Monday 14 October 2019

ਗੀਤ -- ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।






ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।
ਆ ਕੇ ਛੱਡਣਾ ਜੈਕਾਰਾ ਪਹਿਲਾਂ ਗੱਜ ਵੱਜ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।

ਨਹੀਂ ਛੋਟਾ ਮੋਟਾ ਮੌਕਾ ਸਾਡੇ ਯਾਰ ਦਾ ਵਿਆਹ ਹੈ।
ਠਾਠਾਂ ਮਾਰਦਾ ਦਿਲਾਂ ਦੇ ਵਿੱਚ ਨੱਚਣੇ ਦਾ ਚਾਅ ਹੈ।
ਨਹੀਂ ਕਿਸੇ ਤੋਂ ਕਹਾਉਣਾ ਆਉਣਾ ਆਪੇ ਭੱਜ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।

ਪੱਗ ਬੰਨ੍ਹਣੀ ਫਿਰੋਜੀ ਚਿੱਟਾ ਕੁੜਤਾ ਹੈ ਪਾਉਣਾ।
ਤੇੜ ਚਾਦਰਾ ਫਿਰੋਜੀ ਗੋਲ਼ ਬੰਨ੍ਹ ਕੇ ਸਜਾਉਣਾ।
ਆਉਣਾ ਸਾਹਮਣੇ ਲੋਕਾਂ ਦੇ ਪੂਰਾ ਸਜ ਧਜ ਕੇ ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਫੇਰ ਰੱਜ ਕੇ।

ਪਾਉਣੀ ਮੋਰਾਂ ਵਾਂਗ ਪੈਲ ਭੋਰਾ ਅੱਕਣਾ ਨਹੀਂ ਹੈ।
ਦੇਣਾ ਢੋਲੀ ਨੂੰ ਥਕਾ ਅਸਾਂ ਥੱਕਣਾ ਨਹੀਂ ਹੈ।
ਪਾਟ  ਜਾਊਗਾ ਵਿਚਾਰਾ ਢੋਲ ਵੱਜ ਵੱਜ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਜਦੋਂ ਰੱਜ ਕੇ।

ਹੁੰਦਾ ਭੰਗੜਾ ਪਨਾਗਾ ਕੀ ਹੈ ਜੱਗ ਨੂੰ ਦਿਖਾਉਣਾ।
ਕੱਲੇ ਨੱਚਣਾ ਨਹੀਂ ਅਾਪ ਸਾਰੀ ਜੰਨ ਨੂੰ ਨਚਾਉਣਾ।
ਜਾਨੀ ਆਉਣਗੇ ਗਲਾਸਾਂ ਵਿੱਚ ਪਈ ਛੱਡ ਕੇ।
ਪਾਉਣਾ ਭੰਗੜਾ ਡੱਗੇ ਦੇ ਨਾਲ਼ ਜਦੋਂ ਰੱਜ ਕੇ।

Saturday 21 September 2019

