Friday 17 July 2020

ਅਰਥ - ਸੁਖਮਨੀ ਸਾਹਿਬ ਅਸ਼ਟਪਦੀ - 2


ਸਲੋਕੁ ।।
ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ ।। ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ।। ।।
ਹੇ ਪ੍ਰਭੂ, ਤੁਸੀਂ ਕਮਜ਼ੋਰ ਅਤੇ ਬੇਸਹਾਰਾ ਲੋਕਾਂ ਦੇ ਦੁੱਖਾਂ ਦਰਦਾਂ ਦਾ ਨਾਸ਼ ਕਰਨ ਵਾਲ਼ੇ ਹੋ ਅਤੇ ਅਨਾਥਾਂ ਦੇ ਨਾਥ ਹੋ। ਜਿਨ੍ਹਾਂ ਦਾ ਹੋਰ ਕੋਈ ਸਹਾਰਾ ਨਹੀਂ, ਉਨ੍ਹਾਂ ਦਾ ਲਹਾਰਾ ਤੁਸੀਂ ਹੋ। ਤੁਸੀਂ ਹਰ ਇੱਕ ਜੀਵ ਦੇ ਅੰਦਰ ਵਸਦੇ ਹੋ। ਮੈਂ (ਨਾਨਕ) ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਿਰਪਾ ਕਰਨਾ, ਮੇਰੇ ਮਾਲਕ, ਸਦਾ ਮੇਰੇ ਅੰਗ ਸੰਗ ਰਹਿਣਾ।
ਅਸਟਪਦੀ ।।
ਜਹ ਮਾਤ ਪਿਤਾ ਸੁਤ ਮੀਤ ਨ ਭਾਈ ।। ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ।।
ਹੇ ਮੇਰੇ ਮਨ, ਜਿੱਥੇ ਸਾਰੇ ਸੰਸਾਰਕ ਰਿਸ਼ਤੇ ਇਨਸਾਨ ਦਾ ਸਾਥ ਛੱਡ ਜਾਂਦੇ ਹਨ, ਮਾਤਾ, ਪਿਤਾ, ਪੁੱਤਰ, ਭੈਣ ਭਾਈ ਕੋਈ ਵੀ ਨਾਲ਼ ਨਹੀਂ ਜਾਂਦਾ, ਉੱਥੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ਼ ਜਾਂਦਾ ਹੈ ਅਤੇ ਤੇਰੀ ਸਹਾਇਤਾ ਕਰਦਾ ਹੈ।
ਜਹ ਮਹਾ ਭਇਆਨ ਦੂਤ ਜਮ ਦਲੈ ।। ਤਹ ਕੇਵਲ ਨਾਮੁ ਸੰਗਿ ਤੇਰੈ ਚਲੈ ।।
ਜਿੱਥੇ ਬੇਹੱਦ ਡਰਾਉਣੇ ਜਮਾਂ ਦੇ ਦੂਤ ਜੀਵਾਂ ਨੂੰ ਪੈਰਾਂ ਹੇਠ ਕੁਚਲਦੇ ਹਨ, ਉੱਥੇ ਕੇਵਲ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ਼ ਜਾਂਦਾ ਹੈ, ਹੋਰ ਕੋਈ ਤੇਰੇ ਨਾਲ਼ ਨਹੀਂ ਜਾਂਦਾ।
ਜਹ ਮੁਸਕਲ ਹੋਵੈ ਅਤਿ ਭਾਰੀ ।। ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ।।
ਜਿੱਥੇ ਜੀਵ ਨੂੰ ਵੱਡੀਆਂ ਵੱਡੀਆਂ ਮੁਸੀਬਤਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪ੍ਰਮਾਤਮਾ ਦਾ ਨਾਮ ਇੱਕ ਪਲ ਵਿੱਚ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦਾ ਹੈ ਅਤੇ ਤੁਹਾਨੂੰ ਬਚਾ ਲੈਂਦਾ ਹੈ, ਤੁਹਾਡਾ ਉਧਾਰ ਕਰ ਦਿੰਦਾ ਹੈ।
ਅਨਿਕ ਪੁਨਹਚਰਨ  ਕਰਤ ਨਹੀ ਤਰੈ ।। ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ।।
