Thursday 16 July 2020

ਅਰਥ - ਸੁਖਮਨੀ ਸਾਹਿਬ ਅਸ਼ਟਪਦੀ 1


ਗਉੜੀ ਸੁਖਮਨੀ ਮ: ।।
ਇਹ ਬਾਣੀ ਸੁਖਮਨੀ ਸਾਹਿਬ ਜਿਸ ਦਾ ਅਰਥ ਹੈ ਸੁਖਾਂ ਦੀ ਮਣੀ ਜਾਂ ਸੁਖਾਂ ਦਾ ਖ਼ਜ਼ਾਨਾ ਗਉੜੀ ਰਾਗ ਵਿੱਚ ਪੰਜਵੀਂ ਪਾਤਸ਼ਾਹੀ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਹੈ।   
ਸਲੋਕੁ ।।
ਸਤਿਗੁਰ ਪ੍ਰਸਾਦਿ ।।

ਆਦਿ ਗੁਰਏ ਨਮਹ ।।
ਜੁਗਾਦਿ ਗੁਰਏ ਨਮਹ ।।
ਸਤਿਗੁਰਏ ਨਮਹ ।।
ਸ੍ਰੀ ਗੁਰਦੇਵਏ ਨਮਹ ।। ।।
ਪ੍ਰਮਾਤਮਾ ਇੱਕ ਹੈ ਅਤੇ ਉਸ ਦੀ ਸੋਝੀ ਸੱਚੇ ਗੁਰੂ ਦੀ ਮਿਹਰ ਨਾਲ਼ ਪ੍ਰਾਪਤ ਹੁੰਦੀ ਹੈ।
ਆਦਿ (ਪਹਿਲੇ) ਗੁਰੂ, ਗੁਰੂ ਨਾਨਕ ਦੇਵ ਜੀ, ਨੂੰ ਮੇਰਾ ਨਮਸ਼ਕਾਰ ਹੈ। ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ, ਨੂੰ ਮੇਰਾ ਨਮਸ਼ਕਾਰ ਹੈ (ਜੁਗ ਦਾ ਅਰਥ ਹੁੰਦਾ ਹੈ ਦੋ। ਇਸ ਲਈ ਜੁਗਾਦਿ ਗੁਰਏ ਦਾ ਅਰਥ ਹੈ ਦੂਜੇ ਗੁਰੂ ਨੂੰ)। ਸਤਿਗੁਰੂ, ਗੁਰੂ ਅਮਰ ਦਾਸ ਜੀ, ਨੂੰ ਮੇਰਾ ਨਮਸ਼ਕਾਰ ਹੈ (ਗੁਰੂ ਰਾਮਦਾਸ ਜੀ ਨੇ ਗਉੜੀ ਮ: 4 ਵਿੱਚ ਅੰਗ 310 ਤੇ ਗੁਰੂ ਅਮਰ ਦਾਸ ਜੀ ਲਈ ਸਤਿਗੁਰੁ ਸ਼ਬਦ ਵਰਤਿਆ ਹੈ)। ਚੌਥੇ ਗੁਰੂ ਗੁਰਦੇਵ ਰਾਮਦਾਸ ਜੀ ਨੂੰ ਮੇਰਾ ਨਮਸ਼ਕਾਰ ਹੈ (ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਮ: 5 ਵਿੱਚ ਅੰਗ 817 ਤੇ ਗੁਰੂ ਰਾਮਦਾਸ ਜੀ ਲਈ ਗੁਰਦੇਵ ਸ਼ਬਦ ਦੀ ਵਰਤੋਂ ਕੀਤੀ ਹੈ)।
ਅਸਟਪਦੀ ।।
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ।। ਕਲਿ ਕਲੇਸ ਤਨ ਮਾਹਿ ਮਿਟਾਵਉ ।।
 ਮੈਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹਾਂ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਮੈਨੂੰ ਸਾਰੇ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਸ਼ਰੀਰ ਦੇ ਸਾਰੇ ਕਸ਼ਟਾਂ ਅਤੇ ਕਲ਼ੇਸ਼ਾਂ ਤੋਂ ਛੁਟਕਾਰਾ ਪਾ ਮਿਲ ਜਾਂਦਾ ਹੈ।
ਸਿਮਰਉ ਜਾਸੁ ਬਿਸੁੰਭਰ ਏਕੈ ।। ਨਾਮੁ ਜਪਤੁ ਅਗਨਤ ਅਨੇਕੈ ।।
ਮੈਂ ਉਸ ਇੱਕ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹਾਂ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਅਤੇ ਜਿਹੜਾ ਸਾਰੇ ਸੰਸਾਰ ਦੀ ਸਾਂਭ ਸੰਭਾਲ਼ ਅਤੇ ਪਾਲਣਾ ਕਰਦਾ ਹੈ। ਹੋਰ ਨੀ ਅਣਗਿਣਤ ਲੋਕ ਹਰ ਵੇਲ਼ੇ ਉਸ ਦੇ ਅਨੇਕਾਂ ਹੀ ਨਾਮਾਂ ਦਾ ਸਿਮਰਨ ਕਰਦੇ ਹਨ।
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯਰ ।। ਕੀਨੇ ਰਾਮ ਨਾਮ ਇੱਕ ਆਖ੍ਯਰ ।।
ਵੇਦ ਪੁਰਾਣ ਅਤੇ ਸਿਮਰਤੀਆਂ ਨੂੰ ਪਵਿੱਤਰ ਗ੍ਰੰਥ ਮੰਨਿਆਂ ਜਾਂਦਾ ਹੈ। ਉਨ੍ਹਾਂ ਨੂੰ ਕਿਸ ਚੀਜ਼ ਨੇ ਪਵਿੱਤਰ ਬਣਾਇਆ ਹੈ? ਸਿਰਫ਼ ਇੱਕ ਸ਼ਬਦ ਦੀ ਹੋਂਦ ਨੇ ਹੀ ਉਨ੍ਹਾਂ ਨੂੰ ਪਵਿੱਤਰਤਾ ਬਖ਼ਸ਼ੀ ਹੈ ਅਤੇ ਉਹ ਸ਼ਬਦ ਹੈ ਰਾਮ ਦਾ ਨਾਮਕੇਵਲ ਪ੍ਰਮਾਤਮਾ ਦੇ ਨਾਮ ਦੀ ਮੌਜੂਦਗੀ ਨੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ ਹੈ।
ਕਿਨਕਾ ਏਕ ਜਿਸੁ ਜੀਅ ਬਸਾਵੈ ।। ਤਾ ਕੀ ਮਹਿਮਾ ਗਨੀ ਨ ਆਵੈ ।।
ਪ੍ਰਮਾਤਮਾ ਕਿਰਪਾ ਕਰ ਕੇ ਅਪਣੇ ਨਾਮ ਦਾ ਇੱਕ ਕਿਣਕਾ ਮਾਤਰ ਵੀ ਜਿਸ ਜੀਵ ਦੇ ਮਨ ਵਿੱਚ ਵਸਾ ਦਿੰਦਾ ਹੈ ਉਹ ਏਨਾ ਮਹਾਨ ਬਣ ਜਾਂਦਾ ਹੈ ਕਿ ਉਸ ਦੀ ਵਡਿਆਈ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਕਾਂਖੀ ਏਕੈ ਦਰਸ ਤੁਹਾਰੋ ।। ਨਾਨਕ ਉਨ ਸੰਗਿ ਮੋਹਿ ਉਧਾਰੋ ।। ।।