ਭੁੱਲ ਗਏ ਲੋਕ ਕਰਨੀਆਂ ਗੱਲਾਂ।
ਸਿੱਖ ਗਏ ਦਿਲ ਤੇ ਧਰਨੀਆਂ ਗੱਲਾਂ।
ਖੋਹ ਲਈਆਂ ਤਕਨਾਲੋਜੀ ਨੇ
ਪੀੜ ਦਿਲਾਂ ਦੀ ਹਰਨੀਆਂ ਗੱਲਾਂ।
ਰਿਸ਼ਤੇ ਕਿਤੇ ਨਾ ਜਾਣ ਤ੍ਰੇੜੇ
ਪੈਂਦੀਆਂ ਬਹੁਤ ਜਰਨੀਆਂ ਗੱਲਾਂ।
ਨੇਤਾ ਤੋਂ ਕੋਈ ਆਸ ਨਾ ਰੱਖਿਓ
ਸਿਰਫ ਨੇ ਮੂੰਹੋਂ ਵਰ੍ਹਨੀਆਂ ਗੱਲਾਂ।
ਮੋੜ ਲੈਣਗੇ ਮੂੰਹ ਅਪਣੇ ਵੀ
ਜਦੋਂ ਸ਼ਰੀਕਾਂ ਭਰਨੀਆਂ ਗੱਲਾਂ।
ਨਿੱਘੀਆਂ ਨਿਘੀਆਂ ਸਭ ਯਾਰਾਂ ਦੀਆਂ
ਭੀੜ ਪਈ ਤੋਂ ਠਰਨੀਆਂ ਗੱਲਾਂ।
ਮਰਨ ਪਿੱਛੋਂ ਵੀ ਚੰਗੀਆਂ ਮੰਦੀਆਂ
ਨਹੀਂ ਪਨਾਗਾ ਮਰਨੀਆਂ ਗੱਲਾਂ।

ਕਈਆਂ ਦੀ ਹੈ ਸੁੱਤੀ ਅਕਲ ਜਗਾ ਦਿੰਦੀ ਦਾਰੂ।
ਕਈਆਂ ਦੇ ਪਰ ਉੱਕਾ ਹੋਸ਼ ਉਡਾ ਦਿੰਦੀ ਦਾਰੂ।
ਮਹਿੰਗੀ ਸਸਤੀ ਵਿੱਚ ਫ਼ਰਕ ਹੈ ਕੇਵਲ ਜ਼ਾਇਕੇ ਦਾ
ਪੀਣ ਪਿੱਛੋਂ ਹੈ ਹਰ ਇੱਕ ਝੂੰਮਣ ਲਾ ਦਿੰਦੀ ਦਾਰੂ।
ਨਰਕਾਂ ਦੇ ਕੀੜੇ ਦਾ ਆਲਮ ਕਰਦੀ ਕਈਆਂ ਦਾ
ਜਿਉਂਦੇ ਜੀ ਹੈ ਕੁੱਝ ਨੂੰ ਸੁਰਗ ਦਿਖਾ ਦਿੰਦੀ ਦਾਰੂ।
ਓਪਰਿਆਂ ਨੂੰ ਯਾਰ ਬਣਾਵੇ ਪਿਆਰੇ ਭਾਈਆਂ ਤੋਂ
ਭਾਈਆਂ ਤੋਂ ਭਾਈਆਂ ਦੇ ਕਤਲ ਕਰਾ ਦਿੰਦੀ ਦਾਰੂ।
ਦਾਸੀ ਦੀ ਥਾਂ ਬਣ ਬੈਠੇ ਜੇ ਮਾਲਕ ਬੰਦੇ ਦੀ
ਮਹਿਲਾਂ ਚੋਂ ਕੱਢ ਕੁੱਲੀਆਂ ਵਿੱਚ ਬਿਠਾ ਦਿੰਦੀ ਦਾਰੂ।
ਬਣ ਕੇ ਡਾਇਣ ਬਟਾਲ਼ਵੀਆਂ ਦੀ ਦੇਹ ਨੂੰ ਖਾ ਜਾਂਦੀ
ਸਰਸਵਤੀ ਬਣ ਨਾਂ ਨੂੰ ਹੈ ਚਮਕਾ ਦਿੰਦੀ ਦਾਰੂ।
ਕਈਆਂ ਨੂੰ ਤਾਂ ਬੋਤਲ ਪੀਤੀ ਪੂਰੀ ਚੜ੍ਹਦੀ ਨਹੀਂ
ਕਈਆਂ ਨੂੰ ਹੱਥ ਲਾਇਆਂ ਨਸ਼ਾ ਚੜ੍ਹਾ ਦਿੰਦੀ ਦਾਰੂ।