ਅਪਣੇ ਪਾਪਾਂ ਦੀ ਸਜ਼ਾ ਤੋਂ ਬਚਣ ਲਈ ਅਸੀਂ ਅਨੇਕਾਂ ਤਰੀਕਿਆਂ ਨਾਲ਼ ਪਸ਼ਚਾਤਾਪ ਕਰਦੇ ਹਾਂ ਪ੍ਰੰਤੂ ਇਹ ਪਸ਼ਚਾਤਾਪ ਸਾਨੂੰ ਬਚਾ ਨਹੀਂ ਸਕਦੇ। ਪ੍ਰੰਤੂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕ੍ਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਅਤੇ ਸਾਨੂੰ ਬਚਾ ਲੈਂਦਾ ਹੈ।
ਗੁਰਮੁਖਿ ਨਾਮੁ ਜਪਹੁ ਮਨ ਮੇਰੇ ।। ਨਾਨਕ ਪਾਵਹੁ ਸੂਖ ਘਨੇਰੇ ।। ।।
ਹੇ ਮੇਰੇ ਮਨ, ਗੁਰਮੁਖਾਂ ਦੀ ਸੰਗਤ ਵਿੱਚ ਦਾ ਕੇ. ਗੁਰੂ ਦੇ ਲੜ ਲੱਗ ਕੇ ਗੁਰੂ ਤੋਂ ਨਾਮ ਸਿਮਰਨ ਦੀ ਦਾਤ ਪ੍ਰਾਪਤ ਕਰ। ਗੁਰੂ ਜੀ ਕਹਿੰਦੇ ਹਨ ਕਿ ਇਸ ਤਰਾਂ ਕਰਨ ਨਾਲ਼ ਅਥਾਹ ਸੁਖਾਂ ਦੀ ਪ੍ਰਾਪਤੀ ਹੋਵੇਗੀ।
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ।। ਹਰਿ ਕਾ ਨਾਮੁ ਜਪਤ ਹੋਇ ਸੁਖੀਆ ।।
ਜੇ ਕੋਈ ਸਾਰੀ ਦੁਨੀਆਂ ਦਾ ਰਾਜ ਹਾਸਲ ਕਰ ਲਵੇ, ਉਹ ਸੁਖੀ ਨਹੀਂ ਹੋ ਸਕਦਾ। ਪੂਰੇ ਸੰਸਾਰ ਦੇ ਰਾਜੇ ਦੀ ਜ਼ਿੰਦਗੀ ਵੀ ਦੁਖਾਂ ਨਾਲ਼ ਭਰੀ ਹੋਈ ਹੁੰਦੀ ਹੈ। ਪ੍ਰੰਤੂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਨਾਲ਼ ਉਸ ਦੇ ਦੁੱਖ ਕੱਟੇ ਜਾਂਦੇ ਹਨ ਅਤੇ ਉਸ ਦੀ ਜ਼ਿੰਦਗੀ ਸੁਖਾਂ ਨਾਲ਼ ਭਰਪੂਰ ਹੋ ਜਾਂਦੀ ਹੈ।
ਲਾਖ ਕਰੋਰੀ ਬੰਧੁ ਨ ਪਰੈ ।। ਹਰਿ ਕਾ ਨਾਮ ਜਪਤ ਨਿਸਤਰੈ ।।
ਉਹ ਲੱਖਾਂ ਕ੍ਰੋੜਾਂ ਦਾ ਮਾਲਕ ਹੋ ਸਕਦਾ ਹੈ, ਉਸ ਦੇ ਕੋਲ਼ ਅਥਾਹ ਦੌਲਤ ਹੋ ਸਕਦੀ ਹੈ। ਪਰ ਉਸ ਦੀ ਇਹ ਦੌਲਤ ਉਸ ਦੀ ਤ੍ਰਿਸ਼ਨਾ ਨੂੰ ਬੰਨ੍ਹ ਨਹੀਂ ਮਾਰ ਸਕਦੀ। ਸਗੋਂ ਜਿਉਂ ਜਿਉਂ ਉਸ ਦਾ ਧਨ ਵਧਦਾ ਜਾਂਦਾ ਹੈ, ਉਸ ਦੀ ਤ੍ਰਿਸ਼ਨਾ ਵੀ ਵਧਦੀ ਜਾਂਦੀ ਹੈ। ਪਰ ਹਰੀ ਦੇ ਨਾਮ ਦਾ ਸਿਮਰਨ ਉਸ ਦੀ ਤ੍ਰਿਸ਼ਨਾ ਨੂੰ ਖ਼ਤਮ ਕਰ ਕੇ  ਉਸ ਨੂੰ ਇਸ ਤੋਂ ਮੁਕਤ ਕਰ ਦਿੰਦਾ ਹੈ।
ਜਾਂ
ਜਦੋਂ ਲੱਖਾਂ ਕ੍ਰੋੜਾਂ ਯਤਨਾਂ ਦੇ ਬਾਵਜੂਦ ਵੀ ਇਨਸਾਨ ਵਿਕਾਰਾਂ ਦੇ ਵਿਨਾਸ਼ਮਈ ਪ੍ਰਭਾਵ ਨੂੰ ਬੰਨ੍ਹ ਨਾ ਮਾਰ ਸਕੇ ਤਾਂ ਕੇਵਲ ਹਰੀ ਦੇ ਨਾਮ ਦਾ ਸਿਮਰਨ ਹੀ ਉਸ ਨੂੰ ਵਿਕਾਰਾਂ ਤੋਂ ਛੁਟਕਾਰਾ ਦਿਵਾ ਕੇ ਉਸ ਦਾ ਪਾਰ ਉਤਾਰਾ ਕਰ ਸਕਦਾ ਹੈ।
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ।। ਹਰਿ ਕਾ ਨਾਮ ਜਪਤ ਆਘਾਵੈ ।।
