Wednesday, 29 July 2020

ਅਰਥ ਸੁਖਮਨੀ ਸਾਹਿਬ - ਅਸਟਪਦੀ - 4


ਸਲੋਕ ।।
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲ ।। ਜਿਨ ਕੀਆ ਤਿਸ ਚੀਤ ਰਖੁ ਨਾਨਕ ਨਿਬਹੀ ਨਾਲਿ ।। ੧ ।।
ਐ ਗੁਣਹੀਣ ਮੂਰਖ ਨਿਆਣੀ ਮੱਤ ਵਾਲ਼ੇ ਇਨਸਾਨ, ਹਮੇਸ਼ਾ ਉਸ ਪ੍ਰਮਾਤਮਾ ਦਾ ਸਿਮਰਨ ਕਰਦਾ ਰਿਹਾ ਕਰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਸਦਾ ਉਸ ਸਿਰਜਣਹਾਰ ਨੂੰ ਯਾਦ ਰੱਖਿਆ ਕਰ ਜਿਸ ਨੇ ਤੈਨੂੰ ਪੈਦਾ ਕੀਤਾ ਹੈ ਕਿਉਂਕਿ ਉਹ ਹੀ ਅੰਤ ਤੱਕ ਤੇਰਾ ਸਾਥ ਨਿਭਾਏਗਾ। ਬਾਕੀ ਸਾਰੇ ਰਿਸ਼ਤੇ ਮਤਲਬ ਦੇ ਰਿਸ਼ਤੇ ਹਨ। ਇਹ ਆਤਮਾ ਦੇ ਸਰੀਰ ਛੱਡਦੇ ਸਾਰ ਹੀ ਸਾਥ ਛੱਡ ਜਾਂਦੇ ਹਨ।
ਅਸਟਪਦੀ ।।
ਰਮਈਆ ਕੇ ਗੁਨ ਚੇਤ ਪਰਾਨੀ ।। ਕਵਨ ਮੂਲ ਤੇ ਕਵਨ ਦ੍ਰਿਸਟਾਨੀ ।।
ਹੇ ਜੀਵ, ਕਣ ਕਣ ਵਿੱਚ ਵਸੇ ਹੋਏ ਰਾਮ ਨੂੰ ਸਦਾ ਮਨ ਵਿੱਚ ਯਾਦ ਕਰਦਾ ਰਿਹਾ ਕਰ। ਵੇਖ ਉਸ ਨੇ ਤੈਨੂੰ ਕੀ ਤੋਂ ਕੀ ਬਣਾ ਦਿੱਤਾ ਹੈ। ਤੂੰ ਵੀਰਜ ਦੀ ਇੱਕ ਬੂੰਦ ਦੇ ਰੂਪ ਵਿੱਚ ਹੋਂਦ ਵਿੱਚ ਆਇਆ ਸੀ। ਸਿਰਜਣਹਾਰ ਨੇ ਤੈਨੂੰ ਸ੍ਰਿਸ਼ਟੀ ਦਾ ਸਰਦਾਰ ਬਣਾ ਦਿੱਤਾ ਹੈ। ਏਨਾ ਉਪਕਾਰ ਕਰਨ ਵਾਲ਼ੇ ਅਪਣੇ ਕਰਤੇ ਨੂੰ ਇੱਕ ਪਲ ਲਈ ਵੀ ਮਨ ਤੋਂ ਨਾ ਵਿਸਾਰਿਆ ਕਰ।
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ।। ਗਰਭ ਅਗਨਿ ਮਹਿ ਜਿਨਹਿ ਉਬਾਰਿਆ ।।
ਜਿਸ ਪ੍ਰਮਾਤਮਾ ਨੇ ਤੇਰੀ ਸਿਰਜਣਾ ਕਰ ਕੇ ਤੈਨੂੰ ਏਨਾ ਸੁੰਦਰ ਸਰੀਰ ਦਿੱਤਾ ਹੈ, ਸਿਰਫ਼ ਤੈਨੂੰ ਸਿਰਜਿਆ ਹੀ ਨਹੀਂ, ਸੰਵਾਰਿਆ ਸ਼ਿੰਗਾਰਿਆ ਵੀ ਹੈ, ਜਿਸ ਨੇ ਗਰਭ ਜੂਨ ਦੌਰਾਨ ਗਰਭ ਦੀ ਅਗਨੀ ਤੋਂ ਤੇਰੀ ਰੱਖਿਆ ਕੀਤੀ ਹੈ, ਉਸ ਨੂੰ ਕਦੇ ਇੱਕ ਪਲ ਲਈ ਵੀ ਮਨ ਤੋਂ ਭੁਲਾਇਆ ਨਾ ਕਰ।
ਬਾਰ ਬਿਵਸਥਾ ਤੁਝਹਿ ਪਿਆਰੈ ਦੂਧਿ ।। ਭਰਿ ਜੋਬਨ ਭੋਜਨ ਸੁਖ ਸੂਧਿ ।।
ਬਾਲ ਅਵਸਥਾ ਵਿੱਚ ਉਸ ਨੇ ਤੇਰੀ ਪਾਲਣਾ ਕਰਨ ਲਈ ਤੇਰੇ ਲਈ ਦੁੱਧ ਦਾ ਪ੍ਰਬੰਧ ਕੀਤਾ। ਜਦੋਂ ਤੂੰ ਜਵਾਨ ਹੋਇਆ ਤਾਂ ਉਸ ਨੇ ਤੇਰੇ ਲਈ ਭਾਂਤ ਭਾਂਤ ਦੇ ਭੋਜਨ ਅਤੇ ਹੋਰ ਅਨੇਕਾਂ ਸੁਖ ਦੇ ਸਾਧਨ ਪੈਦਾ ਕਰ ਦਿੱਤੇ।
ਬਿਰਧਿ ਭਇਆ ਊਪਰਿ ਸਾਕ ਸੈਨ ।। ਮੁਖਿ ਅਪਿਆਉ ਬੈਠ ਕਉ ਦੈਨ ।।
ਜਦੋਂ ਤੂੰ ਬੁੱਢਾ ਹੋਇਆ ਤਾਂ ਤੇਰੀ ਸੇਵਾ ਕਰਨ ਲਈ ਤੈਨੂੰ ਸਾਕ ਸੰਬੰਧੀ ਦਿੱਤੇ ਜਿਹੜੇ ਤੇਰੇ ਬੁਢਾਪੇ ਦੇ ਦਿਨਾਂ ਵਿੱਚ ਤੇਰੀ ਬੈਠੇ ਦੀ ਸੇਵਾ ਕਰਦੇ ਹਨ, ਤੇਰੇ ਬੈਠੇ ਦੇ ਮੂੰਹ ਵਿੱਚ ਬੁਰਕੀਆਂ ਤੱਕ ਪਾਉਂਦੇ ਹਨ।
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ।। ਬਖਸਿ ਲੇਹੁ ਤਉ ਨਾਨਕ ਸੀਝੈ ।। ੧ ।।
ਪਰ ਐ ਗੁਣਹੀਣ ਮਨੁੱਖ, ਤੂੰ ਏਨਾ ਨਾ-ਸ਼ੁਕਰਗੁਜ਼ਾਰ ਹੈਂ ਕਿ ਪ੍ਰਮਾਤਮਾ ਦੇ ਏਨੇ ਵੱਡੇ ਉਪਕਾਰਾਂ ਦੀ ਵੀ ਕਦਰ ਨਹੀਂ ਪਾਉਂਦਾ ਅਤੇ ਉਸ ਨੂੰ ਭੁਲਾ ਦਿੰਦਾ ਹੈਂ। ਉਹ ਕ੍ਰਿਪਾਲੂ ਪ੍ਰਮਾਤਮਾ ਤੇਰੇ ਤੇ ਤਰਸ ਖਾ ਕੇ ਤੈਨੂੰ ਬਖ਼ਸ਼ ਦੇਵੇ ਤਾਂ ਹੀ ਤੇਰਾ ਬਚਾ ਹੋ ਸਕਦਾ ਹੈ।
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ।। ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ।।
ਜਿਸ ਪ੍ਰਮਾਤਮਾ ਦੀ ਕਿਰਪਾ ਸਦਕਾ ਤੂੰ ਇਸ ਧਰਤੀ ਉੱਤੇ ਸੁਖਮਈ ਜੀਵਨ ਬਤੀਤ ਕਰਦਾ ਹੈਂ, ਜਿਸ ਦੀ ਮਿਹਰ ਸਦਕਾ ਤੂੰ ਪੁੱਤਰਾਂ, ਭਰਾਵਾਂ, ਦੋਸਤਾਂ ਮਿੱਤਰਾਂ ਅਤੇ ਪਤਨੀ ਨਾਲ਼ ਹਸਦਾ ਖੇਡਦਾ ਹੈਂ, ਉਹ ਤੈਨੂੰ ਚੇਤੇ ਨਹੀਂ।
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ।। ਸੁਖਦਾਈ ਪਵਨੁ ਪਾਵਕੁ ਅਮੁਲਾ ।।
ਜਿਸ ਵਾਹਿਗੁਰੂ ਨੇ ਤੈਨੂੰ ਪੀਣ ਲਈ ਠੰਢਾ ਪਾਣੀ ਦਿੱਤਾ ਹੈ, ਤੈਨੂੰ ਸੁਖ ਦੇਣ ਲਈ ਹਵਾ ਅਤੇ ਅਗਨੀ ਬਣਾਈਆਂ ਹਨ ਜੋ ਤੈਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੀਆਂ ਹਨ। ਏਨੀਆਂ ਅਨਮੋਲ ਅਤੇ ਜੀਵਨ ਲਈ ਏਨੀਆਂ ਜ਼ਰੂਰੀ ਹੋਣ ਦੇ ਬਾਵਜੂਦ ਵੀ ਉਸ ਮਾਲਕ ਨੇ  ਇਹ ਤੈਨੂੰ ਬਿਲਕੁਲ ਮੁਫ਼ਤ ਦਿੱਤੀਆਂ ਹਨ। ਪਰ ਤੂੰ ਉਸ ਨੂੰ ਫੇਰ ਵੀ ਭੁਲਾ ਦਿੱਤਾ ਹੈ।
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ।। ਸਗਲ ਸਮਗ੍ਰੀ ਸੰਗਿ ਸਾਥਿ ਬਸਾ ।।
ਜਿਸ ਦੀ ਮਿਹਰਬਾਨੀ ਸਦਕਾ ਤੂੰ ਤਰਾਂ ਤਰਾਂ ਦੇ ਸੁਆਦਾਂ ਦਾ ਅਨੰਦ ਮਾਣਦਾ ਹੈਂ, ਜਿਸ ਨੇ ਤੇਰੀ ਸੁਖ ਸੁਵਿਧਾ ਲਈ ਅਨੇਕਾਂ ਕਿਸਮ ਦੇ ਪਦਾਰਥ ਪੈਦਾ ਕੀਤੇ ਹਨ, ਤੂੰ ਉਸ ਨੂੰ ਯਾਦ ਨਹੀਂ ਕਰਦਾ।
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ।। ਤਿਸਹਿ ਤਿਆਗਿ ਅਵਰ ਸੰਗਿ ਰਚਨਾ ।।
