Wednesday 29 July 2020

ਅਰਥ ਸੁਖਮਨੀ ਸਾਹਿਬ - ਅਸਟਪਦੀ - 4


ਸਲੋਕ ।।
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲ ।। ਜਿਨ ਕੀਆ ਤਿਸ ਚੀਤ ਰਖੁ ਨਾਨਕ ਨਿਬਹੀ ਨਾਲਿ ।। ।।
ਐ ਗੁਣਹੀਣ ਮੂਰਖ ਨਿਆਣੀ ਮੱਤ ਵਾਲ਼ੇ ਇਨਸਾਨ, ਹਮੇਸ਼ਾ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਰਿਹਾ ਕਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਦਾ ਉਸ ਸਿਰਜਣਹਾਰ ਨੂੰ ਯਾਦ ਰੱਖਿਆ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਕਿਉਂਕਿ ਉਹ ਹੀ ਅੰਤ ਤੱਕ ਤੇਰਾ ਸਾਥ ਨਿਭਾਏਗਾਬਾਕੀ ਸਾਰੇ ਰਿਸ਼ਤੇ ਮਤਲਬ ਦੇ ਰਿਸ਼ਤੇ ਹਨ। ਇਹ ਆਤਮਾ ਦੇ ਸਰੀਰ ਛੱਡਦੇ ਸਾਰ ਹੀ ਸਾਥ ਛੱਡ ਜਾਂਦੇ ਹਨ।
ਅਸਟਪਦੀ ।।
ਰਮਈਆ ਕੇ ਗੁਨ ਚੇਤ ਪਰਾਨੀ ।। ਕਵਨ ਮੂਲ ਤੇ ਕਵਨ ਦ੍ਰਿਸਟਾਨੀ ।।
ਹੇ ਜੀਵ, ਕਣ ਕਣ ਵਿੱਚ ਵਸੇ ਹੋਏ ਰਾਮ ਨੂੰ ਸਦਾ ਮਨ ਵਿੱਚ ਯਾਦ ਕਰਦਾ ਰਿਹਾ ਕਰ। ਵੇਖ ਉਸ ਨੇ ਤੈਨੂੰ ਕੀ ਤੋਂ ਕੀ ਬਣਾ ਦਿੱਤਾ ਹੈ। ਤੂੰ ਵੀਰਜ ਦੀ ਇੱਕ ਬੂੰਦ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਸੀ। ਸਿਰਜਣਹਾਰ ਨੇ ਤੈਨੂੰ ਸ੍ਰਿਸ਼ਟੀ ਦਾ ਸਰਦਾਰ ਬਣਾ ਦਿੱਤਾ ਹੈ। ਏਨਾ ਉਪਕਾਰ ਕਰਨ ਵਾਲ਼ੇ ਅਪਣੇ ਕਰਤੇ ਨੂੰ ਇੱਕ ਪਲ ਲਈ ਵੀ ਮਨ ਤੋਂ ਨਾ ਵਿਸਾਰਿਆ ਕਰ।
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ।। ਗਰਭ ਅਗਨਿ ਮਹਿ ਜਿਨਹਿ ਉਬਾਰਿਆ ।।
ਜਿਸ ਪ੍ਰਮਾਤਮਾ ਨੇ ਤੇਰੀ ਸਿਰਜਣਾ ਕਰ ਕੇ ਤੈਨੂੰ ਏਨਾ ਸੁੰਦਰ ਸਰੀਰ ਦਿੱਤਾ ਹੈ, ਸਿਰਫ਼ ਤੈਨੂੰ ਸਿਰਜਿਆ ਹੀ ਨਹੀਂ, ਸੰਵਾਰਿਆ ਸ਼ਿੰਗਾਰਿਆ ਵੀ ਹੈ, ਜਿਸ ਨੇ ਗਰਭ ਜੂਨ ਦੌਰਾਨ ਗਰਭ ਦੀ ਅਗਨੀ ਤੋਂ ਤੇਰੀ ਰੱਖਿਆ ਕੀਤੀ ਹੈ, ਉਸ ਨੂੰ ਕਦੇ ਇੱਕ ਪਲ ਲਈ ਵੀ ਮਨ ਤੋਂ ਭੁਲਾਇਆ ਨਾ ਕਰ।
ਬਾਰ ਬਿਵਸਥਾ ਤੁਝਹਿ ਪਿਆਰੈ ਦੂਧਿ ।। ਭਰਿ ਜੋਬਨ ਭੋਜਨ ਸੁਖ ਸੂਧਿ ।।
ਬਾਲ ਅਵਸਥਾ ਵਿੱਚ ਉਸ ਨੇ ਤੇਰੀ ਪਾਲਣਾ ਕਰਨ ਲਈ ਤੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ। ਜਦੋਂ ਤੂੰ ਜਵਾਨ ਹੋਇਆ ਤਾਂ ਉਸ ਨੇ ਤੇਰੇ ਲਈ ਭਾਂਤ ਭਾਂਤ ਦੇ ਭੋਜਨ ਅਤੇ ਹੋਰ ਅਨੇਕਾਂ ਸੁਖ ਦੇ ਸਾਧਨ ਪੈਦਾ ਕਰ ਦਿੱਤੇ।
