Tuesday 28 September 2021

 

ਬੰਦਾ ਜੋ ਹੈ ਰੱਬ ਬਣ ਬਹਿੰਦਾ ਆਖਰ ਛਿੱਤਰ ਖਾਂਦਾ ਹੈ।

ਨਾਲ਼ ਲੁਕਾਈ ਦੇ ਜੋ ਖਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਬਿਨਾਂ ਵਕਤ ਦੀ ਨਬਜ਼ ਪਛਾਣੇ, ਬਿਨਾਂ ਹਵਾ ਦੇ ਰੁਖ ਨੂੰ ਜਾਣੇ

ਵਿੱਚ ਅਸਮਾਨ ਜੋ ਉਡਦਾ ਰਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਸੱਚ ਦਾ ਨਾਹਰਾ ਲਾਉਣ ਵਾਲ਼ੇ ਨੂੰ, ਅਪਣੀ ਅਣਖ ਬਚਾਉਣ ਵਾਲ਼ੇ ਨੂੰ

ਦੇਸ਼ ਧੇਰੋਹੀ ਜੋ ਹੈ ਕਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਸੱਚਿਆਂ ਨੂੰ ਜੋ ਕੋਸੀ ਜਾਂਦਾ, ਝੂਠ ਤੇ ਝੂਠ ਪ੍ਰੋਸੀ ਜਾਂਦਾ

ਠੇਕਾ ਕੁਫ਼ਰ ਦਾ ਹੈ ਲੈ ਲੈਂਦਾ ਆਖਰ ਛਿੱਤਰ ਖਾਂਦਾ ਹੈ।

 

ਗੱਲ ਜ਼ਮੀਰ ਦੀ ਸੁਣਦਾ ਨਾ ਜੋ, ਰਾਹ ਇਨਸਾਫ ਦਾ ਚੁਣਦਾ ਨਾ ਜੋ

ਲੋਟੂ ਟੋਲੇ ਦਾ ਪੱਖ ਲੈਂਦਾ ਆਖਰ ਛਿੱਤਰ ਖਾਂਦਾ ਹੈ।

 

ਸੱਚ ਦੇ ਹੱਕ ਵਿੱਚ ਖੜ੍ਹਦੇ ਨੇ ਜੋ, ਦੀਨ ਦੁਖੀ ਲਈ ਲੜਦੇ ਨੇ ਜੋ

ਹੋਂਦ ਉਨ੍ਹਾਂ ਦੀ ਜੋ ਨਹੀਂ ਸਹਿੰਦਾ ਆਖਰ ਛਿੱਤਰ ਖਾਂਦਾ ਹੈ।

 

ਦੀਨ ਦੀ ਹਾਅ ਤੋਂ ਡਰਦਾ ਨਾ ਜੋ, ਰਹਿਮ ਪਨਾਗਾ ਕਰਦਾ ਨਾ ਜੋ

ਕਿਲਾ ਓਸ ਦਾ ਢਹਿੰਦਾ ਈ ਢਹਿੰਦਾ ਆਖਰ ਛਿੱਤਰ ਖਾਂਦਾ ਹੈ।


 

ਓੜਕ ਦੇਖਣ ਲੱਗਿਐਂ ਕਿਉਂ ਕਿਰਸਾਨਾਂ ਦਾ ।

ਕਰਨਾ ਸਿਖ ਸਤਿਕਾਰ ਆਏ ਮਹਿਮਾਨਾਂ ਦਾ।

 

ਖੂਨ ਕਿਰਤ ਦਾ ਚੂਸਣ ਦੇ ਜੋ ਆਦੀ ਨੇ

ਬਹਿ ਗਿਆ ਬਣ ਕੇ ਚਾਕਰ ਕਿਉਂ ਹੈਵਾਨਾਂ ਦਾ।

 

ਮੁੜ੍ਹਕੇ ਨਾਲ਼ ਜੋ ਪੇਟ ਪਾਲ਼ਦੇ ਜੰਤਾ ਦਾ

ਦੋਖੀ ਬਣਿਆਂ ਫਿਰਦਾ ਹੈਂ ਭਗਵਾਨਾਂ ਦਾ।

 

