Saturday 21 September 2019


ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ
ਕਰਜ਼ੇ ਦੱਬਿਆ ਪੁੱਤ ਧਰਤੀ ਦਾ ਆਹ ਇੱਕ ਫਾਹਾ ਲੈ ਮਰਿਆ।
ਔਹ ਇੱਕ ਦੀਵਾ ਖ਼ਾਨਦਾਨ ਦਾ ਨਸ਼ਿਆਂ ਨੇ ਹੈ ਗੁਲ ਕਰਿਆ।
ਨਸ਼ਿਆਂ ਦੇ ਸੌਦਾਗਰ ਨੇ ਤਾਂ ਬੱਸ ਅਪਣਾ ਘਰ ਭਰਨਾ ਹੈ।
ਪੁੱਤ ਦੇ ਜਾਣ ਦਾ ਦੁੱਖ ਤਾਂ ਉਸ ਦੇ ਜੰਮਣ ਵਾਲ਼ਿਆਂ ਜਰਨਾ ਹੈ।
ਜਿੱਧਰ ਦੇਖੋ ਮੌਤ ਕੂਕਦੀ, ਜਿਉਣਾ ਭੁੱਲ ਗਈਆਂ ਸਧਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਇੱਕ ਪਾਸੇ ਅਧਿਆਪਕ ਨੂੰ ਹਨ ਬੈਠੇ ਬਾਲ ਉਡੀਕ ਰਹੇ।
ਦੂਜੇ ਪਾਸੇ ਵਿਹਲੇ ਸਿਖਸ਼ਕ ਕੰਮ ਦਿਓ, ਕੰਮ ਦਿਓ ਚੀਕ ਰਹੇ।
ਆਹ ਲਿਖਿਐ ਮਹਿੰਗਾਈ ਕਰਕੇ ਦਮ ਨੱਕ ਦੇ ਵਿੱਚ ਆਇਆ ਹੈ।
ਐਧਰ ਜਿਣਸ ਨੂੰ ਭੋ ਦੇ ਭਾਅ ਕਿਰਸਾਨ ਨੇ ਗਲ਼ ਤੋਂ ਲਾਹਿਆ ਹੈ।
ਸੜੇ ਅਨਾਜ ਗੁਦਾਮੀਂ ਵਿਲਕਣ ਮਾਨਵਤਾ ਦੀਆਂ ਲਗਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਐਧਰ ਹੱਤਿਆ, ਔਧਰ ਹੱਤਿਆ, ਜਿੱਧਰ ਦੇਖੋ ਓਧਰ ਹੱਤਿਆ।
ਆਪ ਮਰਨ ਦੇ ਨਾਲ਼ੋਂ ਕਹਿੰਦੇ ਕਰਨੀ ਕਿਸੇ ਦੀ ਬਿਹਤਰ ਹੱਤਿਆ।
ਆਹ ਤੰਗ ਆ ਨਸ਼ਿਆਂ ਤੋਂ ਦੇਖੋ ਪਿਉ ਨੇ ਪੁੱਤਰ ਮਾਰ ਦਿੱਤਾ।
ਅਹੁ ਪੁੱਤ ਨੇ ਪਿਉ ਨਸ਼ਿਆਂ ਖਾਤਰ ਮੌਤ ਦੇ ਘਾਟ ਉਤਾਰ ਦਿੱਤਾ।
ਘਰ ਅੰਦਰ ਵੜ ਗੁੰਡੇ ਐਧਰ ਸਭ ਕੁੱਝ ਲੁੱਟ ਕੇ ਲੈ ਗਏ ਨੇ।
ਇੱਕ ਨੂੰ ਮਾਰੀ ਗੋਲ਼ੀ ਦੂਜੇ ਦਾ ਗਲ਼ ਘੁੱਟ ਕੇ ਲੈ ਗਏ ਨੇ।
ਜੇਲ੍ਹ ਦੇ ਅੰਦਰ ਪੁਲ਼ਸ ਵਾਲ਼ਿਆਂ ਆਹ ਕੋਈ ਕੁੱਟ ਕੇ ਮਾਰ ਦਿੱਤਾ।
