕਰਕੇ ਸਗੋਂ ਉਹ ਅਪਣੀ ਇੱਜ਼ਤ ਵੀ ਗੁਆ ਬੈਠਦਾ ਹੈ।
ਅਸਟਪਦੀ ।।
ਦਸ ਬਸਤੂ ਲੇ ਪਾਛੈ ਪਾਵੈ ।। ਏਕ ਬਸਤੁ ਕਾਰਨਿ
ਬਿਖੋਟਿ ਗਵਾਵੈ ।।
ਮਨੁੱਖ ਉਹ ਬਹੁਤ ਸਾਰੀਆਂ ਦਾਤਾਂ ਜੋ ਮਾਲਕ ਨੇ ਉਸ ਨੂੰ ਦਿੱਤੀਆਂ ਹਨ
ਭੁੱਲ ਜਾਂਦਾ ਹੈ। ਇੱਕ ਵਸਤ ਜੋ ਉਹ ਚਾਹੁੰਦਾ ਹੈ ਜਦ ਉਸ ਨੂੰ ਨਹੀਂ ਮਿਲਦੀ ਤਾਂ ਉਹ ਪਹਿਲਾਂ
ਮਿਲੀਆਂ ਦਸ ਦਾਤਾਂ ਨੂੰ ਭੁੱਲ ਜਾਂਦਾ ਹੈ ਅਤੇ ਮਾਲਕ ਵਿੱਚ ਅਪਣਾ ਭਰੋਸਾ ਗੁਆ ਬੈਠਦਾ ਹੈ।
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ।। ਤਉ ਮੂੜਾ
ਕਹੁ ਕਹਾ ਕਰੇਇ ।।
ਉਹ ਇਹ ਨਹੀਂ ਸੋਚਦਾ ਕਿ ਜੇ ਮਾਲਕ ਉਹ ਇੱਕ ਵਸਤ ਵੀ ਨਾ ਦੇਵੇ ਅਤੇ ਜੋ
ਅਨੇਕਾਂ ਦਾਤਾਂ ਉਸ ਨੇ ਦਿੱਤੀਆਂ ਹਨ ਉਹ ਵੀ ਖੋਹ ਲਵੇ ਤਾਂ ਉਹ ਕੀ ਕਰ ਲਵੇਗਾ?
ਜਿਸੁ ਠਾਕੁਰ ਸਿਉ ਨਾਹੀ ਚਾਰਾ ।। ਤਾ ਕਉ ਕੀਜੈ ਸਦ ਨਮਸਕਾਰਾ ।।
ਜੀਵ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ
ਕਿ ਜਿਸ ਮਾਲਕ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਉਸ ਦੇ ਅੱਗੇ ਖੁਸ਼ੀ ਖੁਸ਼ੀ ਸਿਰ ਝੁਕਾ ਦੇਣਾ ਹੀ
ਸਿਆਣਪ ਹੈ, ਜੋ ਉਹ ਕਰੇ ਉਸ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਣਾ ਚਾਹੀਦਾ ਹੈ।
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ।। ਸਰਬ ਸੂਖ
ਤਾਹੂ ਮਨਿ ਵੂਠਾ ।।
ਜਿਸ ਜੀਵ ਨੂੰ ਮਾਲਕ ਨਾਲ਼ ਪਿਆਰ ਹੋ ਜਾਂਦਾ ਹੈ ਅਤੇ ਉਹ ਮਲਕ ਦੇ ਕੀਤੇ
ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰ ਲੈਂਦਾ ਹੈ ਉਸ ਦੇ ਮਨ ਵਿੱਚ ਸਾਰੇ ਸੁਖ ਵਸ ਜਾਂਦੇ ਹਨ, ਉਸ ਨੂੰ
ਸੰਸਾਰ ਦੇ ਸਭ ਸੁਖ ਮਿਲ ਜਾਂਦੇ ਹਨ।
ਜਿਸ ਜਨ ਅਪਨਾ ਹੁਕਮੁ ਮਨਾਇਆ ।। ਸਰਬ ਥੋਕ ਨਾਨਕ
ਤਿਨਿ ਪਾਇਆ ।। ੧ ।।
ਜਿਸ ਜੀਵ ਨੂੰ ਪ੍ਰਮਾਤਮਾ ਮਿਹਰ ਕਰ ਕੇ ਅਪਣਾ ਹੁਕਮ ਮੰਨਣ ਦੀ ਸਮਝ ਦੇ
ਦਿੰਦਾ ਹੈ ਉਸ ਨੂੰ ਸਾਰੇ ਹੀ ਪਦਾਰਥ ਮਿਲ ਜਾਂਦੇ ਹਨ, ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ।
ਅਗਨਤੁ ਸਾਹੁ ਅਪਨੀ ਦੇ ਰਾਸਿ ।। ਖਾਤ ਪੀਤ ਬਰਤੈ
ਅਨਦ ਉਲਾਸਿ ।।
ਕਈ ਵਾਰ ਕੋਈ ਬੇਅੰਤ ਧਨ ਦਾ ਮਾਲਕ ਅਪਣੀ