ਜਿਸ ਨੇ ਤੈਨੂੰ ਕੰਮ ਕਰਨ ਲਈ ਹੱਥ, ਚੱਲਣ ਲਈ ਪੈਰ, ਸੁਣਨ ਲਈ ਕੰਨ, ਦੇਖਣ ਲਈ ਅੱਖਾਂ ਅਤੇ ਬੋਲਣ ਲਈ ਜੀਭ ਦਿੱਤੀ ਹੈ, ਉਸ ਨੂੰ ਭੁਲਾ ਕੇ ਤੂੰ ਸੰਸਾਰਿਕ ਪਦਾਰਥਾਂ ਨਾਲ਼ ਮੋਹ ਪਾ ਕੇ ਬੈਠ ਗਿਆ ਹੈਂ।
ਐਸੇ ਦੋਖ ਮੂੜ ਅੰਧ ਬਿਆਪੇ ।। ਨਾਨਕ ਕਾਢਿ ਲੇਹੁ ਪ੍ਰਭ ਆਪੇ ।। ੨ ।।
ਏਹੋ ਜਿਹੇ ਮੂਰਖਤਾ ਭਰੇ ਗੁਨਾਹ ਕੋਈ ਮੂਰਖ ਅੰਨ੍ਹਾ ਹੀ ਕਰ ਸਕਦਾ ਹੈ। ਤੂੰ ਬਖ਼ਸ਼ਣ ਦੇ ਲਾਇਕ ਨਹੀਂ। ਗੁਰੂ ਜੀ ਸਮਝਾਉਂਦੇ ਹਨ ਕਿ ਕ੍ਰਿਪਾਲੂ ਪ੍ਰਮਾਤਮਾ ਹੀ ਅਪਣੇ ਦਿਆਲੂ ਸੁਭਾਅ ਕਾਰਨ ਤੇਰੇ ਤੇ ਮਿਹਰ ਕਰਕੇ ਤੈਨੂੰ ਬਚਾ ਸਕਦਾ ਹੈ।
ਆਦਿ ਅੰਤਿ ਜੋ ਰਾਖਨਹਾਰੁ ।। ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ।।
ਐ ਮਨੁਖ, ਤੂੰ ਏਨਾ ਮੂਰਖ ਹੈਂ ਕਿ ਜਿਹੜਾ ਪ੍ਰਮਾਤਮਾ ਸ਼ੁਰੂ ਤੋਂ ਅਖੀਰ ਤੱਕ ਤੇਰੀ ਰੱਖਿਆ ਕਰਦਾ ਹੈ ਤੇ ਤੂੰ ਉਸ ਨਾਲ਼ ਵੀ ਪਿਆਰ ਨਹੀਂ ਕਰਦਾ।
ਜਾ ਕੀ ਸੇਵਾ ਨਵ ਨਿਧਿ ਪਾਵੈ ।। ਤਾ ਸਿਉ ਮੂੜਾ ਮਨੁ ਨਹੀ ਲਾਵੈ ।।
ਤੂਂ ਏਨਾ ਮੂਰਖ ਹੈਂ ਕਿ ਜਿਸ ਪ੍ਰਮਾਤਮਾ ਦੀ ਸੇਵਾ ਨਾਲ਼ ਤੈਨੂੰ ਨੌਂ ਨਿਧਾਂ (ਨੌਂ ਤਰਾਂ ਦੇ ਖ਼ਜ਼ਾਨੇ, ਨੌਂ ਕੀਮਤੀ  ਵਸਤਾਂ) ਪ੍ਰਾਪਤ ਹੁੰਦੀਆਂ ਹਨ ਤੂੰ ਉਸ ਪ੍ਰਮਾਤਮਾ ਨਾਲ਼ ਵੀ ਪਿਆਰ ਨਹੀਂ ਕਰਦਾ।
ਜੋ ਠਾਕੁਰੁ ਸਦ ਸਦਾ ਹਜੂਰੇ ।। ਤਾ ਕਉ ਅੰਧਾ ਜਾਨਤ ਦੂਰੇ ।।
ਤੂੰ ਇਸ ਕਦਰ ਅੰਨ੍ਹਾ ਹੋ ਗਿਆ ਹੈਂ ਕਿ ਜਿਹੜਾ ਮਾਲਕ ਹਰ ਵੇਲ਼ੇ ਤੇਰੇ ਅੰਗ ਸੰਗ ਰਹਿੰਦਾ ਹੈ, ਹਰ ਥਾਂ ਤੇ ਹਾਜ਼ਰ ਨਾਜ਼ਰ ਹੁੰਦਾ ਹੈ, ਤੂੰ ਉਸ ਨੂੰ ਦੂਰ ਸਮਝਦਾ ਹੈ।
ਜਾ ਕੀ ਟਹਲ ਪਾਵੈ ਦਰਗਹ ਮਾਨੁ ।। ਤਿਸਹਿ ਬਿਸਾਰੈ ਮੁਗਧੁ ਅਜਾਨੁ ।।
ਤੂੰ ਏਨਾ ਮੂਰਖ ਅਤੇ ਗਿਆਨ ਤੋਂ ਵਿਹੂਣਾ ਹੈਂ ਕਿ ਤੂੰ ਉਸ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਜਿਸ ਦੀ ਸੇਵਾ ਕਰਨ ਨਾਲ਼ ਤੈਨੂੰ ਦਰਗਾਹ ਵਿੱਚ (ਰੱਬ ਦੇ ਦਰਬਾਰ ਵਿੱਚ) ਸਤਿਕਾਰ ਮਿਲਦਾ ਹੈ।
ਸਦਾ ਸਦਾ ਇਹੁ ਭੂਲਨਹਾਰੁ ।। ਨਾਨਕ ਰਾਖਨਹਾਰੁ ਅਪਾਰੁ ।। ੩ ।।
ਇਹ ਇਨਸਾਨ ਗਲਤੀਆਂ ਦਾ ਪੁਤਲਾ ਹੈ। ਇਹ ਹਮੇਸ਼ਾ ਹੀ ਗਲਤੀਆਂ ਕਰਦਾ ਰਹਿੰਦਾ  ਹੈ। ਪ੍ਰੰਤੂ ਗੁਰੂ ਜੀ ਕਹਿੰਦੇ ਹਨ ਕਿ ਰੱਖਣਹਾਰ ਪ੍ਰਮਾਤਮਾ ਦੀ ਦਿਆਲੁਤਾ ਦਾ ਕੋਈ ਅੰਤ ਨਹੀਂ। ਉਹ ਫਿਰ ਵੀ ਇਸ ਨੂੰ ਬਚਾ ਲੈਂਦਾ ਹੈ। 
ਰਤਨੁ ਤਿਆਗਿ ਕਉਡੀ ਸੰਗਿ ਰਚੈ ।। ਸਾਚੁ ਛੋਡਿ ਝੂਠ ਸੰਗਿ ਮਚੈ ।।
ਰਤਨਾ ਵਰਗੇ ਕੀਮਤੀ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਇਨਸਾਨ ਕੌਡੀਆਂ ਵਰਗੇ ਸਸਤੇ ਅਤੇ ਘਟੀਆ ਪਦਾਰਥਾਂ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ। ਸਦਾ ਸਥਿਰ ਰਹਿਣ ਵਾਲ਼ੇ ਪ੍ਰਮਾਤਮਾ ਨੂੰ ਭੁੱਲ ਕੇ ਇਹ ਨਾਸ਼ਵਾਨ ਝੂਠੇ ਸੰਸਾਰ ਨਾਲ਼ ਮੋਹ ਪਾਈ ਰੱਖਦਾ ਹੈ।
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ।। ਜੋ ਹੋਵਨੁ ਸੋ ਦੂਰਿ ਪਰਾਨੈ ।।
ਜਿਨ੍ਹਾਂ ਪਦਾਰਥਾਂ ਨੂੰ ਇਸ ਨੇ ਛੱਡ ਜਾਣਾ ਹੈ ਉਨ੍ਹਾਂ ਨੂੰ ਇਹ ਸਦੀਵੀ ਸਮਝੀ ਬੈਠਾ ਹੈ। ਜੋ ਨਿਸ਼ਚਿਤ ਤੌਰ ਤੇ ਹੋਣਾ ਹੈ ਉਸ ਨੂੰ ਇਹ ਦੂਰ ਸਮਝਦਾ ਹੈ ਅਰਥਾਤ ਇਹ ਸਮਝਦਾ ਹੈ ਕਿ ਇਹ ਨਹੀਂ ਹੋਣਾ।
ਛੋਡਿ ਜਾਏ ਤਿਸ ਕਾ ਸ੍ਰਮੁ ਕਰੈ ।। ਸੰਗਿ ਸਹਾਈ ਤਿਸੁ ਪਰਹਰੈ ।।
ਜਿਨ੍ਹਾਂ ਪਦਾਰਥਾਂ ਨੂੰ ਇਸ ਨੇ ਛੱਡ ਜਾਣਾ ਹੈ ਉਨ੍ਹਾਂ ਨੂੰ ਹਾਸਲ ਕਰਨ ਲਈ ਇਹ ਦਿਨ ਰਾਤ ਮਿਹਨਤ ਕਰਦਾ ਰਹਿੰਦਾ ਹੈ। ਜਿਸ ਪ੍ਰਮਾਤਮਾ ਦੇ ਨਾਮ ਨੇ ਇਸ ਦਾ ਸਾਥ ਦੇਣਾ ਹੈ, ਇਸ ਦੀ ਸਹਾਇਤਾ ਕਰਨੀ ਹੈ, ਉਸ ਨੂੰ ਇਹ ਭੁੱਲ ਜਾਂਦਾ ਹੈ।
ਚੰਦਨੁ ਲੇਪੁ ਉਤਾਰੈ ਧੋਇ ।। ਗਰਧਬ ਪ੍ਰੀਤਿ ਭਸਮ ਸੰਗਿ ਹੋਇ ।।
ਚੰਦਨ ਵਰਗੀ ਖੁਸ਼ਬੋਦਾਰ ਚੀਜ਼ ਦੇ ਲੇਪ ਨੂੰ ਇਹ ਧੋ ਕੇ ਉਤਾਰ ਦਿੰਦਾ ਹੈ ਅਤੇ ਗਧੇ ਦੀ ਤਰਾਂ ਮਿੱਟੀ ਘੱਟੇ ਨਾਲ਼ ਪਿਆਰ ਪਾਈ ਰੱਖਦਾ ਹੈ, ਉਸ ਵਿੱਚ ਲਿੱਬੜਿਆ ਰਹਿੰਦਾ ਹੈ।
ਅੰਧ ਕੂਪ ਮਹਿ ਪਤਿਤ ਬਿਕਰਾਲ ।। ਨਾਨਕ ਕਾਢਿ ਲੇਹੁ ਪ੍ਰਭ ਦਇਆਲ ।। ੪ ।।
ਇਹ ਕਮੀਣਾ ਮੂਰਖ ਪਾਪੀ ਭਿਆਨਕ ਅੰਨ੍ਹੇ ਖੂਹ ਵਿੱਚ ਡਿਗਿਆ ਹੋਇਆ ਹੈ। ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਮਾਤਮਾ, ਤੂੰ ਦਿਆਲੂ ਹੈਂ, ਅਪਣੇ ਦਿਆਲੂ ਸੁਭਾਅ ਨੂੰ ਕਾਇਮ ਰੱਖਦੇ ਹੋਏ ਤੂੰ ਆਪ ਹੀ ਇਸ ਅੰਨ੍ਹੇ ਖੂਹ ਵਿੱਚੋਂ ਇਸ ਨੂੰ ਕੱਢ ਲੈ।
ਕਰਤੂਤਿ ਪਸੂ ਕੀ ਮਾਨਸ ਜਾਤਿ ।। ਲੋਕ ਪਚਾਰਾ ਕਰੈ ਦਿਨੁ ਰਾਤਿ ।।