ਭੌਂਕਣ ਨਾ, ਸਮਝਾ ਦੇ ਅਪਣੇ ਕੁੱਤਿਆਂ ਨੂੰ

ਦਿੱਤਾ ਫੱਟ ਨਾ ਭਰਦਾ ਕਦੇ ਜ਼ਬਾਨਾਂ ਦਾ।

 

ਬੰਨ੍ਹ ਸਿਰਾਂ ਦੇ ਉੱਤੇ ਕੱਫਣ ਆਏ ਨੇ

ਦੇਖਣ ਜ਼ੋਰ ਇਹ ਤੇਰੇ ਤੀਰ ਕਮਾਨਾਂ ਦਾ।

 

ਸਿਖ ਲੈ ਪਾਉਣਾ ਮੁੱਲ ਕਿਰਤ ਦੇ ਮੁੜ੍ਹਕੇ ਦਾ

ਚੁੰਮ ਲੈ ਮੱਥਾ ਦਿਲਾਂ ਦਿਆਂ ਸੁਲਤਾਨਾਂ ਦਾ।

 

ਮੰਨ ਲੈ ਕਹਿਣਾ, ਕਹੇ ਪਨਾਗ, ਸਿਆਣਿਆਂ ਦਾ

ਬੱਸ ਕਰ ਹੋਰ ਨਾ ਬਣ ਮੋਹਰਾ ਸ਼ੈਤਾਨਾਂ ਦਾ।


Saturday 25 September 2021

 

ਜਿਨ੍ਹਾਂ ਨਾਲ਼ ਬੀਤਿਆ ਬਚਪਨ ਉਹ ਮਿੱਤਰ ਯਾਦ ਆਉਂਦੇ ਨੇ।

ਤੇ ਕਰ ਕਰ ਇੱਲਤਾਂ ਖਾਧੇ ਹੋਏ ਛਿੱਤਰ ਯਾਦ ਆਉਂਦੇ ਨੇ।


ਜੰਗ, ਜੀਤਾ, ਨਾਹਰ, ਹਰਨੇਕ, ਤੇ ਪ੍ਰਕਾਸ਼ ਨਾਮੇ ਦਾ

ਭਾਗ, ਹਰਚੰਦ, ਦਰਸ਼ਨ ਤੇ ਬਚਿੱਤਰ ਯਾਦ ਆਉਂਦੇ ਨੇ।


ਚਾਰਦੇ ਖੇਤ ਵਿੱਚ ਡੰਗਰ, ਸੁਣੇ ਹੋਏ ਬੋਲਦੇ ਬੀਂਡੇ,

ਜਿਨ੍ਹਾਂ ਤੋਂ ਗੂੰਦ ਸਾਂ ਲਾਹੁੰਦੇ ਉਹ ਕਿੱਕਰ ਯਾਦ ਆਉਂਦੇ ਨੇ।


ਮਨਾਏ ਗੁਰਦੁਆਰੇ ਜੋ ਹਾਣੀਆਂ ਨਾਲ਼ ਰਲ਼ ਮਿਲ ਕੇ

ਉਹ ਗੁਰੂਆਂ ਦੇ ਪੁਰਬ ਸਾਰੇ ਪਵਿੱਤਰ ਯਾਦ ਆਉਂਦੇ ਨੇ।


ਆਖ ‘ਹੋਈ’ ਸੀ ਵਾਹੁੰਦੀ ਕੰਧ ਤੇ ਚਿੰਤੀ ਝਿਊਰੀ ਜੋ

ਵਰਤ ਝੱਕਰੀ ਦੇ ਵਾਲ਼ੇ ਦਿਨ, ਉਹ ਚਿੱਤਰ ਯਾਦ ਆਉਂਦੇ ਨੇ।


ਗੁਟਾਰਾਂ, ਘੁੱਗੀਆਂ, ਚਿੜੀਆਂ, ਚੱਕੀ ਰਾਹੇ, ਕਬੂਤਰ, ਕਾਂ

ਮੋਰ, ਤੋਤੇ, ਬਟੇਰੇ ਅਤੇ ਤਿੱਤਰ ਯਾਦ ਆਉਂਦੇ ਨੇ।


ਪਨਾਗਾ ਜਿਨ੍ਹਾਂ ਦੇ ਸਿਰ ਤੇ ਨਾ ਕੋਈ ਫ਼ਿਕਰ ਸੀ ਹੁੰਦਾ

      ਵਿੱਚ ਸੁਰਗਾਂ ਦੇ ਬੈਠੇ ਹੁਣ ਉਹ ਪਿੱਤਰ ਯਾਦ ਆਉਂਦੇ ਨੇ।

 

