Sunday 14 November 2021

 

ਤਾਰਿਆਂ ਨੂੰ ਹੱਥ ਵਿੱਚ ਉਹ ਸ਼ਖਸ ਫੜ ਸਕਦਾ ਨਹੀਂ।

ਅੰਬਰਾਂ ਨੂੰ ਛੂਹਣ ਦੇ ਸੁਪਨੇ ਜੋ ਘੜ ਸਕਦਾ ਨਹੀਂ।


ਦੇਖ ਕੇ ਚੂਹੇ ਨੂੰ ਜੋ ਥਰ ਥਰ ਹੈ ਕੰਬਣ ਲੱਗਦਾ

ਮੁਸ਼ਕਲਾਂ ਦੇ ਨਾਲ਼ ਬਣ ਕੇ ਸ਼ੇਰ ਲੜ ਸਕਦਾ ਨਹੀਂ।


ਹਰ ਕਿਸੇ ਦੇ ਲਈ ਉਹ ਬਣਿਆਂ ਬੇਗਾਨਾ ਰਹੇਗਾ

ਬਣ ਕੇ ਮਿੱਠਾ ਜੋ ਕਿਸੇ ਦੇ ਦਿਲ ਚ ਵੜ ਸਕਦਾ ਨਹੀਂ।


ਜ਼ਿੰਦਗੀ ਦੀ ਕਲਾ ਤੋਂ ਉੱਕਾ ਹੀ ਹੈ ਅਣਜਾਣ ਉਹ

ਕਿਸੇ ਦੇ ਜਜ਼ਬਾਤ ਜੋ ਚਿਹਰੇ ਤੋਂ ਪੜ੍ਹ ਸਕਦਾ ਨਹੀਂ।


ਆਪਣੇ ਹੀ ਤੱਕ ਸੀਮਤ ਸੋਚ ਹੈ ਜਿਸ ਬਸ਼ਰ ਦੀ

ਖ਼ੂਬਸੂਰਤ ਨਗ ਰਿਸ਼ਤਿਆਂ ਵਿੱਚ ਜੜ ਸਕਦਾ ਨਹੀਂ।


ਖ਼ੁਦ ਹਿਫ਼ਾਜ਼ਤ ਆਪਣੀ ਜੋ ਕਰਨ ਦੇ ਕਾਬਲ ਨਹੀਂ

ਨਾਲ਼ ਦੂਜੇ ਦੇ ਉਹ ਬਣ ਕੇ ਢਾਲ਼ ਖੜ੍ਹ ਸਕਦਾ ਨਹੀਂ।


ਜਦ ਪਨਾਗਾ ਜ਼ੁਲਮ ਅੱਗੇ ਡਟ ਕੇ ਖੜ੍ਹ ਜਾਏ ਅਵਾਮ

ਦਲ ਕੋਈ ਜ਼ਾਲਮ ਦਾ ਅੱਗੇ ਉਸ ਦੇ ਅੜ ਸਕਦਾ ਨਹੀਂ।

 