ਮਾਇਆ ਦੇ ਅਨੇਕਾਂ ਰੰਗਾਂ ਦਾ ਸਵਾਮੀ ਬਣ ਕੇ ਇਨਸਾਨ ਦੀ ਤ੍ਰਿਸ਼ਨਾ ਦੀ ਪਿਆਸ ਨਹੀਂ ਬੁਝਦੀ। ਮਾਇਆ ਨਾਲ਼ ਜੀਵ ਅਨੇਕਾਂ ਤਰਾਂ ਦੇ ਰੰਗ ਤਮਾਸ਼ੇ ਤਾਂ ਮਾਣ ਸਕਦਾ ਹੈ ਪਰ ਇਹ ਰੰਗ ਤਮਾਸ਼ੇ ਉਸ ਦੀ ਤ੍ਰਿਸ਼ਨਾ ਦਾ ਅੰਤ ਨਹੀਂ ਕਰ ਸਕਦੇ। ਪ੍ਰੰਤੂ ਪ੍ਰਮਾਤਮਾ ਦਾ ਨਾਮ ਜੱਪਣ ਨਾਲ਼ ਉਸਨੂੰ ਪੂਰਨ ਸੰਤੁਸ਼ਟੀ ਪ੍ਰਾਪਤ ਹੋ ਜਾਂਦੀ ਹੈ, ਉਸ ਨੂੰ ਕਿਸੇ ਵੀ ਦੁਨਿਆਵੀ ਪਦਾਰਥ ਦੀ ਇੱਛਾ ਨਹੀਂ ਰਹਿੰਦੀ।
ਜਿਹ ਮਰਗਿ ਇਹੁ ਜਾਤ ਇਕੇਲਾ ।। ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ।।
ਮੌਤ ਦੇ ਰਸਤੇ ਦਾ ਸਫ਼ਰ ਜੀਵ ਨੂੰ ਇਕੱਲਿਆਂ ਹੀ ਕਰਨਾ ਪੈਂਦਾ ਹੈ। ਕੋਈ ਵੀ ਇਸ ਸਫ਼ਰ ਵਿੱਚ ਉਸ ਦਾ ਸਾਥ ਨਹੀਂ ਦੇ ਸਕਦਾ। ਹਰੀ ਦੇ ਨਾਮ ਦਾ ਸਿਮਰਨ ਕਰਨ ਨਾਲ਼ ਇਹ ਔਖਾ ਸਫ਼ਰ ਵੀ ਸੌਖਾ ਹੋ ਜਾਂਦਾ ਹੈ।
ਐਸਾ ਨਾਮੁ ਮਨ ਸਦਾ ਧਿਆਈਐ ।। ਨਾਨਕ ਗੁਰਮੁਖਿ ਪਰਮ ਗਤਿ ਪਾਈਐ ।। ।।
ਹੇ ਮੇਰੇ ਮਨ, ਪ੍ਰਮਾਤਮਾ ਦੇ ਅਜਿਹੇ ਸਮਰੱਥ ਨਾਮ ਨੂੰ ਹਮੇਸ਼ਾ ਧਿਆਨ ਵਿੱਚ ਰੱਖ, ਉਸ ਦਾ ਸਿਮਰਨ ਕਰਦਾ ਰਿਹਾ ਕਰ। ਗੁਰਮੁਖ ਲੋਕਾਂ ਦੀ ਸੰਗਤ ਕਰ ਕੇ, ਗੁਰੂ ਦੇ ਉਪਦੇਸ਼ ਰਾਹੀਂ ਉਸ ਦੇ ਨਾਮ ਸਿਮਰਨ ਨਾਲ਼ ਜੁੜ ਜਾ। ਇਸ ਤਰਾਂ ਕਰਨ ਨਾਲ਼ ਤੈਨੂੰ ਮਹਾਂ ਮੁਕਤੀ (ਪਰਮ ਗਤੀ) ਪ੍ਰਾਪਤ ਹੋ ਜਾਵੇਗੀ।
ਛੂਟਤ ਨਹੀ ਕੋਟਿ ਲਖ ਬਾਹੀ ।। ਨਾਮੁ ਜਪਤ ਤਹ ਪਾਰਿ ਪਰਾਹੀ ।।
ਜਿਨ੍ਹਾਂ ਮੁਸੀਬਤਾਂ ਤੋਂ ਲੱਖਾਂ ਕ੍ਰੋੜਾਂ ਬਾਂਹਾਂ ਦੇ ਜ਼ੋਰ ਨਾਲ਼ ਵੀ ਮੁਕਤੀ ਨਹੀਂ ਪਾਈ ਜਾ ਸਕਦੀ, ਉਸ ਮੁਸ਼ਕਲਾਂ ਦੇ ਸਮੁੰਦਰ ਨੂੰ ਨਾਮ ਦਾ ਸਿਮਰਨ ਕਰ ਕੇ ਸੌਖਿਆਂ ਹੀ ਪਾਰ ਕੀਤਾ ਜਾ ਸਕਦਾ ਹੈ। ਜਿਸ ਮੁਸੀਬਤ ਤੋਂ ਤੁਹਾਡੇ ਕ੍ਰੋੜਾਂ ਭੈਣ, ਭਾਈ, ਦੋਸਤ, ਮਿੱਤਰ, ਰਿਸ਼ਤੇਦਾਰ ਅਤੇ ਹੋਰ ਹਮਦਰਦ ਤੁਹਾਨੂੰ ਬਚਾ ਨਹੀਂ ਸਕਦੇ, ਹਰੀ ਦੇ ਨਾਮ ਦਾ ਸਿਮਰਨ ਤੁਹਾਡਾ ਬਚਾ ਕਰ ਲੈਂਦਾ ਹੈ। ਨਾਮ ਸਿਮਰਨ ਦੀ ਬਰਕਤ ਨਾਲ਼ ਤੁਸੀਂ ਉਸ ਮੁਸੀਬਤ ਦੇ ਸਮੁੰਦਰ ਨੂੰ ਪਾਰ ਕਰ ਸਕਦੇ ਹੋ।
ਅਨਿਕ ਬਿਘਨ ਜਹ ਆਇ ਸੰਘਾਰੈ ।। ਹਰਿ ਕਾ ਨਾਮੁ ਤਤਕਾਲ ਉਧਾਰੈ ।।
ਜਿਸ ਵਿਅਕਤੀ ਨੂੰ ਬੇਸ਼ੁਮਾਰ ਸਮੱਸਿਆਵਾਂ ਆ ਕੇ ਘੇਰ ਲੈਣ ਅਤੇ ਉਸ ਨੂੰ ਕਿਸੇ ਪਾਸੇ ਕੋਈ ਰਸਤਾ ਦਿਖਾਈ ਨਾ ਦੇਵੇ, ਪ੍ਰਮਾਤਮਾ ਦਾ ਨਾਂ ਪਲਾਂ ਛਿਣਾ ਵਿੱਚ ਹੀ ਉਸ ਦਾ ਕਲਿਆਣ ਕਰ ਦਿੰਦਾ ਹੈ, ਸਿਮਰਨ ਸਦਕਾ ਉਸ ਦੀਆਂ ਸਾਰੀਆਂ ਮੁਸ਼ਕਲਾਂ ਅੱਖ ਦੇ ਫੋਰੇ ਵਿੱਚ ਅਲੋਪ ਹੋ ਜਾਂਦੀਆਂ ਹਨ।  