ਕੰਡਿਆਂ ਲਈ ਬਦਨਾਮ ਨੇ ਜਿਹੜੇ ਥੋਹਰਾਂ ਨੂੰ ਵੀ ਫੁੱਲ ਲੱਗਦੇ ਨੇ

ਜ਼ਹਿਰ ਕਿਸੇ ਲਈ ਅੰਮ੍ਰਿਤ ਹੁੰਦੈ, ਗਏ ਲੋਕ ਇਹ ਭੁੱਲ ਲੱਗਦੇ ਨੇ।

 

ਕਲ੍ਹ ਜੋ ਅੱਖਾਂ ਵਿੱਚ ਚਮਕ ਭਰ ਜੀਭ ਬੁਲ੍ਹਾਂ ਤੇ ਫੇਰ ਰਹੇ ਸੀ

ਨੀਂਵੀਂਆਂ ਨੀਂਵੀਂਆਂ ਅੱਖਾਂ ਨੇ ਅੱਜ, ਲਟਕੇ ਲਟਕੇ ਬੁਲ੍ਹ ਲੱਗਦੇ ਨੇ।

 

ਮਿਹਰ ਖ਼ੁਦਾ ਦੀ ਹੋ ਗਈ ਕੁੱਝ ਤੇ, ਸੁੱਤੀ ਕਿਸਮਤ ਜਾਗ ਪਈ ਹੈ

ਡਿਗ ਕੇ ਕੁੱਝ ਅਕਾਸ਼ੀਂ ਉਡਦੇ, ਗਏ ਮਿੱਟੀ ਵਿੱਚ ਰੁਲ ਲੱਗਦੇ ਨੇ।

 

ਦੋਹੀਂ ਹੱਥੀਂ ਲੱਡੂ ਕੁੱਝ ਦੇ, ਕੁੱਝ ਦਾ ਲਾਰੇ ਬਣੇ ਸਹਾਰਾ

ਖਾਲੀ ਹੱਥੀਂ ਕੁੱਝ ਫਿਰਦੇ ਨੇ, ਔਕਾਤਾਂ ਦੇ ਮੁੱਲ ਲੱਗਦੇ ਨੇ।

 

ਕਲ੍ਹ ਗੁਣਾਂ ਦੀ ਗੁਥਲੀ ਸੀ ਜੋ, ਅੱਜ ਗੁਣਾਂ ਤੋਂ ਵਾਂਝੇ ਹੋਏ

ਧੇਲਾ ਰਹੀ ਨਾ ਕੀਮਤ ਅੱਜ ਉਹ ਘਾਹ ਦੇ ਤਿਣਕੇ ਤੁੱਲ ਲੱਗਦੇ ਨੇ।

 

ਮੈਂ ਤੇ ਮੈਂ ਦੀ ਟੱਕਰ ਵਿੱਚੋਂ ਕੇਵਲ ਨਿੱਕਲ਼ੇ ਹਨ ਚੰਗਿਆੜੇ

ਬਰਬਾਦੀ ਦੇ ਸਭ ਦਰਵਾਜ਼ੇ ਗਏ ਪਨਾਗਾ ਖੁੱਲ੍ਹ ਲੱਗਦੇ ਨੇ।


English Translation

That cacti, notorious for their thorns, bear flowers too,

And poison can act as nectar for some, are facts

That people seem to have forgotten today.


Those who moved around with a glitter in their eyes

And were greedily licking their lips yesterday

Carry gloomy, downcast eyes and hanging lips today.


With God’s blessings, sleeping destiny has smiled on some,

Others, who in the skies did soar, seem to be biting dust of now.


Favours profuse are raining on some

While others from false promises sustenance do receive;

Still others go about empty handed.

Assessment of their worth their reward doth determine.