ਸਾਰੀ ਦੌਲਤ ਕਿਸੇ ਜੀਵ ਨੂੰ ਦੇ ਕੇ ਕਿਤੇ ਬਾਹਰ ਚਲਿਆ ਜਾਂਦਾ ਹੈ। ਜੀਵ ਉਸ ਦੌਲਤ ਦੇ ਸਿਰ ਤੇ ਰੱਜ
ਰੱਜ ਕੇ ਖਾਂਦਾ ਪੀਂਦਾ ਹੈ ਅਤੇ ਹਰ ਤਰਾਂ ਦਾ ਅਨੰਦ ਮਾਣਦਾ ਹੈ। ਇਸੇ ਤਰਾਂ ਪ੍ਰਮਾਤਮਾ ਨੇ ਬੇਅਂਤ
ਦੌਲਤ ਇਨਸਾਨ ਨੂੰ ਬਖਸ਼ਿਸ਼ ਕੀਤੀ ਹੋਈ ਹੈ ਅਤੇ ਉਹ ਉਸ ਦਾ ਅਨੰਦ ਮਾਣ ਰਿਹਾ ਹੈ।
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ।। ਅਗਿਆਨੀ
ਮਨਿ ਰੋਸਿ ਕਰੇਇ ।।
ਪਰ ਜੇ ਮਾਲਕ ਵਾਪਸ ਆ ਕੇ ਅਪਣੀ ਹੀ ਦਿੱਤੀ ਦੌਲਤ ਵਿੱਚੋਂ ਥੋੜੀ ਜਿਹੀ
ਵਾਪਸ ਲੈ ਲਵੇ ਤਾਂ ਇਸ ਦਾ ਮੂਰਖ ਜੀਵ ਗੁੱਸਾ ਕਰਦਾ ਹੈ, ਬੁਰਾ ਮਨਾਉਂਦਾ ਹੈ। ਇਸੇ ਤਰਾਂ ਜੇ
ਪ੍ਰਮਾਤਮਾ ਅਪਣੇ ਬਖਸ਼ੇ ਖ਼ਜ਼ਾਨਿਆਂ ਵਿੱਚੋਂ ਥੋੜਾ ਜਿਹਾ ਹਿੱਸਾ ਵੀ ਵਾਪਸ ਲੈ ਲਵੇ ਤਾਂ ਇਨਸਾਨ ਬੁਰਾ
ਮਨਾਉਂਦਾ ਹੈ।
ਅਪਨੀ ਪਰਤੀਤਿ ਆਪ ਹੀ ਖੋਵੈ ।। ਬਹੁਰਿ ਉਸ ਕਾ
ਬਿਸ੍ਵਾਸੁ ਨ ਹੋਵੈ ।।
ਇਸ ਤਰਾਂ ਕਰ ਕੇ ਇਨਸਾਨ ਅਪਣਾ ਵਿਸ਼ਵਾਸ਼ ਆਪ
ਹੀ ਗੁਆ ਲੈਂਦਾ ਹੈ। ਮੁੜ ਕੇ ਮਾਲਕ ਉਸ ਤੇ ਭਰੋਸਾ ਨਹੀਂ ਕਰਦਾ।
ਜਿਸ ਕੀ ਬਸਤੁ ਤਿਸੁ ਆਗੈ ਰਾਖੈ ।। ਪ੍ਰਭ ਕੀ
ਆਗਿਆ ਮਾਨੈ ਮਾਥੈ ।।
ਸਿਆਣਪ ਇਸ ਗੱਲ ਵਿੱਚ ਹੈ ਕਿ ਇਹ ਦੌਲਤ ਜਿਸ ਦੀ ਦਿੱਤੀ ਹੋਈ ਹੈ, ਖੁਸ਼ੀ
ਖੁਸ਼ੀ ਉਸ ਦੇ ਅੱਗੇ ਰੱਖ ਦੇਣੀ ਚਾਹੀਦੀ ਹੈ। ਉਸ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਣਾ
ਚਾਹੀਦਾ ਹੈ।
ਉਸ ਤੇ ਚਉਗੁਨ ਕਰੈ ਨਿਹਾਲੁ ।। ਨਾਨਕ ਸਾਹਿਬੁ ਸਦਾ ਦਇਆਲੁ ।। ੨ ।।
ਜਦੋਂ ਜੀਵ ਇਸ ਤਰਾਂ ਕਰਦਾ ਹੈ ਤਾਂ ਮਾਲਕ ਖੁਸ਼ ਹੋ ਕੇ ਪਹਿਲਾਂ ਨਾਲ਼ੋਂ
ਵੀ ਕਿਤੇ ਵੱਧ ਦਾਤਾਂ ਉਸ ਦੀ ਝੋਲ਼ੀ ਵਿੱਚ ਪਾ ਕੇ ਉਸ ਨੂੰ ਨਿਹਾਲ ਕਰ ਦਿੰਦਾ ਹੈ। ਗੁਰੂ ਜੀ ਇਹ
ਸਿੱਖਿਆ ਦਿੰਦੇ ਹਨ ਕਿ ਉਸ ਮਾਲਕ ਦਾ ਸੁਭਾਅ ਤਾਂ ਸਦਾ ਹੀ ਦਿਆਲਤਾ ਭਰਪੂਰ ਹੈ। ਉਹ ਤਾਂ ਦਾਤਾਂ ਦੇ
ਕੇ ਖੁਸ਼ ਹੁੰਦਾ ਹੈ।
ਅਨਿਕ ਭਾਤਿ ਮਾਇਆ ਕੇ ਹੇਤ ।। ਸਰਪਰ ਹੋਵਤ ਜਾਨੁ
ਅਨੇਤ ।।
ਇਹ ਜੀਵ ਸੰਸਾਰ ਵਿੱਚ ਆ ਕੇ ਮਾਇਆ ਦੇ ਅਨੇਕਾਂ ਰੂਪਾਂ ਦੇ ਮੋਹ ਵਿੱਚ ਫਸ
ਜਾਂਦਾ ਹੈ। ਜੋ ਯਕੀਨਨ ਹੋਣਾ ਹੈ ਉਸ ਉੱਤੇ ਸ਼ੰਕਾ ਕਰਨ ਲੱਗ ਪੈਂਦਾ ਹੈ ਅਰਥਾਤ ਇਹ ਗੱਲ ਭੁੱਲ