ਝੂਠੇ ਪੁਲ਼ਸ ਮੁਕਾਬਲੇ ਅੰਦਰ ਇੱਕ ਗੋਲ਼ੀ ਨਾਲ਼ ਠਾਰ ਦਿੱਤਾ।
ਆਹ ਅੱਤਵਾਦੀ ਹਮਲੇ ਦਾ ਹੋ ਕਿੰਨੇ ਲੋਕ ਸ਼ਿਕਾਰ ਗਏ।
ਅਹੁ ਅੱਤਵਾਦੀ ਰਾਖਿਆਂ ਹੱਥੋਂ ਜਾਨ ਦੀ ਬਾਜ਼ੀ ਹਾਰ ਗਏ।
ਜਾਇਦਾਦ ਦੇ ਝਗੜੇ ਦੇ ਵਿੱਚ ਪੰਜ ਸੱਤ ਐਧਰ ਮਰ ਗਏ ਨੇ।
ਲੈ ਕੇ ਆੜ ਇੱਜ਼ਤ ਦੀ ਵੀਰੇ ਭੈਣ ਨੂੰ ਤੁਰਦੀ ਕਰ ਗਏ ਨੇ।
ਕੀਹਦਾ ਕੀਹਦਾ ਮਾਤਮ ਕਰੀਏ ਹਾਰ ਮੰਨ ਲਈ ਸਬਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਆਹ ਇੱਕ ਨੇਤਾ ਉੱਪਰ ਮਿਲ ਕੇ ਕਿਸੇ ਨੂੰ ਵੇਖੋ ਲੁੱਟ ਗਿਆ।
ਸਭ ਕੁੱਝ ਅਪਣੇ ਨਾਂ ਕਰਵਾ ਕੇ ਸੜਕ ਦੇ ਉੱਤੇ ਸੁੱਟ ਗਿਆ।
ਆਹ ਕੁੱਝ ਅਫਸਰ ਖਾ ਸਰਕਾਰੀ ਪੈਸਾ ਮਾਰ ਡਕਾਰ ਗਏ।
ਅਹੁ ਨੇਤਾ ਜੀ ਅਹੁਦੇ ਲਈ ਦਲ ਅਪਣੇ ਨੂੰ ਲੱਤ ਮਾਰ ਗਏ।
ਆਹ ਇੱਕ ਰਹਿਬਰ ਦੂਜੇ ਨੂੰ ਖੜ੍ਹ ਚੌਕ ਚ ਗਾਲ਼ਾਂ ਕੱਢੀਆਂ ਨੇ।
ਅਹੁ ਦੂਜੇ ਦੇ ਗੁੰਡਿਆਂ ਨੇ ਅੱਜ ਉਸ ਦੀਆਂ ਲੱਤਾਂ ਵੱਢੀਆਂ ਨੇ।
ਆਹ ਇੱਕ ਕੰਜਕ ਨੇਤਾ ਜੀ ਦੀ ਹਵਸ ਦਾ ਬਣੀ ਸ਼ਿਕਾਰ ਸੁਣੋ।
ਔਧਰ ਜਬਰ ਜਨਾਹ ਕਰ ਗੁੰਡਿਆਂ ਦੂਜੀ ਦਿੱਤੀ ਮਾਰ ਸੁਣੋ।
ਆਹ ਇੱਕ ਬੀਬੀ ਦਾ ਖੋਹ ਬਟੂਆ ਮੁੰਡੇ ਤਿੱਤਰ ਹੋ ਗਏ ਨੇ।
ਅਹੁ ਦੂਜੀ ਦੇ ਗਲ਼ੋਂ ਜੰਜੀਰੀ ਖਿੱਚ ਕੇ ਕਿਧਰੇ ਖੋ ਗਏ ਨੇ।
ਹੁਣੇ ਕਢਾਏ ਬਾਬੇ ਦੇ ਆਹ ਪੈਸੇ ਝਪਟ ਕੇ ਲੈ ਗਏ ਨੇ।
ਦਸ ਲੱਖ ਦੇ ਦਈਂ ਮਾਰ ਦਿਆਂਗੇ ਨਹੀਂ ਤਾਂ ਕੁੱਝ ਨੂੰ ਕਹਿ ਗਏ ਨੇ।
ਆਹ ਇੱਕ ਬਾਲ ਫਿਰੌਤੀ ਖਾਤਰ ਅਗਵਾ ਕਰ ਲਿਆ ਲਿਖਿਆ ਹੈ।