Those who possessed all the merit are devoid of it now;

With their value reduced to less than a penny

No better than a blade of grass are they.


The clash of egos has generated only sparks, oh Panag,

Thus opening wide all the doors to disaster.

 

ਕੁੱਝ ਲੋਕ ਬੁਰੇ ਹੁੰਦੇ, ਕੁੱਝ ਨੂੰ ਦੁਨੀਆਂ ਕਹਿੰਦੀ ਚੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

 

ਅਪਣੇ ਸੁਖ ਖਾਤਰ ਹੈ ਹਰ ਕੋਈ ਸਦਾ ਦੁਆਵਾਂ ਕਰਦਾ।

ਮਿੱਤਰਾਂ ਦੇ ਦੁੱਖ ਤੇ ਵੀ ਬੰਦਾ ਦਿਸਦਾ ਹੌਕੇ ਭਰਦਾ

ਦੁਸ਼ਮਣ ਨੂੰ ਦੇਖ ਦੁਖੀ ਦੁਨੀਆਂ ਪਰ ਹਸਦੀ ਨਾ ਸੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

 

ਮਹਿਸੂਸਣ ਵਿਰਲੇ ਹੀ ਦੁਸ਼ਮਣ ਦੇ ਜ਼ਖਮਾਂ ਦੀਆਂ ਚੀਸਾਂ।

ਦਿੰਦੇ ਜੋ ਉਸ ਨੂੰ ਵੀ ਰੱਜ ਰੱਜ ਅਪਣਿਆਂ ਵਾਂਗ ਅਸੀਸਾਂ।

ਦੁਆ ਕਰਨ ਹਮੇਸ਼ਾਂ ਇਹ ਜ਼ਿੰਦਗੀ ਸਭ ਦੀ ਚੈਨ ਚ ਲੰਘੇ

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

 

ਨਾ ਅਪਣਾ ਦਿਸੇ ਕੋਈ ਉਨ੍ਹਾਂ ਨੂੰ ਨਾ ਕੋਈ ਦਿਸੇ ਬਿਗਾਨਾ।

ਦਿਸਦਾ ਹੈ ਓਹਨਾਂ ਨੂੰ ਸਾਰਾ ਰੱਬ ਦਾ ਰੂਪ ਜ਼ਮਾਨਾ।

ਕਦੇ ਦੇਣ ਬਦ ਦੁਆ ਨਾ ਮਾਲਕ ਦੇ ਰੰਗ ਦੇ ਵਿੱਚ ਰੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

 

ਕੁੱਝ ਸਿੱਖ ਪਨਾਗਾ ਲੈ ਇਨ੍ਹਾਂ ਇਲਾਹੀ ਰੂਹਾਂ ਕੋਲ਼ੋਂ।

ਅੰਮ੍ਰਿਤ ਦੋ ਘੁੱਟ ਪੀ ਲੈ ਇਨ੍ਹਾਂ ਮਿਹਰਾਂ ਦਿਆਂ ਖੂਹਾਂ ਕੋਲ਼ੋਂ।

ਦੁਆ ਕਰ ਉਹਦੇ ਲਈ ਵੀ ਤੈਨੂੰ ਜੋ ਸੂਲ਼ੀ ਤੇ ਟੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।


 