ਜਾਂਦਾ ਹੈ ਕਿ ਇੱਕ ਦਿਨ ਇਸ ਮਾਇਆਵੀ ਸੰਸਾਰ ਨੂੰ ਉਸ ਨੇ ਛੱਡ ਜਾਣਾ ਹੈ।
ਬਿਰਖ ਕੀ ਸਾਇਆ ਸਿਉ ਰੰਗੁ ਲਾਵੈ ।। ਓਹ ਬਿਨਸੈ ਉਹੁ
ਮਨਿ ਪਛੁਤਾਵੈ ।।
ਜੀਵ ਮਾਇਆ ਨਾਲ਼ ਪਿਆਰ ਪਾ ਕੇ ਬੈਠ ਜਾਂਦਾ ਹੈ ਜਿਹੜੀ ਦਰਖਤ ਦੀ ਛਾਂ ਦੀ
ਤਰਾਂ ਹੈ। ਜਿਸ ਤਰਾਂ ਦਰਖਤ ਦੀ ਛਾਂ ਦਿਨ ਢਲ਼ਨ ਨਾਲ਼ ਢਲ਼ ਜਾਂਦੀ ਹੈ, ਉਸੇ ਤਰਾਂ ਮਾਇਆ ਵੀ ਇਨਸਾਨ ਕੋਲ਼ ਸਦਾ ਨਹੀਂ ਰਹਿਂਦੀ, ਸਮਾਂ ਪੈਣ ਨਾਲ਼
ਹੱਥੋਂ ਨਿਕਲ਼ ਜਾਂਦੀ ਹੈ। ਜਦੋਂ ਇਹ ਮਾਇਆ ਉਸ ਨੂੰ ਛੱਡ ਜਾਂਦੀ ਹੈ ਤਾਂ ਉਹ ਅਪਣੇ ਮਨ ਅੰਦਰ ਅਪਣੇ
ਕੀਤੇ ਤੇ ਦੁਖੀ ਹੁੰਦਾ ਹੈ ਅਤੇ ਪਛਤਾਉਂਦਾ ਹੈ।
ਜੋ ਦੀਸੈ ਸੋ ਚਾਲਨਹਾਰੁ ।। ਲਪਟਿ ਰਹਿਓ ਤਹ ਅੰਧ
ਅੰਧਾਰੁ ।।
ਇਸ ਸੰਸਾਰ ਵਿੱਚ ਜੋ ਕੁੱਝ ਵੀ ਦ੍ਰਿਸ਼ਟਮਾਨ ਹੈ ਉਹ ਟਿਕਾਊ ਨਹੀਂ,
ਚੱਲਣਹਾਰ ਹੈ। ਪਰ ਇਹ ਅਕਲ ਦਾ ਅੰਨ੍ਹਾ ਮਨੁੱਖ ਇਸ ਸਚਾਈ ਨੂੰ ਨਹੀਂ ਸਮਝਦਾ ਅਤੇ ਚੱਲਣਹਾਰ ਨੂੰ
ਚੰਬੜਿਆ ਬੈਠਾ ਹੈ।
ਬਟਾਊ ਸਿਉ ਜੋ ਲਾਵੈ ਨੇਹ ।। ਤਾ ਕਉ ਹਾਥਿ ਨ ਆਵੈ
ਕੇਹ ।।
ਮੁਸਾਫ਼ਰ ਕਦੇ ਵੀ ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ, ਥੋੜੀ ਦੇਰ ਰੁਕਣ
ਤੋਂ ਬਾਦ ਅੱਗੇ ਚਲਿਆ ਜਾਂਦਾ ਹੈ। ਜਿਹੜਾ ਇਨਸਾਨ ਮੁਸਾਫ਼ਰ ਨਾਲ਼ ਪਿਆਰ ਪਾਉਂਦਾ ਹੈ ਉਸ ਦੇ ਕੁੱਝ
ਹੱਥ ਨਹੀਂ ਆਉਂਦਾ, ਉਸ ਨੂੰ ਅੰਤ ਪਛਤਾਉਣਾ ਪੈਂਦਾ ਹੈ। ਇਸੇ ਤਰਾਂ ਮਾਇਆ ਵੀ ਕਦੇ ਇੱਕ ਥਾਂ ਟਿਕ
ਕੇ ਨਹੀਂ ਰਹਿੰਦੀ, ਆਉਂਦੀ ਜਾਂਦੀ ਰਹਿੰਦੀ ਹੈ। ਇਸ ਨਾਲ਼ ਪਿਆਰ ਪਾਉਣ ਵਾਲ਼ੇ ਦੇ ਹੱਥ ਦੁੱਖ ਅਤੇ ਪਛਤਾਵੇ ਤੋਂ ਬਿਨਾਂ ਹੋਰ
ਕੁੱਝ ਨਹੀਂ ਆਉਂਦਾ।
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ।। ਕਰਿ
ਕਿਰਪਾ ਨਾਨਕ ਆਪਿ ਲਏ ਲਾਈ ।। ੩ ।।
ਗੁਰੂ ਜੀ ਅਪਣੇ ਮਨ ਨੂੰ ਸੰਬੋਧਿਤ ਹੋ ਕੇ ਸਾਨੂੰ ਸਿੱਖਿਆ ਦਿੰਦੇ ਹਨ ਕਿ
ਪ੍ਰਮਾਤਮਾ ਦੇ ਨਾਮ ਦਾ ਪਿਆਰ ਸਦਾ ਹੀ ਸੁਖਾਂ ਦਾ ਸੋਮਾ ਹੈ, ਇਸ ਕਰ ਕੇ ਮਾਇਆ ਨੂੰ ਛੱਡ ਕੇ
ਪ੍ਰਮਾਤਮਾ ਨਾਲ਼ ਪਿਆਰ ਕਰਨਾ ਸਿੱਖੋ। ਜਿਸ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਉਸ ਨੂੰ ਉਹ ਆਪ
ਹੀ ਅਪਣੇ ਨਾਲ਼ ਜੋੜ ਲੈਂਦਾ ਹੈ।