ਪਤਾ ਨਹੀਂ ਮਰ ਜਾਣੀ ਵਿੱਚ ਕੀ ਐਸਾ ਪਾਇਆ ਹੈ
ਗਿੱਦੜਾਂ ਨੂੰ ਹੈ ਬੱਬਰ ਸ਼ੇਰ ਬਣਾ ਦਿੰਦੀ ਦਾਰੂ।
ਖੋਲ੍ਹ ਰੋਪੜੀ ਤਾਲ਼ੇ ਲੱਗੇ ਹੋਏ ਬੁੱਲ੍ਹਾਂ ਤੇ
ਦਿਲ ਦੇ ਸਾਰੇ ਰਾਜ਼ ਹੈ ਬਾਹਰ ਲਿਆ ਦਿੰਦੀ ਦਾਰੂ।
ਕਹਿੰਦੇ ਨੇ ਇਹ ਦੂਣਾ ਹੈ ਕਰ ਦਿੰਦੀ ਖੁਸ਼ੀਆਂ ਨੂੰ
ਗ਼ਮ ਦਿਲ ਦੇ ਪਰ ਸਾਰੇ ਕਹਿਣ ਭੁਲਾ ਦਿੰਦੀ ਦਾਰੂ।
ਵਸ ਵਿੱਚ ਰੱਖਣੀ ਆਉਂਦੀ ਨਹੀਂ ਪਨਾਗਾ ਇਹ ਜਿਸ ਨੂੰ
ਬੰਦੇ ਤੋਂ ਹੈ ਉਸ ਨੂੰ ਦੈਂਤ ਬਣਾ ਦਿੰਦੀ ਦਾਰੂ।


ਰਹਿਬਰ ਜੋ ਨਹੀਂ ਦਿਸਿਆ ਚਿਰ ਦਾ ਗਲ਼ੀਆਂ ਦੇ ਵਿੱਚ।
ਠੂਠਾ ਹੱਥ ਵਿੱਚ ਫੜੀਂ ਹੈ ਫਿਰਦਾ gLIAW dy iv`c[
ਉੱਚੇ ਤਖ਼ਤ ਤੇ ਬਹਿ ਕੇ ਜੋ ਰੱਬ ਬਣ ਜਾਂਦਾ ਹੈ
ਚੋਣਾਂ ਵੇਲ਼ੇ ਆ ਕੇ ਘਿਰਦਾ gLIAW dy iv`c[
ਪੰਜ ਸਾਲ ਜੋ ਯਾਦ ਨਾ ਆਉਂਦੇ ਸੁਪਨੇ ਵਿੱਚ ਵੀ
ਮੁੱਲ ਪੈਂਦਾ ਹੈ ਇੱਕ ਇੱਕ ਸਿਰ ਦਾ gLIAW dy iv`c[
ਸ਼ੋਰ ਸ਼ਰਾਬਾ ਸੌਣ ਨਾ ਦਿੰਦਾ ਰਾਤਾਂ ਨੂੰ ਵੀ
ਇੱਕ ਧਿਰ ਦਾ ਕਦੇ ਦੂਜੀ ਧਿਰ ਦਾ gLIAW dy iv`c[
ਅਹਿਦ ਨੇ ਜਿਸ ਨੂੰ ਖ਼ਤਮ ਕਰਨ ਦਾ ਲੈਂਦੇ ਰਹਿਬਰ
ਬਣ ਕੇ ਮੀਂਹ ਉਹ ਨਸ਼ਾ ਹੈ ਗਿਰਦਾ gLIAW dy iv`c[
ਨਾਲ਼ ਬਿਸ਼ਰਮੀ ਗਾਲ਼ਾਂ ਕੱਢਦੇ ਰਹਿਬਰ ਖੜ੍ਹ ਕੇ
ਚੰਗਾ ਜੀਭੋਂ ਸ਼ਬਦ ਨਾ ਕਿਰਦਾ gLIAW dy iv`c[
ਕੌਣ ਹੈ ਚੌਕੀਦਾਰ ਪਨਾਗਾ ਚੋਰ ਕੌਣ ਹੈ
ਉਲ਼ਝਣ ਵਿੱਚ ਹੈ ਹਰ ਇੱਕ ਹਿਰਦਾ gLIAW dy iv`c[


ਜਿਸ ਨੂੰ ਅਪਣੇ ਆਪ ਉੱਤੇ ਵਿਸ਼ਵਾਸ ਨਹੀਂ।
ਦੁਨੀਆਂ ਉਸ ਤੋਂ ਰੱਖ ਸਕਦੀ ਕੋਈ ਆਸ ਨਹੀਂ।