ਇਨਸਾਨ ਕੇਵਲ ਦੇਖਣ ਨੂੰ ਤਾਂ ਇਨਸਾਨ ਹੈ ਪਰ ਇਸ ਦੇ ਕੰਮ ਪਸ਼ੂਆਂ ਵਾਲ਼ੇ ਹਨ। ਇਹ ਦਿਨ ਰਾਤ ਬਾਹਰਲੀ ਪਵਿੱਤਰਤਾ ਦਾ ਵਿਖਾਵਾ ਕਰ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦਾ ਹੈ। 
ਬਾਹਰਿ ਭੇਖ ਅੰਤਰਿ ਮਲੁ ਮਾਇਆ ।। ਛਪਸਿ ਨਾਹਿ ਕਛੁ ਕਰੈ ਛਪਾਇਆ ।।
ਇਨਸਾਨ ਬਾਹਰੋਂ ਤਾਂ ਸਾਧੂਆਂ ਦਾ ਭੇਖ ਬਣਾ ਕੇ ਰੱਖਦਾ ਹੈ ਪਰ ਇਸ ਦੇ ਅੰਦਰ ਮਾਇਆ ਦੇ ਮੋਹ ਦੀ ਗੰਦਗੀ ਭਰੀ ਹੁੰਦੀ ਹੈ। ਇਹ ਪੂਰਾ ਜ਼ੋਰ ਲਾ ਕੇ ਇਸ ਗੰਦਗੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੇ ਹੈ ਪ੍ਰੰਤੂ ਅੰਦਰਲੀ ਅਸਲੀਅਤ ਛੁਪਾਈ ਨਹੀਂ ਜਾ ਸਕਦੀ।
ਬਾਹਰਿ ਗਿਆਨ ਧਿਆਨ ਇਸਨਾਨ ।। ਅੰਤਰਿ ਬਿਆਪੈ ਲੋਭੁ ਸੁਆਨੁ ।।
ਬਾਹਰੋਂ ਤਾਂ ਇਹ ਨਹਾ ਧੋ ਕੇ ਪਵਿੱਤਰ ਬਣਦਾ ਹੈ, ਗਿਆਨਵਾਨ ਹੋਣ ਦਾ ਵਿਖਾਵਾ ਕਰਦਾ ਹੈ ਅਤੇ ਸਮਾਧੀ ਲਗਾ ਕੇ ਪ੍ਰਮਾਤਮਾ ਨਾਲ਼ ਜੁੜੇ ਹੋਏ ਹੋਣ ਦਾ ਪਾਖੰਡ ਕਰਦਾ ਹੈ ਪ੍ਰੰਤੂ ਇਸ ਦੇ ਅੰਦਰ ਲੋਭ ਰੂਪੀ ਕੁੱਤਾ ਭਾਰੂ ਹੁੰਦਾ ਹੈ ਅਤੇ ਇਹ ਹਮੇਸ਼ਾ ਮਾਇਆ ਦੇ ਪਿੱਛੇ ਭੱਜਦਾ ਰਹਿੰਦਾ ਹੈ।
ਅੰਤਰਿ ਅਗਨਿ ਬਾਹਰਿ ਤਨੁ ਸੁਆਹ ।। ਗਲਿ ਪਾਥਰ ਕੈਸੇ ਤਰੈ ਅਥਾਹ ।।
ਬਾਹਰੋਂ ਤਨ ਦੇ ਉੱਤੇ ਸੁਆਹ ਮਲ਼ ਕੇ ਵਿਰੱਕਤ ਸਾਧੂ ਹੋਣ ਦਾ ਵਿਖਾਵਾ ਕਰਦਾ ਹੈ ਪਰ ਅੰਦਰੋਂ ਵਿਕਾਰਾਂ ਦੀ ਅਗਨੀ ਨਾਲ਼ ਪੀੜਤ ਹੁੰਦਾ ਹੈ। ਇਹ ਇਨਸਾਨ ਜਿਸ ਨੇ ਗਲ਼ ਵਿੱਚ ਪੱਥਰ ਬੰਨ੍ਹਿਆਂ ਹੋਇਆ ਹੈ ਅਸੀਮ ਸਮੁੰਦਰ ਨੂੰ ਕਿਵੇਂ ਪਾਰ ਕਰ ਸਕਦਾ ਹੈ?
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ।। ਨਾਨਕ ਤੇ ਜਨ ਸਹਜਿ ਸਮਾਤਿ ।। ੫ ।।
ਗੁਰੂ ਜੀ ਦਾ ਫੁਰਮਾਨ ਹੈ ਕਿ ਜਿਨ੍ਹਾਂ ਮਨੁਖਾਂ ਦੇ ਮਨ ਅੰਦਰ ਪ੍ਰਮਾਤਮਾ ਆਪ ਵਸਦਾ ਹੈ ਉਹ ਸਹਿਜ ਸੁਭਾਅ ਹੀ ਪ੍ਰਮਾਤਮਾ ਵਿੱਚ ਸਮਾ ਜਾਦੇ ਹਨ, ਉਸ ਨਾਲ਼ ਇੱਕ ਮਿੱਕ ਹੋ ਜਾਂਦੇ ਹਨ।
ਸੁਨਿ ਅੰਧਾ ਕੈਸੇ ਮਾਰਗਿ ਪਾਵੈ ।। ਕਰੁ ਗਹਿ ਲੇਹੁ ਓੜਿ ਨਿਬਹਾਵੈ ।।
ਆਦਮੀ ਅਕਲ ਦਾ ਅੰਨ੍ਹਾ ਹੈ। ਇੱਕ ਅੰਨ੍ਹੇ ਆਦਮੀ ਨੂੰ ਜੇ ਬੋਲ ਕੇ ਰਸਤਾ ਦੱਸੀਏ ਤਾਂ ਉਹ ਰਸਤਾ ਦੇਖਣ ਦੇ ਸਮਰਥ ਨਹੀਂ ਹੋ ਜਾਂਦਾ ਅਤੇ ਨਾ ਹੀ ਉਸ ਤੇ ਚੱਲ ਸਕਦਾ ਹੈ। ਹਾਂ, ਜੇ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਈਏ ਤਾਂ ਉਹ ਅਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ।
ਕਹਾ ਬੁਝਾਰਤਿ ਬੂਝੈ ਡੋਰਾ ।। ਨਿਸਿ ਕਹੀਐ ਤਉ ਸਮਝੈ ਭੋਰਾ ।।
ਬੋਲ਼ੇ ਨੂੰ ਜੇ ਬੁਝਾਰਤ ਪਾਈਏ ਤਾਂ ਉਹ ਬੁੱਝ ਨਹੀਂ ਸਕਦਾ ਕਿਉਂਕਿ ਉਸ ਨੂੰ ਸੁਣਾਈ ਹੀ ਨਹੀਂ ਦਿੰਦਾ। ਅਸੀਂ ਰਾਤ ਕਹਿੰਦੇ ਹਾਂ, ਉਸ ਨੂੰ ਲੱਗਦਾ ਹੈ ਕਿ ਅਸੀਂ ਸਵੇਰ ਆਖਿਆ ਹੈ।
ਕਹਾ ਬਿਸਨਪਦ ਗਾਵੈ ਗੁੰਗ ।। ਜਤਨ ਕਰੈ ਤਉ ਭੀ ਸੁਰ ਭੰਗ ।।
ਇੱਕ ਗੁੰਗਾ ਇਨਸਾਨ ਬਿਸ਼ਨਪਦੇ ਨਹੀਂ ਗਾ ਸਕਦਾ ਕਿਉਂਕਿ ਉਸ ਲਈ ਤਾਂ ਬੋਲਣਾ ਹੀ ਸੰਭਵ ਨਹੀੰ। ਜੇ ਉਹ ਕੋਸ਼ਿਸ਼ ਕਰੇ ਵੀ ਤਾਂ ਵੀ ਅਜਿਹਾ ਨਹੀਂ ਕਰ ਸਕਦਾ, ਬੇਸੁਰਾ ਹੋ ਜਾਂਦਾ ਹੈ।
ਕਹ ਪਿੰਗੁਲ ਪਰਬਤ ਪਰ ਭਵਨ ।। ਨਹੀ ਹੋਤ ਊਹਾ ਉਸੁ ਗਵਨ ।।
ਲੰਗੜਾ ਕਿਵੇਂ ਪਹਾੜ ਤੇ ਚੜ੍ਹ ਸਕਦਾ ਹੈ? ਉਸ ਲਈ ਪਹਾੜ ਤੇ ਚੜ੍ਹਨਾ ਸੰਭਵ ਨਹੀਂ। ਉਹ ਤਾਂ ਠੀਕ ਤਰਾਂ ਤੁਰ ਵੀ ਨਹੀਂ ਸਕਦਾ।
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ।। ਨਾਨਕ ਤੁਮਰੀ  ਕਿਰਪਾ ਤਰੈ ।। ੬ ।।
ਪਰ ਜੇ ਇਨਸਾਨ ਨਿਮਰਤਾ ਪੂਰਬਕ ਦਇਆਵਾਨ ਪ੍ਰਮਾਤਮਾ ਅੱਗੇ ਬੇਨਤੀ ਕਰੇ ਤਾਂ ਉਸ ਦੀ ਕਿਰਪਾ ਨਾਲ਼ ਉਹ ਅਜਿਹੇ ਅਸੰਭਵ ਕੰਮ ਵੀ ਕਰ ਸਕਦਾ ਹੈ। ਵਾਹਿਗੁਰੂ ਦੀ ਕਿਰਪਾ ਨਾਲ਼ ਪਾਪੀ ਵੀ ਤਰ ਜਾਂਦੇ ਹਨ ਜਿਨ੍ਹਾਂ ਦੇ ਤਰਨ ਦੀ ਕੋਈ ਉਮੀਦ ਨਹੀਂ ਹੁੰਦੀ।
ਸੰਗਿ ਸਹਾਈ ਸੁ ਆਵੈ ਨ ਚੀਤਿ ।। ਜੋ ਬੈਰਾਈ ਤਾ ਸਿਉ ਪ੍ਰੀਤਿ ।।
ਜਿਹੜਾ ਪ੍ਰਮਾਤਮਾ ਸਦਾ ਸਾਡੇ ਅੰਗ ਸੰਗ ਰਹਿੰਦਾ ਹੈ ਅਤੇ ਸਾਡੀ ਸਦਾ ਸਹਾਇਤਾ ਕਰਦਾ ਹੈ ਉਸ ਨੂੰ ਅਸੀਂ ਯਾਦ ਨਹੀਂ ਰੱਖਦੇ  ਅਤੇ ਉਸ ਮਾਇਆ ਨਾਲ਼, ਜਿਹੜੀ ਸਾਡੀ ਦੁਸ਼ਮਣ ਹੈ ਅਤੇ ਸਾਨੂੰ ਪਾਗਲ ਕਰੀ ਰੱਖਦੀ ਹੈ, ਅਸੀਂ ਪਿਆਰ ਪਾਈ ਰੱਖਦੇ ਹਾਂ।
ਬਲੂਆ ਕੇ ਗ੍ਰਿਹ ਭੀਤਰਿ ਬਸੈ ।। ਅਨਦ ਕੇਲ ਮਾਇਆ ਰੰਗਿ ਰਸੈ ।।
ਅਸੀਂ ਰੇਤ ਦੇ ਘਰ ਵਿੱਚ ਰਹਿੰਦੇ ਹਾਂ ਜਿਸ ਦੀ ਕੋਈ ਮੁਨਿਆਦ ਨਹੀਂ, ਜਿਹੜਾ ਕਿਸੇ ਵੇਲ਼ੇ ਵੀ ਢਹਿ ਸਕਦਾ ਹੈ। ਅਸੀਂ ਰੰਗ ਤਮਾਸ਼ਿਆਂ ਅਤੇ ਮਾਇਆ ਦੇ ਮੋਹ ਵਿੱਚ ਗ੍ਰਸਤ ਹੋਏ ਰਹਿੰਦੇ ਹਾਂ।
ਦ੍ਰਿੜ ਕਰਿ ਮਾਨੈ ਮਨਹਿ ਪ੍ਰਤੀਤਿ ।। ਕਾਲੁ ਨ ਆਵੈ ਮੂੜੇ ਚੀਤਿ ।।