ਕੁੱਤਾ ਤਖ਼ਤ ਤੇ ਜੇ ਬਹਾਲ਼ ਦਈਏ ਚੱਕੀ ਚੱਟਣ ਦੀ ਜਾਏ ਨਾ ਬਾਣ ਉਹਦੀ

ਭਾਂਵੇਂ ਸੱਪ ਨੂੰ ਪਾਲ਼ੀਏ ਨਾਲ਼ ਦੁੱਧ ਦੇ ਫਿਰ ਵੀ ਉੱਗਲ਼ੇ ਜ਼ਹਿਰ ਜ਼ਬਾਨ ਉਹਦੀ।

ਪੂਜਾ ਪਾਠ ਕਰ ਕਰ ਬੰਦਾ ਥੱਕ ਜਾਂਦੈ ਉੰਗਲ਼ ਛੱਡਦਾ ਨਹੀਂ ਸ਼ੈਤਾਨ ਉਹਦੀ।

ਬੈਠਾ ਦੌਲਤ ਦੇ ਢੇਰ ਤੇ ਸੂਮ ਹੋਵੇ ਪੈਸਾ ਖਰਚ ਕਰਦੇ ਨਿੱਕਲ਼ੇ ਜਾਨ ਉਹਦੀ।

ਹਾਕਮ ਪਰਜਾ ਦਾ ਦੁੱਖ ਨਹੀਂ ਸਮਝਦਾ ਜੇ ਕਿਸੇ ਕੰਮ ਨਾ ਆਨ ਤੇ ਸ਼ਾਨ ਉਹਦੀ।

ਸਿਆਣਾ ਨਾਲ਼ ਮਿਹਨਤ ਪੂੰਜੀ ਕਰੇ ਕੱਠੀ ਸਾਂਭ ਸਕੇ ਨਾ ਮੂਰਖ ਸੰਤਾਨ ਉਹਦੀ।

ਜੀਹਨੂੰ ਲੋਕਾਂ ਦੇ ਖੂਨ ਦਾ ਝੱਸ ਪੈ ਜਾਏ ਵੜਦੀ ਨਹੀਂ ਤਲਵਾਰ ਮਿਆਨ ਉਹਦੀ।

ਰਾਹ ਜ਼ੁਲਮ ਦੇ ਜੇ ਬਲਵਾਨ ਤੁਰ ਪਏ ਕਰ ਨਾ ਸਕੇ ਕੋਈ ਰੀਸ ਹੈਵਾਨ ਉਹਦੀ।

ਪੈਸਾ ਖੁਸ਼ੀ ਇਨਸਾਨ ਨੂੰ ਦੇਣ ਦੀ ਥਾਂ ਰੱਖਦਾ ਸੂਲ਼ੀ ਤੇ ਟੰਗ ਕੇ ਜਾਨ ਉਹਦੀ।

ਸ਼ੇਖੀ ਮਾਰ ਨਾ ਬਣੇ ਮਹਾਨ ਬੰਦਾ ਨਾਲ਼ ਕੰਮਾਂ ਦੇ ਬਣੇ ਪਹਿਚਾਣ ਉਹਦੀ।

ਦਸਾਂ ਨਹੁੰਆਂ ਦੀ ਕਿਰਤ ਕਰ ਵੰਡ ਖਾਂਦਾ ਖੁਸ਼ੀ ਸਮਝ ਨਾ ਸਕੇ ਧਨਵਾਨ ਉਹਦੀ।

ਸਿੰਘ ਗੁਰੂ ਦਾ ਕਦੇ ਨਾ ਜ਼ੁਲਮ ਕਰਦਾ ਉੱਠਦੀ ਸੱਚ ਲਈ ਸਦਾ ਕ੍ਰਿਪਾਨ ਉਹਦੀ।

ਤਾਣ ਹੁੰਦੇ ਨਿਤਾਣਾ ਜੋ ਰਹੇ ਬਣ ਕੇ ਇੱਜ਼ਤ ਕਰੇ ਪਨਾਗ ਜਹਾਨ ਉਹਦੀ।

 

ਤੱਕ ਚਿਹਰੇ ਤੇਰੇ ਨੂੰ ਜਾਂਦੇ ਭੁੱਲ ਚੰਦ ਤੇ ਤਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

 

ਮੁੱਖ ਅਪਣੇ ਸੋਹਣੇ ਤੋਂ ਨੀ ਤੂੰ ਪਰਦਾ ਜਦੋਂ ਹਟਾਵੇਂ।

ਸੂਰਜ ਨੂੰ ਗਸ਼ ਪੈਂਦੀ, ਨੀ ਤੂੰ ਅੱਗ ਪਾਣੀ ਨੂੰ ਲਾਵੇਂ।

ਨੀਂਵੀਂ ਜਹੀ ਪਾ ਲੈਂਦੇ ਵੇਖ ਕੇ ਤੈਨੂੰ ਫੁੱਲ ਵਿਚਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

 

