Saturday 18 July 2020

ਅਰਥ - ਸੁਖਮਨੀ ਸਾਹਿਬ - ਅਸਟਪਦੀ- 3


ਸਲੋਕੁ ।।
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ।। ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ।। ।।
ਸੰਸਾਰ ਵਿੱਚ ਅਨੇਕਾਂ ਹੀ ਧਰਮ ਗ੍ਰੰਥ ਹਨ ਜੋ ਅਧਿਆਤਮਕ ਗਿਆਨ ਨਾਲ਼ ਭਰੇ ਪਏ ਹਨ। ਉਨ੍ਹਾਂ ਸਭ ਦਾ ਬਹੁਤ ਵਾਰ ਅਧਿਅਨ ਕਰ ਕੇ ਵੇਖ ਲਿਆ ਹੈ। ਪਰ ਉਨ੍ਹਾਂ ਵਿੱਚੋਂ ਕਿਸੇ ਵਿੱਚ ਪਾਇਆ ਗਿਆਨ ਵੀ ਪ੍ਰਮਾਤਮਾ ਤੱਕ ਨਹੀਂ ਪੁੱਜਦਾ, ਉਸ ਦੇ ਨਾਮ ਦੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾਉਹ ਸਾਨੂੰ ਪ੍ਰਮਾਤਮਾ ਨਾਲ਼ ਨਹੀਂ ਮਿਲਾ ਸਕਦੇ।
ਅਸਟਪਦੀ
ਜਾਪ ਤਾਪ ਗਿਆਨ ਸਭਿ ਧਿਆਨ ।। ਖਟ ਸਾਸਤ੍ਰਿ ਸਿਮ੍ਰਿਤਿ ਵਖਿਆਨ ।।
ਦੁਨੀਆਂ ਵਿੱਚ ਲੋਕ ਪ੍ਰਮਾਤਮਾ ਦੇ ਨਾਲ਼ ਮਿਲਣ ਦੇ ਲਈ ਅਨੇਕਾਂ ਤਰਾਂ ਦੇ ਯਤਨ ਕਰਦੇ ਹਨ। ਕੋਈ ਮੰਤਰਾਂ ਦਾ ਜਾਪ ਕਰਦਾ ਹੈ। ਕੋਈ ਤਰਾਂ ਤਰਾਂ ਦੀ ਤਪੱਸਿਆ ਕਰਦਾ ਹੈ। ਕਈ ਸਮਾਧੀ ਲਾ ਕੇ ਉਸਦਾ ਧਿਆਨ ਕਰਦੇ ਹਨ। ਕਈ ਲੋਕ ਛੇ ਸ਼ਾਸ਼ਤਰਾਂ ਦਾ ਪਾਠ ਕਰਦੇ ਹਨਕੁਝ ਲੋਕ ਅਠਾਰਾਂ ਸਿਮ੍ਰਤੀਆਂ ਦਾ ਅਧਿਅਨ ਕਰਦੇ ਹਨ। ਪਰ ਇਹ ਸਾਰਾ ਕੁੱਝ ਕਰ ਕੇ ਵੀ ਉਨ੍ਹਾਂ ਨੂੰ ਪ੍ਰਭੂ ਨਾਲ਼ ਮਿਲਾਪ ਨਸੀਬ ਨਹੀਂ ਹੁੰਦਾ।
ਜੋਗ ਅਭਿਆਸ ਕਰਮ ਧ੍ਰਮ ਕਿਰਿਆ ।। ਸਗਲ ਤਿਆਗਿ ਬਨ ਮਧੇ ਫਿਰਿਆ ।।
ਜੋਗੀ ਲੋਕ ਭਾਂਤ ਭਾਂਤ ਦੀ ਯੋਗ ਸਾਧਨਾ ਕਰ ਕੇ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਹੋਰ ਕਈ ਕਿਸਮ ਦੇ ਫੋਕੇ ਧਾਰਮਿਕ ਆਡੰਬਰਾਂ ਰਾਹੀਂ ਉਸ ਤੱਕ ਪੁੱਜਣਾ ਚਾਹੁੰਦੇ ਹਨ। ਪ੍ਰਮਾਤਮਾ ਦੀ ਭਾਲ਼ ਵਿੱਚ ਲੋਕ ਘਰ ਬਾਰ ਸਭ ਕੁੱਝ ਤਿਆਗ ਕੇ ਜੰਗਲ਼ਾਂ ਵਿੱਚ ਰੱਬ ਨੂੰ ਲੱਭਦੇ ਫਿਰਦੇ ਹਨ। ਪਰ ਫਿਰ ਵੀ ਉਹ ਉਸ ਦਾ ਮਿਲਾਪ ਹਾਸਲ ਨਹੀਂ ਕਰ ਸਕਦੇ।
ਅਨਿਕ ਪ੍ਰਕਾਰ ਕੀਏ ਬਹੁ ਜਤਨਾ ।। ਪੁੰਨ ਦਾਨ ਹੋਮੇ ਬਹੁ ਰਤਨਾ ।।
ਅਣਗਿਣਤ ਕਿਸਮ ਦੇ ਯਤਨ ਲੋਕ ਪ੍ਰਮਾਤਮਾ ਦੀ ਸੋਝੀ ਹਾਸਲ ਕਰਨ ਲਈ, ਉਸ ਨਾਲ਼ ਮੇਲ ਕਰਨ ਲਈ ਕਰਦੇ ਹਨ। ਪੁੰਨ ਦਾਨ ਕਰਦੇ ਹਨ। ਘਿਉ ਆਦਿ ਤਰਾਂ ਤਰਾਂ ਦੇ ਰਤਨਾ ਨੂੰ ਅੱਗ ਵਿੱਚ ਸਾੜ ਕੇ ਹਵਨ ਕਰਦੇ ਹਨ। ਪਰ ਇਸ ਤਰਾਂ ਕਰਨ ਨਾਲ਼ ਵੀ ਹਰੀ ਦਾ ਮਿਲਾਪ ਨਹੀਂ ਹੁੰਦਾ।