ਅਸੀਂ ਅਪਣੇ ਮਨ ਵਿੱਚ ਇਹ ਵਿਸਵਾਸ਼ ਦ੍ਰਿੜ੍ਹ ਕਰੀ ਰੱਖਦੇ ਹਾਂ ਕਿ ਅਸੀਂ ਹਮੇਸ਼ਾ ਹੀ ਇਨ੍ਹਾਂ ਰੰਗ ਤਮਾਸ਼ਿਆਂ ਨੂੰ ਮਾਣਦੇ ਰਹਾਂਗੇ। ਸਾਨੂਮ ਮੂਰਖਾਂ ਨੂੰ ਇਹ ਸਚਾਈ ਯਾਦ ਨਹੀਂ ਰਹਿੰਦੀ ਕਿ ਇੱਕ ਦਿਨ ਲਾਜ਼ਮੀ ਸਾਨੂੰ ਮੌਤ ਆਉਣੀ ਹੀ ਆਉਣੀ ਹੈ।
ਬੈਰ ਬਿਰੋਧ ਕਾਮ ਕ੍ਰੋਧਿ ਮੋਹ ।। ਝੂਠ ਬਿਕਾਰ ਮਹਾ ਲੋਭ ਧ੍ਰੋਹ ।।
ਅਸੀਂ ਨਾਲ਼ ਦੁਸ਼ਮਣੀਆਂ ਪਾਲ਼ਦੇ ਰਹਿੰਦੇ ਹਾਂ, ਝਗੜੇ ਕਰਦੇ ਰਹਿੰਦੇ ਹਾਂ, ਕਾਮ ਦਾ ਸ਼ਿਕਾਰ ਹੋਏ ਰਹਿੰਦੇ ਹਾਂ, ਗੁੱਸੇ ਦੀ ਅੱਗ ਵਿੱਚ ਸੜਦੇ ਰਹਿੰਦੇ ਹਾਂ ਅਤੇ ਮੋਹ ਦੇ ਜਾਲ਼ ਵਿੱਚ ਫਸੇ ਰਹਿੰਦੇ ਹਾਂ। ਸੰਸਾਰਿਕ ਪਦਾਰਥਾਂ ਦੇ ਜਾਲ਼ ਵਿੱਚ ਫਸੇ ਅਸੀਂ ਝੂਠ ਬੋਲਦੇ ਹਾਂ, ਵਿਕਾਰਾਂ ਦੇ  ਗੁਲਾਮ ਬਣੇ ਰਹਿੰਦੇ ਹਾਂ, ਲਾਲਚ ਵਸ ਦੁਨੀਆਂ ਨਾਲ਼ ਧੋਖਾ ਕਰਦੇ ਹਾਂ। 
ਇਆਹੂ ਜੁਗਤਿ ਬਿਹਾਨੇ ਕਈ ਜਨਮ ।। ਨਾਨਕ ਰਾਖਿ ਲੇਹੁ ਆਪਨਿ ਕਰਿ ਕਰਮ ।। ੭ ।।
ਇਸ ਤਰਾਂ ਦਾ ਜੀਵਨ ਬਤੀਤ ਕਰਦਿਆਂ ਸਾਡੇ ਕਈ ਜਨਮ ਬੀਤ ਗਏ ਹਨ। ਗੁਰੂ ਜੀ ਆਖਦੇ ਹਨ ਕਿ ਜੇ ਸਾਡੇ ਕਰਮਾਂ ਦੇ ਪਿੱਛੇ ਜਾਈਏ ਤਾਂ ਸਾਡੇ ਬਚਣ ਦਾ ਕੋਈ ਰਸਤਾ ਨਹੀਂ। ਇਸ ਲਈ, ਹੇ ਪ੍ਰਭੂ, ਤੁਸੀਂ ਆਪ ਹੀ ਤਰਸ ਕਰ ਕੇ, ਕ੍ਰਿਪਾਲਤਾ ਕਰ ਕੇ ਸਾਨੂੰ ਬਚਾ ਲਵੋ।
ਤੂ ਠਾਕੁਰੁ ਤੁਮ ਪਹਿ ਅਰਦਾਸਿ ।। ਜੀਉ ਪਿੰਡੁ ਸਭੁ ਤੇਰੀ ਰਾਸਿ ।।
ਹੇ ਵਾਹਿਗੁਰੂ, ਤੁਸੀਂ ਮਾਲਕ ਹੋ, ਇਸ ਕਰਕੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ। ਸਾਡਾ ਇਹ ਸਰੀਰ ਅਤੇ ਮਨ ਤੁਹਾਡੀ ਹੀ ਅਮਾਨਤ ਹਨ।
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ।। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ।।
ਤੁਸੀਂ ਸਾਡੇ ਮਾਤਾ ਪਿਤਾ ਹੋ ਅਤੇ ਅਸੀਂ ਤੁਹਾਡੇ ਬੱਚੇ ਹਾਂ। ਤੁਹਾਡੀ ਦਇਆ ਨਲ਼ ਸਾਨੂੰ ਅਨੇਕਾਂ ਹੀ ਸੁਖ ਪ੍ਰਾਪਤ ਹੋ ਸਕਦੇ ਹਨ।
ਕੋਇ ਨ ਜਾਨੈ ਤੁਮਰਾ ਅੰਤੁ ।। ਊਚੇ ਤੇ ਊਚਾ ਭਗਵੰਤ ।।
ਤੁਸੀਂ ਏਨੇ ਮਹਾਨ ਹੋ ਕਿ ਕੋਈ ਵੀ ਤੁਹਾਡਾ ਅੰਤ ਨਹੀਂ ਪਾ ਸਕਦਾ। ਹੇ ਮਾਲਕ, ਤੁਸੀਂ ਉੱਚਿਆਂ ਤੋਂ ਵੀ ਉੱਚੇ ਹੋ। ਜਿੰਨੀ ਤੁਹਾਡੇ ਮਹਾਨ ਹੋਣ ਦੀ ਅਸੀਂ ਕਲਪਣਾ ਕਰ ਸਕਦੇ ਹਾਂ, ਤੁਸੀਂ ਉਸ ਨਾਲ਼ੋਂ ਵੀ ਵੱਧ ਮਹਾਨ ਹੋ, ਮਹਾਨ ਤੋਂ ਵੀ ਮਹਾਨ ਹੋ।
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ।। ਤੁਮ ਤੇ ਹੋਇ ਸੁ ਆਗਿਆਕਾਰੀ ।।
ਸੰਸਾਰ ਦੇ ਸਾਰੇ ਜੀਵ ਅਤੇ ਨਿਰਜੀਵ ਪਦਾਰਥ ਤੁਹਾਡੇ ਹੁਕਮ ਵਿੱਚ, ਤੁਹਾਡੇ ਬਣਾਏ ਨਿਯਮਾਂ ਵਿੱਚ ਬੱਝੇ ਹੋਏ ਹਨ। ਜੋ ਤੁਸੀਂ ਕਰਨਾ ਚਾਹੋ, ਉਹ ਹੀ ਹੁੰਦਾ ਹੈ। ਜਿਹੜਾ ਇਨਸਾਨ ਤੁਹਾਡੇ ਹੁਕਮ ਨੂੰ ਸਿਰ ਮੱਥੇ ਕਰ ਕੇ ਮੰਨਦਾ ਹੈ ਉਹ ਹੀ ਆਗਿਆਕਾਰ ਕਿਹਾ ਜਾ ਸਕਦਾ ਹੈ।
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ।। ਨਾਨਕ ਦਾਸ ਸਦਾ ਕੁਰਬਾਨੀ ।। ੮ ।। ੪ ।।
ਤੁਹਾਡੀ ਵਿਉਂਤਬੰਦੀ ਨੂੰ ਤੁਸੀਂ ਆਪ ਹੀ ਸਮਝ ਸਕਦੇ ਹੋ। ਤੁਹਾਡਾ ਅੰਤਮ ਉਦੇਸ਼ ਕੀ ਹੈ ਅਤੇ ਤੁਸੀਂ ਇਸ ਸੰਸਾਰ ਨੂੰ ਕਿਵੇਂ ਉਸ ਉਦੇਸ਼ ਵੱਲ ਲੈ ਕੇ ਜਾਣਾ ਹੈ, ਇਹ ਤੁਸੀਂ ਹੀ ਜਾਣਦੇ ਹੋ। ਗੁਰੂ ਜੀ ਅਰਜ਼ ਕਰਦੇ ਹਨ ਕਿ ਅਸੀਂ ਤਾਂ ਤੁਹਾਡੇ ਦਾਸ ਹਾਂ ਤੇ ਕੇਵਲ ਤੁਹਾਡੇ ਤੋਂ ਕੁਰਬਾਨ ਜਾ ਸਕਦੇ ਹਾਂ।

Tuesday, 28 July 2020

ਵਕਤ ਦੀ ਮੰਗ - ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।



ਤਾਕਤ ਦੇ ਲਈ ਇੱਕ ਦੂਜੇ ਨੂੰ ਠਿੱਬ੍ਹੀਆਂ ਲਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਕੁੱਝ ਦਿਨ ਛੱਡ ਸਿਆਸਤ ਬਣ ਇਨਸਾਨ ਦਿਖਾ ਦੇਵੋ।
ਭੁੱਲ ਕਮੀਣੀਆਂ ਚਾਲਾਂ ਨੂਰੀ ਸ਼ਾਨ ਦਿਖਾ ਦੇਵੋ।
ਬਣ ਸੱਤਾ ਦੇ ਪਾਂਧੀ ਮਨ ਚੋਂ ਰੱਬ ਭੁਲਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਸੁਣੋ ਉਨ੍ਹਾਂ ਦੀਆਂ ਚੀਕਾਂ  ਜੋ  ਲਏ ਲੁੱਟ ਕਰੋਨਾ ਨੇ।
ਫੜੋ ਉਨ੍ਹਾਂ ਦੀ ਬਾਂਹ ਜੋ ਦਿੱਤੇ ਪੁੱਟ ਕਰੋਨਾ ਨੇ।
ਆਪਾ ਚੀਨੋ ਦੂਜਿਆਂ ਤੇ ਇਲਜ਼ਾਮ ਲਗਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਆਫ਼ਤ ਦੇ ਡਰ ਨਾਲ਼ ਹੌਸਲੇ ਖਰਦਿਆਂ ਨੂੰ ਦੇਖੋ।
ਬੇਰੁਜ਼ਗਾਰੀ ਹੱਥੋਂ ਭੁੱਖੇ ਮਰਦਿਆਂ ਨੂੰ ਦੇਖੋ।
ਭੁੱਖਿਆਂ ਦੇ ਲਈ ਆਇਆ ਰਾਸ਼ਨ ਆਪ ਖਪਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

ਉਮਰ ਹੈ ਪਈ ਪਨਾਗਾ ਸਿਆਸੀ ਜੰਗਾਂ ਲੜਨ ਲਈ।
ਵਕਤ ਵੰਗਾਰ ਰਿਹਾ ਅੱਜ ਮਾਨਵਤਾ ਨਾਲ਼ ਖੜ੍ਹਨ ਲਈ।
ਸਿਆਸਤ ਦਾ ਹਥਕੰਡਾ ਦੁੱਖ ਦੀ ਘੜੀ ਬਣਾਓ ਨਾ।
ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