ਹੇ ਪ੍ਰਮਾਤਮਾ, ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕੇਵਲ ਤੇਰੇ ਦਰਸ਼ਨਾਂ ਦੀ ਇੱਛਾ ਹੁੰਦੀ ਹੈ, ਹੋਰ ਕੋਈ ਤਾਂਘ ਨਹੀਂ ਹੁੰਦੀ। ਅਜਿਹੇ ਮਹਾਨ ਲੋਕਾਂ ਦਾ ਉਧਾਰ ਹੋ ਜਾਂਦਾ ਹੈ। ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ, ਮੈਨੂੰ ਉਨ੍ਹਾਂ ਮਹਾਂ ਪੁਰਖਾਂ ਦੀ ਸੰਗਤ ਬਖ਼ਸ਼ੋ ਤਾਂ ਕਿ ਉਨ੍ਹਾਂ ਦੇ ਨਾਲ਼ ਨਾਲ਼ ਮੇਰਾ ਵੀ ਕਲਿਆਣ ਹੋ ਜਾਵੇ
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ।ਭਗਤ ਜਨਾ ਕੈ ਮਨਿ ਬਿਸ੍ਰਾਮ ।। ਰਹਾਉ ।।
ਪ੍ਰਮਾਤਮਾ ਦਾ ਨਾਮ ਅਜਿਹਾ ਅੰਮ੍ਰਿਤ ਹੈ ਜਿਹੜਾ ਦੁਨੀਆਂ ਦੇ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ। ਉਸ ਦੇ ਨਾਮ ਦਾ ਸਿਮਰਨ ਜੀਵ ਨੂੰ ਸਦੀਵੀ ਜੀਵਨ ਬਖ਼ਸ਼ ਦਿੰਦਾ ਹੈ। ਇਹ ਨਾਮ ਭਗਤਾਂ ਦੇ ਮਨਾਂ ਵਿੱਚ ਵਸਦਾ ਹੈ। ਉਨ੍ਹਾਂ ਦੀ ਸੰਗਤ ਕਰਨ ਨਾਲ਼ ਇਹ ਕੀਮਤੀ ਖ਼ਜ਼ਾਨਾ ਪ੍ਰਾਪਤ ਕੀਤਾ ਜਾ ਸਕਦਾ ਹੈ।(ਵਿਸ਼੍ਰਾਮ)।
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ।। ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ।।
ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜਨਮ ਮਰਨ ਦੇ ਦੁੱਖ ਤੋਂ ਛੁਟਕਾਰਾ ਮਿਲ ਜਾਂਦਾ ਹੈ, ਮੁੜ ਮੁੜ ਕੇ ਗਰਭ ਜੂਨ ਵਿੱਚ ਨਹੀਂ ਆਉਣਾ ਪੈਂਦਾ। ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜਮਾਂ ਦਾ ਡਰ ਦੂਰ ਹੋ ਜਾਂਦਾ ਹੈ, ਮੌਤ ਦਾ ਖ਼ੌਫ਼ ਖਤਮ ਹੋ ਜਾਂਦਾ ਹੈ। ਇਨਸਾਨ ਇਹ ਸਮਝ ਜਾਂਦਾ ਹੈ ਕਿ ਮੌਤ ਕੇਵਲ ਸਰੀਰ ਨੂੰ ਖ਼ਤਮ ਕਰ ਸਕਦੀ ਹੈ, ਆਤਮਾ ਨੂੰ ਨਹੀਂ ਛੂਹ ਸਕਦੀ। ਇਸ ਕਰਕੇ ਉਹ ਮੌਤ ਤੋਂ ਡਰਨਾ ਛੱਡ ਦਿੰਦਾ ਹੈ।
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ।। ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ।।
ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਇਨਸਾਨ ਨੂੰ ਮੌਤ ਤੋਂ ਮੁਕਤੀ ਮਿਲ ਜਾਂਦੀ ਹੈ, ਉਸ ਤੇ ਮੌਤ ਦਾ ਕੋਈ ਅਸਰ ਨਹੀਂ ਹੁੰਦਾ। ਸ਼ਰੀਰਕ ਤੌਰ ਤੇ ਮੌਤ ਹੋ ਜਾਣ ਦੇ ਬਾਵਜੂਦ ਇਨਸਾਨ ਦਾ ਨਾਂ ਅਮਰ ਹੋ ਜਾਂਦਾ ਹੈ। ਨਾਮ ਸਿਮਰਨ ਨਾਲ਼ ਵੈਰੀ ਵੀ ਦੋਸਤ ਬਣ ਜਾਂਦੇ ਹਨ ਜਾਂ ਉਨ੍ਹਾਂ ਦਾ ਨਾਸ਼ ਹੋ ਜਾਂਦਾ ਹੈ। ਸੋ ਦੁਸ਼ਮਣਾਂ ਦਾ ਡਰ ਦੂਰ ਹੋ ਜਾਂਦਾ ਹੈ।
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ।। ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ।।
ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਇਨਸਾਨ ਦੇ ਰਸਤੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਉਂਦੀ। ਉਹ ਸੌਖੇ ਹੀ ਅਪਣੀ ਮੰਜ਼ਿਲ ਹਾਸਲ ਕਰ ਲੈਂਦਾ ਹੈ। ਪ੍ਰਮਾਤਮਾ ਦਾ ਸਿਮਰਨ ਕਰਨ ਵਾਲ਼ਾ ਇਨਸਾਨ ਦਿਨ ਪ੍ਰਤੀ ਦਿਨ ਹਮੇਸ਼ਾਂ ਸਾਵਧਾਨ ਰਹਿੰਦਾ ਹੈ, ਉਸ ਨੂੰ ਹਰ ਵੇਲ਼ੇ ਪ੍ਰਭੂ ਯਾਦ ਰਹਿੰਦਾ ਹੈ।
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ।। ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ।।
ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਨਾਲ਼ ਡਰ ਦਾ ਨਾਸ਼ ਹੋ ਜਾਂਦਾ ਹੈ, ਡਰ ਨਾਂ ਦੀ ਚੀਜ਼ ਇਨਸਾਨ ਦੇ ਨੇੜੇ ਵੀ ਨਹੀਂ ਢੁੱਕਦੀ। ਨਾਮ ਦਾ ਸਿਮਰਨ ਜੀਵ ਨੂੰ ਨਿਰਭੈ ਬਣਾ ਦਿੰਦਾ ਹੈ। ਪ੍ਰਮਾਤਮਾ ਦਾ ਨਾਮ ਸਿਮਰਨ ਨਾਲ਼ ਦੁੱਖ ਦਰਦ ਅਤੇ ਕਲੇਸ਼ ਵੀ ਬੰਦੇ ਦੇ ਨੇੜੇ ਨਹੀਂ ਆਉਂਦੇ, ਉਹ ਆਦਮੀ ਨੂੰ ਤੰਗ ਨਹੀਂ ਕਰਦੇ। ਜੇ ਦੁੱਖ ਆਵੇ ਵੀ ਤਾਂ ਉਸ ਨੂੰ ਵੀ ਜੀਵ ਪ੍ਰਮਾਤਮਾ ਦੀ ਦਾਤ ਸਮਝ ਕੇ ਖੁਸ਼ੀ ਖੁਸ਼ੀ ਸਹਿਣ ਕਰ ਲੈਂਦਾ ਹੈ।
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ।। ਸਰਬ ਨਿਧਾਨੁ ਨਾਨਕ ਹਰਿ ਰੰਗਿ ।। ।।
ਪ੍ਰਮਾਤਮਾ ਦੇ ਸਿਮਰਨ ਦੀ ਦਾਤ ਸੰਤ ਪੁਰਸ਼ਾਂ ਦੀ ਸੰਗਤ ਤੋਂ ਪ੍ਰਾਪਤ ਹੁੰਦੀ ਹੈ। ਇਹ ਨੇਕ ਇਨਸਾਨ ਜੋ ਖ਼ੁਦ ਰੱਬ ਦੇ ਰੰਗ ਵਿੱਚ ਰੰਗੇ ਹੁੰਦੇ ਹਨ ਦੂਜਿਆਂ ਨੂੰ ਵੀ ਉਸ ਦੇ ਰੰਗ ਵਿੱਚ ਰੰਗ ਦਿੰਦੇ ਹਨ। ਰੱਬ ਦੇ ਰੰਗ ਵਿੱਚ ਰੰਗੇ ਜਾਣ ਨਾਲ਼ ਇਨਸਾਨ ਨੂੰ ਸੰਸਾਰ ਦੇ ਸਾਰੇ ਹੀ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ, ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹਿੰਦੀ।
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ।। ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ।।

ਪ੍ਰਮਾਤਮਾ ਦੇ ਸਿਮਰਨ ਨਾਲ਼ ਸਾਰੇ ਦੁਨਿਆਵੀ ਵਸਤਾਂ (ਰਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ, ਕਰਾਮਾਤੀ ਸ਼ਕਤੀਆਂ (ਸਿੱਧੀਆਂ) ਪ੍ਰਾਪਤ ਹੋ ਜਾਂਦੀਆਂ ਹਨ ਅਤੇ ਨੌਂ ਖ਼ਜ਼ਾਨੇ ਹਾਸਲ ਹੋ ਜਾਂਦੇ ਹਨ। ਸਿਮਰਨ ਦੇ ਸਿੱਟੇ ਵਜੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਪ੍ਰਭੂ ਦੇ ਨਾਲ਼ ਧਿਆਨ ਜੋੜਨ ਦੀ ਜੁਗਤੀ ਸਮਝ ਵਿੱਚ ਆ ਜਾਂਦੀ ਹੈ ਅਤੇ ਸ੍ਰਿਸ਼ਟੀ ਦੇ ਮੂਲ਼ ਬ੍ਰਹਮ ਦੇ ਗਿਆਨ ਨੂੰ ਸਮਝਣ ਦੀ ਵਿਵੇਕ ਬੁੱਧੀ ਵਿਕਸਿਤ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ।। ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ।।
ਪ੍ਰਭੂ ਦੇ ਨਾਮ ਦਾ ਸਿਮਰਨ ਹਰ ਤਰਾਂ ਦੇ ਮੰਤਰਾਂ ਦੇ ਜਾਪ ਦੇ ਬਰਾਬਰ ਹੈ। ਇਸ ਨਾਲ਼ ਹਰ ਤਰਾਂ ਦੀ ਤਪੱਸਿਆ ਅਤੇ ਪੂਜਾ ਦਾ ਫਲ਼ ਮਿਲ ਜਾਂਦਾ ਹੈ, ਕਿਸੇ ਤਰਾਂ ਦੀ ਹੋਰ ਤਪੱਸਿਆ ਜਾਂ ਪੂਜਾ ਕਰਨ ਦੀ ਜ਼ਰੂਰਤ ਨਹੀਂ ਰਹਿੰਦੀ। ਉਸ ਦੇ ਨਾਮ ਦੇ ਸਿਮਰਨ ਨਾਲ਼ ਦੂਜੇ ਭਾਵ ਮਾਇਆ ਦੇ ਪਿਆਰ ਦਾ ਨਾਸ਼ ਹੋ ਜਾਂਦਾ ਹੈ, ਇਨਸਾਨ ਕੇਵਲ ਪ੍ਰਮਾਤਮਾ ਦੇ ਨਾਲ਼ ਜੁੜ ਜਾਂਦਾ ਹੈ
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ।। ਪ੍ਰਭ ਕੈ ਸਿਮਰਨਿ ਦਰਗਹ ਮਾਨੀ ।।
ਪ੍ਰਭੂ ਦੇ ਨਾਮ ਦੇ ਸਿਮਰਨ ਨਾਲ਼ ਸਾਰੇ ਹੀ ਤੀਰਥਾਂ ਦੇ ਇਸ਼ਨਾਨ ਦਾ ਫਲ਼ ਪ੍ਰਾਪਤ ਹੋ ਜਾਂਦਾ ਹੈ, ਕਿਸੇ ਤੀਰਥ ਦਾ ਇਸ਼ਨਾਨ ਕਰਨ ਦੀ ਲੋੜ ਨਹੀਂ ਰਹਿੰਦੀ। ਉਸ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਵਿਅਕਤੀ ਨੂੰ ਪ੍ਰਭੂ ਦੇ ਦਰਬਾਰ ਵਿੱਚ ਵੀ ਸਤਿਕਾਰ ਮਿਲਦਾ ਹੈ, ਉਸ ਦੀ ਇੱਜ਼ਤ ਕੀਤੀ ਜਾਂਦੀ ਹੈ, ਮਾਣ ਬਖ਼ਸ਼ਿਆ ਜਾਂਦਾ ਹੈ।
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ।। ਪ੍ਰਭ ਕੈ ਸਿਮਰਨਿ ਸੁਫਲ ਫਲਾ ।।
ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲ਼ਾ ਇਨਸਾਨ ਜਿੰਦਗੀ ਵਿੱਚ ਕਦੇ ਵੀ ਬੁਰਾ ਕੰਮ ਨਹੀਂ ਕਰਦਾ ਕਿਉਂਕਿ ਸਭ ਦਾ ਭਲਾ ਲੋਚਣਾ ਉਸ ਦਾ ਸੁਭਾਅ ਬਣ ਜਾਂਦਾ ਹੈ। ਉਸ ਦੇ ਕੀਤੇ ਹਰ ਕੰਮ ਨੂੰ ਸ਼ੁਭ ਫਲ਼ ਹੀ ਲੱਗਦੇ ਹਨ, ਅਰਥਾਤ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਇਹ ਅਰਥ ਵੀ ਕਰ ਸਕਦੇ ਹਾਂ ਕਿ ਉਸ ਦੀ ਜ਼ਿੰਦਗੀ  ਵਿੱਚ ਜੋ ਵੀ ਹੁੰਦਾ ਹੈ, ਉਹ ਉਸ ਨੂੰ ਭਲਾ ਹੀ ਸਮਝਦਾ ਹੈ ਕਿਉਂਕਿ ਉਹ ਪ੍ਰਮਾਤਮਾ ਦੀ ਰਜ਼ਾ ਹੈ। ਉਸ ਦੇ ਕੀਤੇ ਕਰਮਾਂ ਦਾ ਜੋ ਵੀ ਫਲ਼ ਉਸ ਨੂੰ ਮਿਲਦਾ ਹੈ ਉਹ ਉਸ ਨੂੰ ਚੰਗਾ ਹੀ ਸਮਝਦਾ ਹੈ। ਜੋ ਵੀ ਵਾਹਿਗੁਰੂ ਕਰਦਾ ਹੈ, ਉਹ ਉਸ ਨੂੰ ਖੁਸ਼ੀ ਖੁਸ਼ੀ ਪ੍ਰਵਾਨ ਕਰਦਾ ਹੈ।
ਸੇ ਸਿਮਰਹਿ ਜਿਨ ਆਪਿ ਸਿਮਰਾਏ ।। ਨਾਨਕ ਤਾ ਕੈ ਲਾਗਉ ਪਾਏ ।। ।।
ਪ੍ਰੰਤੂ ਉਸ ਦੇ ਨਾਮ ਦਾ ਸਿਮਰਨ ਉਨ੍ਹਾਂ ਲੋਕਾਂ ਨੂੰ ਨਸੀਬ ਹੁੰਦਾ ਹੈ ਜਿਨ੍ਹਾਂ ਨੂੰ ਉਹ ਆਪ ਅਜਿਹਾ  ਕਰਨ ਦੀ ਸੁਮੱਤ ਬਖ਼ਸ਼ਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਇਹੋ ਜਿਹੇ ਇਨਸਾਨ ਬਹੁਤ ਮਹਾਨ ਹੁੰਦੇ ਹਨ ਅਤੇ ਉਹ ਅਜਿਹੀਆਂ ਪਵਿੱਤਰ ਰੂਹਾਂ ਦੇ ਪੈਰਾਂ ਤੇ ਨਮਸ਼ਕਾਰ ਕਰਦੇ ਹਨ।
ਪ੍ਰਭ ਕਾ ਸਿਮਰਨੁ ਸਭ ਤੇ ਊਚਾ ।। ਪ੍ਰਭ ਕੈ ਸਿਮਰਨਿ ਉਧਰੈ ਮੂਚਾ ।।
ਪ੍ਰਭੂ ਦਾ ਸਿਮਰਨ ਸੰਸਾਰ ਦੀ ਸਭ ਤੋਂ ਉੱਤਮ ਅਤੇ ਕੀਮਤੀ ਵਸਤੂ ਹੈ, ਇਸ ਤੋਂ ਵੱਧ ਕੀਮਤੀ ਅਤੇ ਚੰਗੀ ਵਸਤੂ ਹੋਰ ਕੋਈ ਨਹੀਂ ਹੋ ਸਕਦੀ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਮਹਾਨ ਬਣ ਜਾਂਦਾ ਹੈ ਅਤੇ ਉਸ ਦਾ ਉਧਾਰ ਹੋ ਜਾਂਦਾ ਹੈ, ਉਸ ਦਾ ਜੀਵਨ ਸਫ਼ਲ ਹੋ ਜਾਂਦਾ ਹੈ।
ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ।। ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ।।
ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਨਾਲ਼ ਤ੍ਰਿਸ਼ਨਾ  ਖ਼ਤਮ ਹੋ ਜਾਂਦੀ ਹੈ, ਕਿਸੇ ਵੀ ਸੰਸਾਰਕ ਪਦਾਰਥ ਦੀ ਇੱਛਾ ਨਹੀਂ  ਰਹਿੰਦੀ, ਜੀਵ ਸੰਪੂਰਨ ਤੌਰ ਤੇ ਸੰਤੁਸ਼ਟ ਹੋ ਜਾਂਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਨਾਲ਼ ਸਾਰੇ ਹੀ ਮਸਲਿਆਂ ਨੂੰ ਹੱਲ ਕਰਨ ਦੀ ਸਮਝ ਆ ਜਾਂਦੀ ਹੈ। ਸਿਮਰਨ ਕਰਨ ਵਾਲ਼ੇ ਇਨਸਾਨ ਦੇ ਜੀਵਨ ਦੀਆਂ ਸਭ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ।
ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ।। ਪ੍ਰਭ ਕੈ ਸਿਮਰਨਿ ਪੂਰਨ ਆਸਾ ।।
ਪ੍ਰਭੂ ਦਾ ਸਿਮਰਨ ਕਰਨ ਨਾਲ਼ ਜਮ ਦਾ ਡਰ ਖ਼ਤਮ ਹੋ ਜਾਂਦਾ ਹੈ, ਉਸ ਦਾ ਸਿਮਰਨ ਕਰਨ ਵਾਲ਼ੇ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਸਿਮਰਨ ਕਰਨ ਵਾਲ਼ੇ ਦੀਆਂ ਸਮਸਤ ਇੱਛਾਵਾਂ ਪੂਰੀਆਂ ਹੁੰਦੀਆਂ ਹਨ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ।
ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ।। ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ।।
