Saturday 21 September 2019

ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ


ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ।
ਨਹੀਂ ਫੜਦਾ ਕੋਈ ਪੱਲਾ ਏਸ ਕਰਮਾਂ ਦੀ ਮਾਰੀ ਦਾ।
ਪਾਈ ਈਮਾਨਦਾਰੀ ਦਾ ਮਖੌਟਾ ਹਰ ਕੋਈ ਫਿਰਦੈ
ਜਾਪਦੈ ਕੌਮ ਨੇ ਹੈ ਲੈ ਲਿਆ ਠੇਕਾ ਮੱਕਾਰੀ ਦਾ।
ਗਏ ਲੁਕਮਾਨ ਵੀ ਨੇ ਛੱਡ ਇਸ ਧਰਤੀ ਨੂੰ ਹੁਣ ਸਾਰੇ
ਨਹੀਂ ਲੱਭ ਸਕੇ ਜਦ ਦਾਰੂ ਉਹ ਇਸ ਮਾਰੂ ਬਿਮਾਰੀ ਦਾ।
ਬਹਿ ਗਿਆ ਰੱਬ ਵੀ ਹੁਣ ਤਾਂ ਪਾਲ਼ ਏਥੇ ਦਲਾਲਾਂ ਨੁੰ
ਉਹਦੇ ਵਰਦਾਨ ਲਈ ਭਰਨਾ ਪੇਟ ਪੈਂਦਾ ਪੁਜਾਰੀ ਦਾ
ਫੜ ਲਿਆ ਝੂਠ ਦਾ ਦਾਮਨ ਹੈ ਘੁੱਟ ਕੇ ਏਸ ਦੇ ਲੋਕਾਂ
ਜਿਉਣਾ ਹੋ ਗਿਆ ਮੁਸ਼ਕਲ ਕਿਸੇ ਸੱਚ ਦੇ ਵਪਾਰੀ ਦਾ।
ਨਾ ਡਰ ਸਰਕਾਰ ਦਾ ਨਾ ਧਰਮ ਰਾਜੇ ਦਾ ਰਿਹਾ ਏਥੇ
ਬਿਨਾਂ ਸੰਗ ਸ਼ਰਮ ਹੁੰਦਾ ਹੈ ਨਾਚ ਚੋਰੀ ਚਕਾਰੀ ਦਾ।
ਜਾਨ ਦੀ  ਮਾਲ ਦੀ ਪਰਿਵਾਰ ਦੀ ਰਾਖੀ ਕਿਵੇਂ ਕਰੀਏ
ਫਿਕਰ ਇਹ ਲੈ ਗਿਆ ਹੈ ਰੂਪ ਹੁਣ ਇੱਕ ਮਹਾਂਮਾਰੀ ਦਾ।
ਕੋਈ ਸਰਕਾਰ ਤੇ ਕਾਨੂੰਨ ਨਾਂ ਦੀ ਚੀਜ਼ ਨਹੀਂ ਲੱਭਦੀ
ਹਰ ਤਰਫ਼ ਰਾਜ ਹੈ ਜੰਗਲ਼ ਦਾ ਤੇ ਜਾਂ ਤਰਫ਼ਦਾਰੀ ਦਾ।
ਦੂਰ ਦਿਸਹਦੇ ਤੇ ਵੀ ਕਿਰਨ ਨਹੀਂ ਕੋਈ ਆਸ ਦੀ ਦਿਸਦੀ
ਪਨਾਗਾ ਆਸਰੇ ਜਿਸ ਦੇ ਵਕਤ ਔਖਾ ਗੁਜ਼ਾਰੀਦਾ।

No comments:

Post a Comment