Saturday 21 September 2019


ਬਾਗ ਬਗੀਚੇ ਸੋਹਣੇ ਲਗਦੇ ਚਿੜੀਆਂ ਘੁੱਗੀਆਂ ਮੋਰਾਂ  ਨਾਲ਼।
ਘਰ ਦੇ ਵਿੱਚ ਪਰ ਰੌਣਕ ਆਉਂਦੀ ਹੈ ਝਾਂਜਰ ਦਿਆਂ ਬੋਰਾਂ ਨਾਲ਼।
ਲੁੱਟਾਂ, ਖੋਹਾਂ, ਚੋਰੀ, ਡਾਕੇ, ਕਤਲ, ਤਸਕਰੀ, ਜਬਰ ਜਨਾਹ ਨੇ
ਕਿਹੜਾ ਠੱਲ੍ਹ ਜੁਰਮ ਨੂੰ ਪਾਵੇ ਕੁੱਤੀ ਰਲ਼ ਗਈ ਚੋਰਾਂ ਨਾਲ਼।
ਮਹਿਲਾਂ ਦੇ ਵਿੱਚ ਗੂੰਜਣ ਹਾਸੇ, ਕੁੱਲੀਆਂ ਦੇ ਵਿੱਚ ਅੱਥਰੂ ਟਪਕਣ
ਬੱਦਲ਼ ਕਾਲ਼ੇ ਜਦ ਘਿਰ ਆਉਂਦੇ, ਮੀਂਹ ਪੈਂਦਾ ਜਦ ਜ਼ੋਰਾਂ ਨਾਲ਼।
ਲੈ ਸੰਨਦਾਂ ਬੱਗ ਹੰਸ ਬਣ ਗਏ, ਮਸਤਕ ਵਿੱਚ ਪਰ ਜੋਤ ਜਗੀ ਨਾ
ਤੋਰ ਰਲ਼ੇ ਨਾ ਕਦੇ ਉਨ੍ਹਾਂ ਦੀ ਪਰ ਹੰਸਾਂ ਦੀਆਂ ਤੋਰਾਂ ਨਾਲ਼।
ਤੁਰ ਗਏ ਜੀਅ ਦੀ ਘਾਟ ਨਾ ਪੂਰੀ ਹੁੰਦੀ ਨਾਲ਼ ਮੁਆਵਜ਼ਿਆਂ ਦੇ
ਡੂੰਘੇ ਜ਼ਖ਼ਮ ਨਾ ਭਰਦੇ ਕੋਸੇ ਪਾਣੀ ਦੀਆਂ ਟਕੋਰਾਂ ਨਾਲ਼।
ਲੈਂਦੇ ਬਦਲ ਬਿਆਨ ਗਵਾਹ ਨੇ, ਮੁਨਸਫ਼ ਵੀ ਨੇ ਮਾਲ ਵਿਕਾਊ
ਕਤਲ ਕਰੋ ਤੇ ਬਰੀ ਹੋ ਜਾਓ, ਸਭ ਮੁਮਕਿਨ ਹੈ ਮੋਹਰਾਂ ਨਾਲ਼।
ਇੱਛਾ ਨਾ ਕੋਈ ਰਹੇ ਸੁਰਗ ਦੀ ਮਿਲ ਜਾਏ ਸਾਥ ਸੁਹਿਰਦ ਕੋਈ ਜੇ
ਐਥੇ ਈ ਨਰਕ ਭੋਗਣਾ ਪੈਂਦਾ ਲਾ ਕੇ ਚਿੱਤ ਕਠੋਰਾਂ ਨਾਲ਼।
ਸੌ ਸੌ ਸੌਂਹਾਂ ਖਾ ਵੀ ਲੋਕੀ ਜਾਂਦੇ ਭੁੱਲ ਪੁਰਾਣਿਆਂ ਨੂੰ ਹਨ
ਅੱਖਾਂ ਨੇ ਜਦ ਉਲ਼ਝ ਜਾਂਦੀਆਂ ਸੱਜਣਾ ਨਵੇਂ ਨਕੋਰਾਂ ਨਾਲ਼।
ਚਿੱਟੇ ਕਾਲ਼ੇ ਹੋ ਜਾਂਦੇ ਨੇ ਰੰਗ ਦੇ ਲਾਇਆਂ ਮਗਰ ਪਨਾਗਾ
ਜਿਸਮ ਨਾ ਸਕਦੇ ਲੈ ਪਰ ਟੱਕਰ ਨਵੀਂ ਉਮਰ ਦਿਆਂ ਛੋਹਰਾਂ ਨਾਲ਼।

No comments:

Post a Comment