ਸਿਖਰ ਦੁਪਹਿਰੇ ਚੁੱਕਿਆ ਪਰ ਨਾ ਪ੍ਰਸ਼ਾਸ਼ਨ ਨੂੰ ਦਿਖਿਆ ਹੈ।
ਲੋਕਾਂ ਦੇ ਹੱਕਾਂ ਤੇ ਡਾਕਾ ਅੱਜ ਸੰਸਦ ਵਿੱਚ ਪਿਐ ਸੁਣੋ।
ਪਰਜਾ ਤੰਤਰ ਦਾ ਇੱਕ ਖੂੰਜਾ ਰਾਖਿਆਂ ਹੱਥੋਂ ਢਿਹੈ ਸੁਣੋ।
ਮਹਿਕਮਿਆਂ ਵਿੱਚ ਬੇਹੱਦ ਥਾਂਵਾਂ ਲਿਖਿਐ ਖਾਲੀ ਪਈਆਂ ਨੇ।
ਫਿਰ ਵੀ ਕਹਿਣ ਹਜ਼ਾਰਾਂ ਜਾਨਾਂ ਬੇਰੁਜ਼ਗਾਰੀ ਲਈਆਂ ਨੇ।
ਫੁੱਲਾਂ ਜਹੀ ਕੋਈ ਖ਼ਬਰ ਨਾ ਦਿਸਦੀ, ਲੱਭ ਲੱਭ ਥੱਕੀਆਂ ਨਜ਼ਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।
ਰਹਿ ਗਏ ਬਿਰਧ ਜਵਾਨੀ ਸਾਰੀ ਛੱਡ ਦੇਸ਼ ਨੂੰ ਤੁਰ ਗਈ ਹੈ
ਆਸ ਹੱਥਾਂ ਨੂੰ ਕੰਮ ਮਿਲਣ ਦੀ ਖੁਰਦੀ ਖੁਰਦੀ ਖੁਰ ਗਈ ਹੈ
ਗਏ ਵਿਕਾਸ ਨੂੰ ਲੱਭਣ ਸਾਡੇ ਆਗੂ ਹਾਲੇ ਮੁੜੇ ਨਹੀਂ।
ਮੋੜ ਲਿਆਂਦੇ ਕਾਲ਼ੇ ਧਨ ਦੇ ਗੱਫੇ ਕਿਸੇ ਨੂੰ ਜੁੜੇ ਨਹੀਂ।
ਕਿਧਰੇ ਖ਼ਬਰ ਹੈ ਜਲਸਿਆਂ ਦੀ ਤੇ ਕਿਧਰੇ ਖ਼ਬਰ ਜਲੂਸਾਂ ਦੀ।
ਸੜਕ ਰੋਕ ਧਰਨੇ ਤੇ ਬੈਠੇ ਚਿਹਰੇ ਅੱਤ ਮਾਯੂਸਾਂ ਦੀ।
ਤਰਸ ਗਏ ਹਾਂ ਆਵੇ ਕਿਧਰੋਂ ਸੁੱਖ ਸਾਂਦ ਦੀ ਖ਼ਬਰ ਕੋਈ।
ਪੂਰੀ ਹੁੰਦੀ ਦਿਸੇ ਪਨਾਗਾ ਦਿਲ ਵਿੱਚ ਪਾਲ਼ੀ ਸਧਰ ਕੋਈ।
ਡਰ ਲਗਦਾ ਹੈ ਉੱਠ ਸਵੇਰੇ ਹੱਥ ਅਖ਼ਬਾਰ ਨੂੰ ਲਾਉਣੇ ਤੋਂ।
ਡਰ ਲਗਦਾ ਹੈ ਟੀ ਵੀ ਦੇ ਕੋਈ ਭਿਆਨਕ ਖ਼ਬਰ ਸੁਣਾਉਣੇ ਤੋਂ।
ਹੰਝੂਆਂ ਵਿੱਚ ਹਨ ਭਿੱਜੀਆਂ ਸ਼ਾਮਾਂ, ਹੈਰਤ ਡੁੱਬੀਆਂ ਫ਼ਜ਼ਰਾਂ।
ਸੁਣੀਆਂ ਨਹੀਂ ਜਾਂਦੀਆਂ ਖ਼ਬਰਾਂ, ਪੜ੍ਹੀਆਂ ਨਹੀਂ ਜਾਂਦੀਆਂ ਖ਼ਬਰਾਂ।
ਐਧਰ ਬਲ਼ਦਾ ਸਿਵਾ ਚੀਕਦਾ, ਔਧਰ ਕੂਕਣ ਕਬਰਾਂ।

No comments:

Post a Comment