ਰੰਗ ਜ਼ਿੰਦਗੀ ਦੇ ਜਿਸ ਨੇੜੇ ਹੋ ਵੇਖੇ ਨੇ
ਤੱਕ ਪਤਝੜ ਨੂੰ ਹੁੰਦਾ ਕਦੇ ਉਦਾਸ ਨਹੀਂ।
ਹਰ ਕੋਈ ਜੱਗ ਤੇ ਕੇਵਲ ਅਪਣਾ ਮਿੱਤਰ ਹੈ
ਬਣਦਾ ਕਦੇ ਕਿਸੇ ਦਾ ਕੋਈ ਖਾਸ ਨਹੀਂ।
ਮਾਫ਼ਕ ਨੇ ਮਾਂਹ ਕੁੱਝ ਨੂੰ ਕੁੱਝ ਨੂੰ ਵਾਦੀ ਨੇ
ਇੱਕੋ ਨੁਸਖਾ ਸਭ ਨੂੰ ਆਉਂਦਾ ਰਾਸ ਨਹੀਂ।
ਆਪੇ ਅਪਣਾ ਮਨ ਸਮਝਾਉਣਾ ਪੈਂਦਾ ਹੈ
ਕੋਈ ਕਿਸੇ ਨੂੰ ਦੇ ਸਕਦਾ ਧਰਵਾਸ ਨਹੀਂ।
ਨਾਲ਼ ਬਦੀ ਦੇ ਭਰੀ ਪਈ ਹੈ ਦੁਨੀਆਂ ਇਹ
ਨੇਕੀ ਦਾ ਪਰ ਹੋਇਆ ਹਾਲੇ ਨਾਸ ਨਹੀਂ।
ਕੱਢ ਕੇ ਪੀਣਾ ਪੈਂਦੈ ਪਾਣੀ ਖੂਹ ਵਿੱਚੋਂ
ਖੂਹ ਵਿੱਚ ਤੱਕਿਆਂ ਬੁਝਦੀ ਕਦੇ ਪਿਆਸ ਨਹੀਂ।
ਧੀਰਜ ਰੱਖਣਾ ਪੈਂਦੈ ਪੱਕਣ ਤੱਕ ਪਨਾਗ
ਹੁੰਦੀ ਕੱਚੇ ਅੰਬਾਂ ਵਿੱਚ ਮਿਠਾਸ ਨਹੀਂ।


ਸ਼ੇਰਾਂ ਕੋਲ਼ੋਂ ਜਿਹੜਾ ਮਾਸ ਦੀ ਆਸ ਕਰੇ।
ਇਹਦੇ ਨਾਲ਼ੋਂ ਬਿਹਤਰ ਹੈ ਉਪਵਾਸ ਕਰੇ।
ਨਾ ਸ਼ੈਤਾਨ ਵੀ ਉਸ ਦਾ ਕੁੱਝ ਵਿਗਾੜ ਸਕੇ
ਮਾਲਕ ਨੂੰ ਜੋ ਚੇਤੇ ਸਾਸ ਗਿਰਾਸ ਕਰੇ।
ਸੱਜਣਾ ਲਈ ਤਾਂ ਸਾਰੀ ਦੁਨੀਆਂ ਕਰਦੀ ਹੈ
ਬੰਦਾ ਉਹ ਜੋ ਦੁਸ਼ਮਣ ਲਈ ਅਰਦਾਸ ਕਰੇ।
ਬਣ ਕਿਰਪਾਨ ਹੈ ਆਉਂਦੀ ਦੀਨ ਦੀ ਰਾਖੀ ਲਈ
ਬਣ ਤਲਵਾਰ ਜੋ ਜਬਰ ਜ਼ੁਲਮ ਦਾ  ਨਾਸ ਕਰੇ।
ਹੱਥ ਓਹੀ ਹੈ ਛੂਹ ਸਕਦਾ ਅਸਮਾਨਾਂ ਨੂੰ
ਇਮਤਿਹਾਨ ਜੋ ਅਪਣੇ ਬਲ ਤੇ ਪਾਸ ਕਰੇ।
ਹਿੰਮਤ, ਲਗਨ, ਹੌਸਲਾ ਉਹ ਕਰ ਦਿੰਦੇ ਨੇ
ਖ਼ਾਬ ਚ ਵੀ ਨਾ ਕਾਇਰ ਜਿਸ ਦਾ ਕਿਆਸ ਕਰੇ।
ਵੈਰੀ ਵੀ ਨਾ ਓਨਾ ਕਰ ਨੁਕਸਾਨ ਸਕੇ
ਬੁੱਕਲ਼ ਵਿੱਚ ਬਹਿ ਜਿੰਨਾ ਅਪਣਾ ਖਾਸ ਕਰੇ।