ਸਿਰੇ ਤੱਕ ਹੈਵਾਨੀਅਤ ਨਾਲ਼ ਭਰ ਗਿਆ ਹੈ ਆਦਮੀ।

ਆਦਮੀ ਦੇ ਅੰਦਰੋਂ ਹੁਣ ਮਰ ਗਿਆ ਹੈ ਆਦਮੀ।


ਆਪਣੇ ਹੱਥੀਂ ਨੇ ਸਿਰਜੇ ਮੌਤ ਦੇ ਸਾਮਾਨ ਜੋ

ਲੱਗਦੈ ਓਹਨਾਂ ਤੋਂ ਪਰ ਕੁੱਝ ਡਰ ਗਿਆ ਹੈ ਆਦਮੀ।


ਚੱਲਿਆ ਸੀ ਕਰਨ ਕਬਜ਼ਾ ਇਹ ਖ਼ੁਦਾ ਦੇ ਤਖ਼ਤ ਤੇ

ਆਪਣੇ ਹੀ ਗਿਆਨ ਹੱਥੋਂ ਹਰ ਗਿਆ ਹੈ ਆਦਮੀ।


ਰੋਸ਼ਨੀ ਦੇ ਭੰਵਰ ਵਿੱਚ ਫਸ ਗਈ ਕਿਸ਼ਤੀ ਏਸ ਦੀ

ਨ੍ਹੇਰ ਦਾ ਸਾਗਰ ਭਿਆਨਕ ਤਰ ਗਿਆ ਹੈ ਆਦਮੀ।


ਲਾਲਸਾ ਦੁਨੀਆਂ ਤੇ ਭਾਰੂ ਹੋਣ ਦੀ ਦਾ ਬਣ ਗੁਲਾਮ

ਆਪਣੇ ਬੇੜੇ ਚ ਵੱਟੇ ਭਰ ਗਿਆ ਹੈ ਆਦਮੀ।


ਅੰਬਰਾਂ ਤੋਂ ਪਾਰ ਅੰਬਰ ਛਾਣਨੇ ਵਿੱਚ ਉਲ਼ਝਿਆ

ਲੱਗਿਆ ਨਾ ਪਤਾ ਕਦ ਨਿੱਘਰ ਗਿਆ ਹੈ ਆਦਮੀ।


ਖ਼ੁਦ ਦੇ ਖ਼ੁਦ ਤੇ ਵਾਰ ਤੋਂ ਬਚਣਾ ਨਹੀਂ ਸੰਭਵ ਪਨਾਗ

ਦੁਸ਼ਮਣਾ ਦੇ ਵਾਰ ਤਾਂ ਸਭ ਜਰ ਗਿਆ ਹੈ ਆਦਮੀ।

Sunday 7 November 2021

 

ਰਾਜਿਆ ਰਾਜ ਕਰੇਂਦਿਆ ਫੋਕੀ ਤੇਰੀ ਸ਼ਾਨ।

ਰਾਜ ਤੇਰੇ ਵਿੱਚ ਰੁਲ਼ ਰਿਹਾ ਸੜਕਾਂ ਤੇ ਭਗਵਾਨ।


ਰਾਜਿਆ ਰਾਜ ਕਰੇਂਦਿਆ ਸੁਣ ਸੁਣ ਅੰਬਰ ਰੋਣ।

ਆਖੇਂ ਤਖ਼ਤ ਬਹਾਲਣਾ ਰੋਟੀ ਲੱਗਿਆ ਖੋਹਣ।


ਰਾਜਿਆ ਰਾਜ ਕਰੇਂਦਿਆ ਸੜਕੀਂ ਰੋਲ਼ੇਂ ਜੱਟ।

ਅਪਣੇ ਹੱਥੀਂ ਆਪਣੀ ਕਬਰ ਰਿਹਾ ਹੈਂ ਪੱਟ।


ਰਾਜਿਆ ਰਾਜ ਕਰੇਂਦਿਆ ਭਾਅ ਚੜ੍ਹ ਗਏ ਅਸਮਾਨ।

ਰੋਂਦਾ ਤੇਰੀ ਜਾਨ ਨੂੰ ਸਾਰਾ ਹਿੰਦੁਸਤਾਨ।


ਰਾਜਿਆ ਰਾਜ ਕਰੇਂਦਿਆ ਉਡ ਉਡ ਪੈਂਦੀ ਰੇਤ।

ਕੰਡੇ ਜੇਕਰ ਬੀਜੀਏ ਕੰਡੇ ਈ ਉੱਗਣ ਖੇਤ।


ਰਾਜਿਆ ਰਾਜ ਕਰੇਂਦਿਆ ਝੂਠ ਨੂੰ ਆਖੇਂ ਸੱਚ।

ਹੀਰਾ ਹੀਰਾ ਆਖਿਆਂ ਹੀਰਾ ਬਣੇ ਨਾ ਕੱਚ।


ਰਾਜਿਆ ਰਾਜ ਕਰੇਂਦਿਆ ਹੱਥ ਅਕਲ ਨੂੰ ਮਾਰ।

ਕਰੇ ਗੁਨਾਹ ਬਹਿ ਤਖ਼ਤ ਤੇ ਬਖ਼ਸ਼ੇ ਨਾ ਕਰਤਾਰ।


ਰਾਜਿਆ ਰਾਜ ਕਰੇਂਦਿਆ ਸੁਪਨੇ ਨਾਂ ਤੂੰ ਵੇਖ।

ਪੜ੍ਹ ਲੈ ਅੱਖਾਂ ਖੋਲ੍ਹ ਕੇ ਕੰਧ ਤੇ ਲਿਖਿਆ ਲੇਖ।


ਰਾਜਿਆ ਰਾਜ ਕਰੇਂਦਿਆ ਕੌੜਾ ਸੱਚ ਨਾ ਭੁੱਲ।

ਬੰਦਾ ਜੇ ਰੱਬ ਬਣ ਬਹੇ ਖਾਕ ਚ ਜਾਂਦਾ ਰੁਲ।


ਰਾਜਿਆ ਰਾਜ ਕਰੇਂਦਿਆ ਕਹਿੰਦਾ ਸੱਚ ਪਨਾਗ।

ਵਾੜ ਹੀ ਲੱਗ ਜਾਏ ਖਾਣ ਜੇ ਉੱਜੜ ਜਾਂਦੇ ਬਾਗ।

 