,ਸਰੀਰੁ ਕਟਾਏ ਹੋਮੈ ਕਰਿ ਰਾਤੀ ।। ਵਰਤ ਨੇਮ ਕਰੈ ਬਹੁ ਭਾਤੀ ।।
ਕੁੱਝ ਲੋਕ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਕਰ ਕੇ ਉਨ੍ਹਾਂ ਨੂੰ ਹਵਨ ਦੀ ਅੱਗ ਵਿੱਚ ਸਾੜਦੇ ਹਨ ਜਾਂ ਫਿਰ ਕਈ ਤਰਾਂ ਦੇ ਵਰਤ ਰੱਖਦੇ ਹਨ ਜਾਂ ਹੋਰ ਕਈ ਤਰਾਂ ਦੇ ਨੇਮਾਂ ਦਾ ਪਾਲਣ ਕਰਦੇ ਹਨ। ਇਹ ਸਭਬ ਕੁੱਝ ਕਰ ਕੇ ਵੀ ਉਹ ਪ੍ਰਭੂ ਦੇ ਮਿਲਾਪ ਤੋਂ ਵਾਂਝੇ ਰਹਿੰਦੇ ਹਨ।
ਨਹੀ ਤੁਲਿ ਰਾਮ ਨਾਮ ਬੀਚਾਰ ।। ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ।। ।।
ਇਨ੍ਹਾਂ ਸਾਰੇ ਤਰੀਕਿਆਂ ਵਿੱਚੋਂ ਕੋਈ ਵੀ ਰਾਮ ਨਾਮ ਦੀ ਵੀਚਾਰ ਕਰਨ ਦੇ ਬਰਾਬਰ ਨਹੀਂ। ਅਰਥਾਤ ਪ੍ਰਭੂ ਨੂੰ ਪਾਉਣ ਦਾ ਸਭ ਤੋਂ ਉੱਤਮ ਤਰੀਕਾ ਰਾਮ ਨਾਮ ਦਾ ਸਿਮਰਨ ਕਰਨਾ ਅਤੇ ਉਸ ਦੀ ਵੀਚਾਰ ਕਰਨਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਇਨ੍ਹਾਂ ਸਾਰੇ ਤਰੀਕਿਆਂ ਨੂੰ ਛੱਡ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਅਤੇ ਮੰਨ ਕੇ ਇੱਕ ਵਾਰ ਰਾਮ ਨਾਮ ਦਾ ਸਿਮਰਨ ਕਰ ਕੇ ਦੇਖੋ, ਤੁਹਾਨੂੰ ਜਰੂਰ ਪ੍ਰਮਤਾਮਾ ਦੀ ਪ੍ਰਾਪਤੀ ਹੋ ਜਾਵੇਗੀ।
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ।। ਮਹਾ ਉਦਾਸੁ ਤਪੀਸਰੁ ਥੀਵੈ ।।
ਇਨਸਾਨ ਭਾਂਵੇਂ ਨੌਂਆਂ ਖੰਡਾਂ ਭਾਵ ਸਾਰੀ ਦੁਨੀਆਂ ਵਿੱਚ ਘੁੰਮ ਲਵੇ, ਜਿੰਨੀ ਮਰਜ਼ੀ ਲੰਮੀ ਉਮਰ ਪਾ ਲਵੇ, ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਉਹ ਸੰਸਾਰ ਨੂੰ ਤਿਆਗ ਕੇ ਉਦਾਸੀ ਬਣ ਜਾਵੇ, ਮਹਾਨ ਤਪੱਸਵੀ ਬਣ ਜਾਵੇ ਤਾਂ ਵੀ ਉਸ ਦਾ ਪਾਰ ਉਤਾਰਾ ਨਹੀਂ ਹੋ ਸਕਦਾ।
ਅਗਨਿ ਮਾਹਿ ਹੋਮਤ ਪਰਾਨ ।। ਕਨਿਕ ਅਸ੍ਵ ਹੈਵਰ ਭੂਮਿ ਦਾਨ ।।
ਜੇ ਕੋਈ ਅੱਗ ਵਿੱਚ ਬੈਠ ਕੇ ਅਪਣੇ ਆਪ ਦੀ ਆਹੂਤੀ  ਵੀ ਦੇ ਦੇਵੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ। ਸੋਨਾ, ਘੋੜੇ, ਹਾਥੀ ਅਤੇ ਜ਼ਮੀਨ ਆਦਿ ਦਾਨ ਕਰਨ ਨਾਲ਼ ਵੀ ਇਨਸਾਨ ਨੂੰ ਮੁਕਤੀ ਨਹੀਂ ਮਿਲ ਸਕਦੀ।
ਨਿਉਲੀ ਕਰਮ ਕਰੈ ਬਹੁ ਆਸਨ ।। ਜੈਨ ਮਾਰਗ ਸੰਜਮ ਅਤਿ ਸਾਧਨ ।।