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ।। ਮਿਥਿਆ ਹਉਮੈ
ਮਮਤਾ ਮਾਇਆ ।।
ਸੰਸਾਰ ਵਿੱਚ ਸਾਡਾ ਇਹ ਸਰੀਰ, ਧਨ ਦੌਲਤ, ਅਤੇ ਪਰਿਵਾਰ ਸਭ ਝੂਠ ਹੈ, ਅਸਥਾਈ
ਹੈ। ਸਾਡਾ ਹੰਕਾਰ, ਸਾਡੀ ਮਮਤਾ ਅਤੇ ਮਾਇਆ ਸਭ ਝੂਠ ਹਨ। ਇਹ ਸਾਰੀਆਂ ਚੀਜ਼ਾਂ ਸਮੇ ਦੇ ਨਾਲ਼ ਖ਼ਤਮ ਹੋ
ਜਾਂਦੀਆਂ ਹਨ, ਸਦਾ ਲਈ ਨਹੀਂ ਰਹਿੰਦੀਆਂ ਅਤੇ ਨਾ ਹੀ ਮੌਤ ਤੋਂ ਬਾਦ ਸਾਡਾ ਸਾਥ ਦਿੰਦੀਆਂ ਹਨ।
ਮਿਥਿਆ ਰਾਜ ਜੋਬਨ ਧਨ ਮਾਲ ।। ਮਿਥਿਆ ਕਾਮ ਕ੍ਰੋਧ
ਬਿਕਰਾਲ ।।
ਸਾਡਾ ਰਾਜ ਭਾਗ ਅਰਥਾਤ ਜੋ ਦੂਜਿਆਂ ਉੱਤੇ ਸਾਨੂੰ ਤਾਕਤ ਹਾਸਲ ਹੈ, ਸਾਡੀ ਜਵਾਨੀ ਅਤੇ ਧਨ ਸੰਪਦਾ ਸਭ ਝੂਠ ਹਨ, ਚਲਾਇਮਾਨ ਹਨ। ਕਾਮ
ਅਤੇ ਕ੍ਰੋਧ ਦੇ ਭਿਆਨਕ ਜਜ਼ਬੇ ਵੀ ਝੂਠ ਹਨ, ਸਥਾਈ ਨਹੀਂ। ਇਹ ਸਭ ਵਸਤਾਂ ਭੁਲੇਖਾ ਪਾਉਣ ਵਾਲ਼ੀਆਂ
ਹਨ। ਸਾਨੂੰ ਲੱਗਦਾ ਹੈ ਕਿ ਇਹ ਸਾਨੂੰ ਖੁਸ਼ੀ ਦਿੰਦੀਆਂ ਹਨ ਪਰ ਅਸਲ ਵਿੱਚ ਇਹ ਕੋਈ ਖੁਸ਼ੀ ਨਹੀਂ ਦੇ
ਸਕਦੀਆਂ।
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ।। ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ।।
ਸਾਡੀ ਮਲਕੀਅਤ ਦੀਆਂ ਸਭ ਚੀਜ਼ਾਂ ਜਿਵੇਂ ਰਥ, ਹਾਥੀ, ਘੋੜੇ ਅਤੇ ਸੋਹਣੇ
ਸੋਹਣੇ ਕੱਪੜੇ ਸਭ ਝੂਠ ਹਨ, ਛਲਾਵਾ ਹਨ, ਚਾਰ ਦਿਨਾਂ ਦੀ ਖੇਡ ਹਨ। ਦੁਨੀਆਂ ਦੇ ਸੁੰਦਰ ਨਜ਼ਾਰੇ,
ਸੰਗੀ ਸਾਥੀ ਅਤੇ ਮਾਇਆ ਜਿਨ੍ਹਾਂ ਨੂੰ ਵੇਖ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ ਸਭ ਝੂਠ ਹਨ, ਚਾਰ
ਦਿਨਾਂ ਦੀ ਚਾਨਣੀ ਹਨ। ਇਹ ਸਭ ਕੁੱਝ ਇੱਕ ਧੋਖਾ ਹੈ ਜਿਸ ਨੂੰ ਅਸੀਂ ਸੱਚ ਮੰਨੀ ਬੈਠੇ ਹਾਂ।
ਮਿਥਿਆ ਧ੍ਰੋਹ ਮੋਹ ਅਭਿਮਾਨੁ ।। ਮਿਥਿਆ ਆਪਸ
ਊਪਰਿ ਕਰਤ ਗੁਮਾਨੁ ।।
ਸਾਡਾ ਵਲ ਛਲ, ਮੋਹ ਮਮਤਾ ਅਤੇ ਅਭਿਮਾਨ ਸਭ ਝੂਠ ਹਨ। ਅਪਣੇ ਆਪ ਉੱਤੇ,
ਅਪਣੀ ਤਾਕਤ, ਦੌਲਤ, ਸੁੰਦਰਤਾ ਆਦਿ ਜਿਨ੍ਹਾਂ ਉੱਤੇ ਅਸੀਂ ਹੰਕਾਰ ਕਰਦੇ ਹਾਂ ਉਹ ਸਭ ਵੀ ਝੂਠ ਹਨ,
ਇੱਕ ਧੋਖਾ ਹਨ, ਇੱਕ ਛਲ ਹਨ।
ਅਸਥਿਰ ਭਗਤਿ ਸਾਧ ਕੀ ਸਰਨ ।। ਨਾਨਕ ਜਪਿ ਜਪਿ
ਜੀਵੈ ਹਰਿ ਕੇ ਚਰਨ ।। ੪ ।।
ਕੇਵਲ ਸੰਤ ਪੁਰਖਾਂ ਦੀ ਸ਼ਰਨ ਵਿੱਚ ਆ ਕੇ ਪ੍ਰਭੂ ਦੀ ਭਗਤੀ ਕਰਨਾ ਹੀ