ਵਰ੍ਹਦੀ ਅੱਗ ਜ਼ੁਲਮ ਦੀ ਵਿੱਚੋਂ ਉੱਠੇਗਾ ਤੂਫ਼ਾਨ ਕੋਈ।

ਜਿਸ ਦੇ ਕਹਿਰ ਤੋਂ ਸਕੇ ਬਚਾ ਨਾ ਜ਼ਾਲਮ ਨੂੰ ਭਗਵਾਨ ਕੋਈ।


ਸਭੇ ਵਿਰੋਧੀ ਹਾਕਮ ਨੂੰ ਅੱਜ ਅੱਤਵਾਦੀ, ਵੱਖਵਾਦੀ ਦਿਸਦੇ

ਨਾ ਹਮਵਤਨ ਦਿਖਾਈ ਦਿੰਦਾ, ਨਾਂ ਦਿਸਦਾ ਇਨਸਾਨ ਕੋਈ।


ਹਾਕਮ ਅਪਣੀ ਹੀ ਪਰਜਾ ਨੂੰ ਕੋਹ ਕੋਹ ਕੇ ਅੱਜ ਮਾਰ ਰਹੇ

ਜਿੱਦਾਂ ਹੋਏ ਸ਼ਿਕਾਰ ਨੂੰ ਕੋਂਹਦਾ ਖਾਣ ਲਈ ਹੈਵਾਨ ਕੋਈ।


ਪਤਾ ਨਹੀਂ ਹਾਕਮ ਦੀ ਅੱਖ ਤੇ ਕਿਹਾ ਮੋਤੀਆ ਛਾਇਆ ਹੈ

ਗ਼ਲਤ ਨੂੰ ਜਿਹੜਾ ਗ਼ਲਤ ਆਖਦਾ ਉਸ ਨੂੰ ਦਿਸੇ ਸ਼ੈਤਾਨ ਕੋਈ।


ਲੀਰ ਲੀਰ ਸੰਵਿਧਾਨ ਹੈ ਕੀਤਾ ਬਾਬਾ ਸਾਹਿਬ ਸੀ ਜੋ ਦਿੱਤਾ

ਕਰ ਦਿੱਤਾ ਬਦਸ਼ਕਲ ਹੈ ਏਨਾ ਸਕਦਾ ਨਾ ਪਹਿਚਾਣ ਕੋਈ।


ਚਾਦਰ ਹਿੰਦ ਦੀ ਕੌਣ ਬਚਾਵੇ ਅੱਜ ਦੇ ਐਰੰਗਜ਼ੇਬ ਦੇ ਕੋਲ਼ੋਂ

ਲੱਭੋ ਕਿਧਰੋਂ ਤੇਗ ਬਹਾਦਰ ਦੇਵੇ ਜੋ ਬਲੀਦਾਨ ਕੋਈ।


ਨਾਜ਼ੀਵਾਦ ਤੇ ਫਾਸੀਵਾਦ ਦੀ ਥੋੜੀ ਹੁੰਦੀ ਉਮਰ ਪਨਾਗਾ

ਠਲ੍ਹਣ ਲਈ ਤੂਫ਼ਾਨ ਏਸ ਨੂੰ ਉੱਠੇਗਾ ਬਲਵਾਨ ਕੋਈ। 

 