ਅਨਿਕ ਜੋਨਿ ਜਨਮੈ ਮਰਿ ਜਾਮ ।। ਨਾਮੁ ਜਪਤ ਪਾਵੈ ਬਿਸ੍ਰਾਮ ।।
ਜਿਹੜਾ ਜੀਵ ਅਣਗਿਣਤ ਵਾਰ ਜੰਮਦਾ ਅਤੇ ਮਰਦਾ ਰਿਹਾ ਹੈ, ਜਿਸ ਨੇ ਅਨੇਕਾਂ ਹੀ ਜੂਨਾਂ ਭੋਗੀਆਂ ਹਨ, ਉਸ ਨੂੰ ਨਾਮ ਜੱਪਣ ਨਾਲ਼ ਜਨਮ ਮਰਨ ਦੇ ਇਸ ਚੱਕਰ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਉਹ ਟਿਕਾਓ ਪ੍ਰਾਪਤ ਕਰ ਲੈਂਦਾ ਹੈ।
ਹਉ ਮੈਲਾ ਮਲੁ ਕਬਹੁ ਨ ਧੋਵੈ ।। ਹਰਿ ਕਾ ਨਾਮੁ ਕੋਟਿ ਪਾਪ ਖੋਵੈ ।।
ਹੰਕਾਰ ਦੀ ਮੈਲ਼ ਨੂੰ ਕਦੇ ਵੀ, ਕਿਸੇ ਤਰਾਂ ਵੀ ਧੋਤਾ ਨਹੀਂ ਜਾ ਸਕਦਾ। ਹੰਕਾਰ ਵਿੱਚ ਆ ਕੇ ਆਦਮੀ ਬੇਅੰਤ ਪਾਪ ਕਰਦਾ ਹੈ। ਪਰ ਪ੍ਰਮਾਤਮਾ ਦਾ ਨਾਮ ਕ੍ਰੋੜਾਂ ਪਾਪਾਂ ਨੂੰ ਧੋ ਕੇ ਉਸ ਦੇ ਦਾਮਨ ਨੂੰ ਪਾਕ ਪਵਿੱਤਰ ਬਣਾ ਦਿੰਦਾ ਹੈ।
ਐਸਾ ਨਾਮੁ ਜਪਹੁ ਮਨਿ ਰੰਗਿ ।। ਨਾਨਕ ਪਾਈਐ ਸਾਧ ਕੈ ਸੰਗਿ ।। ।।
ਐ ਮੇਰੇ ਮਨ, ਪ੍ਰਭੂ ਦੇ ਇਸ ਮਹਾਨ ਨਾਮ ਨੂੰ ਪੂਰੇ ਪਿਆਰ ਵਿੱਚ ਭਿੱਜ ਕੇ ਜੱਪਿਆ ਕਰ। ਪਰ ਗੁਰੂ ਜੀ ਸਮਝਾਉਂਦੇ ਹਨ ਕਿ ਇਸ ਨਾਮ ਦੀ ਬਖ਼ਸ਼ਿਸ਼ ਸੰਤ ਪੁਰਖਾਂ ਦੀ ਸੰਗਤ ਵਿੱਚੋਂ ਹੀ ਪ੍ਰਾਪਤ ਹੋ ਸਕਦੀ ਹੈ।
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ।। ਹਰਿ ਕਾ ਨਾਮੁ ਊਹਾ ਸੰਗਿ ਤੋਸਾ ।।
ਜਿਹੜਾ ਰਸਤਾ ਏਨਾ ਲੰਮਾ ਹੈ ਕਿ ਇਹ ਦੱਸਣਾ ਵੀ ਸੰਭਵ ਨਹੀਂ ਕਿ ਉਹ ਕਿੰਨੇ ਕੋਹ ਹੈ, ਉਸ ਰਸਤੇ ਦਾ ਸਫ਼ਰ ਕਰਦੇ ਸਮੇ ਪ੍ਰਮਾਤਮਾ ਦਾ ਨਾਮ ਤੇਰੇ ਨਾਲ਼ ਜਾਵੇਗਾ, ਤੇਰੇ ਲਈ ਭੋਜਨ ਦਾ ਕੰਮ ਕਰੇਗਾ, ਤੇਰੀ ਆਤਮਿਕ ਖੁਰਾਕ ਬਣੇਗਾ।
ਜਿਹ ਪੈਡੈ ਮਹਾ ਅੰਧ ਗੁਬਾਰਾ ।। ਹਰਿ ਕਾ ਨਾਮੁ ਸੰਗਿ ਉਜੀਆਰਾ ।।
ਜਿਸ ਰਸਤੇ ਤੇ ਤੂੰ ਅਖੀਰ ਨੂੰ ਜਾਣਾ ਹੈ ਉਹ ਰਸਤਾ ਘੁੱਪ ਹਨੇਰੇ ਨਾਲ਼ ਭਰਿਆ ਹੋਇਆ ਹੈ, ਕੁਝ ਦਿਖਾਈ ਨਹੀਂ ਦਿੰਦਾ ਕਿ ਕਿੱਧਰ ਨੂੰ ਜਾਣਾ ਹੈ ਅਤੇ ਹਨੇਰੇ ਕਾਰਨ ਜੀਵ ਠੋਹਕਰਾਂ ਖਾਂਦਾ ਹੈ ਉਸ ਰਸਤੇ ਤੇ ਚੱਲਦਿਆਂ ਪ੍ਰਮਾਤਮਾ ਦਾ ਨਾਮ ਤੇਰੇ ਰਸਤੇ ਨੂਂ ਚਾਨਣ ਨਾਲ਼ ਭਰ ਦੇਵੇਗਾ ਅਤੇ ਤੈਨੂੰ ਰਸਤਾ ਦਿਖਾਵੇਗਾ ਅਤੇ ਠੋਹਕਰਾਂ ਖਾਣ ਤੋਂ ਬਚਾਏਗਾ।
ਜਹਾ ਪੰਥ ਤੇਰਾ ਕੋ ਨ ਸਿਞਾਨੂ ।। ਹਰਿ ਕਾ ਨਾਮੁ ਤਹ ਨਾਲਿ ਪਛਾਨੂ ।।