Saturday, 18 July 2020

ਅਰਥ - ਸੁਖਮਨੀ ਸਾਹਿਬ - ਅਸਟਪਦੀ- 3


ਸਲੋਕੁ ।।
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ।। ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ।। ੧ ।।
ਸੰਸਾਰ ਵਿੱਚ ਅਨੇਕਾਂ ਹੀ ਧਰਮ ਗ੍ਰੰਥ ਹਨ ਜੋ ਅਧਿਆਤਮਕ ਗਿਆਨ ਨਾਲ਼ ਭਰੇ ਪਏ ਹਨ। ਉਨ੍ਹਾਂ ਸਭ ਦਾ ਬਹੁਤ ਵਾਰ ਅਧਿਅਨ ਕਰ ਕੇ ਵੇਖ ਲਿਆ ਹੈ। ਪਰ ਉਨ੍ਹਾਂ ਵਿੱਚੋਂ ਕਿਸੇ ਵਿੱਚ ਪਾਇਆ ਗਿਆਨ ਵੀ ਪ੍ਰਮਾਤਮਾ ਤੱਕ ਨਹੀਂ ਪੁੱਜਦਾ, ਉਸ ਦੇ ਨਾਮ ਦੇ ਸਿਮਰਨ ਦੀ ਬਰਾਬਰੀ ਨਹੀਂ ਕਰ ਸਕਦਾ। ਉਹ ਸਾਨੂੰ ਪ੍ਰਮਾਤਮਾ ਨਾਲ਼ ਨਹੀਂ ਮਿਲਾ ਸਕਦੇ।
ਅਸਟਪਦੀ
ਜਾਪ ਤਾਪ ਗਿਆਨ ਸਭਿ ਧਿਆਨ ।। ਖਟ ਸਾਸਤ੍ਰਿ ਸਿਮ੍ਰਿਤਿ ਵਖਿਆਨ ।।
ਦੁਨੀਆਂ ਵਿੱਚ ਲੋਕ ਪ੍ਰਮਾਤਮਾ ਦੇ ਨਾਲ਼ ਮਿਲਣ ਦੇ ਲਈ ਅਨੇਕਾਂ ਤਰਾਂ ਦੇ ਯਤਨ ਕਰਦੇ ਹਨ। ਕੋਈ ਮੰਤਰਾਂ ਦਾ ਜਾਪ ਕਰਦਾ ਹੈ। ਕੋਈ ਤਰਾਂ ਤਰਾਂ ਦੀ ਤਪੱਸਿਆ ਕਰਦਾ ਹੈ। ਕਈ ਸਮਾਧੀ ਲਾ ਕੇ ਉਸਦਾ ਧਿਆਨ ਕਰਦੇ ਹਨ। ਕਈ ਲੋਕ ਛੇ ਸ਼ਾਸ਼ਤਰਾਂ ਦਾ ਪਾਠ ਕਰਦੇ ਹਨ। ਕੁਝ ਲੋਕ ਅਠਾਰਾਂ ਸਿਮ੍ਰਤੀਆਂ ਦਾ ਅਧਿਅਨ ਕਰਦੇ ਹਨ। ਪਰ ਇਹ ਸਾਰਾ ਕੁੱਝ ਕਰ ਕੇ ਵੀ ਉਨ੍ਹਾਂ ਨੂੰ ਪ੍ਰਭੂ ਨਾਲ਼ ਮਿਲਾਪ ਨਸੀਬ ਨਹੀਂ ਹੁੰਦਾ।
ਜੋਗ ਅਭਿਆਸ ਕਰਮ ਧ੍ਰਮ ਕਿਰਿਆ ।। ਸਗਲ ਤਿਆਗਿ ਬਨ ਮਧੇ ਫਿਰਿਆ ।।
ਜੋਗੀ ਲੋਕ ਭਾਂਤ ਭਾਂਤ ਦੀ ਯੋਗ ਸਾਧਨਾ ਕਰ ਕੇ ਉਸ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਹੋਰ ਕਈ ਕਿਸਮ ਦੇ ਫੋਕੇ ਧਾਰਮਿਕ ਆਡੰਬਰਾਂ ਰਾਹੀਂ ਉਸ ਤੱਕ ਪੁੱਜਣਾ ਚਾਹੁੰਦੇ ਹਨ। ਪ੍ਰਮਾਤਮਾ ਦੀ ਭਾਲ਼ ਵਿੱਚ ਲੋਕ ਘਰ ਬਾਰ ਸਭ ਕੁੱਝ ਤਿਆਗ ਕੇ ਜੰਗਲ਼ਾਂ ਵਿੱਚ ਰੱਬ ਨੂੰ ਲੱਭਦੇ ਫਿਰਦੇ ਹਨ। ਪਰ ਫਿਰ ਵੀ ਉਹ ਉਸ ਦਾ ਮਿਲਾਪ ਹਾਸਲ ਨਹੀਂ ਕਰ ਸਕਦੇ।
ਅਨਿਕ ਪ੍ਰਕਾਰ ਕੀਏ ਬਹੁ ਜਤਨਾ ।। ਪੁੰਨ ਦਾਨ ਹੋਮੇ ਬਹੁ ਰਤਨਾ ।।
ਅਣਗਿਣਤ ਕਿਸਮ ਦੇ ਯਤਨ ਲੋਕ ਪ੍ਰਮਾਤਮਾ ਦੀ ਸੋਝੀ ਹਾਸਲ ਕਰਨ ਲਈ, ਉਸ ਨਾਲ਼ ਮੇਲ ਕਰਨ ਲਈ ਕਰਦੇ ਹਨ। ਪੁੰਨ ਦਾਨ ਕਰਦੇ ਹਨ। ਘਿਉ ਆਦਿ ਤਰਾਂ ਤਰਾਂ ਦੇ ਰਤਨਾ ਨੂੰ ਅੱਗ ਵਿੱਚ ਸਾੜ ਕੇ ਹਵਨ ਕਰਦੇ ਹਨ। ਪਰ ਇਸ ਤਰਾਂ ਕਰਨ ਨਾਲ਼ ਵੀ ਹਰੀ ਦਾ ਮਿਲਾਪ ਨਹੀਂ ਹੁੰਦਾ।
,ਸਰੀਰੁ ਕਟਾਏ ਹੋਮੈ ਕਰਿ ਰਾਤੀ ।। ਵਰਤ ਨੇਮ ਕਰੈ ਬਹੁ ਭਾਤੀ ।।
ਕੁੱਝ ਲੋਕ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਕਰ ਕੇ ਉਨ੍ਹਾਂ ਨੂੰ ਹਵਨ ਦੀ ਅੱਗ ਵਿੱਚ ਸਾੜਦੇ ਹਨ ਜਾਂ ਫਿਰ ਕਈ ਤਰਾਂ ਦੇ ਵਰਤ ਰੱਖਦੇ ਹਨ ਜਾਂ ਹੋਰ ਕਈ ਤਰਾਂ ਦੇ ਨੇਮਾਂ ਦਾ ਪਾਲਣ ਕਰਦੇ ਹਨ। ਇਹ ਸਭਬ ਕੁੱਝ ਕਰ ਕੇ ਵੀ ਉਹ ਪ੍ਰਭੂ ਦੇ ਮਿਲਾਪ ਤੋਂ ਵਾਂਝੇ ਰਹਿੰਦੇ ਹਨ।
ਨਹੀ ਤੁਲਿ ਰਾਮ ਨਾਮ ਬੀਚਾਰ ।। ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ।। ੧ ।।
ਇਨ੍ਹਾਂ ਸਾਰੇ ਤਰੀਕਿਆਂ ਵਿੱਚੋਂ ਕੋਈ ਵੀ ਰਾਮ ਨਾਮ ਦੀ ਵੀਚਾਰ ਕਰਨ ਦੇ ਬਰਾਬਰ ਨਹੀਂ। ਅਰਥਾਤ ਪ੍ਰਭੂ ਨੂੰ ਪਾਉਣ ਦਾ ਸਭ ਤੋਂ ਉੱਤਮ ਤਰੀਕਾ ਰਾਮ ਨਾਮ ਦਾ ਸਿਮਰਨ ਕਰਨਾ ਅਤੇ ਉਸ ਦੀ ਵੀਚਾਰ ਕਰਨਾ ਹੈ। ਇਸ ਕਰਕੇ ਗੁਰੂ ਜੀ ਸਾਨੂੰ ਸਮਝਾਉਂਦੇ ਹਨ ਕਿ ਇਨ੍ਹਾਂ ਸਾਰੇ ਤਰੀਕਿਆਂ ਨੂੰ ਛੱਡ ਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਅਤੇ ਮੰਨ ਕੇ ਇੱਕ ਵਾਰ ਰਾਮ ਨਾਮ ਦਾ ਸਿਮਰਨ ਕਰ ਕੇ ਦੇਖੋ, ਤੁਹਾਨੂੰ ਜਰੂਰ ਪ੍ਰਮਤਾਮਾ ਦੀ ਪ੍ਰਾਪਤੀ ਹੋ ਜਾਵੇਗੀ।।
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ।। ਮਹਾ ਉਦਾਸੁ ਤਪੀਸਰੁ ਥੀਵੈ ।।
ਇਨਸਾਨ ਭਾਂਵੇਂ ਨੌਂਆਂ ਖੰਡਾਂ ਭਾਵ ਸਾਰੀ ਦੁਨੀਆਂ ਵਿੱਚ ਘੁੰਮ ਲਵੇ, ਜਿੰਨੀ ਮਰਜ਼ੀ ਲੰਮੀ ਉਮਰ ਪਾ ਲਵੇ, ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਉਹ ਸੰਸਾਰ ਨੂੰ ਤਿਆਗ ਕੇ ਉਦਾਸੀ ਬਣ ਜਾਵੇ, ਮਹਾਨ ਤਪੱਸਵੀ ਬਣ ਜਾਵੇ ਤਾਂ ਵੀ ਉਸ ਦਾ ਪਾਰ ਉਤਾਰਾ ਨਹੀਂ ਹੋ ਸਕਦਾ।
ਅਗਨਿ ਮਾਹਿ ਹੋਮਤ ਪਰਾਨ ।। ਕਨਿਕ ਅਸ੍ਵ ਹੈਵਰ ਭੂਮਿ ਦਾਨ ।।
ਜੇ ਕੋਈ ਅੱਗ ਵਿੱਚ ਬੈਠ ਕੇ ਅਪਣੇ ਆਪ ਦੀ ਆਹੂਤੀ  ਵੀ ਦੇ ਦੇਵੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ। ਸੋਨਾ, ਘੋੜੇ, ਹਾਥੀ ਅਤੇ ਜ਼ਮੀਨ ਆਦਿ ਦਾਨ ਕਰਨ ਨਾਲ਼ ਵੀ ਇਨਸਾਨ ਨੂੰ ਮੁਕਤੀ ਨਹੀਂ ਮਿਲ ਸਕਦੀ।
ਨਿਉਲੀ ਕਰਮ ਕਰੈ ਬਹੁ ਆਸਨ ।। ਜੈਨ ਮਾਰਗ ਸੰਜਮ ਅਤਿ ਸਾਧਨ ।।