ਅਕਲ ਪਨਾਗਾ ਲਾ ਲਾ ਜ਼ੋਰ ਹੈ ਥੱਕ ਜਾਂਦੀ
ਟੁੱਟਿਆ ਦਿਲ ਪਰ ਫਿਰ ਵੀ ਨਾ ਧਰਵਾਸ ਕਰੇ।


ਬਾਗ ਬਗੀਚੇ ਸੋਹਣੇ ਲਗਦੇ ਚਿੜੀਆਂ ਘੁੱਗੀਆਂ ਮੋਰਾਂ  ਨਾਲ਼।
ਘਰ ਦੇ ਵਿੱਚ ਪਰ ਰੌਣਕ ਆਉਂਦੀ ਹੈ ਝਾਂਜਰ ਦਿਆਂ ਬੋਰਾਂ ਨਾਲ਼।
ਲੁੱਟਾਂ, ਖੋਹਾਂ, ਚੋਰੀ, ਡਾਕੇ, ਕਤਲ, ਤਸਕਰੀ, ਜਬਰ ਜਨਾਹ ਨੇ
ਕਿਹੜਾ ਠੱਲ੍ਹ ਜੁਰਮ ਨੂੰ ਪਾਵੇ ਕੁੱਤੀ ਰਲ਼ ਗਈ ਚੋਰਾਂ ਨਾਲ਼।
ਮਹਿਲਾਂ ਦੇ ਵਿੱਚ ਗੂੰਜਣ ਹਾਸੇ, ਕੁੱਲੀਆਂ ਦੇ ਵਿੱਚ ਅੱਥਰੂ ਟਪਕਣ
ਬੱਦਲ਼ ਕਾਲ਼ੇ ਜਦ ਘਿਰ ਆਉਂਦੇ, ਮੀਂਹ ਪੈਂਦਾ ਜਦ ਜ਼ੋਰਾਂ ਨਾਲ਼।
ਲੈ ਸੰਨਦਾਂ ਬੱਗ ਹੰਸ ਬਣ ਗਏ, ਮਸਤਕ ਵਿੱਚ ਪਰ ਜੋਤ ਜਗੀ ਨਾ
ਤੋਰ ਰਲ਼ੇ ਨਾ ਕਦੇ ਉਨ੍ਹਾਂ ਦੀ ਪਰ ਹੰਸਾਂ ਦੀਆਂ ਤੋਰਾਂ ਨਾਲ਼।
ਤੁਰ ਗਏ ਜੀਅ ਦੀ ਘਾਟ ਨਾ ਪੂਰੀ ਹੁੰਦੀ ਨਾਲ਼ ਮੁਆਵਜ਼ਿਆਂ ਦੇ
ਡੂੰਘੇ ਜ਼ਖ਼ਮ ਨਾ ਭਰਦੇ ਕੋਸੇ ਪਾਣੀ ਦੀਆਂ ਟਕੋਰਾਂ ਨਾਲ਼।
ਲੈਂਦੇ ਬਦਲ ਬਿਆਨ ਗਵਾਹ ਨੇ, ਮੁਨਸਫ਼ ਵੀ ਨੇ ਮਾਲ ਵਿਕਾਊ
ਕਤਲ ਕਰੋ ਤੇ ਬਰੀ ਹੋ ਜਾਓ, ਸਭ ਮੁਮਕਿਨ ਹੈ ਮੋਹਰਾਂ ਨਾਲ਼।
ਇੱਛਾ ਨਾ ਕੋਈ ਰਹੇ ਸੁਰਗ ਦੀ ਮਿਲ ਜਾਏ ਸਾਥ ਸੁਹਿਰਦ ਕੋਈ ਜੇ
ਐਥੇ ਈ ਨਰਕ ਭੋਗਣਾ ਪੈਂਦਾ ਲਾ ਕੇ ਚਿੱਤ ਕਠੋਰਾਂ ਨਾਲ਼।
ਸੌ ਸੌ ਸੌਂਹਾਂ ਖਾ ਵੀ ਲੋਕੀ ਜਾਂਦੇ ਭੁੱਲ ਪੁਰਾਣਿਆਂ ਨੂੰ ਹਨ
ਅੱਖਾਂ ਨੇ ਜਦ ਉਲ਼ਝ ਜਾਂਦੀਆਂ ਸੱਜਣਾ ਨਵੇਂ ਨਕੋਰਾਂ ਨਾਲ਼।
ਚਿੱਟੇ ਕਾਲ਼ੇ ਹੋ ਜਾਂਦੇ ਨੇ ਰੰਗ ਦੇ ਲਾਇਆਂ ਮਗਰ ਪਨਾਗਾ