ਜਿਸ ਰਸਤੇ ਦਾ ਸਫ਼ਰ ਕਰਦੇ ਸਮੇ ਤੇਰੇ ਨਾਲ਼ ਤੇਰਾ ਕੋਈ ਵੀ ਜਾਣਕਾਰ, ਮਿੱਤਰ, ਦੋਸਤ ਤੇਰੇ ਨਾਲ਼ ਨਹੀਂ ਹੋਵੇਗਾ, ਤੂੰ ਬਿਲਕੁਲ ਇਕੱਲਾ ਹੋਵੇਂਗਾ, ਉਸ ਰਸਤੇ ਦਾ ਸਫ਼ਰ ਕਰਦੇ ਸਮੇ ਪ੍ਰਮਾਤਮਾ ਦਾ ਨਾਮ ਤੇਰਾ ਹਮਸਫ਼ਰ ਬਣਕੇ ਤੇਰੇ ਨਾਲ਼ ਚੱਲੇਗਾ ਅਤੇ ਤੈਨੂੰ ਹੌਸਲਾ ਦੇਵੇਗਾ।
ਜਹ ਮਹਾ ਭਇਆਨ ਤਪਤਿ ਬਹੁ ਘਾਮ ।। ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ।।
ਜਿਹੜਾ ਅਤਿ ਭਿਆਨਕ ਰਸਤਾ ਕੜਾਕੇ ਦੀ ਧੁੱਪ ਕਾਰਨ ਬੇਅੰਤ ਤਪ ਰਿਹਾ ਹੁੰਦਾ ਹੈ ਉਸ ਰਸਤੇ ਦੇ ਸਫ਼ਰ ਦੌਰਾਨ ਹਰੀ ਦਾ ਨਾਮ ਤੇਰੇ ਉੱਪਰ ਛਾਂ ਦਾ ਕੰਮ ਕਰਦਾ ਹੈ ਅਤੇ ਤੇਰੇ ਸਫ਼ਰ ਨੂੰ ਸੁਖਦਾਈ ਬਣਾ ਦਿੰਦਾ ਹੈ।
ਜਹਾ ਤ੍ਰਿਖਾ ਮਨ ਤੁਝੁ ਆਕਰਖੈ ।। ਤਹ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ ।। ।।
ਗੁਰੂ ਜੀ ਦਾ ਫੁਰਮਾਨ ਹੈ ਕਿ ਜਿਸ ਰਸਤੇ ਤੇ ਚੱਲਦਿਆਂ ਤੇਰੇ ਮਨ ਨੂੰ ਕਹਿਰਾਂ ਦੀ ਪਿਆਸ ਵਿਆਕੁਲ ਕਰ ਰਹੀ ਹੋਵੇਗੀ, ਪ੍ਰਮਾਤਮਾ ਦਾ ਜੱਪਿਆ ਹੋਇਆ ਨਾਮ ਤੇਰੇ ਉੱਤੇ ਅੰਮ੍ਰਿਤ ਬਣ ਕੇ ਬਰਸੇਗਾ ਅਤੇ ਤੇਰੀ ਪਿਆਸ ਨੂੰ ਬੁਝਾ ਦੇਵੇਗਾ।
ਭਗਤ ਜਨਾ ਕੀ ਬਰਤਨਿ ਨਾਮੁ ।। ਸੰਤ ਜਨਾ ਕੈ ਮਨਿ ਬਿਸ੍ਰਾਮ ।।
ਭਗਤ ਪੁਰਖਾਂ ਦੀ ਜੀਵਨ ਸ਼ੈਲੀ ਅਜਿਹੀ ਹੁੰਦੀ ਹੈ ਕਿ ਉਹ ਅਪਣਾ ਸਾਰਾ ਸਮਾ ਹਰੀ ਦਾ ਨਾਮ ਜੱਪਣ ਵਿੱਚ ਬਤੀਤ ਕਰਦੇ ਹਨ। ਪ੍ਰਮਾਤਮਾ ਸਦਾ ਉਨ੍ਹਾਂ ਦੇ ਮਨ ਵਿੱਚ ਵਸਿਆ ਰਹਿੰਦਾ ਹੈ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦਾ ਮਨ ਸਦਾ ਟਿਕਾਅ ਵਿੱਚ ਰਹਿੰਦਾ ਹੈ, ਭਟਕਦਾ ਅਤੇ ਡੋਲਦਾ ਨਹੀਂ।
ਹਰਿ ਕਾ ਨਾਮੁ ਦਾਸ ਕੀ ਓਟ ।। ਹਰਿ ਕੈ ਨਾਮਿ ਉਧਰੇ ਜਨ ਕੋਟਿ ।।
ਪ੍ਰਮਾਤਮਾ ਦਾ ਨਾਮ ਉਸ ਦੇ ਸੇਵਕ ਦਾ ਸਹਾਰਾ ਹੁੰਦਾ ਹੈ। ਉਸ ਹਰੀ ਦੇ ਨਾਮ ਦਾ ਸਿਮਰਨ ਕਰ ਕੇ ਕ੍ਰੋੜਾਂ ਹੀ ਲੋਕਾਂ ਦਾ ਕਲਿਆਣ ਹੋਇਆ ਹੈ।
ਹਰਿ ਜਸੁ ਕਰਤ ਸੰਤ ਦਿਨੁ ਰਾਤਿ ।। ਹਰਿ ਹਰਿ ਅਉਖਧੁ ਸਾਧ ਕਮਾਤਿ ।।
ਸੰਤ ਪੁਰਖ ਦਿਨ ਰਾਤ ਪ੍ਰਮਾਤਮਾ ਦੀ ਵਡਿਆਈ ਕਰਦੇ ਰਹਿੰਦੇ ਹਨ। ਉਹ ਹਰ ਵੇਲ਼ੇ ਹਰੀ ਦੇ ਨਾਮ ਦਾ ਸਿਮਰਨ ਕਰਨ ਦੀ ਕਮਾਈ ਕਰਦੇ ਰਹਿੰਦੇ ਹਨ ਜਿਹੜਾ ਕਿ ਉਨ੍ਹਾਂ ਦੇ ਮਨ ਅਤੇ ਤਨ ਦੋਹਾਂ ਦੇ ਲਈ ਦਵਾਈ ਦਾ ਕੰਮ ਕਰਦਾ ਹੈ। ਉਨ੍ਹਾਂ ਨੂੰ ਕਦੇ ਵਿਕਾਰਾਂ ਦਾ ਰੋਗ ਨਹੀਂ ਲੱਗਦਾ।
ਹਰਿ ਜਨ ਕੈ ਹਰਿ ਨਾਮੁ ਨਿਧਾਨੁ ।। ਪਾਰਬ੍ਰਹਮਿ ਜਨ ਕੀਨੋ ਦਾਨ ।।