ਨਾ ਹੁਸਨ ਤੇਰੇ ਦਾ ਹੈ ਕੋਈ ਵੀ ਜੋੜ ਜ਼ਮਾਨੇ ਅੰਦਰ।

ਹੁੰਦਾ ਜੋ ਵੇਖ ਨਸ਼ਾ ਨਾ ਉਹਦਾ ਤੋੜ ਜ਼ਮਾਨੇ ਅੰਦਰ।

ਕਰ ਲੈਂਦਾ ਦਰਸ਼ਨ ਜੋ, ਜਾਂਦੇ ਹੋਸ਼ ਓਸ ਦੇ ਮਾਰੇ

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

 

ਹੂਰਾਂ ਤੇ ਪਰੀਆਂ ਦੀਆਂ ਗੱਲਾਂ ਲੋਕ ਬਹੁਤ ਹਨ ਕਰਦੇ।

ਤੈਨੂੰ ਜੋ ਤੱਕ ਲੈਂਦੇ ਉਨ੍ਹਾਂ ਦਾ ਨਾਂ ਨਾ ਮੂੰਹ ਤੇ ਧਰਦੇ।

ਇੰਦਰ ਦੇ ਖਾੜੇ ਦੇ ਐਥੇ ਈ ਲੈਂਦੇ ਦੇਖ ਨਜ਼ਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

 

ਠੋਡੀ ਤੇ ਤਿਲ ਕਾਲ਼ਾ ਕੰਮ ਹੈ ਨਜ਼ਰ ਬੱਟੂ ਦਾ ਕਰਦਾ।

ਲੱਗ ਜਾਏ ਨਾ ਨਜ਼ਰ ਕਿਤੇ ਸੋਚ ਕੇ ਰੱਬ ਵੀ ਹੋਣੈ ਡਰਦਾ।

ਬੇਅਕਲ ਪਨਾਗ ਕਿਵੇਂ ਓਸ ਦੀ ਵਡਿਆਈ ਵੀਚਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

 

ਆਪੇ ਫੁੱਲ ਤੇ ਆਪੇ ਭੌਰਾ, ਆਪੇ ਹੈ ਖੁਸ਼ਬੋ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪ ਮਦਾਰੀ, ਆਪ ਜਮੂਰਾ, ਆਪ ਤਮਾਸ਼ਾ ਦੇਖੇ।

ਆਪੇ ਕਰੇ, ਕਰਾਵੇ ਆਪੇ, ਆਪੇ ਕਰਦਾ ਲੇਖੇ।

ਆਪੇ ਸਰਬ ਸੁਖਾਂ ਦਾ ਦਾਤਾ, ਆਪੇ ਲੈਂਦਾ ਖੋਹ, ਪਨਾਗਾ ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪ ਨੇਕੀਆਂ ਕਰਦਾ ਫਿਰਦਾ, ਆਪੇ ਕਰੇ ਖ਼ਤਾਵਾਂ।

ਆਪ ਵਕੀਲ, ਮੁਵੱਕਲ ਆਪੇ, ਆਪੇ ਦਵੇ ਸਜ਼ਾਵਾਂ

ਆਪੇ ਫਿਰੇ ਤਿਆਗੀ ਬਣਿਆਂ, ਆਪੇ ਪਾਲ਼ੇ ਮੋਹ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪੇ ਕਰਤਾ, ਆਪੇ ਭੁਗਤਾ, ਆਪੇ ਜੋਗ ਕਮਾਵੇ।

ਗੁਪਤ ਆਪ ਤੇ ਪਰਗਟ ਆਪੇ, ਆਪੇ ਆਵੇ ਜਾਵੇ।

ਆਪੇ ਚੰਦ ਤੇ ਆਪੇ ਸੂਰਜ, ਆਪ ਉਨ੍ਹਾਂ ਦੀ ਲੋਅ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪੇ ਸਿਰਜੇ, ਆਪੇ ਪਾਲ਼ੇ, ਆਪ ਬਿਨਾਸਣਹਾਰਾ,  

ਆਪੇ ਹੈ ਉਹ ਗੁਨਾਹਗਾਰ ਤੇ ਆਪੇ ਬਖਸ਼ਣਹਾਰਾ।

ਆਪੇ ਖਿੜ ਖਿੜ ਹੱਸਦਾ ਮਾਲਕ ਆਪੇ ਪੈਂਦਾ ਰੋ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।