ਸਦੀਵੀ ਤੌਰ ਤੇ ਸਾਡਾ ਸਾਥ ਦੇਣ ਵਾਲ਼ੀਆਂ ਚੀਜ਼ ਹੈ। ਇਸ ਕਰਕੇ ਹਰੀ ਦੇ ਸੇਵਕ ਹਰ ਵੇਲ਼ੇ ਹਰੀ ਦੇ
ਚਰਨਾ ਦਾ ਧਿਆਨ ਧਰ ਕੇ ਉਸ ਦੇ ਨਾਮ ਦਾ ਸਿਮਰਨ ਕਰਦੇ ਹੋਏ ਹੀ ਅਪਣਾ ਜੀਵਨ ਬਤੀਤ ਕਰਦੇ ਹਨ। ਸਦਾ
ਪ੍ਰਭੂ ਦੇ ਚਰਨਾਂ ਨਾਲ਼ ਜੁੜੇ ਰਹਿਣ ਕਰਕੇ ਉਹ ਕਦੇ ਨਹੀਂ ਡੋਲਦੇ।
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ।। ਮਿਥਿਆ ਹਸਤ
ਪਰ ਦਰਬ ਕਉ ਹਿਰਹਿ ।।
ਉਹ ਕੰਨ ਬੇਕਾਰ ਹਨ ਜਿਹੜੇ ਦੂਜੇ ਦੀ ਨਿੰਦਿਆ ਸੁਣ ਕੇ ਖੁਸ਼ ਹੁੰਦੇ ਹਨ।
ਉਹ ਹੱਥ ਬੇਕਾਰ ਹਨ ਜਿਹੜੇ ਪਰਾਏ ਧਨ ਨੂੰ ਚੁਰਾ ਕੇ ਖੁਸ਼ ਹੁੰਦੇ ਹਨ।
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦਿ ।। ਮਿਥਿਆ ਰਸਨਾ ਭੋਜਨ ਅਨ ਸ੍ਵਾਦ ।।
ਉਹ ਅੱਖਾਂ ਬੇਕਾਰ ਹਨ ਜਿਹੜੀਆਂ ਪਰਾਈ ਇਸਤਰੀ ਦੀ ਸੁੰਦਰਤਾ ਨੂੰ ਵੇਖ ਕੇ
ਖੁਸ਼ ਹੁੰਦੀਆਂ ਹਨ। ਉਹ ਜੀਭ ਵੀ ਬੇਕਾਰ ਹੈ ਜਿਹੜੀ ਤਰਾਂ ਤਰਾਂ ਦੇ ਭੋਜਨ ਪਦਾਰਥਾਂ ਅਤੇ ਹੋਰ ਖਾਣ
ਦੀਆਂ ਵਸਤਾਂ ਦੇ ਸੁਆਦ ਮਾਣਨ ਵਿੱਚ ਗ੍ਰਸਤ ਰਹਿੰਦੀ ਹੈ।
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ।। ਮਿਥਿਆ ਮਨ
ਪਰ ਲੋਭ ਲੁਭਾਵਹਿ ।।
ਉਹ ਪੈਰ ਵੀ ਬੇਕਾਰ ਹਨ ਜੋ ਕਿਸੇ ਦੂਜੇ ਦਾ ਬੁਰਾ ਕਰਨ ਲਈ ਦੌੜ ਕੇ
ਜਾਂਦੇ ਹਨ। ਉਹ ਮਨ ਵੀ ਬੇਕਾਰ ਹੈ ਜਿਹੜਾ ਪਰਾਏ ਧਨ ਨੂੰ
ਵੇਖ ਕੇ ਉਸ ਨੂੰ ਹਥਿਆਉਣ ਲਈ ਲਲਚਾਉਂਦਾ ਹੈ।
ਮਿਥਿਆ ਤਨ ਨਹੀ ਪਰਉਪਕਾਰਾ ।। ਮਿਥਿਆ ਬਾਸੁ ਲੇਤ
ਬਿਕਾਰਾ ।।
ਉਹ ਸਰੀਰ ਬੇਕਾਰ ਹੈ ਜਿਹੜਾ ਕਿਸੇ ਦੂਜੇ ਦਾ ਭਲਾ ਨਹੀਂ ਕਰਦਾ। ਉਹ ਨੱਕ
ਵੀ ਬੇਕਾਰ ਹੈ ਜਿਹੜਾ ਵਿਕਾਰਾਂ ਨੂੰ ਜਨਮ ਦੇਣ ਵਾਲ਼ੀਆਂ ਵਸਤਾਂ ਦੀ ਵਾਸ਼ਨਾ ਵਿੱਚ ਖੁਭਿਆ
ਰਹਿੰਦਾ ਹੈ।
ਬਿਨ ਬੂਝੇ ਮਿਥਿਆ ਸਭ ਭਏ ।। ਸਫਲ ਦੇਹ ਨਾਨਕ ਹਰਿ
ਹਰਿ ਨਾਮ ਲਏ ।। ੫ ।।
ਸਰੀਰ ਦੇ ਸਾਰੇ ਅੰਗ ਹੀ ਬੇਕਾਰ ਹਨ ਜੇ ਉਹ ਪ੍ਰਮਾਤਮਾ ਦੀ ਸਮਝ ਹਾਸਲ ਕਰ
ਕੇ ਉਸ ਦੀ ਸੇਵਾ ਵਿੱਚ ਨਹੀਂ ਲੱਗਦੇ। ਇਹ ਸਾਡਾ ਸਰੀਰ ਤਾਂ ਹੀ ਸਫਲ ਹੈ ਜੇ ਅਸੀਂ ਇਸ ਨੂੰ ਹਰੀ ਦੇ
ਨਾਮ ਦੇ ਸਿਮਰਨ ਅਤੇ ਉਸ ਦੀ ਸੇਵਾ ਵਿੱਚ ਲਾਈਏ।
ਬਿਰਥੀ ਸਾਕਤ ਕੀ ਆਰਜਾ ।। ਸਾਚ ਬਿਨਾ ਕਹ ਹੋਵਤ
ਸੂਚਾ ।।
