Friday 14 August 2020

ਸੁਖਮਨੀ ਸਾਹਿਬ ਸਰਲ ਅਰਥ ਅਸਟਪਦੀ - 6


                              ਸਰਲ ਅਰਥ ਅਸਟਪਦੀ - 6 


ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ।। ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦਿ ਗੁਰਦੇਵ ।। ।।

ਗੁਰੂ ਜੀ ਪ੍ਰਭੂ ਅੱਗੇ ਬੇਨਤੀ ਕਰਦੇ ਹੋਏ ਕਹਿੰਦੇ ਹਨ ਕਿ ਹੇ ਪ੍ਰਭੂ, ਅਸੀਂ ਤੁਹਾਡੀ ਸ਼ਰਨ ਵਿੱਚ ਆ ਗਏ ਹਾਂ। ਸਾਡੇ ਤੇ ਕਿਰਪਾ ਕਰੋ ਤਾਂ ਕਿ ਸਾਡੇ ਮਨ ਵਿੱਚੋਂ ਕਾਮ, ਕ੍ਰੋਧ, ਲੋਭ ਅਤੇ ਮੋਹ ਦਾ ਨਾਸ ਹੋ ਜਾਵੇ।

ਅਸਟਪਦੀ ।।

ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ।। ਤਿਸੁ ਠਾਕੁਰ ਕਉ ਰਖੁ ਮਨ ਮਾਹਿ ।।

ਐ ਜੀਵ, ਜਿਸ ਪ੍ਰਮਾਤਮਾ ਦੀ ਕਿਰਪਾ ਨਾਲ਼ ਤੂੰ ਛੱਤੀ ਤਰਾਂ ਦੇ ਅਰਥਾਤ ਭਾਂਤ ਭਾਂਤ ਦੇ ਅੰਮ੍ਰਿਤ ਵਰਗੇ ਪਦਾਰਥ ਖਾਂਦਾ ਹੈਂ, ਉਸ ਮਾਲਕ ਨੂੰ ਹਮੇਸ਼ਾ ਅਪਣੇ ਮਨ ਵਿੱਚ ਯਾਦ ਰੱਖਿਆ ਕਰ। ਕਦੇ ਇੱਕ ਪਲ ਲਈ ਵੀ ਇਹ ਗੱਲ ਨਾ ਭੁੱਲਿਆ ਕਰ ਕਿ ਇਹ ਸਭ ਦਾਤਾਂ ਦੇਣ ਵਾਲ਼ਾ ਉਹ ਮਾਲਕ ਹੀ ਹੈ।

ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ।। ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ।।

ਜਿਸ ਮਾਲਕ ਦੀ ਮਿਹਰ ਦਾ ਸਦਕਾ ਤੂੰ ਅਪਣੇ ਸਰੀਰ ਤੇ ਖੁਸ਼ਬੂਦਾਰ ਅਤਰ ਫੁਲੇਲ ਆਦਿ ਲਗਾ ਕੇ ਇਸ ਨੂੰ ਸੁਗੰਧ ਭਰਪੂਰ ਬਣਾਉਂਦਾ ਹੈਂ, ਉਸ ਦਾ ਸਿਮਰਨ ਕਰਿਆ ਕਰ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਤੈਨੂੰ ਮਹਾ ਮੁਕਤੀ ਪ੍ਰਾਪਤ ਹੋਵੇਗੀ।

ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ । ਤਿਸਹਿ ਧਿਆਇ ਸਦਾ ਮਨ ਅੰਦਰਿ ।।

ਜਿਸ ਪ੍ਰਭੂ ਦੀ ਕਿਰਪਾ ਨਾਲ਼ ਤੂੰ ਸੁਖਦਾਈ ਮਹਿਲਾਂ ਵਿੱਚ ਵਸਦਾ ਹੈਂ, ਸਦਾ ਹੀ ਅਪਣੇ ਮਨ ਵਿੱਚ ਉਸ ਨੂੰ ਯਾਦ ਰੱਖਿਆ ਕਰ, ਸਦਾ ਉਸ ਦੇ ਨਾਮ ਦਾ  ਸਿਮਰਨ ਕਰਦਾ ਰਿਹਾ ਕਰ

ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ।। ਆਠ ਪਹਰ ਸਿਮਰਹੁ ਤਿਸੁ ਰਸਨਾ ।।