ਪ੍ਰਭੂ ਦੇ ਨਾਮ ਦੇ ਸਿਮਰਨ ਨਾਲ਼ ਮਨ ਤੋਂ ਵਿਕਾਰਾਂ ਦੀ ਸਾਰੀ ਮੈਲ਼ ਦੂਰ ਹੋ ਜਾਂਦੀ ਹੈ, ਮਨ ਪਵਿੱਤਰ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਦਾ ਅੰਮ੍ਰਿਤ ਰੂਪੀ ਨਾਮ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸਿਮਰਨ ਕਰਨ ਵਾਲ਼ਾ ਇਨਸਾਨ ਹਰ ਵੇਲ਼ੇ ਉਸ ਦੇ ਨਾਮ ਨਾਲ਼ ਜੁੜਿਆ ਰਹਿੰਦਾ ਹੈ, ਵਿਸ਼ੇ ਵਿਕਾਰਾਂ ਵੱਲ ਉਸ ਦਾ ਧਿਆਨ ਹੀ ਨਹੀਂ ਜਾਂਦਾ। ਉਸ ਦਾ ਧਿਆਨ ਤਾਂ ਹਰ ਵਕਤ ਪ੍ਰਮਾਤਮਾ ਦੇ ਪਾਕ ਨਾਮ ਨਾਲ਼ ਹੀ ਜੁੜਿਆ ਰਹਿੰਦਾ ਹੈ।
ਪ੍ਰਭ ਜੀ ਬਸਹਿ ਸਾਧ ਕੀ ਰਸਨਾ ।। ਨਾਨਕ ਜਨ ਕਾ ਦਾਸਨਿ ਦਸਨਾ ।। ।।
ਇਹ ਪ੍ਰਮਾਤਮਾ ਦਾ ਨਾਮ ਸੰਤ ਪੁਰਸ਼ਾਂ ਦੀ ਰਸਨਾ ਤੇ ਵਸਦਾ ਹੈ। ਉਨ੍ਹਾਂ ਦੀ ਜ਼ੁਬਾਨ ਉੱਤੇ ਹਰ ਵੇਲ਼ੇ ਰਾਮ ਦਾ ਨਾਮ ਹੀ ਹੁੰਦਾ ਹੈ, ਉਹ ਕਦੇ ਵੀ ਕਿਸੇ ਹੋਰ ਵਸਤ ਬਾਰੇ ਨਹੀਂ ਸੋਚਦੇ, ਕੋਈ ਇੱਛਾ ਨਹੀਂ ਰੱਖਦੇ। ਗੁਰੂ ਜੀ ਅਰਜ਼ ਕਰਦੇ ਹਨ ਕਿ ਉਹ ਅਜਿਹੇ ਮਹਾਂ ਪੁਰਖਾਂ ਦੇ ਦਾਸਾਂ ਦੇ ਵੀ ਦਾਸ ਬਣ ਕੇ ਰਹਿਣਾ ਚਾਹੁੰਦੇ ਹਨ, ਉਨ੍ਹਾਂ ਦਾ ਬੇਹੱਦ ਸਤਿਕਾਰ ਕਰਦੇ ਹਨ।
ਪ੍ਰਭ ਕਉ ਸਿਮਰਹਿ ਸੇ ਧਨਵੰਤੇ ।। ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ।।
ਦੁਨਿਆਵੀ ਦੌਲਤ ਕਿਸੇ ਨੂੰ ਅਮੀਰ ਨਹੀਂ ਬਣਾਉਂਦੀ, ਜਿਹੜੇ ਇਨਸਾਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਹੀ ਸਹੀ ਅਰਥਾਂ ਵਿੱਚ ਅਮੀਰ ਹੁੰਦੇ ਹਨ। ਸਿਮਰਨ ਕਰਨ ਵਾਲ਼ੇ ਲੋਕ ਹੀ ਸਮਾਜ ਵਿੱਚ ਸਤਿਕਾਰੇ ਜਾਂਦੇ ਹਨ, ਇੱਜ਼ਤ ਦੇ ਪਾਤਰ ਹੁੰਦੇ ਹਨ ।
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ।। ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ।।
ਜਿਹੜੇ ਇਨਸਾਨ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਹਨ ਉਹ ਹੀ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਹਨ, ਉਸ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਹੀ ਸਨਮਾਨ ਮਿਲਦਾ ਹੈ। ਸਿਮਰਨ ਕਰਨ ਵਾਲ਼ੇ ਵਿਅਕਤੀ ਮਹਾਨ ਹੁੰਦੇ ਹਨ ਅਤੇ ਸਮਾਜ ਦੇ ਮੋਹਰੀ ਮੰਨੇ ਜਾਂਦੇ ਹਨ। ਉਹ ਸਮਾਜ ਨੂੰ ਸੇਧ ਦੇਣ ਦਾ ਕੰਮ ਕਰਦੇ ਹਨ।
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ।। ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ।।
ਪ੍ਰਭੂ ਦਾ ਸਿਮਰਨ ਕਰਨ ਵਾਲ਼ੇ ਲੋਕ ਕੇਵਲ ਪ੍ਰਮਾਤਮਾ ਤੇ ਟੇਕ ਰੱਖਦੇ ਹਨ। ਉਹ ਕਿਸੇ ਦੇ ਮੁਹਤਾਜ ਨਹੀਂ ਹੁੰਦੇ, ਉਨ੍ਹਾਂ ਨੂੰ ਕਿਸੇ ਸੰਸਾਰੀ ਮਨੁੱਖ ਤੋਂ ਕੋਈ ਸਹਾਇਤਾ ਮੰਗਣ ਦੀ, ਕਿਸੇ ਅੱਗੇ ਹੱਥ ਅੱਡਣ ਦੀ ਕਦੇ ਲੋੜ ਨਹੀਂ ਪੈਂਦੀ। ਸਿਮਰਨ ਕਰਨ ਵਾਲ਼ੇ ਸੰਸਾਰ ਦੀਆਂ ਸਾਰੀਆਂ ਦਾਤਾਂ ਦੇ ਮਾਲਕ ਹੁੰਦੇ ਹਨ। ਉਹ ਸਹੀ ਅਰਥਾਂ ਵਿੱਚ ਸਾਰੇ ਸੰਸਾਰ ਦੇ ਰਾਜੇ ਹੁੰਦੇ ਹਨ।
ਪ੍ਰਭ ਕਉ ਸਿਮਰਹਿ ਸੇ ਸੁਖ ਵਾਸੀ ।। ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ।।
ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਸਦਾ ਹੀ ਸੁਖੀ ਜੀਵਨ ਬਤੀਤ ਕਰਦੇ ਹਨ, ਉਨ੍ਹਾਂ ਨੂੰ ਕਦੇ ਕੋਈ ਦੁੱਖ ਤਕਲੀਫ ਨਹੀਂ ਆਉਂਦਾ। ਸਿਮਰਨ ਕਰਨ ਵਾਲ਼ੇ ਜੀਵਾਂ ਦਾ ਕਦੇ ਵਿਨਾਸ਼ ਨਹੀਂ ਹੁੰਦਾ, ਉਹ ਅਮਰ ਪਦਵੀ ਪ੍ਰਾਪਤ ਕਰ ਲੈਂਦੇ ਹਨ।