ਸਦਾ ਹੀ ਅੱਤ ਦਾ ਸਰਬੱਤ ਦੇ ਨਾਲ਼ ਵੈਰ ਹੁੰਦਾ ਹੈ। 

ਜੇ ਹਾਕਮ ਰੱਬ ਬਣ ਬੈਠੇ ਵਰਤਦਾ ਕਹਿਰ ਹੁੰਦਾ ਹੈ।


ਨਸ਼ੇ ਤਾਕਤ ਦੇ ਵਿੱਚ ਖੇਤੀਂ ਖਿੰਡਾ ਨਾ ਬੀਜ ਨਫ਼ਰਤ ਦੇ

ਬੀਜ ਜੇ ਜ਼ਹਿਰ ਦਾ ਪਾਈਏ ਤਾਂ ਉੱਗਦਾ ਜ਼ਹਿਰ ਹੁੰਦਾ ਹੈ।


ਕਵਚ ਸੱਤਾ ਦਾ ਨਾ ਸਕਦਾ ਬਚਾ ਜ਼ਾਲਮ ਨੂੰ ਫਿਰ ਕੋਈ

ਜਦੋਂ ਹਥਿਆਰ ਬਣ ਹੰਝੂ, ਕਰ ਰਿਹਾ ਫਾਇਰ ਹੰਦਾ ਹੈ।


ਬਿਨਾਂ ਦੱਸੇ ਹੀ ਫੜ ਲੈਂਦੀ ਹੈ ਹੁਣ ਤਾਂ ਗੁਪਤ ਅੱਖ ਭੈੜੀ  

ਸਦਾ ਕਰਤੂਤ ਅਪਣੀ ਨੂੰ ਲੁਕਾਉਂਦਾ ਕਾਇਰ ਹੁੰਦਾ ਹੈ।


ਨਿਆਂ ਨੂਰੀ ਬਖ਼ਸ਼ਦਾ ਨਾ ਕਦੇ ਹਾਕਮ ਦੇ ਜੁਰਮਾਂ ਨੂੰ

ਖ਼ੁਦਾ ਦੀ ਤੇਗ ਅੱਗੇ  ਸੱਤਾ ਤੋਂ ਨਾ ਠਹਿਰ ਹੁੰਦਾ ਹੈ।


ਇਹ ਡੋਲ੍ਹੇ ਖੂਨ ਦੇ ਤੁਪਕੇ ਉੱਗਣਗੇ ਬਣ ਕੇ ਤਲਵਾਰਾਂ

ਕਿਆਮਤ ਜਦੋਂ ਹੜ੍ਹ ਬਣਦੀ ਨਾ ਲੱਗਦਾ ਪੈਰ ਹੁੰਦਾ ਹੈ।


ਭਿਆਨਕ ਇਸ ਕਦਰ ਹੁੰਦਾ ਹੈ ਹੜ੍ਹ ਅੱਖਾਂ ਦੇ ਪਾਣੀ ਦਾ

ਇਹ ਦਿੰਦਾ ਡੋਬ ਜ਼ਾਲਮ ਨੂੰ, ਨਾ ਉਸ ਤੋਂ ਤੈਰ ਹੁੰਦਾ ਹੈ।


ਪਨਾਗਾ ਦੱਸ ਦੇ ਜ਼ਾਲਮ ਨੂੰ ਕਿ ਸੈਲਾਬ ਆਹਾਂ ਦਾ

ਅੱਗ ਦੋਜ਼ਖ ਦੀ ਨਾਲ਼ੋਂ ਵੱਧ ਮਾਰੂ ਕਹਿਰ ਹੁੰਦਾ ਹੈ।

 