ਪ੍ਰਮਾਤਮਾ ਦੇ ਦਾਸ ਦੁਨਿਆਵੀ ਦੌਲਤ ਦੀ ਪ੍ਰਵਾਹ ਨਹੀਂ ਕਰਦੇ। ਨਾਮ ਹੀ ਉਨਾਂ ਦਾ ਕੀਮਤੀ ਖ਼ਜ਼ਾਨਾ ਹੁੰਦਾ ਹੈ ਜਿਸ ਦੀ ਬਖ਼ਸ਼ਿਸ਼ ਉਸ ਮਾਲਕ ਨੇ ਆਪ ਉਨ੍ਹਾਂ ਦੇ ਉੱਤੇ ਕੀਤੀ ਹੁੰਦੀ ਹੈ।
ਮਨਿ ਤਨ ਰੰਗਿ ਰਤੇ ਰੰਗ ਏਕੈ ।। ਨਾਨਕ ਜਨ ਕੈ ਬਿਰਤਿ ਬਿਬੇਕੈ ।। ।।
ਗੁਰੂ ਜੀ ਸਾਨੂੰ ਦੱਸਦੇ ਹਨ ਕਿ ਹਰੀ ਦੇ ਸੇਵਕਾਂ ਦਾ ਮਨ ਅਤੇ ਤਨ ਦੋਵੇਂ ਹੀ ਇੱਕੋ ਇੱਕ ਪ੍ਰਮਾਤਮਾ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਕਿਉਂਕਿ ਉਨ੍ਹਾਂ ਦੇ ਮਨ ਵਿੱਚ ਰੱਬੀ ਗਿਆਨ (ਬਿਬੇਕ) ਵਸ  ਜਾਂਦਾ ਹੈ, ਉਨ੍ਹਾਂ ਦੀ ਬਿਰਤੀ ਵਿਵੇਕ ਭਰਪੂਰ ਹੋ ਜਾਂਦੀ ਹੈ
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ।। ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ।।
ਹਰੀ ਦੇ ਨਾਮ ਦਾ ਸਿਮਰਨ ਉਹ ਜੁਗਤੀ ਹੈ ਜਿਸ ਨੂੰ ਵਰਤ ਕੇ ਉਸ ਪ੍ਰਭੂ ਦੇ ਸੇਵਕ ਮੁਕਤੀ ਪ੍ਰਾਪਤ ਕਰ ਲੈਂਦੇ ਹਨਹਰੀ ਦਾ ਨਾਮ ਉਹ ਭੋਜਨ ਹੈ ਜਿਸ ਦਾ ਸੇਵਨ ਕਰਨ ਨਾਲ਼ ਉਨ੍ਹਾਂ ਦੀ ਆਤਮਾ ਤ੍ਰਿਪਤ ਹੋ ਜਾਂਦੀ ਹੈ।
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ।। ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ।।
ਹਰੀ ਦੇ ਨਾਮ ਦਾ ਸਿਮਰਨ ਉਨ੍ਹਾਂ ਦੇ ਤਨ ਅਤੇ ਮਨ ਦੀ ਖੂਬਸੂਰਤੀ ਦਾ ਰਾਜ਼ ਹੁੰਦਾ ਹੈ। ਸਿਮਰਨ ਦੇ ਅਭਿਆਸ ਦੇ ਕਾਰਨ ਉਨ੍ਹਾਂ ਦੇ ਸੁਭਾਅ ਵਿੱਚ ਮਿਠਾਸ ਆ ਜਾਂਦੀ ਹੈ ਅਤੇ ਉਨ੍ਹਾਂ ਦੇ ਚਿਹਰੇ ਤੇ ਗਿਆਨ ਦਾ ਜਲੌ ਬਣਿਆਂ ਰਹਿੰਦਾ ਹੈ। ਹਰੀ ਦੇ ਨਾਮ ਦੇ ਸਿਮਰਨ ਦੀ ਬਰਕਤ ਦਾ ਸਦਕਾ ਉਨ੍ਹਾਂ ਦੇ ਕਿਸੇ ਕਾਰਜ ਵਿੱਚ ਕਦੇ ਵਿਘਨ ਨਹੀਂ ਪੈਂਦਾ।
ਹਰਿ ਕਾ ਨਾਮੁ ਜਨ ਕੀ ਵਡਿਆਈ ।। ਹਰਿ ਕੈ ਨਾਮਿ ਜਨ ਸੋਭਾ ਪਾਈ ।।
ਹਰੀ ਦੇ ਨਾਮ ਦਾ ਸਿਮਰਨ ਕਰਨ ਕਰਕੇ ਹੀ ਹਰੀ ਦੇ ਦਾਸਾਂ ਨੂੰ ਵਡਿਆਈ ਅਤੇ ਸਤਿਕਾਰ ਪ੍ਰਾਪਤ ਹੁੰਦਾ ਹੈ। ਉਸ ਦੇ ਨਾਮ ਦਾ ਸਿਮਰਨ ਕਰਨ ਦਾ ਸਦਕਾ ਹੀ ਉਨ੍ਹਾਂ ਨੂੰ ਹਲਤ ਅਤੇ ਪਲਤ ਦੋਹਾਂ ਜਹਾਨਾਂ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ।
ਹਰਿ ਕਾ ਨਾਮੁ ਜਨ ਕਉ ਭੋਗ ਜੋਗ ।। ਹਰਿ ਨਾਮੁ ਜਪਤ ਕਛੁ ਨਾਹਿ ਬਿਓਗ ।।