ਨਿਉਲ਼ੀ ਕਰਮ ਵਰਗੇ ਅਤਿ ਮੁਸ਼ਕਿਲ ਯੋਗ ਆਸਨ ਕਰਨ ਨਾਲ਼ ਵੀ ਮੁਕਤੀ ਨਹੀਂ ਮਿਲ ਸਕਦੀ। ਜੈਨ ਧਰਮ ਦੇ ਦਰਸਾਏ ਰਸਤੇ ਤੇ ਚੱਲਦੇ ਹੋਏ ਸਾਰੇ ਸੁਖਾਂ ਦਾ ਤਿਆਗ ਕਰ ਕੇ ਅਤਿ ਸੰਜਮ ਦਾ ਜੀਵਨ ਜਿਉਣ ਨਾਲ ਵੀ ਅਸੀਂ ਮੁਕਤੀ ਹਾਸਲ ਨਹੀਂ ਕਰ ਸਕਦੇ।
ਨਿਮਖ ਨਿਮਖ ਕਰਿ ਸਰੀਰੁ ਕਚਾਵੈ ।। ਤਉ ਭੀ ਹਉਮੈ ਮੈਲੁ ਨ ਜਾਵੈ ।।
ਜੇ ਇਨਸਾਨ ਅਪਣੇ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਵੀ ਕਰਵਾ ਲਵੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ ਕਿਉਂਕਿ ਅਜਿਹਾ ਕਰਨ ਨਾਲ਼ ਵੀ ਉਸ ਦੇ ਅੰਦਰੋਂ ਹਉਮੈ ਦੀ ਮੈਲ਼ ਨਹੀਂ ਜਾਂਦੀ।
ਹਰਿ ਕੇ ਨਾਮ ਸਮਸਰਿ ਕਛੁ ਨਾਹਿ ।। ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਇ ।। ।।
ਪ੍ਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਵੀ ਤਰੀਕਾ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਦਾ ਅਤੇ ਮੁਕਤੀ ਪ੍ਰਾਪਤ ਕਰਨ ਦਾ ਨਹੀਂ। ਅਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹੋਏ ਨਾਮ ਦਾ ਸਿਮਰਨ ਕਰ ਕੇ ਹੀ ਇਨਸਾਨ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਮਨ ਕਾਮਨਾ ਤੀਰਥ ਦੇਹ ਛੁਟੈ ।। ਗਰਬੁ ਗੁਮਾਨੁ ਨ ਮਨ ਤੇ ਹੁਟੈ ।।
ਇਨਸਾਨ ਮਨ ਵਿੱਚ ਇਹ ਇੱਛਾ ਰੱਖਦਾ ਹੈ ਕਿ ਉਸ ਦੀ ਮੌਤ ਕਿਸੇ ਪਵਿੱਤਰ ਤੀਰਥ ਸਥਾਨ ਤੇ ਹੋਵੇ, ਇਸ ਨਾਲ਼ ਉਸ ਨੂੰ ਮੁਕਤੀ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਤੀਰਥ ਸਥਾਨਾ ਤੇ ਇਸ਼ਨਾਨ ਕਰ ਕੇ ਵੀ ਉਸ ਦੇ ਮਨ ਤੋਂ ਹਉਮੈ ਦੀ ਮੈਲ਼ ਦੂਰ ਨਹੀਂ ਹੁੰਦੀ।
ਸੋਚ ਕਰੈ ਦਿਨਸੁ ਅਰੁ ਰਾਤਿ ।। ਮਨ ਕੀ ਮੈਲੁ ਨ ਤਨ ਤੇ ਜਾਤਿ ।।
ਦਿਨ ਰਾਤ ਤੀਰਥਾਂ ਤੇ ਨਹਾ ਨਹਾ ਕੇ ਇਨਸਾਨ ਅਪਣੇ ਸਰੀਰ ਨੂੰ ਪਵਿੱਤਰ ਕਰਦਾ ਰਹਿੰਦਾ ਹੈ ਪਰ ਇਸ ਤਰਾਂ ਸਰੀਰ ਨੂੰ ਸਾਫ ਕਰਨ ਨਾਲ਼ ਮਨ ਦੀ ਮੈਲ਼ ਨਹੀਂ ਧੁਲਦੀ, ਮਨ ਪਵਿੱਤਰ ਨਹੀਂ ਹੁੰਦਾ।
ਇਸੁ ਦੇਹੀ ਕਉ ਬਹੁ ਸਾਧਨਾ ਕਰੈ ।। ਮਨ ਤੇ ਕਬਹੂ ਨ ਬਿਖਿਆ ਟਰੈ ।।
ਆਦਮੀ ਤਰਾਂ ਤਰਾਂ ਦੇ ਤਰੀਕੇ ਵਰਤ ਕੇ ਭਾਵੇਂ ਅਪਣੇ ਸਰੀਰ ਨੂੰ ਸੋਧ ਲਵੇ, ਉਸ ਉੱਤੇ ਨਿਯੰਤਰਣ ਹਾਸਲ ਕਰ ਲਵੇ ਪਰ ਫਿਰ ਵੀ ਉਸ ਦੇ ਮਨ ਤੋਂ ਵਿਸ਼ੇ ਵਿਕਾਰਾਂ ਦਾ ਜ਼ਹਿਰ ਦੂਰ ਨਹੀਂ ਹੁੰਦਾ।
