Saturday 25 September 2021

 

ਆਪੇ ਫੁੱਲ ਤੇ ਆਪੇ ਭੌਰਾ, ਆਪੇ ਹੈ ਖੁਸ਼ਬੋ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪ ਮਦਾਰੀ, ਆਪ ਜਮੂਰਾ, ਆਪ ਤਮਾਸ਼ਾ ਦੇਖੇ।

ਆਪੇ ਕਰੇ, ਕਰਾਵੇ ਆਪੇ, ਆਪੇ ਕਰਦਾ ਲੇਖੇ।

ਆਪੇ ਸਰਬ ਸੁਖਾਂ ਦਾ ਦਾਤਾ, ਆਪੇ ਲੈਂਦਾ ਖੋਹ, ਪਨਾਗਾ ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪ ਨੇਕੀਆਂ ਕਰਦਾ ਫਿਰਦਾ, ਆਪੇ ਕਰੇ ਖ਼ਤਾਵਾਂ।

ਆਪ ਵਕੀਲ, ਮੁਵੱਕਲ ਆਪੇ, ਆਪੇ ਦਵੇ ਸਜ਼ਾਵਾਂ

ਆਪੇ ਫਿਰੇ ਤਿਆਗੀ ਬਣਿਆਂ, ਆਪੇ ਪਾਲ਼ੇ ਮੋਹ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪੇ ਕਰਤਾ, ਆਪੇ ਭੁਗਤਾ, ਆਪੇ ਜੋਗ ਕਮਾਵੇ।

ਗੁਪਤ ਆਪ ਤੇ ਪਰਗਟ ਆਪੇ, ਆਪੇ ਆਵੇ ਜਾਵੇ।

ਆਪੇ ਚੰਦ ਤੇ ਆਪੇ ਸੂਰਜ, ਆਪ ਉਨ੍ਹਾਂ ਦੀ ਲੋਅ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

 

ਆਪੇ ਸਿਰਜੇ, ਆਪੇ ਪਾਲ਼ੇ, ਆਪ ਬਿਨਾਸਣਹਾਰਾ,  

ਆਪੇ ਹੈ ਉਹ ਗੁਨਾਹਗਾਰ ਤੇ ਆਪੇ ਬਖਸ਼ਣਹਾਰਾ।

ਆਪੇ ਖਿੜ ਖਿੜ ਹੱਸਦਾ ਮਾਲਕ ਆਪੇ ਪੈਂਦਾ ਰੋ, ਪਨਾਗਾ, ਜਿੱਧਰ ਦੇਖਾਂ ਉਹ,

ਜਿੱਧਰ ਦੇਖਾਂ ਉਹ, ਪਨਾਗਾ, ਜਿੱਧਰ ਦੇਖਾਂ ਉਹ।

No comments:

Post a Comment