ਬਿਰਧਿ ਭਇਆ ਊਪਰਿ ਸਾਕ ਸੈਨ ।। ਮੁਖਿ ਅਪਿਆਉ ਬੈਠ ਕਉ ਦੈਨ ।।
ਜਦੋਂ ਤੂੰ ਬੁੱਢਾ ਹੋਇਆ ਤਾਂ ਤੇਰੀ ਸੇਵਾ ਕਰਨ ਲਈ ਤੈਨੂੰ ਸਾਕ ਸੰਬੰਧੀ ਦਿੱਤੇ ਜਿਹੜੇ ਤੇਰੇ ਬੁਢਾਪੇ ਦੇ ਦਿਨਾਂ ਵਿੱਚ ਤੇਰੀ ਬੈਠੇ ਦੀ ਸੇਵਾ ਕਰਦੇ ਹਨ, ਤੇਰੇ ਬੈਠੇ ਦੇ ਮੂੰਹ ਵਿੱਚ ਬੁਰਕੀਆਂ ਤੱਕ ਪਾਉਂਦੇ ਹਨ।
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ।। ਬਖਸਿ ਲੇਹੁ ਤਉ ਨਾਨਕ ਸੀਝੈ ।। ।।
ਪਰ ਐ ਗੁਣਹੀਣ ਮਨੁੱਖ, ਤੂੰ ਏਨਾ ਨਾ-ਸ਼ੁਕਰਗੁਜ਼ਾਰ ਹੈਂ ਕਿ ਪ੍ਰਮਾਤਮਾ ਦੇ ਏਨੇ ਵੱਡੇ ਉਪਕਾਰਾਂ ਦੀ ਵੀ ਕਦਰ ਨਹੀਂ ਪਾਉਂਦਾ ਅਤੇ ਉਸ ਨੂੰ ਭੁਲਾ ਦਿੰਦਾ ਹੈਂ। ਉਹ ਕ੍ਰਿਪਾਲੂ ਪ੍ਰਮਾਤਮਾ ਤੇਰੇ ਤੇ ਤਰਸ ਖਾ ਕੇ ਤੈਨੂੰ ਬਖ਼ਸ਼ ਦੇਵੇ ਤਾਂ ਹੀ ਤੇਰਾ ਬਚਾ ਹੋ ਸਕਦਾ ਹੈ।
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ।। ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ।।
ਜਿਸ ਪ੍ਰਮਾਤਮਾ ਦੀ ਕਿਰਪਾ ਸਦਕਾ ਤੂੰ ਇਸ ਧਰਤੀ ਉੱਤੇ ਸੁਖਮਈ ਜੀਵਨ ਬਤੀਤ ਕਰਦਾ ਹੈਂ, ਜਿਸ ਦੀ ਮਿਹਰ ਸਦਕਾ ਤੂੰ ਪੁੱਤਰਾਂ, ਭਰਾਵਾਂ, ਦੋਸਤਾਂ ਮਿੱਤਰਾਂ ਅਤੇ ਪਤਨੀ ਨਾਲ਼ ਹਸਦਾ ਖੇਡਦਾ ਹੈਂ, ਉਹ ਤੈਨੂੰ ਚੇਤੇ ਨਹੀਂ।
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ।। ਸੁਖਦਾਈ ਪਵਨੁ ਪਾਵਕੁ ਅਮੁਲਾ ।।
ਜਿਸ ਵਾਹਿਗੁਰੂ ਨੇ ਤੈਨੂੰ ਪੀਣ ਲਈ ਠੰਢਾ ਪਾਣੀ ਦਿੱਤਾ ਹੈ, ਤੈਨੂੰ ਸੁਖ ਦੇਣ ਲਈ ਹਵਾ ਅਤੇ ਅਗਨੀ ਬਣਾਈਆਂ ਹਨ ਜੋ ਤੈਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੀਆਂ ਹਨ। ਏਨੀਆਂ ਅਨਮੋਲ ਅਤੇ ਜੀਵਨ ਲਈ ਏਨੀਆਂ ਜ਼ਰੂਰੀ ਹੋਣ ਦੇ ਬਾਵਜੂਦ ਵੀ ਉਸ ਮਾਲਕ ਨੇ  ਇਹ ਤੈਨੂੰ ਬਿਲਕੁਲ ਮੁਫ਼ਤ ਦਿੱਤੀਆਂ ਹਨ। ਪਰ ਤੂੰ ਉਸ ਨੂੰ ਫੇਰ ਵੀ ਭੁਲਾ ਦਿੱਤਾ ਹੈ।
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ।। ਸਗਲ ਸਮਗ੍ਰੀ ਸੰਗਿ ਸਾਥਿ ਬਸਾ ।।
ਜਿਸ ਦੀ ਮਿਹਰਬਾਨੀ ਸਦਕਾ ਤੂੰ ਤਰਾਂ ਤਰਾਂ ਦੇ ਸੁਆਦਾਂ ਦਾ ਅਨੰਦ ਮਾਣਦਾ ਹੈਂ, ਜਿਸ ਨੇ ਤੇਰੀ ਸੁਖ ਸੁਵਿਧਾ ਲਈ ਅਨੇਕਾਂ ਕਿਸਮ ਦੇ ਪਦਾਰਥ ਪੈਦਾ ਕੀਤੇ ਹਨ, ਤੂੰ ਉਸ ਨੂੰ ਯਾਦ ਨਹੀਂ ਕਰਦਾ।
