Saturday 21 September 2019


ਜਿਸ ਨੂੰ ਅਪਣੇ ਆਪ ਉੱਤੇ ਵਿਸ਼ਵਾਸ ਨਹੀਂ।
ਦੁਨੀਆਂ ਉਸ ਤੋਂ ਰੱਖ ਸਕਦੀ ਕੋਈ ਆਸ ਨਹੀਂ।
ਰੰਗ ਜ਼ਿੰਦਗੀ ਦੇ ਜਿਸ ਨੇੜੇ ਹੋ ਵੇਖੇ ਨੇ
ਤੱਕ ਪਤਝੜ ਨੂੰ ਹੁੰਦਾ ਕਦੇ ਉਦਾਸ ਨਹੀਂ।
ਹਰ ਕੋਈ ਜੱਗ ਤੇ ਕੇਵਲ ਅਪਣਾ ਮਿੱਤਰ ਹੈ
ਬਣਦਾ ਕਦੇ ਕਿਸੇ ਦਾ ਕੋਈ ਖਾਸ ਨਹੀਂ।
ਮਾਫ਼ਕ ਨੇ ਮਾਂਹ ਕੁੱਝ ਨੂੰ ਕੁੱਝ ਨੂੰ ਵਾਦੀ ਨੇ
ਇੱਕੋ ਨੁਸਖਾ ਸਭ ਨੂੰ ਆਉਂਦਾ ਰਾਸ ਨਹੀਂ।
ਆਪੇ ਅਪਣਾ ਮਨ ਸਮਝਾਉਣਾ ਪੈਂਦਾ ਹੈ
ਕੋਈ ਕਿਸੇ ਨੂੰ ਦੇ ਸਕਦਾ ਧਰਵਾਸ ਨਹੀਂ।
ਨਾਲ਼ ਬਦੀ ਦੇ ਭਰੀ ਪਈ ਹੈ ਦੁਨੀਆਂ ਇਹ
ਨੇਕੀ ਦਾ ਪਰ ਹੋਇਆ ਹਾਲੇ ਨਾਸ ਨਹੀਂ।
ਕੱਢ ਕੇ ਪੀਣਾ ਪੈਂਦੈ ਪਾਣੀ ਖੂਹ ਵਿੱਚੋਂ
ਖੂਹ ਵਿੱਚ ਤੱਕਿਆਂ ਬੁਝਦੀ ਕਦੇ ਪਿਆਸ ਨਹੀਂ।
ਧੀਰਜ ਰੱਖਣਾ ਪੈਂਦੈ ਪੱਕਣ ਤੱਕ ਪਨਾਗ
ਹੁੰਦੀ ਕੱਚੇ ਅੰਬਾਂ ਵਿੱਚ ਮਿਠਾਸ ਨਹੀਂ।

No comments:

Post a Comment