ਨਿਉਲ਼ੀ ਕਰਮ ਵਰਗੇ ਅਤਿ ਮੁਸ਼ਕਿਲ ਯੋਗ ਆਸਨ ਕਰਨ ਨਾਲ਼ ਵੀ ਮੁਕਤੀ ਨਹੀਂ ਮਿਲ ਸਕਦੀ। ਜੈਨ ਧਰਮ ਦੇ ਦਰਸਾਏ ਰਸਤੇ ਤੇ ਚੱਲਦੇ ਹੋਏ ਸਾਰੇ ਸੁਖਾਂ ਦਾ ਤਿਆਗ ਕਰ ਕੇ ਅਤਿ ਸੰਜਮ ਦਾ ਜੀਵਨ ਜਿਉਣ ਨਾਲ ਵੀ ਅਸੀਂ ਮੁਕਤੀ ਹਾਸਲ ਨਹੀਂ ਕਰ ਸਕਦੇ।
ਨਿਮਖ ਨਿਮਖ ਕਰਿ ਸਰੀਰੁ ਕਚਾਵੈ ।। ਤਉ ਭੀ ਹਉਮੈ ਮੈਲੁ ਨ ਜਾਵੈ ।।
ਜੇ ਇਨਸਾਨ ਅਪਣੇ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਵੀ ਕਰਵਾ ਲਵੇ ਤਾਂ ਵੀ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ ਕਿਉਂਕਿ ਅਜਿਹਾ ਕਰਨ ਨਾਲ਼ ਵੀ ਉਸ ਦੇ ਅੰਦਰੋਂ ਹਉਮੈ ਦੀ ਮੈਲ਼ ਨਹੀਂ ਜਾਂਦੀ।
ਹਰਿ ਕੇ ਨਾਮ ਸਮਸਰਿ ਕਛੁ ਨਾਹਿ ।। ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਇ ।। ੨ ।।
ਪ੍ਰਮਾਤਮਾ ਦੇ ਨਾਮ ਦੇ ਬਰਾਬਰ ਹੋਰ ਕੋਈ ਵੀ ਤਰੀਕਾ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਦਾ ਅਤੇ ਮੁਕਤੀ ਪ੍ਰਾਪਤ ਕਰਨ ਦਾ ਨਹੀਂ। ਅਪਣੇ ਮਨ ਦੀ ਮੱਤ ਤਿਆਗ ਕੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹੋਏ ਨਾਮ ਦਾ ਸਿਮਰਨ ਕਰ ਕੇ ਹੀ ਇਨਸਾਨ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਮਨ ਕਾਮਨਾ ਤੀਰਥ ਦੇਹ ਛੁਟੈ ।। ਗਰਬੁ ਗੁਮਾਨੁ ਨ ਮਨ ਤੇ ਹੁਟੈ ।।
ਇਨਸਾਨ ਮਨ ਵਿੱਚ ਇਹ ਇੱਛਾ ਰੱਖਦਾ ਹੈ ਕਿ ਉਸ ਦੀ ਮੌਤ ਕਿਸੇ ਪਵਿੱਤਰ ਤੀਰਥ ਸਥਾਨ ਤੇ ਹੋਵੇ, ਇਸ ਨਾਲ਼ ਉਸ ਨੂੰ ਮੁਕਤੀ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੁੰਦਾ ਕਿਉਂਕਿ ਤੀਰਥ ਸਥਾਨਾ ਤੇ ਇਸ਼ਨਾਨ ਕਰ ਕੇ ਵੀ ਉਸ ਦੇ ਮਨ ਤੋਂ ਹਉਮੈ ਦੀ ਮੈਲ਼ ਦੂਰ ਨਹੀਂ ਹੁੰਦੀ।
ਸੋਚ ਕਰੈ ਦਿਨਸੁ ਅਰੁ ਰਾਤਿ ।। ਮਨ ਕੀ ਮੈਲੁ ਨ ਤਨ ਤੇ ਜਾਤਿ ।।
ਦਿਨ ਰਾਤ ਤੀਰਥਾਂ ਤੇ ਨਹਾ ਨਹਾ ਕੇ ਇਨਸਾਨ ਅਪਣੇ ਸਰੀਰ ਨੂੰ ਪਵਿੱਤਰ ਕਰਦਾ ਰਹਿੰਦਾ ਹੈ ਪਰ ਇਸ ਤਰਾਂ ਸਰੀਰ ਨੂੰ ਸਾਫ ਕਰਨ ਨਾਲ਼ ਮਨ ਦੀ ਮੈਲ਼ ਨਹੀਂ ਧੁਲਦੀ, ਮਨ ਪਵਿੱਤਰ ਨਹੀਂ ਹੁੰਦਾ।
ਇਸੁ ਦੇਹੀ ਕਉ ਬਹੁ ਸਾਧਨਾ ਕਰੈ ।। ਮਨ ਤੇ ਕਬਹੂ ਨ ਬਿਖਿਆ ਟਰੈ ।।
ਆਦਮੀ ਤਰਾਂ ਤਰਾਂ ਦੇ ਤਰੀਕੇ ਵਰਤ ਕੇ ਭਾਵੇਂ ਅਪਣੇ ਸਰੀਰ ਨੂੰ ਸੋਧ ਲਵੇ, ਉਸ ਉੱਤੇ ਨਿਯੰਤਰਣ ਹਾਸਲ ਕਰ ਲਵੇ ਪਰ ਫਿਰ ਵੀ ਉਸ ਦੇ ਮਨ ਤੋਂ ਵਿਸ਼ੇ ਵਿਕਾਰਾਂ ਦਾ ਜ਼ਹਿਰ ਦੂਰ ਨਹੀਂ ਹੁੰਦਾ।
ਜਲਿ ਧੋਵੈ ਬਹੁ ਦੇਹਿ ਅਨੀਤਿ ।। ਸੁਧ ਕਹਾ ਹੋਇ ਕਾਚੀ ਭੀਤਿ ।।
ਇਨਸਾਨ ਅਪਣੀ ਬਿਨਸਨਹਾਰ ਦੇਹੀ ਪਵਿੱਤਰ ਕਰਨ ਲਈ ਇਸ ਨੂੰ ਵਾਰ ਵਾਰ ਪਾਣੀ ਨਾਲ਼ ਧੋਂਦਾ ਹੈ, ਇਸ਼ਨਾਨ ਕਰਦਾ ਹੈ। ਪਰ ਇਹ ਦੇਹੀ ਤਾਂ ਕੱਚੀ ਕੰਧ ਦੀ ਤਰਾਂ ਹੈ। ਜਿਵੇਂ ਕੱਚੀ ਕੰਧ ਪਾਣੀ ਨਾਲ਼ ਧੋਤਿਆਂ ਸਾਫ ਨਹੀਂ ਹੁੰਦੀ ਉਸੇ ਤਰਾਂ ਇਨਸਾਨ ਦਾ ਮਨ ਵੀ ਇਸ਼ਨਾਨ ਕਰਨ ਨਾਲ਼ ਪਵਿੱਤਰ ਨਹੀਂ ਹੁੰਦਾ।
ਮਨ ਹਰਿ ਕੇ ਨਾਮ ਕੀ ਮਹਿਮਾ ਊਚ ।। ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ।। ੩ ।।
ਐ ਮੇਰੇ ਮਨ, ਹਰੀ ਦਾ ਨਾਮ ਬਹੁਤ ਹੀ ਉੱਤਮ ਹੈ, ਹਰੀ ਦੇ ਨਾਮ ਦੀ ਵਡਿਆਈ ਬਹੁਤ ਉੱਚੀ ਹੈ। ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਨੇਕਾਂ ਹੀ ਪਾਪੀ ਨਾਮ ਸਿਮਰਨ ਦਾ ਸਦਕਾ ਮਹਾਨ ਪਦਵੀ ਹਾਸਲ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਉਧਾਰ ਹੋ ਗਿਆ ਹੈ।
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ।। ਅਨਿਕ ਜਤਨ ਕਰਿ ਤ੍ਰਿਸਨ ਨ ਧ੍ਰਾਪੈ ।।
ਬਹੁਤ ਸਿਆਣਪ ਕਰਨ ਨਾਲ਼ ਇਨਸਾਨ ਦਾ ਜਮਾਂ ਦਾ ਡਰ ਦੂਰ ਨਹੀਂ ਹੁੰਦਾ ਸਗੋਂ ਵਧਦਾ ਜਾਂਦਾ ਹੈ। ਅਨੇਕਾਂ ਯਤਨ ਕਰਨ ਨਾਲ਼ ਵੀ ਇਨਸਾਨ ਦੀ ਤ੍ਰਿਸ਼ਨਾ ਦੀ ਅੱਗ ਬੁਝਦੀ ਨਹੀਂ, ਉਸ ਨੂੰ ਸਬਰ ਸੰਤੋਖ ਪ੍ਰਾਪਤ ਨਹੀਂ ਹੁੰਦਾ। ਉਸ ਦੀ ਤ੍ਰਿਸ਼ਨਾ ਸਗੋਂ ਹੋਰ ਪ੍ਰਚੰਡ ਹੁੰਦੀ ਜਾਂਦੀ ਹੈ।
ਭੇਖ ਅਨੇਕ ਅਗਨਿ ਨਹੀ ਬੁਝੈ ।। ਕੋਟਿ ਉਪਾਵ ਦਰਗਹ ਨਹੀ ਸਿਝੈ ।।
ਤਰਾਂ ਤਰਾਂ ਦੇ ਭੇਖ ਕਰਨ ਨਾਲ਼ ਵੀ ਇਨਸਾਨ ਦੀ ਵਿਕਾਰਾਂ ਦੀ ਅੱਗ ਸ਼ਾਂਤ ਨਹੀਂ  ਹੁੰਦੀ। ਕ੍ਰੋੜਾਂ ਯਤਨ ਕਰਨ ਨਾਲ਼ ਵੀ ਉਹ ਪ੍ਰਮਾਤਮਾ ਦੇ ਦਰਬਾਰ ਵਿੱਚ ਸਜ਼ਾ ਤੋਂ ਨਹੀਂ ਬਚ ਸਕਦਾ। ਵਿਕਾਰਾਂ ਅਤੇ ਪਾਪਾਂ ਦੀ ਸਜ਼ਾ ਤੋਂ ਬਚਣ ਲਈ ਕੀਤੇ ਕ੍ਰੋੜਾਂ ਹੀਲੇ ਈਸ਼ਵਰ ਦੇ ਦਰਬਾਰ ਵਿੱਚ ਕੰਮ ਨਹੀਂ ਆਉਂਦੇ।
ਛੂਟਸਿ ਨਾਹੀ ਊਭ ਪਇਆਲਿ ।। ਮੋਹਿ ਬਿਆਪਹਿ ਮਾਇਆ ਜਾਲਿ ।।
ਅਸਮਾਨ ਜਾਂ ਪਤਾਲ਼ ਵਿੱਚ ਲੁਕ ਕੇ ਵੀ ਬੰਦਾ ਅਪਣੇ ਪਾਪਾਂ ਦੀ ਸਜ਼ਾ ਤੋਂ ਬਚ ਨਹੀਂ ਸਕਦਾ। ਜਿੰਨਾਂ ਵੱਧ ਉਹ ਮੋਹ ਦੇ ਜਾਲ਼ ਵਿੱਚ ਫਸਦਾ ਜਾਂਦਾ ਹੈ ਓਨੀ ਹੀ ਮਾਇਆ ਦੀ ਜਕੜ ਉਸ ਉੱਤੇ ਮਜ਼ਬੂਤ ਹੁੰਦੀ ਜਾਂਦੀ ਹੈ। 