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ।। ਨਾਨਕ ਜਨ ਕੀ ਮੰਗੈ ਰਵਾਲਾ ।। ।।
ਪ੍ਰੰਤੂ ਪ੍ਰਭੂ ਦੇ ਸਿਮਰਨ ਵਿੱਚ ਉਹ ਇਨਸਾਨ ਹੀ ਜੁੜ ਸਕਦੇ ਹਨ ਜਿਨ੍ਹਾਂ ਤੇ ਵਾਹਿਗੁਰੂ ਆਪ ਮਿਹਰਬਾਨ ਹੁੰਦੇ ਹਨ ਗੁਰੂ ਜੀ ਕਹਿੰਦੇ ਹਨ ਕਿ ਉਹ ਅਜਿਹੇ ਨੇਕ ਪੁਰਖਾਂ ਦੇ ਚਰਨਾ ਦੀ ਧੂੜ ਦੇ ਜਾਚਕ ਹਨ, ਜੇ ਅਜਿਹੇ ਮਹਾਂ ਪੁਰਖਾਂ ਦੇ ਚਰਨਾ ਦੀ ਧੂੜ ਉਨ੍ਹਾਂ ਨੂੰ ਮਿਲ ਜਾਵੇ ਤਾਂ ਉਹ ਅਪਣੇ ਆਪ ਨੂੰ ਖੁਸ਼ਕਿਸਮਤ ਸਮਝਣਗੇ।
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ।। ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ
ਪ੍ਰਭੂ ਦਾ ਸਿਮਰਨ ਕਰਨ ਵਾਲ਼ੇ ਲੋਕ ਸਵਾਰਥੀ ਨਹੀਂ ਹੁੰਦੇ, ਉਹ ਸਦਾ ਦੂਜਿਆਂ ਦਾ ਭਲਾ ਸੋਚਦੇ ਹਨ ਅਤੇ ਕਰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਉਹ ਅਜਿਹੇ ਇਨਸਾਨਾਂ ਤੋਂ ਸਦਾ ਹੀ ਕੁਰਬਾਨ ਜਾਂਦੇ ਹਨ।
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ।। ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ।।
ਪ੍ਰਭੂ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਬੰਦਿਆਂ ਦੇ ਮੁੱਖ ਸੋਹਣੇ ਹੁੰਦੇ ਹਨ, ਉਨ੍ਹ ਦੇ ਚਿਹਰੇ ਉੱਤੇ ਹਮੇਸ਼ਾ ਜਲਾਲ ਬਣਿਆਂ ਰਹਿੰਦਾ ਹੈ। ਸਿਮਰਨ ਕਰਨ ਵਾਲ਼ੇ ਇਨਸਾਨਾਂ ਦਾ ਜੀਵਨ ਸਦਾ ਸੁਖ ਅਤੇ ਸ਼ਾਂਤੀ ਵਿੱਚ ਬਤੀਤ ਹੁੰਦਾ ਹੈ, ਉਹ ਕਦੇ ਵੀ ਮਾਨਸਿਕ ਕਲਪਣਾ ਦਾ ਸ਼ਿਕਾਰ ਨਹੀਂ ਹੁੰਦੇ।
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ।। ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ।।
ਪ੍ਰਭੂ ਦਾ ਸਿਮਰਨ ਕਰਨ ਵਾਲ਼ੇ ਵਿਅਕਤੀ ਅਪਣੇ ਮਨ ਉੱਤੇ ਜਿੱਤ ਪ੍ਰਾਪਤ ਕਰ ਲੈਂਦੇ ਹਨ, ਉਹ ਮਾਨਸਿਕ ਵਿਕਾਰਾਂ ਦੇ ਗੁਲਾਮ ਹੋਣ ਦੀ ਥਾਂ ਉਨ੍ਹਾਂ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਨਾਲ਼ ਜੁੜੇ ਰਹਿੰਦੇ ਹਨ। ਸਿਮਰਨ ਕਰਨ ਵਾਲ਼ੇ ਲੋਕਾਂ ਦਾ ਜੀਵਨ ਢੰਗ ਪਾਕ, ਪਵਿੱਤਰ ਹੁੰਦਾ ਹੈ, ਉਹ ਕਦੇ ਵੀ ਕੋਈ ਗ਼ਲਤ ਕੰਮ ਨਹੀਂ ਕਰਦੇ।
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ।। ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ।।
ਸਿਮਰਨ ਕਰਨ ਵਾਲ਼ੇ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਦੀ ਭਰਮਾਰ ਹੁੰਦੀ ਹੈ, ਉਹ ਸਦਾ ਹੀ ਅਨੰਦਮਈ ਜੀਵਨ ਬਤੀਤ ਕਰਦੇ ਹਨ। ਸਿਮਰਨ ਕਰਨ ਵਾਲ਼ੇ ਇਨਸਾਨ ਸਦਾ ਹੀ ਪ੍ਰਮਾਤਮਾ ਨਾਲ਼ ਨੇੜਤਾ ਬਣਾਈ ਰੱਖਦੇ ਹਨ, ਉਸ ਤੋਂ ਦੂਰ ਨਹੀਂ ਹੁੰਦੇ। ਉਹ ਹਮੇਸ਼ਾਂ ਹੀ ਪ੍ਰਮਾਤਮਾ ਨੂੰ ਅਪਣੇ ਅੰਗ ਸੰਗ ਮਹਿਸੂਸ ਕਰਦੇ ਹਨ।
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ।। ਨਾਨਕ ਸਿਮਰਨੁ ਪੂਰੈ ਭਾਗਿ ।। ।।
ਸੰਤ ਪੁਰਖਾਂ ਦੀ ਮਿਹਰ ਦੇ ਨਾਲ਼ ਪ੍ਰਮਾਤਮਾ ਦਾ ਸਿਮਰਨ ਕਰਨ ਵਾਲ਼ੇ ਲੋਕਾਂ ਨੂੰ ਇਹ ਸਮਰਥਾ ਪ੍ਰਾਪਤ ਹੋ ਜਾਂਦੀ ਹੈ ਕਿ ਉਨ੍ਹਾਂ ਦਾ ਮਨ ਸਦਾ ਸਾਵਧਾਨ ਰਹਿੰਦਾ ਹੈ, ਉਹ ਹਰ ਦਿਨ, ਹਰ ਵੇਲ਼ੇ ਪ੍ਰਭੂ ਭਗਤੀ ਦੇ ਅਪਣੇ ਫ਼ਰਜ਼ ਪ੍ਰਤੀ ਸੁਚੇਤ ਰਹਿੰਦੇ ਹਨ, ਇੱਕ ਪਲ ਲਈ ਵੀ ਉਸ ਨੂੰ ਨਹੀਂ ਭੁੱਲਦੇ। ਪ੍ਰੰਤੂ ਦਾ ਨਾਮ ਸਿਮਰਨ ਦੀ ਇਹ ਦਾਤ ਵੱਡੇ ਭਾਗਾਂ ਨਾਲ਼ ਪ੍ਰਾਪਤ ਹੁੰਦੀ ਹੈ। ਇਹ ਬਖ਼ਸ਼ਿਸ਼ ਕੇਵਲ ਉਨ੍ਹਾਂ ਤੇ ਹੁੰਦੀ ਹੈ ਜਿਨ੍ਹਾਂ ਦੀ ਕਿਸਮਤ ਬਹੁਤ ਚੰਗੀ ਹੁੰਦੀ ਹੈ।
