Saturday 21 September 2019


ਕਈਆਂ ਦੀ ਹੈ ਸੁੱਤੀ ਅਕਲ ਜਗਾ ਦਿੰਦੀ ਦਾਰੂ।
ਕਈਆਂ ਦੇ ਪਰ ਉੱਕਾ ਹੋਸ਼ ਉਡਾ ਦਿੰਦੀ ਦਾਰੂ।
ਮਹਿੰਗੀ ਸਸਤੀ ਵਿੱਚ ਫ਼ਰਕ ਹੈ ਕੇਵਲ ਜ਼ਾਇਕੇ ਦਾ
ਪੀਣ ਪਿੱਛੋਂ ਹੈ ਹਰ ਇੱਕ ਝੂੰਮਣ ਲਾ ਦਿੰਦੀ ਦਾਰੂ।
ਨਰਕਾਂ ਦੇ ਕੀੜੇ ਦਾ ਆਲਮ ਕਰਦੀ ਕਈਆਂ ਦਾ
ਜਿਉਂਦੇ ਜੀ ਹੈ ਕੁੱਝ ਨੂੰ ਸੁਰਗ ਦਿਖਾ ਦਿੰਦੀ ਦਾਰੂ।
ਓਪਰਿਆਂ ਨੂੰ ਯਾਰ ਬਣਾਵੇ ਪਿਆਰੇ ਭਾਈਆਂ ਤੋਂ
ਭਾਈਆਂ ਤੋਂ ਭਾਈਆਂ ਦੇ ਕਤਲ ਕਰਾ ਦਿੰਦੀ ਦਾਰੂ।
ਦਾਸੀ ਦੀ ਥਾਂ ਬਣ ਬੈਠੇ ਜੇ ਮਾਲਕ ਬੰਦੇ ਦੀ
ਮਹਿਲਾਂ ਚੋਂ ਕੱਢ ਕੁੱਲੀਆਂ ਵਿੱਚ ਬਿਠਾ ਦਿੰਦੀ ਦਾਰੂ।
ਬਣ ਕੇ ਡਾਇਣ ਬਟਾਲ਼ਵੀਆਂ ਦੀ ਦੇਹ ਨੂੰ ਖਾ ਜਾਂਦੀ
ਸਰਸਵਤੀ ਬਣ ਨਾਂ ਨੂੰ ਹੈ ਚਮਕਾ ਦਿੰਦੀ ਦਾਰੂ।
ਕਈਆਂ ਨੂੰ ਤਾਂ ਬੋਤਲ ਪੀਤੀ ਪੂਰੀ ਚੜ੍ਹਦੀ ਨਹੀਂ
ਕਈਆਂ ਨੂੰ ਹੱਥ ਲਾਇਆਂ ਨਸ਼ਾ ਚੜ੍ਹਾ ਦਿੰਦੀ ਦਾਰੂ।
ਪਤਾ ਨਹੀਂ ਮਰ ਜਾਣੀ ਵਿੱਚ ਕੀ ਐਸਾ ਪਾਇਆ ਹੈ
ਗਿੱਦੜਾਂ ਨੂੰ ਹੈ ਬੱਬਰ ਸ਼ੇਰ ਬਣਾ ਦਿੰਦੀ ਦਾਰੂ।
ਖੋਲ੍ਹ ਰੋਪੜੀ ਤਾਲ਼ੇ ਲੱਗੇ ਹੋਏ ਬੁੱਲ੍ਹਾਂ ਤੇ
ਦਿਲ ਦੇ ਸਾਰੇ ਰਾਜ਼ ਹੈ ਬਾਹਰ ਲਿਆ ਦਿੰਦੀ ਦਾਰੂ।
ਕਹਿੰਦੇ ਨੇ ਇਹ ਦੂਣਾ ਹੈ ਕਰ ਦਿੰਦੀ ਖੁਸ਼ੀਆਂ ਨੂੰ
ਗ਼ਮ ਦਿਲ ਦੇ ਪਰ ਸਾਰੇ ਕਹਿਣ ਭੁਲਾ ਦਿੰਦੀ ਦਾਰੂ।
ਵਸ ਵਿੱਚ ਰੱਖਣੀ ਆਉਂਦੀ ਨਹੀਂ ਪਨਾਗਾ ਇਹ ਜਿਸ ਨੂੰ
ਬੰਦੇ ਤੋਂ ਹੈ ਉਸ ਨੂੰ ਦੈਂਤ ਬਣਾ ਦਿੰਦੀ ਦਾਰੂ।

No comments:

Post a Comment