ਦੇਖੋ ਹੈ ਕੀ ਖੇਲ੍ਹ ਰਚਾਇਆ ਕੁਰਸੀ ਨੇ।

ਨੈਤਿਕਤਾ ਨੂੰ ਖੂੰਜੇ ਲਾਇਆ ਕੁਰਸੀ ਨੇ।


ਫੜ ਡੌਰੂ ਜੋ ਰੋਜ਼ ਨਚਾਉਂਦੇ ਜੰਤਾ ਨੂੰ

ਵਾਂਗ ਬਾਂਦਰੀ ਅੱਜ ਨਚਾਇਆ ਕੁਰਸੀ ਨੇ।


ਅਪਣੀਆਂ ਜੜਾਂ ਨੂੰ ਆਪੇ ਵੱਢੀ ਜਾਂਦੇ ਨੇ

ਐਸਾ ਅਕਲ ਤੇ ਪਰਦਾ ਪਾਇਆ ਕੁਰਸੀ ਨੇ।


ਵਕਤ ਬਲੀ ਨੇ ਐਸੀ ਕਲਾ ਦਿਖਾਈ ਹੈ

ਨਾਇਕਾਂ ਨੂੰ ਖਲਨਾਇਕ ਬਣਾਇਆ ਕੁਰਸੀ ਨੇ।


ਅੱਜ ਜੋ ਕੁਰਸੀ ਪਿੱਛੇ ਪਾਗਲ ਹੋਏ ਨੇ

ਕਲ੍ਹ ਆਖਣਗੇ ਹੈ ਮਰਵਾਇਆ ਕੁਰਸੀ ਨੇ।


ਅੱਖਾਂ ਦੇ ਹੁੰਦਿਆਂ ਵੀ ਦਿਖਣੋ ਹਟ ਜਾਂਦੈ

ਬੰਦਾ ਜਦ ਹੁੰਦੈ ਭਰਮਾਇਆ ਕੁਰਸੀ ਨੇ।


ਦੁਨੀਆਂ ਦਾ ਰੰਗ ਹੋਣਾ ਸੀ ਕੁੱਝ ਹੋਰ ਪਨਾਗ

ਜੇ ਨਾ ਹੁੰਦਾ ਜੱਗ ਭਟਕਾਇਆ ਕੁਰਸੀ ਨੇ।

 

ਨਵੇਂ ਸਾਲ ਨੇ ਮੁੱਖੜਾ ਆਣ ਦਿਖਇਆ ਹੈ

ਪੰਡ ਆਸਾਂ ਦੀ ਪੱਲੇ ਬੰਨ੍ਹ ਲਿਆਇਆ ਹੈ।

 

ਸ਼ਾਇਦ ਜਾਣ ਪੈ ਪੱਲੇ ਖੁਸ਼ੀਆਂ ਇਸ ਵਾਰੀ

ਵਾਅਦਾ ਤਖ਼ਤ ਜਿਨ੍ਹਾਂ ਦਾ ਕਰਦਾ ਆਇਆ ਹੈ।

 

ਆਸ ਲਾਈਂ ਹਾਂ ਬੈਠੇ ਇੱਕ ਛਿੱਟ ਅੰਮ੍ਰਿਤ ਦੀ

ਕਈ ਦਹਾਕਿਆਂ ਤੋ ਜਿਸ ਨੇ ਤਰਸਾਇਆ ਹੈ।

 

ਰੱਬ ਕਰੇ ਉਹ ਸੁਰਗ ਧਰਤ ਤੇ ਵਸ ਜਾਵੇ

ਲਾਰਾ ਜਿਸ ਦਾ ਹਰ ਹਾਕਮ ਨੇ ਲਾਇਆ ਹੈ।

 

ਮਿਹਰ ਕਰੀਂ ਤੂੰ ਦਾਤਾ ਕਰ ਸਾਕਾਰ ਦਈਂ

ਖ਼ਾਬ ਜੋ ਮਾਨਵ ਦੀ ਸੰਤਾਨ ਸਜਾਇਆ ਹੈ।

 

ਭਲਾ ਹੋਏ ਸਰਬੱਤ ਦਾ ਸਭ ਦੇ ਬੁਲ੍ਹਾਂ ਤੇ

ਜਿਸ ਦਾ ਸਾਨੂੰ ਗੁਰੂਆਂ ਸਬਕ ਸਿਖਾਇਆ ਹੈ।

 

ਰੋਟੀ, ਕੱਪੜਾ, ਸਭ ਦੇ ਸਿਰ ਤੇ ਛੱਤ ਹੋਵੇ

ਮੰਗ ਕੇ ਅੱਜ ਪਨਾਗ ਗੁਰੂ ਤੋਂ ਆਇਆ ਹੈ

Tuesday 28 September 2021

 

ਬੰਦਾ ਜੋ ਹੈ ਰੱਬ ਬਣ ਬਹਿੰਦਾ ਆਖਰ ਛਿੱਤਰ ਖਾਂਦਾ ਹੈ।

ਨਾਲ਼ ਲੁਕਾਈ ਦੇ ਜੋ ਖਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਬਿਨਾਂ ਵਕਤ ਦੀ ਨਬਜ਼ ਪਛਾਣੇ, ਬਿਨਾਂ ਹਵਾ ਦੇ ਰੁਖ ਨੂੰ ਜਾਣੇ

ਵਿੱਚ ਅਸਮਾਨ ਜੋ ਉਡਦਾ ਰਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਸੱਚ ਦਾ ਨਾਹਰਾ ਲਾਉਣ ਵਾਲ਼ੇ ਨੂੰ, ਅਪਣੀ ਅਣਖ ਬਚਾਉਣ ਵਾਲ਼ੇ ਨੂੰ