ਜਿਸਮ ਨਾ ਸਕਦੇ ਲੈ ਪਰ ਟੱਕਰ ਨਵੀਂ ਉਮਰ ਦਿਆਂ ਛੋਹਰਾਂ ਨਾਲ਼।


ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ
ਕਰਜ਼ੇ ਦੱਬਿਆ ਪੁੱਤ ਧਰਤੀ ਦਾ ਆਹ ਇੱਕ ਫਾਹਾ ਲੈ ਮਰਿਆ।
ਔਹ ਇੱਕ ਦੀਵਾ ਖ਼ਾਨਦਾਨ ਦਾ ਨਸ਼ਿਆਂ ਨੇ ਹੈ ਗੁਲ ਕਰਿਆ।
ਨਸ਼ਿਆਂ ਦੇ ਸੌਦਾਗਰ ਨੇ ਤਾਂ ਬੱਸ ਅਪਣਾ ਘਰ ਭਰਨਾ ਹੈ।
ਪੁੱਤ ਦੇ ਜਾਣ ਦਾ ਦੁੱਖ ਤਾਂ ਉਸ ਦੇ ਜੰਮਣ ਵਾਲ਼ਿਆਂ ਜਰਨਾ ਹੈ।
ਜਿੱਧਰ ਦੇਖੋ ਮੌਤ ਕੂਕਦੀ, ਜਿਉਣਾ ਭੁੱਲ ਗਈਆਂ ਸਧਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਇੱਕ ਪਾਸੇ ਅਧਿਆਪਕ ਨੂੰ ਹਨ ਬੈਠੇ ਬਾਲ ਉਡੀਕ ਰਹੇ।
ਦੂਜੇ ਪਾਸੇ ਵਿਹਲੇ ਸਿਖਸ਼ਕ ਕੰਮ ਦਿਓ, ਕੰਮ ਦਿਓ ਚੀਕ ਰਹੇ।
ਆਹ ਲਿਖਿਐ ਮਹਿੰਗਾਈ ਕਰਕੇ ਦਮ ਨੱਕ ਦੇ ਵਿੱਚ ਆਇਆ ਹੈ।
ਐਧਰ ਜਿਣਸ ਨੂੰ ਭੋ ਦੇ ਭਾਅ ਕਿਰਸਾਨ ਨੇ ਗਲ਼ ਤੋਂ ਲਾਹਿਆ ਹੈ।
ਸੜੇ ਅਨਾਜ ਗੁਦਾਮੀਂ ਵਿਲਕਣ ਮਾਨਵਤਾ ਦੀਆਂ ਲਗਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਐਧਰ ਹੱਤਿਆ, ਔਧਰ ਹੱਤਿਆ, ਜਿੱਧਰ ਦੇਖੋ ਓਧਰ ਹੱਤਿਆ।
ਆਪ ਮਰਨ ਦੇ ਨਾਲ਼ੋਂ ਕਹਿੰਦੇ ਕਰਨੀ ਕਿਸੇ ਦੀ ਬਿਹਤਰ ਹੱਤਿਆ।
ਆਹ ਤੰਗ ਆ ਨਸ਼ਿਆਂ ਤੋਂ ਦੇਖੋ ਪਿਉ ਨੇ ਪੁੱਤਰ ਮਾਰ ਦਿੱਤਾ।
ਅਹੁ ਪੁੱਤ ਨੇ ਪਿਉ ਨਸ਼ਿਆਂ ਖਾਤਰ ਮੌਤ ਦੇ ਘਾਟ ਉਤਾਰ ਦਿੱਤਾ।
ਘਰ ਅੰਦਰ ਵੜ ਗੁੰਡੇ ਐਧਰ ਸਭ ਕੁੱਝ ਲੁੱਟ ਕੇ ਲੈ ਗਏ ਨੇ।
ਇੱਕ ਨੂੰ ਮਾਰੀ ਗੋਲ਼ੀ ਦੂਜੇ ਦਾ ਗਲ਼ ਘੁੱਟ ਕੇ ਲੈ ਗਏ ਨੇ।