ਹਰੀ ਦਾ ਨਾਮ ਹੀ ਉਸ ਦੇ ਸੇਵਕਾਂ ਦੀ ਖੁਰਾਕ ਹੁੰਦਾ ਹੈ ਅਤੇ ਉਸ ਦਾ ਸਿਮਰਨ ਕਰਨਾ ਹੀ ਉਨ੍ਹਾਂ ਦੀ ਭਗਤੀ ਜਾਂ ਜੋਗ ਸਾਧਨਾ ਹੁੰਦੀ ਹੈ ਜੋ ਉਨ੍ਹਾਂ ਨੂੰ ਪ੍ਰਭੂ ਦੇ ਨਾਲ਼ ਮਿਲਾ ਦਿੰਦੀ ਹੈ। ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਸਦਕਾ ਉਨ੍ਹਾਂ ਨੂੰ ਕਦੇ ਵੀ ਵਿਛੋੜੇ ਦਾ ਦੁੱਖ ਮਹਿਸੂਸ ਨਹੀੰ ਹੁੰਦਾ।
ਜਨੁ ਰਾਤਾ ਹਰਿ ਨਾਮੁ ਕੀ ਸੇਵਾ ।। ਨਾਨਕ ਪੂਜੈ ਹਰਿ ਹਰਿ ਦੇਵਾ ।। ।।
ਹਰੀ ਦਾ ਸੇਵਕ ਸਦਾ ਹੀ ਪਿਆਰ ਸਹਿਤ ਹਰੀ ਦੇ ਨਾਮ ਦੇ ਸਿਮਰਨ ਦੀ ਸੇਵਾ ਵਿੱਚ ਮਗਨ ਰਹਿੰਦਾ ਹੈਗੁਰੂ ਜੀ ਦੱਸਦੇ ਹਨ ਕਿ ਹਰੀ ਦਾ ਸੇਵਕ ਉਸ ਪ੍ਰਕਾਸ਼ ਰੂਪ ਸ੍ਰਿਸ਼ਟੀ ਦੇ ਸਮ੍ਰਾਟ ਦੀ ਪੂਜਾ ਵਿੱਚ ਲੱਗਿਆ ਰਹਿੰਦਾ ਹੈ।
ਹਰਿ ਹਰਿ ਜਨ ਕੈ ਮਾਲੁ ਖਜੀਨਾ ।। ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ।।
ਹਰੀ ਦੇ ਸੇਵਕਾਂ ਨੂੰ ਸੰਸਾਰਿਕ ਧਨ ਦੀ ਤ੍ਰਿਸ਼ਨਾ ਨਹੀਂ ਹੁੰਦੀ। ਹਰੀ ਦਾ ਨਾਮ ਉਨ੍ਹਾਂ ਲਈ ਧਨ ਦਾ ਖ਼ਜ਼ਾਨਾ ਹੁੰਦਾ ਹੈ ਇਸ ਖ਼ਜ਼ਾਨੇ ਦੀ ਬਖ਼ਸ਼ਿਸ਼ ਉਨ੍ਹਾਂ ਉੱਤੇ ਪ੍ਰਮਾਤਮਾ ਆਪ ਕਰਦਾ ਹੈ।
ਹਰਿ ਹਰਿ ਜਨ ਕੈ ਓਟ ਸਤਾਣੀ ।। ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ।।
ਹਰੀ ਦਾ ਨਾਮ ਉਸ ਦੇ ਸੇਵਕਾਂ ਦਾ ਅਡੋਲ ਅਤੇ ਮਜ਼ਬੂਤ ਸਹਾਰਾ ਹੁੰਦਾ ਹੈਇਸ ਸਹਾਰੇ ਦੇ ਹੁੰਦਿਆਂ ਉਹ ਹੋਰ ਕਿਸੇ ਸਹਾਰੇ ਦੀ ਆਸ ਨਹੀਂ ਤੱਕਦੇ, ਉਹ ਦੁਨੀਆਂ ਦੀ ਹੋਰ ਕਿਸੇ ਤਾਕਤ ਦੇ ਮੁਹਤਾਜ ਨਹੀਂ ਹੁੰਦੇ।
ਓਤਿ ਪੋਤਿ ਜਨ ਹਰਿ ਰਸਿ ਰਾਤੇ ।। ਸੁੰਨ ਸਮਾਧਿ ਨਾਮ ਰਸ ਮਾਤੇ ।।
ਹਰੀ ਦੇ ਨਾਮ ਦੇ ਸਿਮਰਨ ਦਾ ਸੰਪੂਰਨ ਸੁਆਦ ਮਾਣਨ ਵਿੱਚ ਖੁਭੇ ਹਰੀ ਦੇ ਸੇਵਕ ਸਦਾ ਮਸਤੀ ਦੀ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਹਰੀ ਨਾਮ ਦੇ ਰਸ ਵਿੱਚ ਖੋਏ ਉਹ ਚੁੱਪ ਚਾਪ ਸਮਾਧੀ ਵਰਗੀ ਅਵਸਥਾ ਵਿੱਚ ਧਿਆਨ ਮਗਨ ਰਹਿੰਦੇ ਹਨ।
ਆਠ ਪਹਰ ਜਨੁ ਹਰਿ ਹਰਿ ਜਪੈ ।। ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ।।
ਅੱਠੇ ਪਹਿਰ ਹਰੀ ਦੇ ਸੇਵਕ ਹਰੀ ਦੇ ਨਾਮ ਦਾ ਸਿਮਰਨ ਕਰਨ ਵਿੱਚ ਲੱਗੇ ਰਹਿੰਦੇ ਹਨ। ਹਰੀ ਦਾ ਸੇਵਕ ਕਦੇ ਲੁਕਿਆ ਨਹੀਂ ਰਹਿੰਦਾ। ਦੁਨੀਆਂ ਉਸ ਦੀ ਮਹਾਨਤਾ ਨੂੰ ਪਛਾਣ ਲੈਂਦੀ ਹੈ।