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ।। ਤਿਸਹਿ ਤਿਆਗਿ ਅਵਰ ਸੰਗਿ ਰਚਨਾ ।।
ਜਿਸ ਨੇ ਤੈਨੂੰ ਕੰਮ ਕਰਨ ਲਈ ਹੱਥ, ਚੱਲਣ ਲਈ ਪੈਰ, ਸੁਣਨ ਲਈ ਕੰਨ, ਦੇਖਣ ਲਈ ਅੱਖਾਂ ਅਤੇ ਬੋਲਣ ਲਈ ਜੀਭ ਦਿੱਤੀ ਹੈ, ਉਸ ਨੂੰ ਭੁਲਾ ਕੇ ਤੂੰ ਸੰਸਾਰਿਕ ਪਦਾਰਥਾਂ ਨਾਲ਼ ਮੋਹ ਪਾ ਕੇ ਬੈਠ ਗਿਆ ਹੈਂ।
ਐਸੇ ਦੋਖ ਮੂੜ ਅੰਧ ਬਿਆਪੇ ।। ਨਾਨਕ ਕਾਢਿ ਲੇਹੁ ਪ੍ਰਭ ਆਪੇ ।। ।।
ਏਹੋ ਜਿਹੇ ਮੂਰਖਤਾ ਭਰੇ ਗੁਨਾਹ ਕੋਈ ਮੂਰਖ ਅੰਨ੍ਹਾ ਹੀ ਕਰ ਸਕਦਾ ਹੈ। ਤੂੰ ਬਖ਼ਸ਼ਣ ਦੇ ਲਾਇਕ ਨਹੀਂ। ਗੁਰੂ ਜੀ ਸਮਝਾਉਂਦੇ ਹਨ ਕਿ ਕ੍ਰਿਪਾਲੂ ਪ੍ਰਮਾਤਮਾ ਹੀ ਅਪਣੇ ਦਿਆਲੂ ਸੁਭਾਅ ਕਾਰਨ ਤੇਰੇ ਤੇ ਮਿਹਰ ਕਰਕੇ ਤੈਨੂੰ ਬਚਾ ਸਕਦਾ ਹੈ।
ਆਦਿ ਅੰਤਿ ਜੋ ਰਾਖਨਹਾਰੁ ।। ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ।।
ਐ ਮਨੁਖ, ਤੂੰ ਏਨਾ ਮੂਰਖ ਹੈਂ ਕਿ ਜਿਹੜਾ ਪ੍ਰਮਾਤਮਾ ਸ਼ੁਰੂ ਤੋਂ ਅਖੀਰ ਤੱਕ ਤੇਰੀ ਰੱਖਿਆ ਕਰਦਾ ਹੈ ਤੇ ਤੂੰ ਉਸ ਨਾਲ਼ ਵੀ ਪਿਆਰ ਨਹੀਂ ਕਰਦਾ।
ਜਾ ਕੀ ਸੇਵਾ ਨਵ ਨਿਧਿ ਪਾਵੈ ।। ਤਾ ਸਿਉ ਮੂੜਾ ਮਨੁ ਨਹੀ ਲਾਵੈ ।।
ਤੂਂ ਏਨਾ ਮੂਰਖ ਹੈਂ ਕਿ ਜਿਸ ਪ੍ਰਮਾਤਮਾ ਦੀ ਸੇਵਾ ਨਾਲ਼ ਤੈਨੂੰ ਨੌਂ ਨਿਧਾਂ (ਨੌਂ ਤਰਾਂ ਦੇ ਖ਼ਜ਼ਾਨੇ, ਨੌਂ ਕੀਮਤੀ  ਵਸਤਾਂ) ਪ੍ਰਾਪਤ ਹੁੰਦੀਆਂ ਹਨ ਤੂੰ ਉਸ ਪ੍ਰਮਾਤਮਾ ਨਾਲ਼ ਵੀ ਪਿਆਰ ਨਹੀਂ ਕਰਦਾ।
ਜੋ ਠਾਕੁਰੁ ਸਦ ਸਦਾ ਹਜੂਰੇ ।। ਤਾ ਕਉ ਅੰਧਾ ਜਾਨਤ ਦੂਰੇ ।।
ਤੂੰ ਇਸ ਕਦਰ ਅੰਨ੍ਹਾ ਹੋ ਗਿਆ ਹੈਂ ਕਿ ਜਿਹੜਾ ਮਾਲਕ ਹਰ ਵੇਲ਼ੇ ਤੇਰੇ ਅੰਗ ਸੰਗ ਰਹਿੰਦਾ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੁੰਦਾ ਹੈ, ਤੂੰ ਉਸ ਨੂੰ ਦੂਰ ਸਮਝਦਾ ਹੈ।
ਜਾ ਕੀ ਟਹਲ ਪਾਵੈ ਦਰਗਹ ਮਾਨੁ ।। ਤਿਸਹਿ ਬਿਸਾਰੈ ਮੁਗਧੁ ਅਜਾਨੁ ।।
ਤੂੰ ਏਨਾ ਮੂਰਖ ਅਤੇ ਗਿਆਨ ਤੋਂ ਵਿਹੂਣਾ ਹੈਂ ਕਿ ਤੂੰ ਉਸ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਜਿਸ ਦੀ ਸੇਵਾ ਕਰਨ ਨਾਲ਼ ਤੈਨੂੰ ਦਰਗਾਹ ਵਿੱਚ (ਰੱਬ ਦੇ ਦਰਬਾਰ ਵਿੱਚ) ਸਤਿਕਾਰ ਮਿਲਦਾ ਹੈ।
ਸਦਾ ਸਦਾ ਇਹੁ ਭੂਲਨਹਾਰੁ ।। ਨਾਨਕ ਰਾਖਨਹਾਰੁ ਅਪਾਰੁ ।। ।।