ਜੇਲ੍ਹ ਦੇ ਅੰਦਰ ਪੁਲ਼ਸ ਵਾਲ਼ਿਆਂ ਆਹ ਕੋਈ ਕੁੱਟ ਕੇ ਮਾਰ ਦਿੱਤਾ।
ਝੂਠੇ ਪੁਲ਼ਸ ਮੁਕਾਬਲੇ ਅੰਦਰ ਇੱਕ ਗੋਲ਼ੀ ਨਾਲ਼ ਠਾਰ ਦਿੱਤਾ।
ਆਹ ਅੱਤਵਾਦੀ ਹਮਲੇ ਦਾ ਹੋ ਕਿੰਨੇ ਲੋਕ ਸ਼ਿਕਾਰ ਗਏ।
ਅਹੁ ਅੱਤਵਾਦੀ ਰਾਖਿਆਂ ਹੱਥੋਂ ਜਾਨ ਦੀ ਬਾਜ਼ੀ ਹਾਰ ਗਏ।
ਜਾਇਦਾਦ ਦੇ ਝਗੜੇ ਦੇ ਵਿੱਚ ਪੰਜ ਸੱਤ ਐਧਰ ਮਰ ਗਏ ਨੇ।
ਲੈ ਕੇ ਆੜ ਇੱਜ਼ਤ ਦੀ ਵੀਰੇ ਭੈਣ ਨੂੰ ਤੁਰਦੀ ਕਰ ਗਏ ਨੇ।
ਕੀਹਦਾ ਕੀਹਦਾ ਮਾਤਮ ਕਰੀਏ ਹਾਰ ਮੰਨ ਲਈ ਸਬਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਆਹ ਇੱਕ ਨੇਤਾ ਉੱਪਰ ਮਿਲ ਕੇ ਕਿਸੇ ਨੂੰ ਵੇਖੋ ਲੁੱਟ ਗਿਆ।
ਸਭ ਕੁੱਝ ਅਪਣੇ ਨਾਂ ਕਰਵਾ ਕੇ ਸੜਕ ਦੇ ਉੱਤੇ ਸੁੱਟ ਗਿਆ।
ਆਹ ਕੁੱਝ ਅਫਸਰ ਖਾ ਸਰਕਾਰੀ ਪੈਸਾ ਮਾਰ ਡਕਾਰ ਗਏ।
ਅਹੁ ਨੇਤਾ ਜੀ ਅਹੁਦੇ ਲਈ ਦਲ ਅਪਣੇ ਨੂੰ ਲੱਤ ਮਾਰ ਗਏ।
ਆਹ ਇੱਕ ਰਹਿਬਰ ਦੂਜੇ ਨੂੰ ਖੜ੍ਹ ਚੌਕ ਚ ਗਾਲ਼ਾਂ ਕੱਢੀਆਂ ਨੇ।
ਅਹੁ ਦੂਜੇ ਦੇ ਗੁੰਡਿਆਂ ਨੇ ਅੱਜ ਉਸ ਦੀਆਂ ਲੱਤਾਂ ਵੱਢੀਆਂ ਨੇ।
ਆਹ ਇੱਕ ਕੰਜਕ ਨੇਤਾ ਜੀ ਦੀ ਹਵਸ ਦਾ ਬਣੀ ਸ਼ਿਕਾਰ ਸੁਣੋ।
ਔਧਰ ਜਬਰ ਜਨਾਹ ਕਰ ਗੁੰਡਿਆਂ ਦੂਜੀ ਦਿੱਤੀ ਮਾਰ ਸੁਣੋ।
ਆਹ ਇੱਕ ਬੀਬੀ ਦਾ ਖੋਹ ਬਟੂਆ ਮੁੰਡੇ ਤਿੱਤਰ ਹੋ ਗਏ ਨੇ।
ਅਹੁ ਦੂਜੀ ਦੇ ਗਲ਼ੋਂ ਜੰਜੀਰੀ ਖਿੱਚ ਕੇ ਕਿਧਰੇ ਖੋ ਗਏ ਨੇ।
ਹੁਣੇ ਕਢਾਏ ਬਾਬੇ ਦੇ ਆਹ ਪੈਸੇ ਝਪਟ ਕੇ ਲੈ ਗਏ ਨੇ।
ਦਸ ਲੱਖ ਦੇ ਦਈਂ ਮਾਰ ਦਿਆਂਗੇ ਨਹੀਂ ਤਾਂ ਕੁੱਝ ਨੂੰ ਕਹਿ ਗਏ ਨੇ।