ਅਵਰ ਕਰਤੂਤਿ ਸਗਲੀ ਜਮੁ ਡਾਨੈ ।। ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ।।
ਹਰੀ ਨਾਮ ਦੇ ਭਜਨ ਤੋਂ ਬਿਨਾ ਹੋਰ ਸਾਰੇ ਕਰਮ ਪਾਪ-ਕਰਮ ਹਨ ਅਤੇ ਜਮ ਇਨਸਾਨ ਨੂੰ ਉਨ੍ਹਾਂ ਦੀ ਸਜ਼ਾ ਦਿੰਦੇ ਹਨ। ਪ੍ਰਮਾਤਮਾ ਦੇ ਨਾਮ ਦਾ ਭਜਨ ਕਰਨ ਤੋਂ ਬਿਨਾ ਹੋਰ ਕਿਸੇ ਵੀ ਦਲੀਲ ਨੂੰ ਪ੍ਰਮਾਤਮਾ ਦੇ ਦਰਬਾਰ ਵਿੱਚ ਕੋਈ ਵਜ਼ਨ ਨਹੀਂ ਦਿੱਤਾ ਜਾਂਦਾ। ਕੇਵਲ ਨਾਮ ਸਿਮਰਨ ਹੀ ਸਾਨੂੰ ਅਪਣੇ ਗੁਨਾਹਾਂ ਦੀ ਸਜ਼ਾ ਤੋਂ ਬਚਾ ਸਕਦਾ ਹੈ।
ਹਰਿ ਕਾ ਨਾਮੁ ਜਪਤ ਦੁਖੁ ਜਾਇ ।। ਨਾਨਕ ਬੋਲੈ ਸਹਜਿ ਸੁਭਾਇ ।। ੪ ।।
ਪ੍ਰਮਾਤਮਾ ਦੇ ਨਾਮ ਦੇ ਸਿਮਰਨ ਨਾਲ਼ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਇਸ ਕਰਕੇ ਗੁਰੂ ਜੀ ਕਹਿੰਦੇ ਹਨ ਕਿ ਸਾਨੂੰ ਹਰ ਵੇਲ਼ੇ ਸਹਿਜ ਸੁਭਅ ਹੀ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ।
ਚਾਰਿ ਪਦਾਰਥ ਜੇ ਕੋ ਮਾਗੈ ।। ਸਾਧ ਜਨਾ ਕੀ ਸੇਵਾ ਲਾਗੈ ।।
ਜੇ ਕੋਈ ਚਾਰ ਪਦਾਰਥ (ਕਾਮ, ਅਰਥ, ਧਰਮ ਅਤੇ ਮੋਕਸ਼) ਹਾਸਲ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਸੰਤ ਲੋਕਾਂ ਦੀ ਸੇਵਾ ਵਿੱਚ ਲੱਗਣਾ ਚਾਹੀਦਾ ਹੈ। ਸੰਤਾਂ ਦੀ ਸੇਵਾ ਕਰਨ ਨਾਲ਼ ਇਹ ਚਾਰੋਂ ਹੀ ਪ੍ਰਾਪਤ ਹੋ ਜਾਂਦੇ ਹਨ।
ਜੇ ਕੋ ਆਪੁਨਾ ਦੂਖੁ ਮਿਟਾਵੈ ।। ਹਰਿ ਹਰਿ ਨਾਮੁ ਰਿਦੈ ਸਦ ਗਾਵੈ ।।
ਜਿਹੜਾ ਵਿਅਕਤੀ ਅਪਣੇ ਦੁੱਖਾਂ ਦਾ ਨਾਸ਼ ਕਰਨਾ ਚਾਹੁੰਦਾ ਹੈ ਉਸ ਨੂੰ ਹਮੇਸ਼ਾ ਅਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਂ ਦਾ ਸਿਮਰਨ ਕਰਨਾ ਚਾਹੀਦਾ ਹੈ।
ਜੇ ਕੋ ਅਪੁਨੀ ਸੋਭਾ ਲੋਰੈ ।। ਸਾਧਸੰਗਿ ਇਹ ਹਉਮੈ ਛੋਰੈ ।।
ਜੇ ਕੋਈ ਇਨਸਾਨ ਇਹ ਚਾਹੁੰਦਾ ਹੈ ਕਿ ਸੰਸਾਰ ਵਿੱਚ ਉਸ ਦੀ ਸ਼ੋਭਾ ਹੋਵੇ ਤਾਂ ਉਸ ਨੂੰ ਸੰਤ ਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ ਜਿਸ ਦੇ ਸਿੱਟੇ ਵਜੋਂ ਉਸ ਦੇ ਹਿਰਦੇ ਵਿੱਚੋਂ ਹਉਮੈ ਦਾ ਨਾਸ ਹੋ ਜਾਵੇ।
ਜੇ ਕੋ ਜਨਮ ਮਰਣ ਤੇ ਡਰੈ ।। ਸਾਧ ਜਨਾ ਕੀ ਸਰਨੀ ਪਰੈ ।।
ਜੇ ਕੋਈ ਇਨਸਾਨ ਜਨਮ ਮਰਨ ਦੇ ਚੱਕਰ ਤੋਂ ਡਰਦਾ ਹੈ ਅਤੇ ਇਸ ਤੋਂ ਬਚਣਾ ਚਾਹੁੰਦਾ ਹੈ ਤਾਂ ਉਸ ਨੂੰ ਸੰਤ ਪੁਰਖਾਂ ਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ ਜਿਹੜੇ ਸਹੀ ਜੀਵਨ ਜਾਚ ਸਿਖਾ ਕੇ ਉਸ ਨੂੰ ਮੁਕਤੀ ਦਾ ਰਸਤਾ ਦਿਖਾ ਸਕਣ।
ਜਿਸ ਜਨ ਕਉ ਪ੍ਰਭ ਦਰਸ ਪਿਆਸਾ ।। ਨਾਨਕ ਤਾ ਕੈ ਬਲਿ ਬਲਿ ਜਾਸਾ ।। ੫ ।।
ਪਰ ਸਭ ਤੋਂ ਉੱਤਮ ਇਨਸਾਨ ਉਹ ਹੈ ਜਿਹੜਾ ਨਾਮ ਸਿਮਰਨ ਕੋਈ ਹੋਰ ਇੱਛਾ ਲੈ ਕੇ ਨਹੀਂ ਕਰਦਾ, ਕੇਵਲ ਇਸ ਲਈ ਕਰਦਾ ਹੈ ਕਿ ਉਸ ਦੇ ਮਨ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਪਿਆਸ ਹੈ । ਗੁਰੂ ਜੀ ਉਸ ਤੋਂ ਬਲਿਹਾਰ ਜਾਂਦੇ ਹਨ ਕਿਉਂਕਿ ਅਜਿਹੇ ਲੋਕ ਸੰਸਾਰ ਦੇ ਸਭ ਤੋਂ ਚੰਗੇ ਲੋਕ ਹੁੰਦੇ ਹਨ।
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ।। ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ।।
ਸਮੁੱਚੀ ਮਨੁੱਖਤਾ ਵਿਚੋਂ ਉਹ ਇਨਸਾਨ ਸਭ ਤੋਂ ਉੱਤਮ ਹੈ ਜਿਸ ਨੇ ਸੰਤਾਂ ਦੀ ਸੰਗਤ ਕਰ ਕੇ ਅਤੇ ਉਨ੍ਹਾਂ ਤੋਂ ਸਹੀ ਜੀਵਨ ਜਾਚ ਸਿੱਖ ਕੇ ਅਪਣੀ ਹਉਮੈ ਨੂੰ ਮਾਰ ਲਿਆ ਹੈ।
ਆਪਸ ਕਉ ਜੋ ਜਾਨੈ ਨੀਚਾ ।। ਸੋਊ ਗਨੀਐ ਸਭ ਤੇ ਊਚਾ ।।
ਜਿਹੜਾ ਇਨਸਾਨ ਅਪਣੇ ਆਪ ਨੂੰ ਸਭ ਤੋਂ ਨੀਂਵਾਂ ਸਮਝਦਾ ਹੈ ਅਸਲ ਵਿੱਚ ਉਸ ਨੂੰ ਸਭ ਤੋਂ ਮਹਾਨ ਸਮਝਣਾ ਚਾਹੀਦਾ ਹੈ।
ਜਾ ਕਾ ਮਨ ਹੋਇ ਸਗਲ ਕੀ ਰੀਨਾ ।। ਹਰਿ ਹਰਿ ਨਾਮੁ ਤਿਨ ਘਟਿ ਘਟਿ ਚੀਨਾ ।।
ਜਿਸ ਵਿਅਕਤੀ ਦੇ ਅੰਦਰ ਏਨੀ ਨਿਮਰਤਾ ਆ ਜਾਵੇ ਕਿ ਉਹ ਅਪਣੇ ਆਪ ਨੂੰ ਸਾਰੀ ਸੰਗਤ ਦੇ ਚਰਨਾਂ ਦੀ ਧੂੜ ਸਮਝਣ ਲੱਗ ਪਵੇ ਉਸ ਨੂੰ ਹਰ ਇੱਕ ਇਨਸਾਨ ਦੇ ਅੰਦਰ ਸਰਬ ਸ਼ਕਤੀਮਾਨ ਪ੍ਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਹੈ।
ਮਨ ਅਪੁਨੇ ਤੇ ਬੁਰਾ ਮਿਟਾਨਾ ।। ਪੇਖੈ ਸਗਲ ਸ੍ਰਿਸਟਿ ਸਾਜਨਾ ।।
ਜਿਸ ਇਨਸਾਨ ਨੂੰ ਘਟ ਘਟ ਵਿੱਚ ਈਸ਼ਵਰ ਦਿਖਾਈ ਦੇਣ ਲੱਗ ਪਵੇ ਉਸ ਦੇ ਅੰਦਰੋਂ ਬੁਰਾਈ ਜਾਂ ਦੁਸ਼ਮਨੀ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਅਤੇ ਉਸ ਨੂੰ ਸਾਰਾ ਸੰਸਾਰ ਹੀ ਮਿੱਤਰ ਦਿਖਾਈ ਦਿੰਦਾ ਹੈ।
ਸੂਖ ਦੂਖ ਜਨ ਸਮ ਦ੍ਰਿਸਟੇਤਾ ।। ਨਾਨਕ ਪਾਪ ਪੁੰਨ ਨਹੀ ਲੇਪਾ ।। ੬ ।।
