Saturday 25 September 2021

ਕੁੱਝ ਲੋਕ ਬੁਰੇ ਹੁੰਦੇ, ਕੁੱਝ ਨੂੰ ਦੁਨੀਆਂ ਕਹਿੰਦੀ ਚੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

ਅਪਣੇ ਸੁਖ ਖਾਤਰ ਹੈ ਹਰ ਕੋਈ ਸਦਾ ਦੁਆਵਾਂ ਕਰਦਾ।

ਮਿੱਤਰਾਂ ਦੇ ਦੁੱਖ ਤੇ ਵੀ ਬੰਦਾ ਦਿਸਦਾ ਹੌਕੇ ਭਰਦਾ

ਦੁਸ਼ਮਣ ਨੂੰ ਦੇਖ ਦੁਖੀ ਦੁਨੀਆਂ ਪਰ ਹਸਦੀ ਨਾ ਸੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

ਮਹਿਸੂਸਣ ਵਿਰਲੇ ਹੀ ਦੁਸ਼ਮਣ ਦੇ ਜ਼ਖਮਾਂ ਦੀਆਂ ਚੀਸਾਂ।

ਦਿੰਦੇ ਜੋ ਉਸ ਨੂੰ ਵੀ ਰੱਜ ਰੱਜ ਅਪਣਿਆਂ ਵਾਂਗ ਅਸੀਸਾਂ।

ਦੁਆ ਕਰਨ ਹਮੇਸ਼ਾਂ ਇਹ ਜ਼ਿੰਦਗੀ ਸਭ ਦੀ ਚੈਨ ਚ ਲੰਘੇ

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

ਨਾ ਅਪਣਾ ਦਿਸੇ ਕੋਈ ਉਨ੍ਹਾਂ ਨੂੰ ਨਾ ਕੋਈ ਦਿਸੇ ਬਿਗਾਨਾ।

ਦਿਸਦਾ ਹੈ ਓਹਨਾਂ ਨੂੰ ਸਾਰਾ ਰੱਬ ਦਾ ਰੂਪ ਜ਼ਮਾਨਾ।

ਕਦੇ ਦੇਣ ਬਦ ਦੁਆ ਨਾ ਮਾਲਕ ਦੇ ਰੰਗ ਦੇ ਵਿੱਚ ਰੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

ਕੁੱਝ ਸਿੱਖ ਪਨਾਗਾ ਲੈ ਇਨ੍ਹਾਂ ਇਲਾਹੀ ਰੂਹਾਂ ਕੋਲ਼ੋਂ।

ਅੰਮ੍ਰਿਤ ਦੋ ਘੁੱਟ ਪੀ ਲੈ ਇਨ੍ਹਾਂ ਮਿਹਰਾਂ ਦਿਆਂ ਖੂਹਾਂ ਕੋਲ਼ੋਂ।

ਦੁਆ ਕਰ ਉਹਦੇ ਲਈ ਵੀ ਤੈਨੂੰ ਜੋ ਸੂਲ਼ੀ ਤੇ ਟੰਗੇ।

ਬੰਦਾ ਨਹੀਂ ਰੱਬ ਹੁੰਦੈ ਜਿਹੜਾ ਸੁੱਖ ਦੁਸ਼ਮਣ ਦੀ ਮੰਗੇ।

No comments:

Post a Comment