ਜਿਸ ਦੀ ਕਿਰਪਾ ਨਾਲ਼ ਤੂੰ ਸੁਖ ਪੂਰਬਕ ਅਪਣੇ ਘਰ ਵਿੱਚ ਅਪਣੇ ਪਰਿਵਾਰ ਸਮੇਤ ਰਹਿੰਦਾ ਹੈਂ, ਅੱਠੇ ਪਹਿਰ ਅਪਣੀ ਜੀਭ ਨਾਲ਼ ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਰੰਗ ਰਸ ਭੋਗ ।। ਨਾਨਕ ਸਦਾ ਧਿਆਈਐ ਧਿਆਵਨ ਜੋਗ ।। ।।

ਜਿਸ ਮਾਲਕ ਦੀ ਮਿਹਰ ਨਾਲ਼ ਤੂੰ ਤਰਾਂ ਤਰਾਂ ਦੇ ਰੰਗਾਂ ਰਸਾਂ ਦਾ ਅਨੰਦ ਮਾਣਦਾ ਹੈਂ, ਉਸ ਧਿਆਉਣ ਯੋਗ ਮਾਲਕ ਨੂੰ ਹਮੇਸ਼ਾ ਅਪਣੇ ਮਨ ਵਿੱਚ ਧਿਆਉਂਦਾ ਰਿਹਾ ਕਰ। ਇਹ ਸਭ ਰੰਗ ਰਸ ਉਸ ਦੇ ਬਖ਼ਸ਼ਿਸ਼ ਕੀਤੇ ਹੋਏ ਹਨ। ਇਨ੍ਹਾਂ ਸਾਰੀਆਂ ਦਾਤਾਂ ਦੇ ਦੇਣ ਵਾਲ਼ੇ ਨੂੰ ਭੁੱਲਣਾ ਸਭ ਤੋਂ ਵੱਡੀ ਮੂਰਖਤਾ ਹੈ।

ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ।। ਤਿਸਹਿ ਤਿਆਗ ਕਤ ਅਵਰ ਲੁਭਾਵਹਿ ।।

ਐ ਜੀਵ, ਜਿਸ ਪ੍ਰਭੂ ਦੀ ਕਿਰਪਾ ਸਦਕਾ ਤੂੰ ਭਾਂਤ ਭਾਂਤ ਦੇ ਖੂਬਸੂਰਤ ਸੂਤੀ ਅਤੇ ਰੇਸ਼ਤੀ ਵਸਤਰ ਪਹਿਨਦਾ ਹੈਂ, ਉਸ ਨੂੰ ਭੁਲਾ ਕੇ ਤੂੰ ਹੋਰ ਕਿਸ ਦੇ ਪਿਆਰ ਵਿੱਚ ਕਿਉਂ ਉਲ਼ਝ ਗਿਆ ਹੈਂ?

ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ।। ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ।।

ਜਿਸ ਮਾਲਕ ਦੀ ਮਿਹਰ ਸਦਕਾ ਤੂੰ ਸੁਖਾਂ ਭਰੀ ਸੇਜ ਦਾ ਅਨੰਦ ਮਾਣਦਾ ਹੈਂ, ਅੱਠੇ ਪਹਿਰ ਉਸ ਮਾਲਕ ਦਾ ਜਸ ਗਾਉਂਦਾ ਰਿਹਾ ਕਰ।

ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ।। ਮੁਖਿ ਤਾ ਕੋ ਜਸੁ ਰਸਨ ਬਖਾਨੈ ।।

ਤੇਰੀ ਇਹ ਸ਼ਾਨੋ ਸ਼ੌਕਤ, ਮਾਣ ਇੱਜ਼ਤ ਤੇਰੀ ਅਪਣੀ ਕਮਾਈ ਹੋਈ ਨਹੀਂ। ਇਹ ਉਸ ਮਾਲਕ ਦੀ ਬਖ਼ਸ਼ੀ  ਹੋਈ ਦਾਤ ਹੈ। ਜਿਸ ਪ੍ਰਭੂ ਦੀ ਕਿਰਪਾ ਨਾਲ਼ ਸਾਰੀ ਦੁਨੀਆਂ ਤੇਰਾ ਸਤਿਕਾਰ ਕਰਦੀ  ਹੈ, ਅਪਣੀ ਜੀਭ ਨਾਲ਼, ਅਪਣੇ ਮੂੰਹ ਤੋਂ ਉਸ ਮਾਲਕ ਦੀ ਵਡਿਆਈ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ।। ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੇਰਾ ਧਰਮ ਕਾਇਮ ਰਹਿੰਦਾ ਹੈ, ਤੇਰਾ ਵਿਸ਼ਵਾਸ਼ ਡੋਲਦਾ ਨਹੀਂ, ਤੂੰ ਅਪਣੇ ਫ਼ਰਜ਼ਾਂ ਦਾ ਪਾਲਣ ਕਰਦਾ ਰਹਿੰਦਾ ਹੈਂ, ਉਸ ਪਰਮ ਉੱਚ ਸ਼ਕਤੀ ਨੂੰ ਅਪਣੇ ਮਨ ਵਿੱਚ ਸਦਾ ਯਾਦ ਰੱਖਿਆ ਕਰ।

ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ।। ਨਾਨਕ ਪਤਿ ਸੇਤੀ ਘਰਿ ਜਾਵਹਿ ।। ।।

ਉਸ ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ਼ ਤੈਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਇੱਜ਼ਤ ਮਿਲੇਗੀ ਅਤੇ ਤੂੰ ਸਨਮਾਨ ਸਹਿਤ ਅਪਣੇ ਉਸ ਅਸਲੀ ਘਰ (ਪ੍ਰਭੂ ਦੇ ਪਾਸ) ਵਾਪਸ ਜਾ ਸਕੇਂਗਾ ਜਿੱਥੋਂ ਤੂੰ ਆਇਆ ਹੈਂ।

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ।। ਲਿਵ ਲਾਵਹੁ ਤਿਸੁ ਰਾਮ ਸਨੇਹੀ ।।

ਜਿਸ ਪ੍ਰਭੂ ਦੀ ਕਿਰਪਾ ਸਦਕਾ ਤੇਰਾ ਇਹ ਸੋਨੇ ਵਰਗਾ ਸਰੀਰ ਰੋਗਾਂ ਤੋਂ ਬਚਿਆ ਰਹਿੰਦਾ ਹੈ ਉਸ ਪ੍ਰਮਾਤਮਾ ਨਾਲ਼ ਸਦਾ ਅਪਣਾ ਧਿਆਨ ਜੋੜ ਕੇ ਰੱਖਿਆ ਕਰ।

ਜਿਹ ਪ੍ਰਸਾਦਿ ਤੇਰਾ ਓਲਾ ਰਹਤ ।। ਮਨੁ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ।।

ਜਿਸ ਵਾਹਿਗੁਰੂ ਦੀ ਮਿਹਰ ਨਾਲ਼ ਤੇਰੇ ਸਾਰੇ ਪਰਦੇ ਢਕੇ ਰਹਿੰਦੇ ਹਨ, ਉਸ ਪ੍ਰਭੂ ਦੀ ਵਡਿਆਈ ਕਰਨ ਨਾਲ਼ ਤੈਨੂੰ ਸੁਖਾਂ ਦੀ  ਪ੍ਰਾਪਤੀ ਹੋਵੇਗੀ।

ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ।। ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੇਰੇ ਸਾਰੇ ਦੋਸ਼ਾਂ ਤੇ, ਸਾਰੇ ਗੁਨਾਹਾਂ, ਸਾਰੇ ਪਾਪਾਂ ਤੇ ਪਰਦਾ ਪੈ ਜਾਂਦਾ ਹੈ, ਤੂੰ ਸਦਾ ਹੀ ਉਸ ਮਾਲਕ ਦੀ ਸ਼ਰਨ ਵਿੱਚ ਪਿਆ ਰਿਹਾ ਕਰ।

ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ।। ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ।।

ਜਿਸ ਮਾਲਕ ਦੀ ਕਿਰਪਾ ਸਦਕਾ ਤੂੰ ਸਾਰੀ ਸ੍ਰਿਸ਼ਟੀ ਦਾ ਸਭ ਤੋਂ ਉੱਤਮ ਜੀਵ ਬਣਿਆਂ ਹੋਇਆ ਹੈਂ, ਕੋਈ ਹੋਰ ਜੀਵ ਤੇਰਾ ਮੁਕਾਬਲਾ ਨਹੀਂ ਕਰ ਸਕਦਾ, ਤੂੰ ਅਪਣੇ ਮਨ ਵਿੱਚ ਹਮੇਸ਼ਾ ਉਸ ਮਹਾਨ ਪ੍ਰਭੂ ਦਾ ਸਿਮਰਨ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ।।ਨਾਨਕ ਤਾ ਕੀ ਭਗਤਿ ਕਰੇਹ ।। ।।

ਗੁਰੂ ਜੀ ਸਿਖਿਆ ਦਿੰਦੇ ਹਨ ਕਿ ਐ ਜੀਵ, ਜਿਸ ਮਾਲਕ ਦੀ ਕਿਰਪਾ ਸਦਕਾ ਤੈਨੂੰ ਇਹ ਦੁਰਲੱਭ ਦੇਹ ਮਿਲੀ ਹੈ, ਤੂੰ ਉਸ ਮਾਲਕ ਦੀ ਭਗਤੀ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ।।ਮਨ ਤਿਸੁ ਸਿਮਰਤ ਕਿਉ ਆਲਸੁ ਕੀਜੈ ।।