ਇਹ ਇਨਸਾਨ ਗਲਤੀਆਂ ਦਾ ਪੁਤਲਾ ਹੈ। ਇਹ ਹਮੇਸ਼ਾ ਹੀ ਗਲਤੀਆਂ ਕਰਦਾ ਰਹਿੰਦਾ  ਹੈ। ਪ੍ਰੰਤੂ ਗੁਰੂ ਜੀ ਕਹਿੰਦੇ ਹਨ ਕਿ ਰੱਖਣਹਾਰ ਪ੍ਰਮਾਤਮਾ ਦੀ ਦਿਆਲੁਤਾ ਦਾ ਕੋਈ ਅੰਤ ਨਹੀਂ। ਉਹ ਫਿਰ ਵੀ ਇਸ ਨੂੰ ਬਚਾ ਲੈਂਦਾ ਹੈ। 
ਰਤਨੁ ਤਿਆਗਿ ਕਉਡੀ ਸੰਗਿ ਰਚੈ ।। ਸਾਚੁ ਛੋਡਿ ਝੂਠ ਸੰਗਿ ਮਚੈ ।।
ਰਤਨਾ ਵਰਗੇ ਕੀਮਤੀ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਇਨਸਾਨ ਕੌਡੀਆਂ ਵਰਗੇ ਸਸਤੇ ਅਤੇ ਘਟੀਆ ਪਦਾਰਥਾਂ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਸਦਾ ਸਥਿਰ ਰਹਿਣ ਵਾਲ਼ੇ ਪ੍ਰਮਾਤਮਾ ਨੂੰ ਭੁੱਲ ਕੇ ਇਹ ਨਾਸ਼ਵਾਨ ਝੂਠੇ ਸੰਸਾਰ ਨਾਲ਼ ਮੋਹ ਪਾਈ ਰੱਖਦਾ ਹੈ।
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ।। ਜੋ ਹੋਵਨੁ ਸੋ ਦੂਰਿ ਪਰਾਨੈ ।।
ਜਿਨ੍ਹਾਂ ਪਦਾਰਥਾਂ ਨੂੰ ਇਸ ਨੇ ਛੱਡ ਜਾਣਾ ਹੈ ਉਨ੍ਹਾਂ ਨੂੰ ਇਹ ਸਦੀਵੀ ਸਮਝੀ ਬੈਠਾ ਹੈ। ਜੋ ਨਿਸ਼ਚਿਤ ਤੌਰ ਤੇ ਹੋਣਾ ਹੈ ਉਸ ਨੂੰ ਇਹ ਦੂਰ ਸਮਝਦਾ ਹੈ ਅਰਥਾਤ ਇਹ ਸਮਝਦਾ ਹੈ ਕਿ ਇਹ ਨਹੀਂ ਹੋਣਾ।
ਛੋਡਿ ਜਾਏ ਤਿਸ ਕਾ ਸ੍ਰਮੁ ਕਰੈ ।। ਸੰਗਿ ਸਹਾਈ ਤਿਸੁ ਪਰਹਰੈ ।।
ਜਿਨ੍ਹਾਂ ਪਦਾਰਥਾਂ ਨੂੰ ਇਸ ਨੇ ਛੱਡ ਜਾਣਾ ਹੈ ਉਨ੍ਹਾਂ ਨੂੰ ਹਾਸਲ ਕਰਨ ਲਈ ਇਹ ਦਿਨ ਰਾਤ ਮਿਹਨਤ ਕਰਦਾ ਰਹਿੰਦਾ ਹੈ। ਜਿਸ ਪ੍ਰਮਾਤਮਾ ਦੇ ਨਾਮ ਨੇ ਇਸ ਦਾ ਸਾਥ ਦੇਣਾ ਹੈ, ਇਸ ਦੀ ਸਹਾਇਤਾ ਕਰਨੀ ਹੈ, ਉਸ ਨੂੰ ਇਹ ਭੁੱਲ ਜਾਂਦਾ ਹੈ।
ਚੰਦਨੁ ਲੇਪੁ ਉਤਾਰੈ ਧੋਇ ।। ਗਰਧਬ ਪ੍ਰੀਤਿ ਭਸਮ ਸੰਗਿ ਹੋਇ ।।
ਚੰਦਨ ਵਰਗੀ ਖੁਸ਼ਬੋਦਾਰ ਚੀਜ਼ ਦੇ ਲੇਪ ਨੂੰ ਇਹ ਧੋ ਕੇ ਉਤਾਰ ਦਿੰਦਾ ਹੈ ਅਤੇ ਗਧੇ ਦੀ ਤਰਾਂ ਮਿੱਟੀ ਘੱਟੇ ਨਾਲ਼ ਪਿਆਰ ਪਾਈ ਰੱਖਦਾ ਹੈ, ਉਸ ਵਿੱਚ ਲਿੱਬੜਿਆ ਰਹਿੰਦਾ ਹੈ।
ਅੰਧ ਕੂਪ ਮਹਿ ਪਤਿਤ ਬਿਕਰਾਲ ।। ਨਾਨਕ ਕਾਢਿ ਲੇਹੁ ਪ੍ਰਭ ਦਇਆਲ ।। ।।
ਇਹ ਕਮੀਣਾ ਮੂਰਖ ਪਾਪੀ ਭਿਆਨਕ ਅੰਨ੍ਹੇ ਖੂਹ ਵਿੱਚ ਡਿਗਿਆ ਹੋਇਆ ਹੈ। ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਮਾਤਮਾ, ਤੂੰ ਦਿਆਲੂ ਹੈਂ, ਅਪਣੇ ਦਿਆਲੂ ਸੁਭਾਅ ਨੂੰ ਕਾਇਮ ਰੱਖਦੇ ਹੋਏ ਤੂੰ ਆਪ ਹੀ ਇਸ ਅੰਨ੍ਹੇ ਖੂਹ ਵਿੱਚੋਂ ਇਸ ਨੂੰ ਕੱਢ ਲੈ।
ਕਰਤੂਤਿ ਪਸੂ ਕੀ ਮਾਨਸ ਜਾਤਿ ।। ਲੋਕ ਪਚਾਰਾ ਕਰੈ ਦਿਨੁ ਰਾਤਿ ।।