ਜਲਿ ਧੋਵੈ ਬਹੁ ਦੇਹਿ ਅਨੀਤਿ ।। ਸੁਧ ਕਹਾ ਹੋਇ ਕਾਚੀ ਭੀਤਿ ।।
ਇਨਸਾਨ ਅਪਣੀ ਬਿਨਸਨਹਾਰ ਦੇਹੀ ਪਵਿੱਤਰ ਕਰਨ ਲਈ ਇਸ ਨੂੰ ਵਾਰ ਵਾਰ ਪਾਣੀ ਨਾਲ਼ ਧੋਂਦਾ ਹੈ, ਇਸ਼ਨਾਨ ਕਰਦਾ ਹੈਪਰ ਇਹ ਦੇਹੀ ਤਾਂ ਕੱਚੀ ਕੰਧ ਦੀ ਤਰਾਂ ਹੈ। ਜਿਵੇਂ ਕੱਚੀ ਕੰਧ ਪਾਣੀ ਨਾਲ਼ ਧੋਤਿਆਂ ਸਾਫ ਨਹੀਂ ਹੁੰਦੀ ਉਸੇ ਤਰਾਂ ਇਨਸਾਨ ਦਾ ਮਨ ਵੀ ਇਸ਼ਨਾਨ ਕਰਨ ਨਾਲ਼ ਪਵਿੱਤਰ ਨਹੀਂ ਹੁੰਦਾ।
ਮਨ ਹਰਿ ਕੇ ਨਾਮ ਕੀ ਮਹਿਮਾ ਊਚ ।। ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ।। ।।
ਐ ਮੇਰੇ ਮਨ, ਹਰੀ ਦਾ ਨਾਮ ਬਹੁਤ ਹੀ ਉੱਤਮ ਹੈ, ਹਰੀ ਦੇ ਨਾਮ ਦੀ ਵਡਿਆਈ ਬਹੁਤ ਉੱਚੀ ਹੈ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਨੇਕਾਂ ਹੀ ਪਾਪੀ ਨਾਮ ਸਿਮਰਨ ਦਾ ਸਦਕਾ ਮਹਾਨ ਪਦਵੀ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਉਧਾਰ ਹੋ ਗਿਆ ਹੈ।
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ।। ਅਨਿਕ ਜਤਨ ਕਰਿ ਤ੍ਰਿਸਨ ਨ ਧ੍ਰਾਪੈ ।।
ਬਹੁਤ ਸਿਆਣਪ ਕਰਨ ਨਾਲ਼ ਇਨਸਾਨ ਦਾ ਜਮਾਂ ਦਾ ਡਰ ਦੂਰ ਨਹੀਂ ਹੁੰਦਾ ਸਗੋਂ ਵਧਦਾ ਜਾਂਦਾ ਹੈ। ਅਨੇਕਾਂ ਯਤਨ ਕਰਨ ਨਾਲ਼ ਵੀ ਇਨਸਾਨ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ, ਉਸ ਨੂੰ ਸਬਰ ਸੰਤੋਖ ਪ੍ਰਾਪਤ ਨਹੀਂ ਹੁੰਦਾ। ਉਸ ਦੀ ਤ੍ਰਿਸ਼ਨਾ ਸਗੋਂ ਹੋਰ ਪ੍ਰਚੰਡ ਹੁੰਦੀ ਜਾਂਦੀ ਹੈ।
ਭੇਖ ਅਨੇਕ ਅਗਨਿ ਨਹੀ ਬੁਝੈ ।। ਕੋਟਿ ਉਪਾਵ ਦਰਗਹ ਨਹੀ ਸਿਝੈ ।।
ਤਰਾਂ ਤਰਾਂ ਦੇ ਭੇਖ ਕਰਨ ਨਾਲ਼ ਵੀ ਇਨਸਾਨ ਦੀ ਵਿਕਾਰਾਂ ਦੀ ਅੱਗ ਸ਼ਾਂਤ ਨਹੀਂ  ਹੁੰਦੀਕ੍ਰੋੜਾਂ ਯਤਨ ਕਰਨ ਨਾਲ਼ ਵੀ ਉਹ ਪ੍ਰਮਾਤਮਾ ਦੇ ਦਰਬਾਰ ਵਿੱਚ ਸਜ਼ਾ ਤੋਂ ਨਹੀਂ ਬਚ ਸਕਦਾ। ਵਿਕਾਰਾਂ ਅਤੇ ਪਾਪਾਂ ਦੀ ਸਜ਼ਾ ਤੋਂ ਬਚਣ ਲਈ ਕੀਤੇ ਕ੍ਰੋੜਾਂ ਹੀਲੇ ਈਸ਼ਵਰ ਦੇ ਦਰਬਾਰ ਵਿੱਚ ਕੰਮ ਨਹੀਂ ਆਉਂਦੇ।
ਛੂਟਸਿ ਨਾਹੀ ਊਭ ਪਇਆਲਿ ।। ਮੋਹਿ ਬਿਆਪਹਿ ਮਾਇਆ ਜਾਲਿ ।।
ਅਸਮਾਨ ਜਾਂ ਪਤਾਲ਼ ਵਿੱਚ ਲੁਕ ਕੇ ਵੀ ਬੰਦਾ ਅਪਣੇ ਪਾਪਾਂ ਦੀ ਸਜ਼ਾ ਤੋਂ ਬਚ ਨਹੀਂ ਸਕਦਾਜਿੰਨਾਂ ਵੱਧ ਉਹ ਮੋਹ ਦੇ ਜਾਲ਼ ਵਿੱਚ ਫਸਦਾ ਜਾਂਦਾ ਹੈ ਓਨੀ ਹੀ ਮਾਇਆ ਦੀ ਜਕੜ ਉਸ ਉੱਤੇ ਮਜ਼ਬੂਤ ਹੁੰਦੀ ਜਾਂਦੀ ਹੈ। 