ਮਨਮੁਖ ਇਨਸਾਨ ਦੀ ਲੰਮੀ ਉਮਰ ਵੀ ਬੇਕਾਰ ਹੈ। ਜੇ ਇਨਸਾਨ ਅਪਣੇ ਆਪ ਨੂੰ ਪ੍ਰਮਾਤਮਾ
ਦੀ ਸੇਵਾ ਵਿੱਚ ਲਾ ਕੇ ਉਸ ਨਾਲ਼ ਅਭੇਦਤਾ ਪ੍ਰਾਪਤ ਨਹੀਂ ਕਰਦਾ ਤਾਂ ਲੰਮੀ ਉਮਰ ਪਾਉਣ ਦੇ ਬਾਵਜੂਦ
ਉਹ ਪਵਿੱਤਰ ਜਾਂ ਮਹਾਨ ਨਹੀਂ ਬਣ ਸਕਦਾ, ਮੁਕਤੀ ਨਹੀਂ ਪਾ ਸਕਦਾ।
ਬਿਰਥਾ ਨਾਮ ਬਿਨਾ ਤਨੁ ਅੰਧ ।। ਮੁਖਿ ਆਵਤ ਤਾ ਕੈ
ਦੁਰਗੰਧ ।।
ਅਸੀਂ ਅੰਨ੍ਹੇ ਹਾਂ, ਮੂਰਖ ਹਾਂ ਜੇ ਅਸੀਂ ਨਾਮ ਨਹੀਂ ਜੱਪਦੇ। ਨਾਮ ਜੱਪਣ
ਤੋਂ ਬਿਨਾ ਸਾਡਾ ਸਰੀਰ ਹੀ ਬੇਕਾਰ ਹੈ। ਨਾਮ ਤੋਂ ਵਿਹੂਣੇ ਇਲਸਾਨ ਦੇ ਮੂੰਹ ਵਿੱਚੋਂ ਬਦਬੂ ਆਉਂਦੀ
ਹੈ।
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ।। ਮੇਘ
ਬਿਨਾ ਜਿਉ ਖੇਤੀ ਜਾਇ ।।
ਨਾਮ ਜੱਪਣ ਤੋਂ ਬਿਨਾ ਸਾਡੇ ਦਿਨ ਅਤੇ ਰਾਤਾਂ ਬੇਕਾਰ ਬੀਤਦੇ ਹਨ, ਸਾਡਾ
ਸਮਾਂ ਕਿਸੇ ਅਰਥ ਨਹੀਂ ਲੱਗਦਾ। ਸਾਡਾ ਜੀਵਨ ਬੇਅਰਥ ਬਰਬਾਦ ਹੁੰਦਾ ਰਹਿੰਦਾ ਹੈ ਜਿਵੇਂ ਬੱਦਲ਼ ਦੇ
ਬਰਸਣ ਤੋਂ ਬਿਨਾ ਖੇਤੀ ਬਰਬਾਦ ਹੋ ਜਾਂਦੀ ਹੈ।
ਗੋਬਿੰਦ ਭਜਨ ਬਿਨੁ ਬ੍ਰਿਥੇ ਸਭ ਕਾਮ ।। ਜਿਉ
ਕਿਰਪਨ ਕੇ ਨਿਰਾਰਥ ਦਾਮ ।।
ਪ੍ਰਮਾਤਮਾ ਦੇ ਭਜਨ ਤੋਂ ਬਿਨਾ ਬਾਕੀ ਸਾਰੇ ਕੰਮ ਫ਼ਜ਼ੂਲ ਹਨ, ਉਨ੍ਹਾਂ ਦਾ
ਕੋਈ ਲਾਭ ਨਹੀਂ। ਸਾਡੇ ਕੀਤੇ ਹੋਰ ਸਾਰੇ ਕੰਮ ਉਸੇ ਤਰਾਂ ਸਾਡੀ ਕੋਈ ਸਹਾਇਤਾ ਨਹੀਂ ਕਰ ਸਕਦੇ ਜਿਵੇਂ
ਕੰਜੂਸ ਦਾ ਧਨ ਉਸ ਦੇ ਕਿਸੇ ਕੰਮ ਦਾ ਨਹੀਂ ਆਉਂਦਾ।
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ।।
ਨਾਨਕ ਤਾ ਕੈ ਬਲਿ ਬਲਿ ਜਾਉ ।। ੬ ।।
ਉਹ ਇਨਸਾਨ ਧੰਨ ਹਨ, ਮਹਾਨ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਮਤਾ
ਦਾ ਨਾਮ ਵਸਿਆ ਹੋਇਆ ਹੈ। ਗੁਰੂ ਜੀ ਅਜਿਹੇ ਮਹਾਨ ਇਨਸਾਨਾਂ ਦੇ ਵਾਰੇ ਵਾਰੇ ਜਾਂਦੇ ਹਨ।
ਰਹਤ ਅਵਰ ਕਛੁ ਅਵਰ ਕਮਾਵਤ ।। ਮਨਿ ਨਹੀ ਪ੍ਰੀਤਿ
ਮੁਖਹੁ ਗੰਢ ਲਾਵਤ ।।
ਬਹੁਤੇ ਇਨਸਾਨਾਂ ਦੇ ਬਾਹਰਲੇ ਦਿਖਾਵੇ ਦੇ ਰਹਿਣ ਢੰਗ ਵਿੱਚ ਅਤੇ ਅਸਲ ਕਰਮਾਂ
ਵਿੱਚ ਬਹੁਤ ਫਰਕ ਹੁੰਦਾ ਹੈ। ਉਨ੍ਹਾਂ ਦਾ ਜੀਵਨ ਢੰਗ ਕੁੱਝ ਹੋਰ ਹੁੰਦਾ ਹੈ ਅਤੇ ਉਹ ਦਾਅਵੇ ਕੁੱਝ
ਹੋਰ ਕਰਦੇ ਹਨ। ਦਿਲੋਂ ਉਨ੍ਹਾਂ ਦੀ ਪ੍ਰਮਾਤਮਾ ਨਾਲ਼ ਕੋਈ ਪ੍ਰੀਤ ਨਹੀਂ ਹੁੰਦੀ ਪਰ ਵਿਖਾਵਾ ਉਹ ਇਹ