ਦੇਸ਼ ਧੇਰੋਹੀ ਜੋ ਹੈ ਕਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਸੱਚਿਆਂ ਨੂੰ ਜੋ ਕੋਸੀ ਜਾਂਦਾ, ਝੂਠ ਤੇ ਝੂਠ ਪ੍ਰੋਸੀ ਜਾਂਦਾ

ਠੇਕਾ ਕੁਫ਼ਰ ਦਾ ਹੈ ਲੈ ਲੈਂਦਾ ਆਖਰ ਛਿੱਤਰ ਖਾਂਦਾ ਹੈ।

 

ਗੱਲ ਜ਼ਮੀਰ ਦੀ ਸੁਣਦਾ ਨਾ ਜੋ, ਰਾਹ ਇਨਸਾਫ ਦਾ ਚੁਣਦਾ ਨਾ ਜੋ

ਲੋਟੂ ਟੋਲੇ ਦਾ ਪੱਖ ਲੈਂਦਾ ਆਖਰ ਛਿੱਤਰ ਖਾਂਦਾ ਹੈ।

 

ਸੱਚ ਦੇ ਹੱਕ ਵਿੱਚ ਖੜ੍ਹਦੇ ਨੇ ਜੋ, ਦੀਨ ਦੁਖੀ ਲਈ ਲੜਦੇ ਨੇ ਜੋ

ਹੋਂਦ ਉਨ੍ਹਾਂ ਦੀ ਜੋ ਨਹੀਂ ਸਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਦੀਨ ਦੀ ਹਾਅ ਤੋਂ ਡਰਦਾ ਨਾ ਜੋ, ਰਹਿਮ ਪਨਾਗਾ ਕਰਦਾ ਨਾ ਜੋ

ਕਿਲਾ ਓਸ ਦਾ ਢਹਿੰਦਾ ਈ ਢਹਿੰਦਾ ਆਖਰ ਛਿੱਤਰ ਖਾਂਦਾ ਹੈ।


 

ਓੜਕ ਦੇਖਣ ਲੱਗਿਐਂ ਕਿਉਂ ਕਿਰਸਾਨਾਂ ਦਾ ।

ਕਰਨਾ ਸਿਖ ਸਤਿਕਾਰ ਆਏ ਮਹਿਮਾਨਾਂ ਦਾ।

 

ਖੂਨ ਕਿਰਤ ਦਾ ਚੂਸਣ ਦੇ ਜੋ ਆਦੀ ਨੇ

ਬਹਿ ਗਿਆ ਬਣ ਕੇ ਚਾਕਰ ਕਿਉਂ ਹੈਵਾਨਾਂ ਦਾ।

 

ਮੁੜ੍ਹਕੇ ਨਾਲ਼ ਜੋ ਪੇਟ ਪਾਲ਼ਦੇ ਜੰਤਾ ਦਾ

ਦੋਖੀ ਬਣਿਆਂ ਫਿਰਦਾ ਹੈਂ ਭਗਵਾਨਾਂ ਦਾ।

 

ਭੌਂਕਣ ਨਾ, ਸਮਝਾ ਦੇ ਅਪਣੇ ਕੁੱਤਿਆਂ ਨੂੰ

ਦਿੱਤਾ ਫੱਟ ਨਾ ਭਰਦਾ ਕਦੇ ਜ਼ਬਾਨਾਂ ਦਾ।

 

ਬੰਨ੍ਹ ਸਿਰਾਂ ਦੇ ਉੱਤੇ ਕੱਫਣ ਆਏ ਨੇ

ਦੇਖਣ ਜ਼ੋਰ ਇਹ ਤੇਰੇ ਤੀਰ ਕਮਾਨਾਂ ਦਾ।

 

ਸਿਖ ਲੈ ਪਾਉਣਾ ਮੁੱਲ ਕਿਰਤ ਦੇ ਮੁੜ੍ਹਕੇ ਦਾ

ਚੁੰਮ ਲੈ ਮੱਥਾ ਦਿਲਾਂ ਦਿਆਂ ਸੁਲਤਾਨਾਂ ਦਾ।

 

ਮੰਨ ਲੈ ਕਹਿਣਾ, ਕਹੇ ਪਨਾਗ, ਸਿਆਣਿਆਂ ਦਾ

ਬੱਸ ਕਰ ਹੋਰ ਨਾ ਬਣ ਮੋਹਰਾ ਸ਼ੈਤਾਨਾਂ ਦਾ।