ਅਵਰ ਕਰਤੂਤਿ ਸਗਲੀ ਜਮੁ ਡਾਨੈ ।। ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ।।
ਹਰੀ ਨਾਮ ਦੇ ਭਜਨ ਤੋਂ ਬਿਨਾ ਹੋਰ ਸਾਰੇ ਕਰਮ ਪਾਪ-ਕਰਮ ਹਨ ਅਤੇ ਜਮ ਇਨਸਾਨ ਨੂੰ ਉਨ੍ਹਾਂ ਦੀ ਸਜ਼ਾ ਦਿੰਦੇ ਹਨ। ਪ੍ਰਮਾਤਮਾ ਦੇ ਨਾਮ ਦਾ ਭਜਨ ਕਰਨ ਤੋਂ ਬਿਨਾ ਹੋਰ ਕਿਸੇ ਵੀ ਦਲੀਲ ਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਕੋਈ ਵਜ਼ਨ ਨਹੀਂ ਦਿੱਤਾ ਜਾਂਦਾ। ਕੇਵਲ ਨਾਮ ਸਿਮਰਨ ਹੀ ਸਾਨੂੰ ਅਪਣੇ ਗੁਨਾਹਾਂ ਦੀ ਸਜ਼ਾ ਤੋਂ ਬਚਾ ਸਕਦਾ ਹੈ।
ਹਰਿ ਕਾ ਨਾਮੁ ਜਪਤ ਦੁਖੁ ਜਾਇ ।। ਨਾਨਕ ਬੋਲੈ ਸਹਜਿ ਸੁਭਾਇ ।।
ਪ੍ਰਮਾਤਮਾ ਦੇ ਨਾਮ ਦੇ ਸਿਮਰਨ ਨਾਲ਼ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਹਰ ਵੇਲ਼ੇ ਸਹਿਜ ਸੁਭਅ ਹੀ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਚਾਰਿ ਪਦਾਰਥ ਜੇ ਕੋ ਮਾਗੈ ।। ਸਾਧ ਜਨਾ ਕੀ ਸੇਵਾ ਲਾਗੈ ।।
ਜੇ ਕੋਈ ਚਾਰ ਪਦਾਰਥ (ਕਾਮ, ਅਰਥ, ਧਰਮ ਅਤੇ ਮੋਕਸ਼) ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸੰਤ ਲੋਕਾਂ ਦੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ। ਸੰਤਾਂ ਦੀ ਸੇਵਾ ਕਰਨ ਨਾਲ਼ ਇਹ ਚਾਰੋਂ ਹੀ ਪ੍ਰਾਪਤ ਹੋ ਜਾਂਦੇ ਹਨ।
ਜੇ ਕੋ ਆਪੁਨਾ ਦੂਖੁ ਮਿਟਾਵੈ ।। ਹਰਿ ਹਰਿ ਨਾਮੁ ਰਿਦੈ ਸਦ ਗਾਵੈ ।।
ਜਿਹੜਾ ਵਿਅਕਤੀ ਅਪਣੇ ਦੁੱਖਾਂ ਦਾ ਨਾਸ਼ ਕਰਨਾ ਚਾਹੁੰਦਾ ਹੈ ਉਸ ਨੂੰ ਹਮੇਸ਼ਾ ਅਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਂ ਦਾ ਸਿਮਰਨ ਕਰਨਾ ਚਾਹੀਦਾ ਹੈ।
ਜੇ ਕੋ ਅਪੁਨੀ ਸੋਭਾ ਲੋਰੈ ।। ਸਾਧਸੰਗਿ ਇਹ ਹਉਮੈ ਛੋਰੈ ।।
ਜੇ ਕੋਈ ਇਨਸਾਨ ਇਹ ਚਾਹੁੰਦਾ ਹੈ ਕਿ ਸੰਸਾਰ ਵਿੱਚ ਉਸ ਦੀ ਸ਼ੋਭਾ ਹੋਵੇ ਤਾਂ ਉਸ ਨੂੰ ਸੰਤ ਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਸ ਦੇ ਸਿੱਟੇ ਵਜੋਂ ਉਸ ਦੇ ਹਿਰਦੇ ਵਿੱਚੋਂ ਹਉਮੈ ਦਾ ਨਾਸ ਹੋ ਜਾਵੇ।
ਜੇ ਕੋ ਜਨਮ ਮਰਣ ਤੇ ਡਰੈ ।। ਸਾਧ ਜਨਾ ਕੀ ਸਰਨੀ ਪਰੈ ।।