ਕਰਦੇ ਹਨ ਕਿ ਉਨ੍ਹਾਂ ਦਾ ਪ੍ਰਮਾਤਮਾ ਨਾਲ਼ ਬਹੁਤ ਪਿਆਰ ਹੈ। ਉਨ੍ਹਾਂ ਦਾ ਪ੍ਰਭੂ ਪਿਆਰ ਕੇਵਲ ਗੱਲਾਂ
ਤੱਕ ਸੀਮਿਤ ਹੁੰਦਾ ਹੈ।
ਜਾਨਨਹਾਰ ਪ੍ਰਭੂ ਪਰਬੀਨ ।। ਬਾਹਰਿ ਭੇਖ ਨ
ਕਾਹੂ ਭੀਨ ।।
ਪ੍ਰੰਤੂ ਜਾਣੀ ਜਾਣ ਪ੍ਰਮਾਤਮਾ ਏਨਾ ਸਮਝਦਾਰ ਹੈ ਕਿ ਉਹ ਸਭ ਕੁੱਝ ਜਾਣਦਾ
ਹੈ, ਸਮਝਦਾ ਹੈ। ਇਸ ਕਰਕੇ ਉਹ ਬਾਹਰਲੇ ਵਿਖਾਵੇ ਤੇ ਨਹੀਂ ਰੀਝਦਾ। ਝੂਠੇ ਪਾਖੰਡ ਕਰ ਕੇ
ਇਨਸਾਨ ਉਸ ਨੂੰ ਖੁਸ਼ ਨਹੀਂ ਕਰ ਸਕਦਾ। ਉਹ ਤਾਂ ਸੱਚੇ ਦਿਲੋਂ ਕੀਤੇ ਪਿਆਰ ਦਾ ਕਾਇਲ ਹੈ। ਬਾਹਰਲੇ
ਦਿਖਾਵੇ ਨਾਲ਼ ਅਸੀਂ ਦੁਨੀਆਂ ਨੂੰ ਧੋਖਾ ਦੇ ਸਕਦੇ ਹਾਂ, ਪ੍ਰਮਾਤਮਾ ਨੂੰ ਨਹੀਂ।
ਅਵਰ ਉਪਦੇਸੈ ਆਪਿ ਨ ਕਰੈ ।। ਆਵਤ ਜਾਵਤ ਜਨਮੈ
ਮਰੈ ।।
ਜੀਵ ਦੂਜਿਆਂ ਨੂੰ ਉਪਦੇਸ਼ ਦਿੰਦਾ ਰਹਿੰਦਾ ਹੈ ਪਰ ਆਪ ਉਨ੍ਹਾਂ ਸਿਖਿਆਵਾਂ
ਤੇ ਅਮਲ ਨਹੀਂ ਕਰਦਾ ਜਿਹੜੀਆਂ ਉਹ ਹੋਰਾਂ ਨੂੰ ਦਿੰਦਾ ਹੈ। ਅਜਿਹਾ ਇਨਸਾਨ ਜੰਮਣ ਮਰਨ ਦੇ ਚੱਕਰ ਵਿੱਚ
ਫਸਿਆ ਰਹਿੰਦਾ ਹੈ। ਵਾਰ ਵਾਰ ਜੰਮਦਾ ਹੈ ਅਤੇ ਮਰਦਾ ਹੈ।
ਜਿਸ ਕੈ ਅੰਤਰਿ ਬਸੈ ਨਿਰੰਕਾਰੁ ।। ਤਿਸ ਕੀ ਸੀਖ
ਤਰੈ ਸੰਸਾਰੁ ।।
ਜਿਸ ਇਨਸਾਨ ਦੇ ਅੰਦਰ ਨਿਰੰਕਾਰ ਪ੍ਰਮਾਤਮਾ ਆਪ ਵਸਦਾ ਹੈ, ਜਿਸ ਦੀ
ਕਹਿਣੀ ਅਤੇ ਕਥਨੀ ਇੱਕੋ ਜਿਹੀ ਹੁੰਦੀ ਹੈ, ਉਸ ਦੀ ਦਿੱਤੀ ਹੋਈ ਸਿੱਖਿਆ ਦੁਨੀਆਂ ਨੂੰ ਸਿੱਧੇ ਰਾਹ
ਤੇ ਪਾਉਂਦੀ ਹੈ, ਲੋਕਾਂ ਦਾ ਪਾਰ ਉਤਾਰਾ ਕਰਦੀ ਹੈ।
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ।। ਨਾਨਕ ਉਨ ਜਨ
ਚਰਨ ਪਰਾਤਾ ।। ੭ ।।
ਪ੍ਰਮਾਤਮਾ ਦਾ ਗਿਆਨ ਅਤੇ ਉਸ ਦੇ ਨਾਲ਼ ਮੇਲ ਉਨ੍ਹਾਂ ਜੀਵਾਂ ਨੂੰ ਹੀ
ਨਸੀਬ ਹੁੰਦਾ ਹੈ ਜਿਹੜੇ ਪ੍ਰਮਾਤਮਾ ਨੂੰ ਭਾ ਜਾਂਦੇ ਹਨ, ਉਸ ਨੂੰ ਪਿਆਰੇ ਲੱਗਦੇ ਹਨ। ਗੁਰੂ ਜੀ
ਕਹਿੰਦੇ ਹਨ ਕਿ ਇਹ ਲੋਕ ਬਹੁਤ ਮਹਾਨ ਹੁੰਦੇ ਹਨ ਅਤੇ ਉਹ ਅਜਿਹੇ ਲੋਕਾਂ ਦੇ ਚਰਨੀ ਲੱਗਦੇ ਹਨ।
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ।। ਅਪਨਾ ਕੀਆ
ਆਪਹਿ ਮਾਨੈ ।।
ਮੈਂ ਜੋ ਵੀ ਚਾਹੁੰਦਾ ਹਾਂ ਉਸ ਲਈ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਹਾਂ
