Saturday 25 September 2021

 

ਜਿਨ੍ਹਾਂ ਨਾਲ਼ ਬੀਤਿਆ ਬਚਪਨ ਉਹ ਮਿੱਤਰ ਯਾਦ ਆਉਂਦੇ ਨੇ।

ਤੇ ਕਰ ਕਰ ਇੱਲਤਾਂ ਖਾਧੇ ਹੋਏ ਛਿੱਤਰ ਯਾਦ ਆਉਂਦੇ ਨੇ।


ਜੰਗ, ਜੀਤਾ, ਨਾਹਰ, ਹਰਨੇਕ, ਤੇ ਪ੍ਰਕਾਸ਼ ਨਾਮੇ ਦਾ

ਭਾਗ, ਹਰਚੰਦ, ਦਰਸ਼ਨ ਤੇ ਬਚਿੱਤਰ ਯਾਦ ਆਉਂਦੇ ਨੇ।


ਚਾਰਦੇ ਖੇਤ ਵਿੱਚ ਡੰਗਰ, ਸੁਣੇ ਹੋਏ ਬੋਲਦੇ ਬੀਂਡੇ,

ਜਿਨ੍ਹਾਂ ਤੋਂ ਗੂੰਦ ਸਾਂ ਲਾਹੁੰਦੇ ਉਹ ਕਿੱਕਰ ਯਾਦ ਆਉਂਦੇ ਨੇ।


ਮਨਾਏ ਗੁਰਦੁਆਰੇ ਜੋ ਹਾਣੀਆਂ ਨਾਲ਼ ਰਲ਼ ਮਿਲ ਕੇ

ਉਹ ਗੁਰੂਆਂ ਦੇ ਪੁਰਬ ਸਾਰੇ ਪਵਿੱਤਰ ਯਾਦ ਆਉਂਦੇ ਨੇ।


ਆਖ ‘ਹੋਈ’ ਸੀ ਵਾਹੁੰਦੀ ਕੰਧ ਤੇ ਚਿੰਤੀ ਝਿਊਰੀ ਜੋ

ਵਰਤ ਝੱਕਰੀ ਦੇ ਵਾਲ਼ੇ ਦਿਨ, ਉਹ ਚਿੱਤਰ ਯਾਦ ਆਉਂਦੇ ਨੇ।


ਗੁਟਾਰਾਂ, ਘੁੱਗੀਆਂ, ਚਿੜੀਆਂ, ਚੱਕੀ ਰਾਹੇ, ਕਬੂਤਰ, ਕਾਂ

ਮੋਰ, ਤੋਤੇ, ਬਟੇਰੇ ਅਤੇ ਤਿੱਤਰ ਯਾਦ ਆਉਂਦੇ ਨੇ।


ਪਨਾਗਾ ਜਿਨ੍ਹਾਂ ਦੇ ਸਿਰ ਤੇ ਨਾ ਕੋਈ ਫ਼ਿਕਰ ਸੀ ਹੁੰਦਾ

      ਵਿੱਚ ਸੁਰਗਾਂ ਦੇ ਬੈਠੇ ਹੁਣ ਉਹ ਪਿੱਤਰ ਯਾਦ ਆਉਂਦੇ ਨੇ।

No comments:

Post a Comment