ਜੇ ਕੋਈ ਇਨਸਾਨ ਜਨਮ ਮਰਨ ਦੇ ਚੱਕਰ ਤੋਂ ਡਰਦਾ ਹੈ ਅਤੇ ਇਸ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਸੰਤ ਪੁਰਖਾਂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ ਜਿਹੜੇ ਸਹੀ ਜੀਵਨ ਜਾਚ ਸਿਖਾ ਕੇ ਉਸ ਨੂੰ ਮੁਕਤੀ ਦਾ ਰਸਤਾ ਦਿਖਾ ਸਕਣ।
ਜਿਸ ਜਨ ਕਉ ਪ੍ਰਭ ਦਰਸ ਪਿਆਸਾ ।। ਨਾਨਕ ਤਾ ਕੈ ਬਲਿ ਬਲਿ ਜਾਸਾ ।। ।।
ਪਰ ਸਭ ਤੋਂ ਉੱਤਮ ਇਨਸਾਨ ਉਹ ਹੈ ਜਿਹੜਾ ਨਾਮ ਸਿਮਰਨ ਕੋਈ ਹੋਰ ਇੱਛਾ ਲੈ ਕੇ ਨਹੀਂ ਕਰਦਾ, ਕੇਵਲ ਇਸ ਲਈ ਕਰਦਾ ਹੈ ਕਿ ਉਸ ਦੇ ਮਨ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਪਿਆਸ ਹੈ ਗੁਰੂ ਜੀ ਉਸ ਤੋਂ ਬਲਿਹਾਰ ਜਾਂਦੇ ਹਨ ਕਿਉਂਕਿ ਅਜਿਹੇ ਲੋਕ ਸੰਸਾਰ ਦੇ ਸਭ ਤੋਂ ਚੰਗੇ ਲੋਕ ਹੁੰਦੇ ਹਨ।
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ।। ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ।।
ਸਮੁੱਚੀ ਮਨੁੱਖਤਾ ਵਿਚੋਂ ਉਹ ਇਨਸਾਨ ਸਭ ਤੋਂ ਉੱਤਮ ਹੈ ਜਿਸ ਨੇ ਸੰਤਾਂ ਦੀ ਸੰਗਤ ਕਰ ਕੇ ਅਤੇ ਉਨ੍ਹਾਂ ਤੋਂ ਸਹੀ ਜੀਵਨ ਜਾਚ ਸਿੱਖ ਕੇ ਅਪਣੀ ਹਉਮੈ ਨੂੰ ਮਾਰ ਲਿਆ ਹੈ।
ਆਪਸ ਕਉ ਜੋ ਜਾਨੈ ਨੀਚਾ ।। ਸੋਊ ਗਨੀਐ ਸਭ ਤੇ ਊਚਾ ।।
ਜਿਹੜਾ ਇਨਸਾਨ ਅਪਣੇ ਆਪ ਨੂੰ ਸਭ ਤੋਂ ਨੀਂਵਾਂ ਸਮਝਦਾ ਹੈ ਅਸਲ ਵਿੱਚ ਉਸ ਨੂੰ ਸਭ ਤੋਂ ਮਹਾਨ ਸਮਝਣਾ ਚਾਹੀਦਾ ਹੈ।
ਜਾ ਕਾ ਮਨ ਹੋਇ ਸਗਲ ਕੀ ਰੀਨਾ ।। ਹਰਿ ਹਰਿ ਨਾਮੁ ਤਿਨ ਘਟਿ ਘਟਿ ਚੀਨਾ ।।
ਜਿਸ ਵਿਅਕਤੀ ਦੇ ਅੰਦਰ ਏਨੀ ਨਿਮਰਤਾ ਆ ਜਾਵੇ ਕਿ ਉਹ ਅਪਣੇ ਆਪ ਨੂੰ ਸਾਰੀ ਸੰਗਤ ਦੇ ਚਰਨਾਂ ਦੀ ਧੂੜ ਸਮਝਣ ਲੱਗ ਪਵੇ ਉਸ ਨੂੰ ਹਰ ਇੱਕ ਇਨਸਾਨ ਦੇ ਅੰਦਰ ਸਰਬ ਸ਼ਕਤੀਮਾਨ ਪ੍ਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਹੈ।
ਮਨ ਅਪੁਨੇ ਤੇ ਬੁਰਾ ਮਿਟਾਨਾ ।। ਪੇਖੈ ਸਗਲ ਸ੍ਰਿਸਟਿ ਸਾਜਨਾ ।।
ਜਿਸ ਇਨਸਾਨ ਨੂੰ ਘਟ ਘਟ ਵਿੱਚ ਈਸ਼ਵਰ ਦਿਖਾਈ ਦੇਣ ਲੱਗ ਪਵੇ ਉਸ ਦੇ ਅੰਦਰੋਂ ਬੁਰਾਈ ਜਾਂ ਦੁਸ਼ਮਨੀ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ਉਸ ਨੂੰ ਸਾਰਾ ਸੰਸਾਰ ਹੀ ਮਿੱਤਰ ਦਿਖਾਈ ਦਿੰਦਾ ਹੈ।
ਸੂਖ ਦੂਖ ਜਨ ਸਮ ਦ੍ਰਿਸਟੇਤਾ ।। ਨਾਨਕ ਪਾਪ ਪੁੰਨ ਨਹੀ ਲੇਪਾ ।। ।।