ਆਹ ਇੱਕ ਬਾਲ ਫਿਰੌਤੀ ਖਾਤਰ ਅਗਵਾ ਕਰ ਲਿਆ ਲਿਖਿਆ ਹੈ।
ਸਿਖਰ ਦੁਪਹਿਰੇ ਚੁੱਕਿਆ ਪਰ ਨਾ ਪ੍ਰਸ਼ਾਸ਼ਨ ਨੂੰ ਦਿਖਿਆ ਹੈ।
ਲੋਕਾਂ ਦੇ ਹੱਕਾਂ ਤੇ ਡਾਕਾ ਅੱਜ ਸੰਸਦ ਵਿੱਚ ਪਿਐ ਸੁਣੋ।
ਪਰਜਾ ਤੰਤਰ ਦਾ ਇੱਕ ਖੂੰਜਾ ਰਾਖਿਆਂ ਹੱਥੋਂ ਢਿਹੈ ਸੁਣੋ।
ਮਹਿਕਮਿਆਂ ਵਿੱਚ ਬੇਹੱਦ ਥਾਂਵਾਂ ਲਿਖਿਐ ਖਾਲੀ ਪਈਆਂ ਨੇ।
ਫਿਰ ਵੀ ਕਹਿਣ ਹਜ਼ਾਰਾਂ ਜਾਨਾਂ ਬੇਰੁਜ਼ਗਾਰੀ ਲਈਆਂ ਨੇ।
ਫੁੱਲਾਂ ਜਹੀ ਕੋਈ ਖ਼ਬਰ ਨਾ ਦਿਸਦੀ, ਲੱਭ ਲੱਭ ਥੱਕੀਆਂ ਨਜ਼ਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਰਹਿ ਗਏ ਬਿਰਧ ਜਵਾਨੀ ਸਾਰੀ ਛੱਡ ਦੇਸ਼ ਨੂੰ ਤੁਰ ਗਈ ਹੈ
ਆਸ ਹੱਥਾਂ ਨੂੰ ਕੰਮ ਮਿਲਣ ਦੀ ਖੁਰਦੀ ਖੁਰਦੀ ਖੁਰ ਗਈ ਹੈ
ਗਏ ਵਿਕਾਸ ਨੂੰ ਲੱਭਣ ਸਾਡੇ ਆਗੂ ਹਾਲੇ ਮੁੜੇ ਨਹੀਂ।
ਮੋੜ ਲਿਆਂਦੇ ਕਾਲ਼ੇ ਧਨ ਦੇ ਗੱਫੇ ਕਿਸੇ ਨੂੰ ਜੁੜੇ ਨਹੀਂ।
ਕਿਧਰੇ ਖ਼ਬਰ ਹੈ ਜਲਸਿਆਂ ਦੀ ਤੇ ਕਿਧਰੇ ਖ਼ਬਰ ਜਲੂਸਾਂ ਦੀ।
ਸੜਕ ਰੋਕ ਧਰਨੇ ਤੇ ਬੈਠੇ ਚਿਹਰੇ ਅੱਤ ਮਾਯੂਸਾਂ ਦੀ।
ਤਰਸ ਗਏ ਹਾਂ ਆਵੇ ਕਿਧਰੋਂ ਸੁੱਖ ਸਾਂਦ ਦੀ ਖ਼ਬਰ ਕੋਈ।
ਪੂਰੀ ਹੁੰਦੀ ਦਿਸੇ ਪਨਾਗਾ ਦਿਲ ਵਿੱਚ ਪਾਲ਼ੀ ਸਧਰ ਕੋਈ।
ਡਰ ਲਗਦਾ ਹੈ ਉੱਠ ਸਵੇਰੇ ਹੱਥ ਅਖ਼ਬਾਰ ਨੂੰ ਲਾਉਣੇ ਤੋਂ।
ਡਰ ਲਗਦਾ ਹੈ ਟੀ ਵੀ ਦੇ ਕੋਈ ਭਿਆਨਕ ਖ਼ਬਰ ਸੁਣਾਉਣੇ ਤੋਂ।
ਹੰਝੂਆਂ ਵਿੱਚ ਹਨ ਭਿੱਜੀਆਂ ਸ਼ਾਮਾਂ, ਹੈਰਤ ਡੁੱਬੀਆਂ ਫ਼ਜ਼ਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।