ਪ੍ਰੰਤੂ ਪ੍ਰਮਾਤਮਾ ਤਾਂ ਜਾਣੀ ਜਾਣ ਹੈ। ਜੋ ਮੈਂ ਚਾਹੁੰਦਾ ਹਾਂ ਉਹ ਪਹਿਲਾਂ ਹੀ ਜਾਣਦਾ ਹੈ। ਅਸਲ
ਵਿੱਚ ਉਹ ਆਪ ਹੀ ਜੀਵ (ਸਰਗੁਣ) ਰੂਪ ਵਿੱਚ ਬੇਨਤੀ ਕਰਦਾ ਹੈ ਅਤੇ ਆਪ ਹੀ ਅਪਣੇ ਨਿਰਗੁਣ ਰੂਪ ਵਿੱਚ
ਉਸ ਬੇਨਤੀ ਨੂੰ ਪ੍ਰਵਾਨ ਕਰਦਾ ਹੈ।
ਆਪਹਿ ਆਪ ਆਪਿ ਕਰਤ ਨਿਬੇਰਾ ।। ਕਿਸੈ ਦੂਰਿ
ਜਨਾਵਤ ਕਿਸੈ ਬੁਝਾਵਤ ਨੇਰਾ ।।
ਸਾਰੇ ਜੀਵਾਂ ਵਿੱਚ ਉਹ ਆਪ ਹੀ ਵਸਦਾ ਹੈ ਅਤੇ ਉਹ ਆਪ ਹੀ ਇਨਸਾਨ ਨੂੰ ਇਹ
ਸਮਝ ਦਿੰਦਾ ਹੈ ਕਿ ਪ੍ਰਮਾਤਮਾ ਨੇੜੇ ਹੈ ਜਾਂ ਦੂਰ। ਕੁੱਝ ਲੋਕਾਂ ਨੂੰ ਉਹ ਅਜਿਹੀ ਸਮਝ ਦਿੰਦਾ ਹੈ
ਕਿ ਉਨ੍ਹਾਂ ਨੂੰ ਬਹੁਤ ਨੇੜੇ ਲੱਗਦਾ ਹੈ ਅਤੇ ਕਈਆਂ ਨੂੰ ਅਜਿਹੀ ਮੱਤ ਦਿੰਦਾ ਹੈ ਕਿ ਉਹ ਉਸ ਨੂੰ
ਬਹੁਤ ਦੂਰ ਸਮਝਦੇ ਹਨ।
ਉਪਾਵ ਸਿਆਨਪ ਸਗਲ ਤੇ ਰਹਤ ।। ਸਭੁ ਕਛੁ ਜਾਨੈ
ਆਤਮ ਕੀ ਰਹਤ ।।
ਸਾਡੇ ਅਪਣੀ ਅਕਲ ਨਾਲ਼ ਕੀਤੇ ਯਤਨਾ ਨਾਲ਼ ਉਸ ਨੂੰ ਮਿਲਿਆ ਨਹੀਂ ਜਾ ਸਕਦਾ।
ਉਹ ਸਾਡੀ ਅਕਲ ਦੀ ਅਤੇ ਸਾਡੇ ਕੀਤੇ ਸਾਰੇ ਯਤਨਾਂ ਦੀ ਪਹੁੰਚ ਤੋਂ ਬਾਹਰ ਹੈ। ਸਾਡੇ ਅੰਤਰੀਵ ਭਾਵ
ਕੀ ਹਨ, ਸਾਡੇ ਮਨ ਵਿੱਚ ਕੀ ਚੱਲ ਰਿਹਾ ਹੈ, ਉਹ ਸਭ ਜਾਣਦਾ ਹੈ।
ਜਿਸੁ ਭਾਵੈ ਤਿਸੁ ਲਏ ਲੜਿ ਲਾਇ ।। ਥਾਨ ਥਨੰਤਰਿ
ਰਹਿਆ ਸਮਾਇ ।।
ਜਿਸ ਨੂੰ ਉਹ ਚਾਹੁੰਦਾ ਹੈ, ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ, ਉਸ ਨੂੰ
ਉਹ ਅਪਣੇ ਲੜ ਲਾ ਲੈਂਦਾ ਹੈ, ਉਸ ਦੇ ਮਨ ਵਿੱਚ
ਅਪਣੇ ਲਈ ਪਿਆਰ ਪੈਦਾ ਕਰ ਦਿੰਦਾ ਹੈ। ਉਸ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਉਹ ਹਰ ਥਾਂ ਤੇ
ਵਸਿਆ ਹੋਇਆ ਹੈ। ਕੋਈ ਅਜਿਹੀ ਥਾਂ ਨਹੀਂ ਜਿੱਥੇ ਉਹ ਮੌਜੂਦ ਨਹੀਂ।
ਸੋ ਸੇਵਕੁ ਜਿਸੁ ਕਿਰਪਾ ਕਰੀ ।। ਨਿਮਖ ਨਿਮਖ ਜਪਿ
ਨਾਨਕ ਹਰੀ ।। ੮ ।। ੫ ।।
ਜਿਸ ਤੇ ਉਹ ਅਪਣੀ ਕਿਰਪਾ ਕਰ ਦਿੰਦਾ ਹੈ
ਉਹ ਉਸ ਦਾ ਸੇਵਕ ਬਣ ਜਾਂਦਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਇਹ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ ਕਿ ਅਸੀਂ
ਅਪਣੀ ਜ਼ਿੰਦਗੀ ਦਾ ਹਰ ਪਲ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਿੱਚ ਲਗਾਈਏ।
No comments:
Post a Comment