ਇਸ ਤਰਾਂ ਦਾ ਇਨਸਾਨ ਸੁਖ ਅਤੇ ਦੁੱਖ ਦੋਹਾਂ ਨੂੰ ਬਰਾਬਰ ਸਮਝਦਾ ਹੈ ਅਤੇ ਉਸ ਨੂੰ ਪਾਪ ਅਤੇ ਪੁੰਨ ਨਹੀਂ ਲੱਗਦੇ। ਕਿਸੇ ਨਾਲ਼ ਵੀ ਦੁਸ਼ਮਣੀ ਨਾ ਹੋਣ ਕਰਕੇ ਉਹ ਕਦੀ ਕਿਸੇ ਦਾ ਬੁਰਾ ਕਰਦਾ ਹੀ ਨਹੀਂ। ਇਸ ਲਈ ਉਹ ਜੋ ਵੀ ਕਰਦਾ ਹੈ ਸਭ ਪੁੰਨ ਹੀ ਹੁੰਦਾ ਹੈ।
ਨਿਰਧਨ ਕਉ ਧਨੁ ਤੇਰੋ ਨਾਉ ।। ਨਿਥਾਵੇ ਕਉ ਨਾਉ ਤੇਰਾ ਥਾਉ ।।
ਜੋ ਇਨਸਾਨ ਨਾਮ ਸਿਮਰਨ ਵਿੱਚ ਜੁਟਿਆ ਰਹਿੰਦਾ ਹੈ ਉਸ ਲਈ ਵਾਹਿਗੁਰੂ ਦਾ ਨਾਮ ਹੀ ਧਨ ਹੁੰਦਾ ਹੈ ਅਤੇ ਉਹ ਹੋਰ ਕਿਸੇ ਧਨ ਦੀ ਇੱਛਾ ਨਹੀਂ ਰੱਖਦਾ। ਉਹ ਨਿਰਧਨ ਹੋਣ ਦੇ ਬਾਵਜੂਦ ਵੀ ਧਨਵਾਨ ਹੁੰਦਾ ਹੈ। ਜਿਨ੍ਹਾਂ ਦਾ ਦੁਨੀਆਂ ਵਿੱਚ ਹੋਰ ਕੋਈ ਥਾਂ (ਸਹਾਰਾ) ਨਹੀਂ, ਪ੍ਰਮਾਤਮਾ ਦਾ ਨਾਮ ਹੀ ਉਨ੍ਹਾਂ ਲੋਕਾਂ ਦਾ ਥਾਂ (ਸਹਾਰਾ) ਹੁੰਦਾ ਹੈ ।
ਨਿਮਾਨੇ ਕਉ ਪ੍ਰਭ ਤੇਰੋ ਮਾਨੁ ।। ਸਗਲ ਘਟਾ ਕਉ ਦੇਵਹੁ ਦਾਨੁ ।।
ਹੇ ਪ੍ਰਭੂ, ਤੇਰਾ ਨਾਂ ਹੀ ਨਿਮਾਣਿਆਂ ਦਾ ਮਾਣ ਹੈ। ਉਨ੍ਹਾਂ ਨੂੰ ਹੋਰ ਕਿਸੇ ਤਰਾਂ ਦੇ ਦੁਨਿਆਵੀ ਮਾਣ ਦੀ ਲਾਲਸਾ ਨਹੀਂ ਹੁੰਦੀ। ਤੁਸੀਂ ਹੀ ਸਾਰੀ ਦੁਨੀਆਂ ਨੂੰ ਦਾਤਾਂ ਦੀ ਬਖ਼ਸ਼ਿਸ਼ ਕਰਨ ਵਾਲ਼ੇ ਹੋ। ਦਾਤਾਂ ਦੇਣ ਵੇਲ਼ੇ ਤੁਸੀਂ ਕੋਈ ਭੇਦ ਭਾਵ ਨਹੀਂ ਕਰਦੇ। ਇਹ ਨਹੀਂ ਕਰਦੇ ਕਿ ਕੁੱਝ ਲੋਕਾਂ ਤੇ ਬਖ਼ਸ਼ਿਸ਼ ਕਰ ਦੇਵੋ ਅਤੇ ਕੁੱਝ ਤੇ ਨਾ ਕਰੋ।
ਕਰਨ ਕਰਾਵਨਹਾਰ ਸੁਆਮੀ ।। ਸਗਲ ਘਟਾ ਕੇ ਅੰਤਰਜਾਮੀ ।।
ਹੇ ਮਾਲਕ, ਜੋ ਕੁਝ ਸੰਸਾਰ ਵਿੱਚ ਹੁੰਦਾ ਹੈ ਉਸ ਸਭ ਦੇ ਕਰਨ ਵਾਲ਼ੇ ਤੁਸੀਂ ਹੀ ਹੋ। ਸਭ ਕੁਝ ਤੁਹਾਡਾ ਕੀਤਾ ਹੀ ਹੁੰਦਾ ਹੈ। ਤੁਸੀਂ ਹਰ ਇੱਕ ਜੀਵ ਦੇ ਮਨ ਦੀਆਂ ਗੱਲਾਂ ਜਣਦੇ ਹੋ। ਕਿਸੇ ਦੇ ਮਨ ਵਿੱਚ ਕੀ ਹੈ, ਤੁਹਾਡੇ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ, ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਤੁਸੀਂ ਜਾਣੀ ਜਾਣ ਹੋ।
ਅਪਨੀ ਗਤਿ ਮਿਤਿ ਜਾਨਹੁ ਆਪੇ ।। ਆਪਨ ਸੰਗਿ ਆਪਿ ਪ੍ਰਭ ਰਾਤੇ ।।
ਇਸ ਸ੍ਰਿਸ਼ਟੀ ਨੂੰ ਸਾਜਣ ਦਾ ਤੁਹਾਡਾ ਕੀ ਉਦੇਸ਼ ਸੀ, ਤੁਸੀਂ ਆਪ ਹੀ ਜਾਣਦੇ ਹੋ। ਜੋ ਕੁਝ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ , ਤੁਸੀਂ ਹੀ ਜਾਣਦੇ ਹੋ। ਤੁਸੀਂ ਆਪ ਹੀ ਇਨਸਾਨੀ ਜਾਮਾ ਧਾਰ ਕੇ ਅਪਣੇ ਪਿਆਰ ਵਿੱਚ ਰੰਗੇ ਹੋਏ ਹੋ