ਹਰਿ ਕੀ ਭਗਤਿ ਮੁਕਤਿ ਬਹੁ ਕਰੇ ।। ਨਾਨਕ ਜਨ ਸੰਗਿ ਕੇਤੇ ਤਰੇ ।। ।।
ਪ੍ਰਮਾਤਮਾ ਦੀ ਭਗਤੀ ਨੇ ਅਣਗਿਣਤ ਹੀ ਜੀਵਾਂ ਨੂੰ ਵਿਕਾਰਾਂ ਦੇ ਦੁੱਖਾਂ ਤੋਂ ਮੁਕਤ ਕਰ ਦਿੱਤਾ ਹੈ। ਗੁਰੂ ਜੀ ਦਾ ਵਚਨ ਹੈ ਕਿ ਪ੍ਰਭੂ ਦੇ ਸੇਵਕਾਂ ਦੇ ਲੜ ਲੱਗ ਕੇ ਉਨ੍ਹਾਂ ਦੀ ਸੰਗਤ ਸਦਕਾ ਅਨੇਕਾਂ ਹੀ ਹੋਰ ਲੋਕ ਵੀ ਤਰ ਗਏ ਹਨ।
ਪਾਰਜਾਤੁ ਇਹੁ ਹਰਿ ਕੋ ਨਾਮ ।। ਕਾਮਧੇਨ ਹਰਿ ਹਰਿ ਗੁਣ ਗਾਮ ।।
ਪ੍ਰਮਾਤਮਾ ਦਾ ਨਾਮ ਹੀ ਉਹ ਕਲਪ ਬਿਰਖ ਹੈ ਜਿਹੜਾ ਜੀਵ ਦੀ ਹਰ ਇੱਛਾ ਪੂਰੀ ਕਰਦਾ ਹੈ। ਉਸ ਪ੍ਰਭੂ ਦਾ ਨਾਮ ਦੇ ਗੁਣ ਗਾਉਣਾ ਹੀ ਉਨ੍ਹਾਂ ਲਈ ਕਾਮਧੇਨ ਗਊ ਹੈ ਜਿਹੜੀ ਜੀਵ ਦੀ ਹਰ ਕਾਮਨਾ ਪੂਰੀ ਕਰਦੀ ਹੈ।
ਸਭ ਤੇ ਊਤਮ ਹਰਿ ਕੀ ਕਥਾ ।। ਨਾਮੁ ਸੁਨਤ ਦਰਦ ਦੁਖ ਲਥਾ ।।
ਹਰੀ ਦੇ ਨਾਮ ਦੀ ਕਥਾ ਕਰਨਾ ਜਾਂ ਸੁਣਨਾ ਉਸ ਦੇ ਸੇਵਕਾਂ ਲਈ ਸੰਸਾਰ ਦਾ ਸਭ ਤੋਂ ਵਡਮੁੱਲਾ ਕੰਮ ਹੈ। ਉਸ ਦਾ ਨਾਮ ਸੁਣ ਕੇ ਉਸ ਦੇ ਸੇਵਕਾਂ ਦੇ ਸਾਰੇ ਦੁੱਖ ਦਰਦ ਅਤੇ ਮੁਸੀਬਤਾਂ ਦੂਰ ਹੋ ਜਾਂਦੇ ਹਨ।
ਨਾਮ ਕੀ ਮਹਿਮਾ ਸੰਤ ਰਿਦ ਬਸੈ ।। ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ।।
ਨਾਮ ਦੀ ਵਡਿਆਈ ਸਦੈਵ ਸੰਤ ਪੁਰਖਾਂ ਦੇ ਹਿਰਦੇ ਵਿੱਚ ਵਸਦੀ ਹੈ। ਉਨ੍ਹਾਂ ਨੂੰ ਹਰ ਪਲ ਉਸ ਪ੍ਰਭੂ ਦੀ ਮਹਾਨਤਾ ਦਾ ਅਹਿਸਾਸ ਰਹਿੰਦਾ ਹੈ। ਸੰਤ ਪੁਰਖਾਂ ਦੀ ਕਿਰਪਾ ਸਦਕਾ ਇਨਸਾਨ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ।
ਸੰਤ ਕਾ ਸੰਗੁ ਵਡਭਾਗੀ ਪਾਈਐ ।। ਸੰਤ ਕੀ ਸੇਵਾ ਨਾਮੁ ਧਿਆਈਐ ।
ਪ੍ਰੰਤੂ ਸੰਤ ਪੁਰਖਾਂ ਦੀ ਸੰਗਤ ਚੰਗੀ ਕਿਸਮਤ ਨਾਲ਼ ਪ੍ਰਾਪਤ ਹੁੰਦੀ ਹੈ। ਸੰਤ ਪੁਰਖਾਂ ਦੀ ਸੇਵਾ ਕਰਨ ਨਾਲ਼ ਉਨ੍ਹਾਂ ਕੋਲ਼ੋਂ ਨਾਮ ਧਿਆਉਣ ਦੀ ਬਖ਼ਸ਼ਿਸ਼ ਹਾਸਲ ਹੁੰਦੀ ਹੈ।
ਨਾਮ ਤੁਲਿ ਕਛੁ ਅਵਰੁ ਨ ਹੋਇ ।। ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ।। ।। ।।
ਹਰੀ ਦਾ ਨਾਮ ਸੰਸਾਰ ਦੀ ਸਭ ਤੋਂ ਕੀਮਤੀ ਵਸਤੂ ਹੈ। ਦੁਨੀਆਂ ਦੀ ਹੋਰ ਕੋਈ ਵੀ ਚੀਜ਼ ਇਸ ਦੀ ਬਰਾਬਰੀ ਨਹੀਂ ਕਰ ਸਕਦੀ। ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਨਾਮ ਸਿਮਰਨ ਦੀ ਦਾਤ ਗੁਰੂ ਦੀ ਕਿਰਪਾ ਨਾਲ਼ ਕਿਸੇ ਵਿਰਲੇ ਟਾਂਵੇਂ ਨੂੰ ਪ੍ਰਾਪਤ ਹੁੰਦੀ ਹੈ।

No comments:

Post a Comment