ਇਨਸਾਨ ਕੇਵਲ ਦੇਖਣ ਨੂੰ ਤਾਂ ਇਨਸਾਨ ਹੈ ਪਰ ਇਸ ਦੇ ਕੰਮ ਪਸ਼ੂਆਂ ਵਾਲ਼ੇ ਹਨ। ਇਹ ਦਿਨ ਰਾਤ ਬਾਹਰਲੀ ਪਵਿੱਤਰਤਾ ਦਾ ਵਿਖਾਵਾ ਕਰ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ 
ਬਾਹਰਿ ਭੇਖ ਅੰਤਰਿ ਮਲੁ ਮਾਇਆ ।। ਛਪਸਿ ਨਾਹਿ ਕਛੁ ਕਰੈ ਛਪਾਇਆ ।।
ਇਨਸਾਨ ਬਾਹਰੋਂ ਤਾਂ ਸਾਧੂਆਂ ਦਾ ਭੇਖ ਬਣਾ ਕੇ ਰੱਖਦਾ ਹੈ ਪਰ ਇਸ ਦੇ ਅੰਦਰ ਮਾਇਆ ਦੇ ਮੋਹ ਦੀ ਗੰਦਗੀ ਭਰੀ ਹੁੰਦੀ ਹੈ। ਇਹ ਪੂਰਾ ਜ਼ੋਰ ਲਾ ਕੇ ਇਸ ਗੰਦਗੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੈ ਪ੍ਰੰਤੂ ਅੰਦਰਲੀ ਅਸਲੀਅਤ ਛੁਪਾਈ ਨਹੀਂ ਜਾ ਸਕਦੀ।
ਬਾਹਰਿ ਗਿਆਨ ਧਿਆਨ ਇਸਨਾਨ ।। ਅੰਤਰਿ ਬਿਆਪੈ ਲੋਭੁ ਸੁਆਨੁ ।।
ਬਾਹਰੋਂ ਤਾਂ ਇਹ ਨਹਾ ਧੋ ਕੇ ਪਵਿੱਤਰ ਬਣਦਾ ਹੈ, ਗਿਆਨਵਾਨ ਹੋਣ ਦਾ ਵਿਖਾਵਾ ਕਰਦਾ ਹੈ ਅਤੇ ਸਮਾਧੀ ਲਗਾ ਕੇ ਪ੍ਰਮਾਤਮਾ ਨਾਲ਼ ਜੁੜੇ ਹੋਏ ਹੋਣ ਦਾ ਪਾਖੰਡ ਕਰਦਾ ਹੈ ਪ੍ਰੰਤੂ ਇਸ ਦੇ ਅੰਦਰ ਲੋਭ ਰੂਪੀ ਕੁੱਤਾ ਭਾਰੂ ਹੁੰਦਾ ਹੈ ਅਤੇ ਇਹ ਹਮੇਸ਼ਾ ਮਾਇਆ ਦੇ ਪਿੱਛੇ ਭੱਜਦਾ ਰਹਿੰਦਾ ਹੈ
ਅੰਤਰਿ ਅਗਨਿ ਬਾਹਰਿ ਤਨੁ ਸੁਆਹ ।। ਗਲਿ ਪਾਥਰ ਕੈਸੇ ਤਰੈ ਅਥਾਹ ।।
ਬਾਹਰੋਂ ਤਨ ਦੇ ਉੱਤੇ ਸੁਆਹ ਮਲ਼ ਕੇ ਵਿਰੱਕਤ ਸਾਧੂ ਹੋਣ ਦਾ ਵਿਖਾਵਾ ਕਰਦਾ ਹੈ ਪਰ ਅੰਦਰੋਂ ਵਿਕਾਰਾਂ ਦੀ ਅਗਨੀ ਨਾਲ਼ ਪੀੜਤ ਹੁੰਦਾ ਹੈ ਇਹ ਇਨਸਾਨ ਜਿਸ ਨੇ ਗਲ਼ ਵਿੱਚ ਪੱਥਰ ਬੰਨ੍ਹਿਆਂ ਹੋਇਆ ਹੈ ਅਸੀਮ ਸਮੁੰਦਰ ਨੂੰ ਕਿਵੇਂ ਪਾਰ ਕਰ ਸਕਦਾ ਹੈ?
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ।। ਨਾਨਕ ਤੇ ਜਨ ਸਹਜਿ ਸਮਾਤਿ । ।।
ਗੁਰੂ ਜੀ ਦਾ ਫੁਰਮਾਨ ਹੈ ਕਿ ਜਿਨ੍ਹਾਂ ਮਨੁਖਾਂ ਦੇ ਮਨ ਅੰਦਰ ਪ੍ਰਮਾਤਮਾ ਆਪ ਵਸਦਾ ਹੈ ਉਹ ਸਹਿਜ ਸੁਭਾਅ ਹੀ ਪ੍ਰਮਾਤਮਾ ਵਿੱਚ ਸਮਾ ਜਾਦੇ ਹਨ, ਉਸ ਨਾਲ਼ ਇੱਕ ਮਿੱਕ ਹੋ ਜਾਂਦੇ ਹਨ।
ਸੁਨਿ ਅੰਧਾ ਕੈਸੇ ਮਾਰਗਿ ਪਾਵੈ ।। ਕਰੁ ਗਹਿ ਲੇਹੁ ਓੜਿ ਨਿਬਹਾਵੈ ।।
ਆਦਮੀ ਅਕਲ ਦਾ ਅੰਨ੍ਹਾ ਹੈ। ਇੱਕ ਅੰਨ੍ਹੇ ਆਦਮੀ ਨੂੰ ਜੇ ਬੋਲ ਕੇ ਰਸਤਾ ਦੱਸੀਏ ਤਾਂ ਉਹ ਰਸਤਾ ਦੇਖਣ ਦੇ ਸਮਰਥ ਨਹੀਂ ਹੋ ਜਾਂਦਾ ਅਤੇ ਨਾ ਹੀ ਉਸ ਤੇ ਚੱਲ ਸਕਦਾ ਹੈਹਾਂ, ਜੇ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਈਏ ਤਾਂ ਉਹ ਅਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ।