ਪ੍ਰਭ ਕੈ ਸਿਮਰਨਿ ਕਾਰਜ ਪੂਰੇ ।। ਪ੍ਰਭ ਕੈ ਸਿਮਰਨਿ ਕਬਹੁ ਨ ਝੂਰੇ ।।
ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਵਾਲ਼ੇ ਜੀਵਾਂ ਦੇ ਜੀਵਨ ਦੇ ਸਾਰੇ ਕਾਰਜ ਨਿਰਵਿਘਨ ਨੇਪਰੇ ਚੜ੍ਹ ਜਾਂਦੇ ਹਨ। ਕਦੇ ਵੀ ਕਿਸੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਂਦੀਜੇ ਇਨਸਾਨ ਪ੍ਰਭੂ ਦੇ ਨਾਮ ਦਾ ਸਿਮਰਨ ਕਰਦਾ ਰਹੇ ਤਾਂ ਉਸ ਨੂੰ ਜ਼ਿੰਦਗੀ ਵਿੱਚ ਕਦੇ ਵੀ ਪਛਤਾਉਣਾ ਨਹੀਂ ਪੈਂਦਾ।
ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ ।। ਪ੍ਰਭ ਕੈ ਸਿਮਰਨਿ ਸਹਿਜਿ ਸਮਾਨੀ ।।
ਪ੍ਰਮਾਤਮਾ ਦਾ ਸਿਮਰਨ ਕਰਨ ਨਾਲ਼ ਇਨਸਾਨ ਨੂੰ ਏਨੀ ਸੁਮੱਤ ਆ ਜਾਂਦੀ ਹੈ ਕਿ ਉਹ ਹਰ ਵੇਲ਼ੇ ਉਸ ਮਾਲਕ ਦੇ ਗੁਣਾਂ ਦਾ ਗਾਇਨ ਅਪਣੀ ਰਸਨਾ ਤੋਂ ਕਰਦਾ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ਼ ਇਨਸਾਨ ਦਾ ਮਨ ਸਦਾ ਸਹਿਜ ਅਵਸਥਾ ਵਿੱਚ ਟਿਕਿਆ ਰਹਿੰਦਾ ਹੈ, ਇਧਰ ਉਧਰ ਭਟਕਦਾ ਨਹੀਂ, ਡਿਕ ਡੋਲੇ ਨਹੀਂ ਖਾਂਦਾ, ਕਦੇ ਕੋਈ ਤੇ ਕਦੇ ਕੋਈ ਸਹਾਰਾ ਨਹੀਂ ਭਾਲ਼ਦਾ।
ਪ੍ਰਭ ਕੈ ਸਿਮਰਨਿ ਨਿਹਚਲ ਆਸਨੁ ।। ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ ।।
ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਨਾਲ਼ ਜੀਵ ਨੂੰ ਅਡੋਲ ਅਵਸਥਾ ਦੀ ਪਰਾਪਤੀ ਹੋ ਜਾਂਦੀ ਹੈ। ਉਸ ਦਾ ਇਰਾਦਾ ਦ੍ਰਿੜ੍ਹ ਹੋ ਜਾਂਦਾ ਹੈ ਅਤੇ ਉਸ ਦਾ ਪ੍ਰਮਾਤਮਾ ਵਿੱਚ ਵਿਸ਼ਵਾਸ਼ ਕਦੇ ਨਹੀਂ ਡੋਲਦਾ। ਸਿਮਰਨ ਦੀ ਸ਼ਕਤੀ ਦੇ ਨਾਲ਼ ਇਨਸਾਨ ਦਾ ਮਨ ਹਮੇਸ਼ਾਂ ਕਮਲ ਦੇ ਫੁੱਲ ਦੀ ਤਰਾਂ ਖਿੜਿਆ ਰਹਿੰਦਾ ਹੈ, ਉਸ ਦੀ ਜ਼ਿੰਦਗੀ ਖੁਸ਼ੀਆਂ ਨਾਲ਼ ਭਰਪੂਰ ਹੋ ਜਾਂਦੀ ਹੈ।
ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ ।। ਸੁਖ ਪ੍ਰਭ ਸਿਮਰਨ ਕਾ ਅੰਤੁ ਨ ਪਾਰ ।।
ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਆਦਮੀ ਨੂੰ ਦੈਵੀ ਸੰਗੀਤ, ਅਜਿਹਾ ਸੰਗੀਤ ਜਿਸ ਨੂੰ ਪੈਦਾ ਕਰਨ ਲਈ ਕਿਸੇ ਮਾਧਿਅਮ ਵਿੱਚ ਕੋਈ ਥਰਥਰਾਹਟ ਪੈਦਾ ਕਰਨ ਦੀ ਲੋੜ ਨਹੀਂ ਹੁੰਦੀ, ਸੁਣਾਈ ਦੇਣ ਲੱਗ ਪੈਂਦਾ ਹੈ ਜਿਸ ਦਾ ਅਨੁਭਵ ਕੰਨਾਂ ਨੂੰ ਨਹੀਂ ਬਲਕਿ ਮਨ ਅਤੇ ਆਤਮਾ ਨੂੰ ਹੁੰਦਾ ਹੈ। ਉਸ ਦਾ ਸਿਮਰਨ ਕਰਨ ਨਾਲ਼ ਅਨੰਤ ਖੁਸ਼ੀ ਪ੍ਰਾਪਤ ਹੁੰਦੀ ਹੈ ਜਿਸ ਦਾ ਕੋਈ ਹਿਸਾਬ ਕਿਤਾਬ ਨਹੀਂ ਲਗਾਇਆ ਜਾ ਸਕਦਾ, ਜਿਸ ਦੀ ਕੋਈ ਸੀਮਾ ਨਹੀਂ।
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ।। ਨਾਨਕ ਤਿਨ ਜਨ ਸਰਨੀ ਪਇਆ ।। ।।
ਪ੍ਰੰਤੂ ਉਸ ਮਾਲਕ ਦੇ ਨਾਮ ਦੇ ਸਿਮਰਨ ਦੀ ਦਾਤ ਉਨ੍ਹਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਤੇ ਉਸ ਦੀ ਕ੍ਰਿਪਾ ਹੋ ਜਾਂਦੀ ਹੈ। ਪ੍ਰਮਾਤਮਾ ਦੀ ਮਿਹਰ ਤੋਂ ਬਿਨਾਂ ਇਹ ਦਾਤ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ। ਗੁਰੂ ਜੀ ਕਹਿੰਦੇ ਹਨ ਕਿ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ ਉਹ ਲੋਕ ਧੰਨ ਹੁੰਦੇ ਹਨ ਅਤੇ ਮੈਂ ਅਜਿਹੇ ਮਹਾਨ ਪੁਰਖਾਂ ਦੀ ਸ਼ਰਨ ਦਾ ਜਾਚਕ ਹਾਂ, ਮੈਂ ਅਪਣੇ ਧੰਨ ਭਾਗ ਸਮਝਾਂਗਾ ਜੇ ਉਹ ਮੈਨੂੰ ਅਪਣੀ ਸ਼ਰਨ ਵਿੱਚ ਲੈ ਲੈਣ।