ਤੁਮ੍ਹਰੀ ਉਸਤਤਿ ਤੁਮ ਤੇ ਹੋਇ ।। ਨਾਨਕ  ਅਵਰੁ ਨ ਜਾਨਸਿ ਕੋਇ ।। ।।
ਅਪਣੀ ਵਡਿਆਈ ਤੁਸੀਂ ਆਪ ਹੀ ਕਰ ਸਕਦੇ ਹੋ, ਹੋਰ ਕੋਈ ਤੁਹਾਡੀ ਵਡਿਆਈ ਕਰਨ ਦੇ ਸਮਰਥ ਨਹੀਂ ਕਿਉਂਕਿ ਤੁਸੀਂ ਆਪ ਹੀ ਜਾਣਦੇ ਹੋ ਕਿ ਤੁਸੀਂ ਕਿੰਨੇ ਮਹਾਨ ਹੋ ਕਿਸੇ ਇਨਸਾਨ ਨੂੰ ਏਨੀ ਸਮਝ ਹੋ ਹੀ ਨਹੀਂ ਸਕਦੀ ਕਿ ਉਹ ਤੁਹਾਡੀ ਵਡਿਆਈ ਨੂੰ ਸਮਝ ਸਕੇ
ਸਰਬ ਧਰਮ ਮਹਿ ਸ੍ਰੇਸਟ ਧਰਮੁ ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ।।
ਕਿਹੜਾ ਧਰਮ ਚੰਗਾ ਹੈ ਅਤੇ ਕਿਹੜਾ ਮਾੜਾ, ਇਹ ਸਭ ਵਿਵਾਦ ਬੇਅਰਥ ਹਨ। ਕੋਈ ਧਰਮ ਚੰਗਾ ਨਹੀਂ ਅਤੇ ਕੋਈ ਧਰਮ ਮਾੜਾ ਨਹੀਂ। ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਅਤੇ ਨੇਕ ਕਰਮ ਕਰਨੇ ਹੀ ਸਭ ਤੋਂ ਉੱਤਮ ਧਰਮ ਹੈ।
ਸਗਲ ਕ੍ਰਿਆ ਮਹਿ ਊਤਮ ਕਿਰਿਆ ।। ਸਾਧਸੰਗਿ ਦੁਰਮਤਿ ਮਲੁ ਹਿਰਿਆ ।।
ਕਿਹੜਾ ਕੰਮ ਚੰਗਾ ਹੈ ਅਤੇ ਕਿਹੜਾ ਨਹੀਂ, ਇਹ ਵਿਵਾਦ ਵੀ ਬੇਅਰਥ ਹੈ। ਸਭ ਤੋਂ ਚੰਗਾ ਕੰਮ ਇਹ ਹੈ ਕਿ ਨੇਕ ਇਨਸਾਨਾਂ ਦੀ, ਸੰਤ ਪੁਰਖਾਂ, ਦੀ ਸੰਗਤ ਕਰ ਕੇ, ਉਨ੍ਹਾਂ ਤੋਂ ਨੇਕ ਸਿੱਖਿਆ ਲੈ ਕੇ ਬੁਰੀ ਮੱਤ ਦੀ ਮੈਲ਼ ਨੂੰ ਧੋਤਾ ਜਾਵੇ ਅਤੇ ਨੇਕ ਇਨਸਾਨ ਬਣਿਆਂ ਜਾਵੇ।
ਸਗਲ ਉਦਮ ਮਹਿ ਉਦਮੁ ਭਲਾ ।। ਹਰਿ ਕਾ ਨਾਮੁ ਜਪਹੁ ਜੀ ਸਦਾ ।।
ਸਾਰੇ ਉੱਦਮਾ ਤੋਂ ਚੰਗਾ ਉੱਦਮ ਇਹ ਹੈ ਕਿ ਹਰ ਵੇਲ਼ੇ ਵਾਹਿਗੁਰੂ ਦਾ ਨਾਮ ਜੱਪਿਆ ਜਾਵੇ।
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ।। ਹਰਿ ਕੋ ਜਸੁ ਸੁਨਿ ਰਸਨ ਬਖਾਨੀ ।।
ਪ੍ਰਭੂ ਦੀ ਵਡਿਆਈ ਕੰਨਾਂ ਨਾਲ਼ ਸੁਣ ਕੇ ਜੀਭ ਨਾਲ਼ ਉਸ ਦੀ ਵਡਿਆਈ ਕਰਨਾ ਹੀ ਸਾਰੇ ਬੋਲਾਂ ਤੋਂ ਚੰਗੇ ਬੋਲ ਹਨ ਜੋ ਅੰਮ੍ਰਿਤ ਦੇ ਸਮਾਨ ਹਨ।
ਸਗਲ ਥਾਨ ਤੇ ਓਹਿ ਊਤਮ ਥਾਨੁ ।। ਨਾਨਕ ਜਿਹ ਘਟਿ ਬਸੈ ਹਰਿ ਨਾਮ ।। ।। ।।
ਗੁਰੂ ਜੀ ਸਮਝਾਉਂਦੇ ਹਨ ਕਿ ਸੰਸਾਰ ਵਿੱਚ ਸਭ ਤੋਂ ਪਵਿੱਤਰ ਥਾਂ ਉਹ ਹੈ ਜਿੱਥੇ ਜਾ ਕੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਉਹ ਥਾਂ ਹੈ ਸਤ ਸੰਗਤ। ਅਤੇ ਸਭ ਤੋਂ ਮਹਾਨ ਇਨਸਾਨ ਉਹ ਹੈ ਜਿਸ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸਿਆ ਹੋਇਆ ਹੈ।

No comments:

Post a Comment