ਕਹਾ ਬੁਝਾਰਤਿ ਬੂਝੈ ਡੋਰਾ ।। ਨਿਸਿ ਕਹੀਐ ਤਉ ਸਮਝੈ ਭੋਰਾ ।।
ਬੋਲ਼ੇ ਨੂੰ ਜੇ ਬੁਝਾਰਤ ਪਾਈਏ ਤਾਂ ਉਹ ਬੁੱਝ ਨਹੀਂ ਸਕਦਾ ਕਿਉਂਕਿ ਉਸ ਨੂੰ ਸੁਣਾਈ ਹੀ ਨਹੀਂ ਦਿੰਦਾ। ਅਸੀਂ ਰਾਤ ਕਹਿੰਦੇ ਹਾਂ, ਉਸ ਨੂੰ ਲੱਗਦਾ ਹੈ ਕਿ ਅਸੀਂ ਸਵੇਰ ਆਖਿਆ ਹੈ।
ਕਹਾ ਬਿਸਨਪਦ ਗਾਵੈ ਗੁੰਗ ।। ਜਤਨ ਕਰੈ ਤਉ ਭੀ ਸੁਰ ਭੰਗ ।।
ਇੱਕ ਗੁੰਗਾ ਇਨਸਾਨ ਬਿਸ਼ਨਪਦੇ ਨਹੀਂ ਗਾ ਸਕਦਾ ਕਿਉਂਕਿ ਉਸ ਲਈ ਤਾਂ ਬੋਲਣਾ ਹੀ ਸੰਭਵ ਨਹੀੰ। ਜੇ ਉਹ ਕੋਸ਼ਿਸ਼ ਕਰੇ ਵੀ ਤਾਂ ਵੀ ਅਜਿਹਾ ਨਹੀਂ ਕਰ ਸਕਦਾ, ਬੇਸੁਰਾ ਹੋ ਜਾਂਦਾ ਹੈ।
ਕਹ ਪਿੰਗੁਲ ਪਰਬਤ ਪਰ ਭਵਨ ।। ਨਹੀ ਹੋਤ ਊਹਾ ਉਸੁ ਗਵਨ ।।
ਲੰਗੜਾ ਕਿਵੇਂ ਪਹਾੜ ਤੇ ਚੜ੍ਹ ਸਕਦਾ ਹੈ? ਉਸ ਲਈ ਪਹਾੜ ਤੇ ਚੜ੍ਹਨਾ ਸੰਭਵ ਨਹੀਂ। ਉਹ ਤਾਂ ਠੀਕ ਤਰਾਂ ਤੁਰ ਵੀ ਨਹੀਂ ਸਕਦਾ।
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ।ਨਾਨਕ ਤੁਮਰੀ  ਕਿਰਪਾ ਤਰੈ ।। ।।
ਪਰ ਜੇ ਇਨਸਾਨ ਨਿਮਰਤਾ ਪੂਰਬਕ ਦਇਆਵਾਨ ਪ੍ਰਮਾਤਮਾ ਅੱਗੇ ਬੇਨਤੀ ਕਰੇ ਤਾਂ ਉਸ ਦੀ ਕਿਰਪਾ ਨਾਲ਼ ਉਹ ਅਜਿਹੇ ਅਸੰਭਵ ਕੰਮ ਵੀ ਕਰ ਸਕਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ਼ ਪਾਪੀ ਵੀ ਤਰ ਜਾਂਦੇ ਹਨ ਜਿਨ੍ਹਾਂ ਦੇ ਤਰਨ ਦੀ ਕੋਈ ਉਮੀਦ ਨਹੀਂ ਹੁੰਦੀ।
ਸੰਗਿ ਸਹਾਈ ਸੁ ਆਵੈ ਨ ਚੀਤਿ ।। ਜੋ ਬੈਰਾਈ ਤਾ ਸਿਉ ਪ੍ਰੀਤਿ ।।
ਜਿਹੜਾ ਪ੍ਰਮਾਤਮਾ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ ਅਤੇ ਸਾਡੀ ਸਦਾ ਸਹਾਇਤਾ ਕਰਦਾ ਹੈ ਉਸ ਨੂੰ ਅਸੀਂ ਯਾਦ ਨਹੀਂ ਰੱਖਦੇ  ਅਤੇ ਉਸ ਮਾਇਆ ਨਾਲ਼, ਜਿਹੜੀ ਸਾਡੀ ਦੁਸ਼ਮਣ ਹੈ ਅਤੇ ਸਾਨੂੰ ਪਾਗਲ ਕਰੀ ਰੱਖਦੀ ਹੈ, ਅਸੀਂ ਪਿਆਰ ਪਾਈ ਰੱਖਦੇ ਹਾਂ
ਬਲੂਆ ਕੇ ਗ੍ਰਿਹ ਭੀਤਰਿ ਬਸੈ ।। ਅਨਦ ਕੇਲ ਮਾਇਆ ਰੰਗਿ ਰਸੈ ।।
ਅਸੀਂ ਰੇਤ ਦੇ ਘਰ ਵਿੱਚ ਰਹਿੰਦੇ ਹਾਂ ਜਿਸ ਦੀ ਕੋਈ ਮੁਨਿਆਦ ਨਹੀਂ, ਜਿਹੜਾ ਕਿਸੇ ਵੇਲ਼ੇ ਵੀ ਢਹਿ ਸਕਦਾ ਹੈ। ਅਸੀਂ ਰੰਗ ਤਮਾਸ਼ਿਆਂ ਅਤੇ ਮਾਇਆ ਦੇ ਮੋਹ ਵਿੱਚ ਗ੍ਰਸਤ ਹੋਏ ਰਹਿੰਦੇ ਹਾਂ
ਦ੍ਰਿੜ ਕਰਿ ਮਾਨੈ ਮਨਹਿ ਪ੍ਰਤੀਤਿ ।। ਕਾਲੁ ਨ ਆਵੈ ਮੂੜੇ ਚੀਤਿ ।।