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ।। ਹਰਿ ਸਿਮਰਨਿ ਲਗਿ ਬੇਦ ਉਪਾਏ ।।
ਹਰੀ ਦੇ ਨਾਮ ਦਾ ਸਿਮਰਨ ਕਰ ਕੇ ਹੀ ਭਗਤ ਪ੍ਰਗਟ ਹੋਏ ਹਨ ਅਰਥਾਤ ਹਰੀ ਦੇ ਨਾਮ ਦਾ ਸਿਮਰਣ ਕਰਨ ਨੇ ਹੀ ਕੁਝ ਇਨਸਾਨਾਂ ਨੂੰ ਭਗਤ ਹੋਣ ਦਾ ਦਰਜਾ ਦਿੱਤਾ ਹੈ। ਹਰੀ ਦੇ ਨਾਮ ਦਾ ਸਿਮਰਨ ਕਰ ਕਰ ਕੇ ਹੀ ਰਿਸ਼ੀਆਂ ਮੁਨੀਆਂ ਨੇ ਵੇਦਾਂ ਦੀ ਰਚਨਾ ਕੀਤੀ ਹੈ ਭਾਵ ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ਼ ਹੀ ਉਨ੍ਹਾਂ ਨੂੰ ਉਹ ਗਿਆਨ ਪ੍ਰਾਪਤ ਹੋਇਆ ਹੈ ਜਿਹੜਾ ਉਨ੍ਹਾਂ ਨੇ ਵੇਦਾਂ ਵਿੱਚ ਅੰਕਿਤ ਕੀਤਾ ਹੈ।
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ।। ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ।।
ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ਼ ਹੀ ਕੁਝ ਮਹਾਂ ਪੁਰਖਾਂ ਨੂੰ ਕਰਾਮਾਤੀ ਸ਼ਕਤੀਆਂ ਪ੍ਰਾਪਤ ਹੋਈਆਂ ਹਨ। ਹਰੀ ਦੇ ਨਾਮ ਦੀ ਬਰਕਤ ਸਦਕਾ ਹੀ ਕੁਝ ਮਹਾਂ ਪੁਰਖ ਅਪਣੇ ਇੰਦਰਿਆਂ ਨੂੰ ਵਸ ਕਰਨ ਵਿੱਚ ਕਾਮਯਾਬ ਹੋਏ ਹਨ। ਉਸ ਦੇ ਨਾਮ ਦੀ ਦਿੱਤੀ ਹੋਈ ਸ਼ਕਤੀ ਦਾ ਸਦਕਾ ਹੀ ਕੁਝ ਲੋਕ ਮਹਾਂ ਦਾਨੀ ਬਣ ਸਕੇ ਹਨ। ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਸਦਕਾ ਹੀ ਸਮਾਜ ਵਿੱਚ ਨੀਂਵੇਂ ਵਰਗ ਦੇ ਕਹੇ ਜਾਣ ਵਾਲ਼ੇ ਲੋਕ ਵੀ ਏਨੇ ਮਹਾਨ ਬਣ ਜਾਂਦੇ ਹਨ ਕਿ ਉਨ੍ਹਾਂ ਦੀ ਮਹਿਮਾ ਚਹੁੰਆਂ ਦਿਸ਼ਾਵਾਂ ਵਿੱਚ ਹੋਣ ਲੱਗ ਪੈਂਦੀ ਹੈ।
ਹਰਿ ਸਿਮਰਨਿ ਧਾਰੀ ਸਭ ਧਰਨਾ ।। ਸਿਮਰਿ ਸਿਮਰਿ ਹਰਿ ਕਾਰਨ ਕਰਨਾ ।।
ਹਰੀ ਦੇ ਨਾਮ ਦੇ ਸਿਮਰਨ ਦੇ ਸਹਾਰੇ ਹੀ ਇਸ ਸ੍ਰਿਸ਼ਟੀ ਦੇ ਸਾਰੇ ਕਾਰਜ ਚੱਲਦੇ ਹਨ। ਸਮੁੱਚੀ ਸ੍ਰਿਸ਼ਟੀ ਦੇ ਜੀਵਨ ਦਾ ਸਹਾਰਾ ਹਰੀ ਦੇ ਨਾਮ ਦਾ ਸਿਮਰਨ ਹੀ ਹੈ।  ਹਰੀ ਦੇ ਨਾਮ ਦਾ ਸਿਮਰਨ ਕਰ ਕਰ ਕੇ ਹੀ ਕਰਤਾ ਪੁਰਖ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।
ਹਰਿ ਸਿਮਰਨਿ ਕੀਓ ਸਗਲ ਅਕਾਰਾ ।। ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ।।
ਹਰੀ ਦੇ ਨਾਮ ਦੇ ਸਿਮਰਨ ਰਾਹੀਂ ਹੀ ਸਿਰਜਣਹਾਰ ਨੇ ਸ੍ਰਿਸ਼ਟੀ ਦੇ ਵਿੱਚ ਦੇਖੇ ਜਾਣ ਵਾਲ਼ੇ ਸਾਰੇ ਦ੍ਰਿਸ਼ਟਮਾਨ ਪਦਾਰਥਾਂ ਦੀ ਰਚਨਾ ਕੀਤੀ ਹੈ। ਹਰੀ ਦੇ ਨਾਮ ਦੇ ਸਿਮਰਨ ਵਿੱਚ ਨਿਰੰਕਾਰ ਪਾਰਬ੍ਰਹਮ ਆਪ ਵਸਦਾ ਹੈ।
ਕਰਿ ਕਿਰਪਾ ਜਿਸੁ ਆਪਿ ਬੁਝਾਇਆ ।। ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ।। ।। ।।
ਜਿਸ ਇਨਸਾਨ ਦੇ ਉੱਤੇ ਪਰਮ ਪਿਤਾ ਪ੍ਰਮਾਤਮਾ ਆਪ ਕਿਰਪਾ ਕਰ ਕੇ ਉਸ ਨੂੰ ਸੱਚਾ ਗੁਰੂ ਮਿਲਾ ਦਿੰਦਾ ਹੈ ਉਸ ਨੂੰ ਗੁਰੂ ਦੇ ਉਪਦੇਸ਼ ਰਾਹੀਂ ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਮਹੱਤਵ ਸਮਝ ਆ ਜਾਂਦਾ ਹੈ ਅਤੇ ਉਹ ਸਿਮਰਨ ਕਰਨ ਲੱਗ ਪੈਂਦਾ ਹੈ। ਬਿਨਾਂ ਸੱਚੇ ਗੁਰੂ ਨਾਲ਼ ਮਿਲਾਪ ਦੇ ਇਨਸਾਨ ਨੂੰ ਇਹ ਸੋਝੀ ਨਹੀਂ ਆਉਂਦੀ ਅਤੇ ਸੱਚੇ ਗੁਰੂ ਦਾ ਮਿਲਾਪ ਵਾਹਿਗੁਰੂ ਦੀ ਮਿਹਰ ਸਦਕਾ ਹੁੰਦਾ ਹੈ। ਇੰਝ ਕਹਿ ਲਵੋ ਕਿ ਹਰੀ ਦੇ ਸਿਮਰਨ ਦੀ ਪ੍ਰਾਪਤੀ ਵੀ ਪ੍ਰਮਾਤਮਾ ਦੀ ਬਖ਼ਸ਼ਿਸ਼ ਰਾਹੀਂ ਹੀ ਹੁੰਦੀ ਹੈ।

No comments:

Post a Comment