ਹੇ ਮੇਰੇ ਮਨ, ਜਿਸ ਮਾਲਕ ਦੀ ਕਿਰਪਾ ਨਾਲ਼ ਤੈਨੂੰ ਇਹ ਸਾਰੇ  ਗਹਿਣੇ ਪ੍ਪਤ ਹੋਏ ਹਨ ਜਿਹੜੇ ਤੂੰ ਅਪਣੇ ਸਰੀਰ ਉੱਤੇ ਪਹਿਨਦਾ ਹੈਂ, ਉਸ ਦੇ ਨਾਮ ਦਾ ਸਿਮਰਨ ਕਰਨ ਵਿੱਚ ਤੂੰ ਆਲਸ ਕਿਉਂ ਕਰਦਾ ਹੈਂ?

ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ।। ਮਨ ਤਿਸੁ ਪ੍ਰਭ ਕਉ ਕਬਹੂ ਨ ਬਿਸਾਰੀ ।।

ਹੇ ਮੇਰੇ ਮਨ, ਜਿਸ ਪ੍ਰਭੂ ਦੀ ਕਿਰਪਾ ਨਾਲ਼ ਤੈਨੂੰ ਹਾਥੀ ਘੋੜਿਆਂ ਦੀ ਸਵਾਰੀ ਕਰਨ ਦਾ ਮੌਕਾ ਮਿਲਿਆ ਹੈ, ਉਸ ਪ੍ਰਭੂ ਦੇ ਨਾਮ ਨੂੰ ਕਦੇ ਵੀ ਅਪਣੇ ਮਨ ਤੋਂ ਵਿਸਾਰਿਆ ਨਾ ਕਰ।

ਜਿਹ ਪ੍ਰਸਾਦਿ ਬਾਗ ਮਿਲਖ ਧਨਾ ।। ਰਾਖੁ ਪਰੋਇ ਪ੍ਰਭੁ ਅਪੁਨੇ ਮਨਾ ।।

ਹੇ ਜੀਵ, ਜਿਸ ਮਾਲਕ ਦੀ ਮਿਹਰ ਨਾਲ਼ ਤੈਨੂੰ ਜ਼ਮੀਨ, ਜਾਇਦਾਦ, ਬਾਗ ਬਗੀਚੇ ਅਤੇ ਧਨ ਦੌਲਤ ਪ੍ਰਾਪਤ ਹੋਏ ਹਨ, ਉਸ ਮਾਲਕ ਦੇ ਨਾਮ ਨੂੰ ਹਮੇਸ਼ਾ ਅਪਣੇ ਹਿਰਦੇ ਵਿੱਚ ਪਰੋ ਕੇ ਰੱਖਿਆ ਕਰ।

ਜਿਨਿ ਤੇਰੀ ਮਨ ਬਨਤ ਬਨਾਈ ।। ਊਠਤ ਬੈਠਤ ਸਦ ਤਿਸਹਿ ਧਿਆਈ ।।

ਹੇ ਮੇਰੇ ਮਨ, ਜਿਸ ਪ੍ਰਭੂ ਨੇ ਤੇਰੇ ਇਸ ਸੁੰਦਰ ਸਰੀਰ ਦੀ ਰਚਨਾ ਕੀਤੀ ਹੈ, ਤੂੰ ਹਰ ਵਕਤ ਉੱਠਦਾ ਬਹਿੰਦਾ ਉਸ ਨੂੰ ਅਪਣੇ ਮਨ ਵਿੱਚ ਧਿਆਉਂਦਾ ਰਿਹਾ ਕਰ

ਤਿਸਹਿ ਧਿਆਇ ਜੋ ਏਕ ਅਲਖੈ ।। ਈਹਾ ਊਹਾ ਨਾਨਕ ਤੇਰੀ ਰਖੈ ।। ।।

ਹੇ ਮਨਾ, ਤੂੰ ਸਦਾ ਉਸ ਇੱਕੋ ਇੱਕ ਪ੍ਰਭੂ ਨੂੰ ਧਿਆਉਂਦਾ ਰਿਹਾ ਕਰ ਜਿਸ ਵਰਗਾ ਹੋਰ ਕੋਈ ਨਹੀਂ, ਜਿਸ ਦੇ ਸੁਭਾਅ ਅਤੇ ਸ਼ਕਤੀ ਦਾ ਵਰਨਣ ਕਰਨਾ ਸਾਡੇ ਲਈ ਸੰਭਵ ਨਹੀਂ ਅਤੇ ਜਿਹੜਾ ਇਸ ਦੁਨੀਆਂ ਵਿੱਚ ਅਤੇ ਉਸ ਦੁਨੀਆਂ ਵਿੱਚ ਦੋਹਾਂ ਥਾਵਾਂ ਤੇ ਤੇਰੀ ਇੱਜ਼ਤ ਰੱਖਦਾ ਹੈ, ਤੈਨੂੰ ਹਰ ਕਿਸਮ ਦੇ ਕਸ਼ਟਾਂ ਤੋਂ ਬਚਾਉਂਦਾ ਹੈ।

 ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ।। ਮਨ ਆਠ ਪਹਰ ਕਰਿ ਤਿਸ ਕਾ ਧਿਆਨ ।।

ਹੇ ਜੀਵ, ਜਿਸ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕਰ ਕੇ ਤੈਨੂੰ ਇਹ ਸਮਰਥਾ ਦਿੱਤੀ ਹੈ ਕਿ ਰੱਜ ਕੇ ਪੁੰਨ ਦਾਨ ਕਰ ਸਕੇਂ, ਤੂੰ ਹਰ ਵੇਲ਼ੇ ਉਸ ਪ੍ਰਮਾਤਮਾ ਦਾ ਧਿਆਨ ਧਰਿਆ ਕਰ।

ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ।। ਤਿਸੁ ਪ੍ਰਭ ਕਉ ਸਾਸਿ ਸਾਸਿ ਚਿਤਾਰੀ ।।

ਜਿਸ ਪ੍ਰਮਾਤਮਾ ਦੀ ਮਿਹਰ ਨਾਲ਼ ਤੈਨੂੰ ਉੱਚੇ ਆਚਾਰ ਵਾਲ਼ਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ, ਤੂੰ ਉਸ ਪ੍ਰਮਾਤਮਾ ਨੂੰ ਹਰ ਸਾਹ ਨਾਲ਼ ਯਾਦ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ।। ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ।।

ਜਿਸ ਪ੍ਰਮਾਤਮਾ ਨੇ ਤੈਨੂੰ ਖੂਬਸੂਰਤ ਸਰੀਰ ਅਤੇ ਸ਼ਖਸ਼ੀਅਤ ਬਖ਼ਸ਼ੀ ਹੈ, ਤੂੰ ਉਸ ਬੇਜੋੜ, ਅਦੁੱਤੀ ਪ੍ਰਮਾਤਮਾ ਦੇ ਨਾਮ ਦਾ ਹਰ ਵੇਲ਼ੇ ਸਿਮਰਨ ਕਰਦਾ ਰਿਹਾ ਕਰ ਜਿਸ ਦੇ ਬਰਾਬਰ ਦੀ ਹੋਰ ਕੋਈ ਤਾਕਤ ਨਹੀਂ ਹੈ।

ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ।। ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ।।

ਜਿਸ ਪ੍ਰਮਾਤਮਾ ਦੀ ਮਿਹਰ ਸਦਕਾ ਤੂੰ ਉੱਤਮ ਸ਼ਖਸ਼ੀਅਤ ਵਾਲ਼ਾ ਕਰ ਕੇ ਜਾਣਿਆਂ ਜਾਂਦਾ ਹੈਂ, ਉਸ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਦਿਨ ਰਾਤ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰੀ ਪਤਿ ਰਹੈ ।। ਗੁਰ ਪ੍ਰਸਾਦਿ ਨਾਨਕ ਜਸੁ ਕਹੈ ।। ।।

ਗੁਰੂ ਜੀ ਮਿਹਰ ਕਰਦੇ ਹੋਏ ਜੀਵ ਨੂੰ ਸਿੱਖਿਆ ਦਿੰਦੇ ਹਨ ਕਿ ਜਿਹੜਾ ਮਾਲਕ ਅਪਣੀ ਮਿਹਰ ਕਰ ਕੇ ਤੇਰੀ ਇੱਜ਼ਤ ਨੂੰ ਬਚਾਈ ਰੱਖਦਾ ਹੈ, ਤੇਰਾ ਸਮਾਜ ਵਿੱਚ ਮਾਣ ਤਾਣ ਕਾਇਮ ਰੱਖਦਾ ਹੈ, ਤੂੰ ਗੁਰੂ ਦੀ ਕਿਰਪਾ ਨਾਲ਼ ਉਸ ਮਾਲਕ ਦੇ ਗੁਣ ਗਾਉਂਦਾ ਰਿਹਾ ਕਰ।

ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ।। ਜਿਹ ਪ੍ਰਸਾਦਿ ਪੇਖਹਿ ਬਿਸਮਾਦ ।।