ਅਸੀਂ ਅਪਣੇ ਮਨ ਵਿੱਚ ਇਹ ਵਿਸਵਾਸ਼ ਦ੍ਰਿੜ੍ਹ ਕਰੀ ਰੱਖਦੇ ਹਾਂ ਕਿ ਅਸੀਂ ਹਮੇਸ਼ਾ ਹੀ ਇਨ੍ਹਾਂ ਰੰਗ ਤਮਾਸ਼ਿਆਂ ਨੂੰ ਮਾਣਦੇ ਰਹਾਂਗੇਸਾਨੂਮ ਮੂਰਖਾਂ ਨੂੰ ਇਹ ਸਚਾਈ ਯਾਦ ਨਹੀਂ ਰਹਿੰਦੀ ਕਿ ਇੱਕ ਦਿਨ ਲਾਜ਼ਮੀ ਸਾਨੂੰ ਮੌਤ ਆਉਣੀ ਹੀ ਆਉਣੀ ਹੈ।
ਬੈਰ ਬਿਰੋਧ ਕਾਮ ਕ੍ਰੋਧਿ ਮੋਹ ।। ਝੂਠ ਬਿਕਾਰ ਮਹਾ ਲੋਭ ਧ੍ਰੋਹ ।
ਅਸੀਂ ਨਾਲ਼ ਦੁਸ਼ਮਣੀਆਂ ਪਾਲ਼ਦੇ ਰਹਿੰਦੇ ਹਾਂ, ਝਗੜੇ ਕਰਦੇ ਰਹਿੰਦੇ ਹਾਂ, ਕਾਮ ਦਾ ਸ਼ਿਕਾਰ ਹੋਏ ਰਹਿੰਦੇ ਹਾਂ, ਗੁੱਸੇ ਦੀ ਅੱਗ ਵਿੱਚ ਸੜਦੇ ਰਹਿੰਦੇ ਹਾਂ ਅਤੇ ਮੋਹ ਦੇ ਜਾਲ਼ ਵਿੱਚ ਫਸੇ ਰਹਿੰਦੇ ਹਾਂਸੰਸਾਰਿਕ ਪਦਾਰਥਾਂ ਦੇ ਜਾਲ਼ ਵਿੱਚ ਫਸੇ ਅਸੀਂ ਝੂਠ ਬੋਲਦੇ ਹਾਂ, ਵਿਕਾਰਾਂ ਦੇ  ਗੁਲਾਮ ਬਣੇ ਰਹਿੰਦੇ ਹਾਂ, ਲਾਲਚ ਵਸ ਦੁਨੀਆਂ ਨਾਲ਼ ਧੋਖਾ ਕਰਦੇ ਹਾਂ 
ਇਆਹੂ ਜੁਗਤਿ ਬਿਹਾਨੇ ਕਈ ਜਨਮ ।। ਨਾਨਕ ਰਾਖਿ ਲੇਹੁ ਆਪਨਿ ਕਰਿ ਕਰਮ ।। ।।
ਇਸ ਤਰਾਂ ਦਾ ਜੀਵਨ ਬਤੀਤ ਕਰਦਿਆਂ ਸਾਡੇ ਕਈ ਜਨਮ ਬੀਤ ਗਏ ਹਨ। ਗੁਰੂ ਜੀ ਆਖਦੇ ਹਨ ਕਿ ਜੇ ਸਾਡੇ ਕਰਮਾਂ ਦੇ ਪਿੱਛੇ ਜਾਈਏ ਤਾਂ ਸਾਡੇ ਬਚਣ ਦਾ ਕੋਈ ਰਸਤਾ ਨਹੀਂ। ਇਸ ਲਈ, ਹੇ ਪ੍ਰਭੂ, ਤੁਸੀਂ ਆਪ ਹੀ ਤਰਸ ਕਰ ਕੇ, ਕ੍ਰਿਪਾਲਤਾ ਕਰ ਕੇ ਸਾਨੂੰ ਬਚਾ ਲਵੋ।
ਤੂ ਠਾਕੁਰੁ ਤੁਮ ਪਹਿ ਅਰਦਾਸਿ ।। ਜੀਉ ਪਿੰਡੁ ਸਭੁ ਤੇਰੀ ਰਾਸਿ ।।
ਹੇ ਵਾਹਿਗੁਰੂ, ਤੁਸੀਂ ਮਾਲਕ ਹੋ, ਇਸ ਕਰਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ। ਸਾਡਾ ਇਹ ਸਰੀਰ ਅਤੇ ਮਨ ਤੁਹਾਡੀ ਹੀ ਅਮਾਨਤ ਹਨ।
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ।। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ।।
ਤੁਸੀਂ ਸਾਡੇ ਮਾਤਾ ਪਿਤਾ ਹੋ ਅਤੇ ਅਸੀਂ ਤੁਹਾਡੇ ਬੱਚੇ ਹਾਂ। ਤੁਹਾਡੀ ਦਇਆ ਨਲ਼ ਸਾਨੂੰ ਅਨੇਕਾਂ ਹੀ ਸੁਖ ਪ੍ਰਾਪਤ ਹੋ ਸਕਦੇ ਹਨ।
ਕੋਇ ਨ ਜਾਨੈ ਤੁਮਰਾ ਅੰਤੁ ।। ਊਚੇ ਤੇ ਊਚਾ ਭਗਵੰਤ ।।
ਤੁਸੀਂ ਏਨੇ ਮਹਾਨ ਹੋ ਕਿ ਕੋਈ ਵੀ ਤੁਹਾਡਾ ਅੰਤ ਨਹੀਂ ਪਾ ਸਕਦਾ। ਹੇ ਮਾਲਕ, ਤੁਸੀਂ ਉੱਚਿਆਂ ਤੋਂ ਵੀ ਉੱਚੇ ਹੋ। ਜਿੰਨੀ ਤੁਹਾਡੇ ਮਹਾਨ ਹੋਣ ਦੀ ਅਸੀਂ ਕਲਪਣਾ ਕਰ ਸਕਦੇ ਹਾਂ, ਤੁਸੀਂ ਉਸ ਨਾਲ਼ੋਂ ਵੀ ਵੱਧ ਮਹਾਨ ਹੋ, ਮਹਾਨ ਤੋਂ ਵੀ ਮਹਾਨ ਹੋ