ਇਸ ਤਰਾਂ ਦਾ ਇਨਸਾਨ ਸੁਖ ਅਤੇ ਦੁੱਖ ਦੋਹਾਂ ਨੂੰ ਬਰਾਬਰ ਸਮਝਦਾ ਹੈ ਅਤੇ ਉਸ ਨੂੰ ਪਾਪ ਅਤੇ ਪੁੰਨ ਨਹੀਂ ਲੱਗਦੇ। ਕਿਸੇ ਨਾਲ਼ ਵੀ ਦੁਸ਼ਮਣੀ ਨਾ ਹੋਣ ਕਰਕੇ ਉਹ ਕਦੀ ਕਿਸੇ ਦਾ ਬੁਰਾ ਕਰਦਾ ਹੀ ਨਹੀਂ। ਇਸ ਲਈ ਉਹ ਜੋ ਵੀ ਕਰਦਾ ਹੈ ਸਭ ਪੁੰਨ ਹੀ ਹੁੰਦਾ ਹੈ।
ਨਿਰਧਨ ਕਉ ਧਨੁ ਤੇਰੋ ਨਾਉ ।। ਨਿਥਾਵੇ ਕਉ ਨਾਉ ਤੇਰਾ ਥਾਉ ।।
ਜੋ ਇਨਸਾਨ ਨਾਮ ਸਿਮਰਨ ਵਿੱਚ ਜੁਟਿਆ ਰਹਿੰਦਾ ਹੈ ਉਸ ਲਈ ਵਾਹਿਗੁਰੂ ਦਾ ਨਾਮ ਹੀ ਧਨ ਹੁੰਦਾ ਹੈ ਅਤੇ ਉਹ ਹੋਰ ਕਿਸੇ ਧਨ ਦੀ ਇੱਛਾ ਨਹੀਂ ਰੱਖਦਾ। ਉਹ ਨਿਰਧਨ ਹੋਣ ਦੇ ਬਾਵਜੂਦ ਵੀ ਧਨਵਾਨ ਹੁੰਦਾ ਹੈ। ਜਿਨ੍ਹਾਂ ਦਾ ਦੁਨੀਆਂ ਵਿੱਚ ਹੋਰ ਕੋਈ ਥਾਂ (ਸਹਾਰਾ) ਨਹੀਂ, ਪ੍ਰਮਾਤਮਾ ਦਾ ਨਾਮ ਹੀ ਉਨ੍ਹਾਂ ਲੋਕਾਂ ਦਾ ਥਾਂ (ਸਹਾਰਾ) ਹੁੰਦਾ ਹੈ ।
ਨਿਮਾਨੇ ਕਉ ਪ੍ਰਭ ਤੇਰੋ ਮਾਨੁ ।। ਸਗਲ ਘਟਾ ਕਉ ਦੇਵਹੁ ਦਾਨੁ ।।
ਹੇ ਪ੍ਰਭੂ, ਤੇਰਾ ਨਾਂ ਹੀ ਨਿਮਾਣਿਆਂ ਦਾ ਮਾਣ ਹੈ। ਉਨ੍ਹਾਂ ਨੂੰ ਹੋਰ ਕਿਸੇ ਤਰਾਂ ਦੇ ਦੁਨਿਆਵੀ ਮਾਣ ਦੀ ਲਾਲਸਾ ਨਹੀਂ ਹੁੰਦੀ। ਤੁਸੀਂ ਹੀ ਸਾਰੀ ਦੁਨੀਆਂ ਨੂੰ ਦਾਤਾਂ ਦੀ ਬਖ਼ਸ਼ਿਸ਼ ਕਰਨ ਵਾਲ਼ੇ ਹੋ। ਦਾਤਾਂ ਦੇਣ ਵੇਲ਼ੇ ਤੁਸੀਂ ਕੋਈ ਭੇਦ ਭਾਵ ਨਹੀਂ ਕਰਦੇ। ਇਹ ਨਹੀਂ ਕਰਦੇ ਕਿ ਕੁੱਝ ਲੋਕਾਂ ਤੇ ਬਖ਼ਸ਼ਿਸ਼ ਕਰ ਦੇਵੋ ਅਤੇ ਕੁੱਝ ਤੇ ਨਾ ਕਰੋ।
ਕਰਨ ਕਰਾਵਨਹਾਰ ਸੁਆਮੀ ।। ਸਗਲ ਘਟਾ ਕੇ ਅੰਤਰਜਾਮੀ ।।
ਹੇ ਮਾਲਕ, ਜੋ ਕੁਝ ਸੰਸਾਰ ਵਿੱਚ ਹੁੰਦਾ ਹੈ ਉਸ ਸਭ ਦੇ ਕਰਨ ਵਾਲ਼ੇ ਤੁਸੀਂ ਹੀ ਹੋ। ਸਭ ਕੁਝ ਤੁਹਾਡਾ ਕੀਤਾ ਹੀ ਹੁੰਦਾ ਹੈ। ਤੁਸੀਂ ਹਰ ਇੱਕ ਜੀਵ ਦੇ ਮਨ ਦੀਆਂ ਗੱਲਾਂ ਜਣਦੇ ਹੋ। ਕਿਸੇ ਦੇ ਮਨ ਵਿੱਚ ਕੀ ਹੈ, ਤੁਹਾਡੇ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ, ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ। ਤੁਸੀਂ ਜਾਣੀ ਜਾਣ ਹੋ।
ਅਪਨੀ ਗਤਿ ਮਿਤਿ ਜਾਨਹੁ ਆਪੇ ।। ਆਪਨ ਸੰਗਿ ਆਪਿ ਪ੍ਰਭ ਰਾਤੇ ।।
ਇਸ ਸ੍ਰਿਸ਼ਟੀ ਨੂੰ ਸਾਜਣ ਦਾ ਤੁਹਾਡਾ ਕੀ ਉਦੇਸ਼ ਸੀ, ਤੁਸੀਂ ਆਪ ਹੀ ਜਾਣਦੇ ਹੋ। ਜੋ ਕੁਝ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਹੈ , ਤੁਸੀਂ ਹੀ ਜਾਣਦੇ ਹੋ। ਤੁਸੀਂ ਆਪ ਹੀ ਇਨਸਾਨੀ ਜਾਮਾ ਧਾਰ ਕੇ ਅਪਣੇ ਪਿਆਰ ਵਿੱਚ ਰੰਗੇ ਹੋਏ ਹੋ।
ਤੁਮ੍ਹਰੀ ਉਸਤਤਿ ਤੁਮ ਤੇ ਹੋਇ ।। ਨਾਨਕ  ਅਵਰੁ ਨ ਜਾਨਸਿ ਕੋਇ ।। ੭ ।।
ਅਪਣੀ ਵਡਿਆਈ ਤੁਸੀਂ ਆਪ ਹੀ ਕਰ ਸਕਦੇ ਹੋ, ਹੋਰ ਕੋਈ ਤੁਹਾਡੀ ਵਡਿਆਈ ਕਰਨ ਦੇ ਸਮਰਥ ਨਹੀਂ ਕਿਉਂਕਿ ਤੁਸੀਂ ਆਪ ਹੀ ਜਾਣਦੇ ਹੋ ਕਿ ਤੁਸੀਂ ਕਿੰਨੇ ਮਹਾਨ ਹੋ। ਕਿਸੇ ਇਨਸਾਨ ਨੂੰ ਏਨੀ ਸਮਝ ਹੋ ਹੀ ਨਹੀਂ ਸਕਦੀ ਕਿ ਉਹ ਤੁਹਾਡੀ ਵਡਿਆਈ ਨੂੰ ਸਮਝ ਸਕੇ।
ਸਰਬ ਧਰਮ ਮਹਿ ਸ੍ਰੇਸਟ ਧਰਮੁ ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ।।
ਕਿਹੜਾ ਧਰਮ ਚੰਗਾ ਹੈ ਅਤੇ ਕਿਹੜਾ ਮਾੜਾ, ਇਹ ਸਭ ਵਿਵਾਦ ਬੇਅਰਥ ਹਨ। ਕੋਈ ਧਰਮ ਚੰਗਾ ਨਹੀਂ ਅਤੇ ਕੋਈ ਧਰਮ ਮਾੜਾ ਨਹੀਂ। ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਅਤੇ ਨੇਕ ਕਰਮ ਕਰਨੇ ਹੀ ਸਭ ਤੋਂ ਉੱਤਮ ਧਰਮ ਹੈ।
ਸਗਲ ਕ੍ਰਿਆ ਮਹਿ ਊਤਮ ਕਿਰਿਆ ।। ਸਾਧਸੰਗਿ ਦੁਰਮਤਿ ਮਲੁ ਹਿਰਿਆ ।।
ਕਿਹੜਾ ਕੰਮ ਚੰਗਾ ਹੈ ਅਤੇ ਕਿਹੜਾ ਨਹੀਂ, ਇਹ ਵਿਵਾਦ ਵੀ ਬੇਅਰਥ ਹੈ। ਸਭ ਤੋਂ ਚੰਗਾ ਕੰਮ ਇਹ ਹੈ ਕਿ ਨੇਕ ਇਨਸਾਨਾਂ ਦੀ, ਸੰਤ ਪੁਰਖਾਂ, ਦੀ ਸੰਗਤ ਕਰ ਕੇ, ਉਨ੍ਹਾਂ ਤੋਂ ਨੇਕ ਸਿੱਖਿਆ ਲੈ ਕੇ ਬੁਰੀ ਮੱਤ ਦੀ ਮੈਲ਼ ਨੂੰ ਧੋਤਾ ਜਾਵੇ ਅਤੇ ਨੇਕ ਇਨਸਾਨ ਬਣਿਆਂ ਜਾਵੇ।
ਸਗਲ ਉਦਮ ਮਹਿ ਉਦਮੁ ਭਲਾ ।। ਹਰਿ ਕਾ ਨਾਮੁ ਜਪਹੁ ਜੀ ਸਦਾ ।।
ਸਾਰੇ ਉੱਦਮਾ ਤੋਂ ਚੰਗਾ ਉੱਦਮ ਇਹ ਹੈ ਕਿ ਹਰ ਵੇਲ਼ੇ ਵਾਹਿਗੁਰੂ ਦਾ ਨਾਮ ਜੱਪਿਆ ਜਾਵੇ।
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ।। ਹਰਿ ਕੋ ਜਸੁ ਸੁਨਿ ਰਸਨ ਬਖਾਨੀ ।।
ਪ੍ਰਭੂ ਦੀ ਵਡਿਆਈ ਕੰਨਾਂ ਨਾਲ਼ ਸੁਣ ਕੇ ਜੀਭ ਨਾਲ਼ ਉਸ ਦੀ ਵਡਿਆਈ ਕਰਨਾ ਹੀ ਸਾਰੇ ਬੋਲਾਂ ਤੋਂ ਚੰਗੇ ਬੋਲ ਹਨ ਜੋ ਅੰਮ੍ਰਿਤ ਦੇ ਸਮਾਨ ਹਨ।
ਸਗਲ ਥਾਨ ਤੇ ਓਹਿ ਊਤਮ ਥਾਨੁ ।। ਨਾਨਕ ਜਿਹ ਘਟਿ ਬਸੈ ਹਰਿ ਨਾਮ ।। ੮ ।। ੩ ।।
ਗੁਰੂ ਜੀ ਸਮਝਾਉਂਦੇ ਹਨ ਕਿ ਸੰਸਾਰ ਵਿੱਚ ਸਭ ਤੋਂ ਪਵਿੱਤਰ ਥਾਂ ਉਹ ਹੈ ਜਿੱਥੇ ਜਾ ਕੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਵੇ। ਉਹ ਥਾਂ ਹੈ ਸਤ ਸੰਗਤ। ਅਤੇ ਸਭ ਤੋਂ ਮਹਾਨ ਇਨਸਾਨ ਉਹ ਹੈ ਜਿਸ ਦੇ ਹਿਰਦੇ ਵਿੱਚ ਹਰੀ ਦਾ ਨਾਮ ਵਸਿਆ ਹੋਇਆ ਹੈ।