ਐ ਜੀਵ, ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਕਿਰਪਾ ਨਾਲ਼ ਤੇਰੇ ਕੰਨ ਅੰਮ੍ਰਿਤਮਈ ਰੱਬੀ ਸੰਗੀਤ ਨੂੰ ਸੁਣਨ ਦੇ ਸਮਰਥ ਹਨ ਅਤੇ ਜਿਸ ਦੀ ਮਿਹਰ ਨਾਲ਼ ਤੂੰ ਅਪਣੀਆਂ ਅੱਖਾਂ ਨਾਲ਼ ਅਚਰਜ ਕੌਤਕ ਹੁੰਦੇ ਵੇਖ ਸਕਦਾ ਹੈਂ।

ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ।। ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ।।

ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਦਯਾ ਦਾ ਪਾਤਰ ਹੋਣ ਕਰਕੇ ਤੂੰ ਅਪਣੀ ਜ਼ਬਾਨ ਤੋਂ ਮਿੱਠੇ ਮਿੱਠੇ ਬੋਲ ਬੋਲ ਸਕਦਾ ਹੈਂ, ਜਿਸ ਦੀ ਕਿਰਪਾ ਨਾਲ਼ ਸੁਖ ਅਨੰਦ ਵਿੱਚ ਅਪਣਾ ਜੀਵਨ ਬਸਰ ਕਰਦਾ ਹੈਂ।

ਜਿਹ ਪ੍ਰਸਾਦਿ ਹਸਤ ਕਰ ਚਲਹਿ ।। ਜਿਹ ਪ੍ਰਸਾਦਿ ਸੰਪੂਰਨ ਫਲਹਿ ।।

ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਮਿਹਰ ਸਦਕਾ ਤੇਰੇ ਹੱਥ ਪੈਰ ਕੰਮ ਕਰਦੇ ਹਨ, ਜਿਸ ਦੀ ਕਿਰਪਾ ਨਾਲ਼ ਤੇਰੇ ਸਾਰੇ ਕਾਰਜ ਨੇਪਰੇ ਚੜ੍ਹਦੇ ਹਨ, ਤੇਰੇ ਯਤਨ ਫਲ਼ੀਭੂਤ ਹੁੰਦੇ ਹਨ।

ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ।। ਜਿਹ ਪ੍ਰਸਾਦਿ ਸੁਖਿ ਸਹਜ ਸਮਾਵਹਿ ।।

ਉਸ ਵਾਹਿਗੁਰੂ ਨੂੰ ਕਦੇ ਵੀ ਭੁਲਾਇਆ ਨਾ ਕਰ ਜਿਸ ਦੀ ਮਿਹਰ ਨਾਲ਼ ਤੂੰ ਮਹਾ ਮੁਕਤੀ ਪ੍ਰਾਪਤ ਕਰ ਸਕਦਾ ਹੈਂ, ਜਿਸ ਦੀ ਦਯਾ ਨਾਲ਼ ਸੁਖ ਸ਼ਾਂਤੀ ਨਾਲ਼ ਅਪਣਾ ਜੀਵਨ ਬਤੀਤ ਕਰਦਾ ਹੈਂ।

ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ।। ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ।। ।।

ਇਹੋ ਜਿਹੇ ਦਯਾਲੂ ਪ੍ਰਮਾਤਮਾ ਨੂੰ ਛੱਡ ਕੇ ਤੂੰ ਹੋਰ ਕਿਸੇ ਸ਼ਕਤੀ (ਮਾਇਆ) ਨਾਲ਼ ਪਿਆਰ ਕਿਉਂ ਪਾਈ ਬੈਠਾ ਹੈਂ? ਹੇ ਜੀਵ, ਗੁਰੂ ਦੀ ਸਿਖਿਆ ਵੱਲ ਧਿਆਨ ਦੇ, ਉਸ ਦੀ ਕਿਰਪਾ ਨਾਲ਼ ਇਸ ਅਗਿਆਨਤਾ ਦੀ ਗਹਿਰੀ ਨੀਂਦ ਵਿੱਚੋਂ ਜਾਗ ਜਾ, ਅਤੇ ਮਾਇਆ ਨੂੰ ਛੱਡ ਕੇ ਅਪਣੇ ਮਨ ਨੂੰ ਉਸ ਮਾਲਕ ਦੇ ਚਰਨਾਂ ਨਾਲ਼ ਜੋੜ ਜਿਸ ਨੇ ਤੈਨੂੰ ਇਹ ਸਭ ਕੁੱਝ ਬਖਸ਼ਿਸ਼ ਕੀਤਾ ਹੈ।

ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ।। ਤਿਸੁ ਪ੍ਰਭ ਕਉ ਮੂਲਿ ਨ ਮਨਹੁ ਬਿਸਾਰਿ ।।

ਜਿਸ ਮਾਲਕ ਦੀ ਮਿਹਰ ਦਾ ਸਦਕਾ ਤੈਨੂੰ ਸੰਸਾਰ ਵਿੱਚ ਪ੍ਰਸਿੱਧੀ ਪ੍ਰਾਪਤ ਹੋਈ ਹੈ, ਤੇਰਾ ਨਾਮ ਬਣਿਆਂ ਹੈ, ਉਸ ਨੂੰ ਬਿਲਕੁਲ ਵੀ ਅਪਣੇ ਮਨ ਤੋਂ ਨਾ ਭੁਲਾਇਆ ਕਰ।

ਜਿਹ ਪ੍ਰਸਾਦਿ ਤੇਰਾ ਪਰਤਾਪੁ ।। ਰੇ ਮਨ ਮੂੜ ਤੂ ਤਾ ਕਉ ਜਾਪੁ ।।

ਐ ਮੂਰਖ ਮਨ, ਜਿਸ ਮਾਲਕ ਦੀ ਕਿਰਪਾ ਨਾਲ਼ ਤੇਰਾ ਤੇਜ ਪਰਤਾਪ ਬਣਿਆਂ ਹੋਇਆ ਹੈ, ਤੈਨੂੰ ਦੁਨੀਆਂ ਵਿਚ ਮਾਣ ਸਤਿਕਾਰ ਮਿਲ ਰਿਹਾ ਹੈ, ਤੂੰ ਉਸ ਮਾਲਕ ਦੇ ਨਾਮ ਦਾ ਸਿਮਰਨ ਕਰਦਾ ਰਿਹਾ ਕਰ।

ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ।। ਤਿਸਹਿ ਜਾਨੁ ਮਨ ਸਦਾ ਹਜੂਰੇ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੇਰੇ ਸਾਰੇ ਕੰਮ ਸੰਪੂਰਨ ਹੁੰਦੇ ਹਨ, ਉਸ ਮਾਲਕ ਨੂੰ ਹਰ ਵੇਲ਼ੇ ਹਾਜ਼ਰ ਨਾਜ਼ਰ ਸਮਝਿਆ ਕਰ।

ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ।। ਰੇ ਮਨ ਮੇਰੇ ਤੂੰ ਤਾ ਸਿਉ ਰਾਚੁ ।।

ਜਿਸ ਮਾਲਕ ਦੀ ਕਿਰਪਾ ਨਾਲ਼ ਤੈਨੂੰ ਸਿਰਜਣਹਾਰ ਕਰਤਾਰ ਦੀ ਸਮਝ ਆਉਂਦੀ ਹੈ, ਤੂੰ ਉਸ ਮਾਲਕ ਨਾਲ਼ ਅਪਣੀ ਅਭੇਦਤਾ ਬਣਾ ਕੇ ਰੱਖ, ਉਸ ਦੇ ਨਾਲ਼ ਇੱਕ ਮਿੱਕ ਹੋ ਕੇ ਰਿਹਾ ਕਰ।

ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ।। ਨਾਨਕ ਜਾਪੁ ਜਪੈ ਜਪੁ ਸੋਇ ।। ।।

ਜਿਸ ਮਾਲਕ ਦਿ ਮਿਹਰ ਨਾਲ਼ ਸੰਸਾਰ ਦੇ ਸਾਰੇ ਜੀਵਾਂ ਦਾ ਪਾਰ ਉਤਾਰਾ ਹੁੰਦਾ ਹੈ, ਉਨ੍ਹਾਂ ਨੂੰ ਮੁਕਤੀ ਮਿਲਦੀ ਹੈ, ਤੂੰ ਹਰ ਵਕਤ ਉਸ ਦੇ ਨਾਮ ਨੂੰ ਜੱਪਦਾ ਰਿਹਾ ਕਰ।

ਆਪਿ ਜਪਾਏ ਜਪੈ ਸੋ ਨਾਉ ।। ਆਪਿ ਗਾਵਾਏ ਸੁ ਹਰਿ ਗੁਨ ਗਾਉ ।।

ਜਿਨ੍ਹਾਂ ਜੀਵਾਂ ਉੱਤੇ ਮਾਲਕ ਆਪ ਕਿਰਪਾ ਕਰ ਕੇ ਉਨ੍ਹਾਂ ਤੋਂ ਅਪਣਾ ਨਾਮ ਜਪਾਉਂਦਾ ਹੈ, ਉਹ ਹੀ ਉਸ ਦਾ ਨਾਮ ਜੱਪਦੇ ਹਨ। ਜਿਨ੍ਹਾਂ ਤੇ ਕਿਰਪਾ ਕਰ ਕੇ ਉਹ ਉਨ੍ਹਾਂ ਨੂੰ ਅਪਣਾ ਜਸ ਗਾਉਣ ਦੀ ਸਮਝ ਦਿੰਦਾ ਹੈ, ਉਹ ਹੀ ਉਸ ਦਾ ਜਸ ਗਾਉਂਦੇ ਹਨ।

ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ।। ਪ੍ਰਭੂ ਦਇਆ ਤੇ ਕਮਲ ਬਿਗਾਸੁ ।।

ਉਸ ਮਾਲਕ ਦੀ ਕਿਰਪਾ ਨਾਲ਼ ਹੀ ਜੀਵ ਦੇ ਮਨ ਦਾ ਹਨ੍ਹੇਰਾ ਦੂਰ ਹੁੰਦਾ ਹੈ ਅਤੇ ਉਸ ਵਿੱਚ ਦੈਵੀ ਗਿਆਨ ਅਤੇ ਆਤਮ ਗਿਆਨ ਦਾ ਪਰਕਾਸ਼ ਹੁੰਦਾ ਹੈ। ਉਸ ਦੀ ਕਿਰਪਾ ਨਾਲ਼ ਹੀ ਜੀਵ ਦਾ ਹਿਰਦਾ ਕਮਲ ਦੇ ਫੁੱਲ ਦੀ ਤਰਾਂ ਖਿੜਿਆ ਰਹਿੰਦਾ ਹੈ।

ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ।। ਪ੍ਰਭ ਦਇਆ ਤੇ ਮਤਿ ਊਤਮ ਹੋਇ ।।

ਜਿਸ ਜੀਵ ਨਾਲ਼ ਪ੍ਰਮਾਤਮਾ ਖੁਸ਼ ਹੋ ਜਾਂਦਾ ਹੈ, ਉਸ ਦੇ ਮਨ ਵਿੱਚ ਹੀ ਉਹ ਵਸਦਾ ਹੈ। ਉਸ ਦੀ ਮਿਹਰ ਹੋ ਜਾਣ ਨਾਲ਼ ਹੀ ਜੀਵ ਦੀ ਦੁਰਮੱਤ ਦੂਰ ਹੋ ਕੇ ਉਹ ਨੇਕ ਬੁੱਧ ਵਾਲ਼ਾ ਬਣਦਾ ਹੈ।

ਸਰਬ ਨਿਧਾਨ ਪ੍ਰਭ ਤੇਰੀ ਮਇਆ ।। ਆਪਹੁ ਕਛੂ ਨ ਕਿਨਹੂ ਲਇਆ ।।

ਹੇ ਮਾਲਕ, ਜੇ ਜੀਵ ਤੇ ਤੇਰੀ ਕਿਰਪਾ ਹੋ ਜਾਵੇ ਤਾਂ ਉਸ ਨੂੰ ਦੁਨੀਆਂ ਦੇ ਸਾਰੇ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ। ਅਪਣੀ ਅਕਲ ਅਤੇ ਅਪਣੇ ਯਤਨਾਂ ਨਾਲ਼ ਕੋਈ ਕੁੱਝ ਪ੍ਰਾਪਤ ਨਹੀਂ ਕਰ ਸਕਦਾ।

ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ।। ਨਾਨਕ ਇਨ ਕੈ ਕਛੂ ਨ ਹਾਥ ।। ।।

ਗੁਰੂ ਜੀ ਸਮਝਾਉਂਦੇ ਹਨ ਕਿ ਇਹ ਜੀਵ ਉਸ ਪਾਸੇ ਹੀ ਲੱਗਦੇ ਹਨ, ਜਿਸ ਪਾਸੇ ਮਾਲਕ ਇਨ੍ਹਾਂ ਨੂੰ ਲਾਉਂਦਾ ਹੈ, ਇਨ੍ਹਾਂ ਦੇ ਅਪਣੇ ਵਸ ਵਿੱਚ ਕੁੱਝ ਵੀ ਨਹੀਂ। ਜੀਵ ਅਪਣੀ ਮਰਜ਼ੀ ਨਾਲ਼ ਕੁੱਝ ਨਹੀਂ ਕਰ ਸਕਦਾ। ਉਹ ਓਹੀ ਕਰਦਾ ਹੈ ਜੋ ਮਾਲਕ ਉਸ ਤੋਂ ਕਰਵਾਉਂਦਾ ਹੈ।


No comments:

Post a Comment