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ।। ਤੁਮ ਤੇ ਹੋਇ ਸੁ ਆਗਿਆਕਾਰੀ ।।
ਸੰਸਾਰ ਦੇ ਸਾਰੇ ਜੀਵ ਅਤੇ ਨਿਰਜੀਵ ਪਦਾਰਥ ਤੁਹਾਡੇ ਹੁਕਮ ਵਿੱਚ, ਤੁਹਾਡੇ ਬਣਾਏ ਨਿਯਮਾਂ ਵਿੱਚ ਬੱਝੇ ਹੋਏ ਹਨਜੋ ਤੁਸੀਂ ਕਰਨਾ ਚਾਹੋ, ਉਹ ਹੀ ਹੁੰਦਾ ਹੈ। ਜਿਹੜਾ ਇਨਸਾਨ ਤੁਹਾਡੇ ਹੁਕਮ ਨੂੰ ਸਿਰ ਮੱਥੇ ਕਰ ਕੇ ਮੰਨਦਾ ਹੈ ਉਹ ਹੀ ਆਗਿਆਕਾਰ ਕਿਹਾ ਜਾ ਸਕਦਾ ਹੈ।
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ।। ਨਾਨਕ ਦਾਸ ਸਦਾ ਕੁਰਬਾਨੀ ।। ।। ।।
ਤੁਹਾਡੀ ਵਿਉਂਤਬੰਦੀ ਨੂੰ ਤੁਸੀਂ ਆਪ ਹੀ ਸਮਝ ਸਕਦੇ ਹੋ। ਤੁਹਾਡਾ ਅੰਤਮ ਉਦੇਸ਼ ਕੀ ਹੈ ਅਤੇ ਤੁਸੀਂ ਇਸ ਸੰਸਾਰ ਨੂੰ ਕਿਵੇਂ ਉਸ ਉਦੇਸ਼ ਵੱਲ ਲੈ ਕੇ ਜਾਣਾ ਹੈ, ਇਹ ਤੁਸੀਂ ਹੀ ਜਾਣਦੇ ਹੋ। ਗੁਰੂ ਜੀ ਅਰਜ਼ ਕਰਦੇ ਹਨ ਕਿ ਅਸੀਂ ਤਾਂ ਤੁਹਾਡੇ ਦਾਸ ਹਾਂ ਤੇ ਕੇਵਲ ਤੁਹਾਡੇ ਤੋਂ ਕੁਰਬਾਨ ਜਾ ਸਕਦੇ ਹਾਂ।

Tuesday 28 July 2020

ਵਕਤ ਦੀ ਮੰਗ - ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।



ਤਾਕਤ ਦੇ ਲਈ ਇੱਕ ਦੂਜੇ ਨੂੰ ਠਿੱਬ੍ਹੀਆਂ ਲਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਕੁੱਝ ਦਿਨ ਛੱਡ ਸਿਆਸਤ ਬਣ ਇਨਸਾਨ ਦਿਖਾ ਦੇਵੋ।
ਭੁੱਲ ਕਮੀਣੀਆਂ ਚਾਲਾਂ ਨੂਰੀ ਸ਼ਾਨ ਦਿਖਾ ਦੇਵੋ।
ਬਣ ਸੱਤਾ ਦੇ ਪਾਂਧੀ ਮਨ ਚੋਂ ਰੱਬ ਭੁਲਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਸੁਣੋ ਉਨ੍ਹਾਂ ਦੀਆਂ ਚੀਕਾਂ  ਜੋ  ਲਏ ਲੁੱਟ ਕਰੋਨਾ ਨੇ।
ਫੜੋ ਉਨ੍ਹਾਂ ਦੀ ਬਾਂਹ ਜੋ ਦਿੱਤੇ ਪੁੱਟ ਕਰੋਨਾ ਨੇ।
ਆਪਾ ਚੀਨੋ ਦੂਜਿਆਂ ਤੇ ਇਲਜ਼ਾਮ ਲਗਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਆਫ਼ਤ ਦੇ ਡਰ ਨਾਲ਼ ਹੌਸਲੇ ਖਰਦਿਆਂ ਨੂੰ ਦੇਖੋ।
ਬੇਰੁਜ਼ਗਾਰੀ ਹੱਥੋਂ ਭੁੱਖੇ ਮਰਦਿਆਂ ਨੂੰ ਦੇਖੋ।
ਭੁੱਖਿਆਂ ਦੇ ਲਈ ਆਇਆ ਰਾਸ਼ਨ ਆਪ ਖਪਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਉਮਰ ਹੈ ਪਈ ਪਨਾਗਾ ਸਿਆਸੀ ਜੰਗਾਂ ਲੜਨ ਲਈ।
ਵਕਤ ਵੰਗਾਰ ਰਿਹਾ ਅੱਜ ਮਾਨਵਤਾ ਨਾਲ਼ ਖੜ੍ਹਨ ਲਈ।
ਸਿਆਸਤ ਦਾ ਹਥਕੰਡਾ ਦੁੱਖ ਦੀ ਘੜੀ ਬਣਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।