Saturday 25 September 2021

 

ਕੁੱਤਾ ਤਖ਼ਤ ਤੇ ਜੇ ਬਹਾਲ਼ ਦਈਏ ਚੱਕੀ ਚੱਟਣ ਦੀ ਜਾਏ ਨਾ ਬਾਣ ਉਹਦੀ

ਭਾਂਵੇਂ ਸੱਪ ਨੂੰ ਪਾਲ਼ੀਏ ਨਾਲ਼ ਦੁੱਧ ਦੇ ਫਿਰ ਵੀ ਉੱਗਲ਼ੇ ਜ਼ਹਿਰ ਜ਼ਬਾਨ ਉਹਦੀ।

ਪੂਜਾ ਪਾਠ ਕਰ ਕਰ ਬੰਦਾ ਥੱਕ ਜਾਂਦੈ ਉੰਗਲ਼ ਛੱਡਦਾ ਨਹੀਂ ਸ਼ੈਤਾਨ ਉਹਦੀ।

ਬੈਠਾ ਦੌਲਤ ਦੇ ਢੇਰ ਤੇ ਸੂਮ ਹੋਵੇ ਪੈਸਾ ਖਰਚ ਕਰਦੇ ਨਿੱਕਲ਼ੇ ਜਾਨ ਉਹਦੀ।

ਹਾਕਮ ਪਰਜਾ ਦਾ ਦੁੱਖ ਨਹੀਂ ਸਮਝਦਾ ਜੇ ਕਿਸੇ ਕੰਮ ਨਾ ਆਨ ਤੇ ਸ਼ਾਨ ਉਹਦੀ।

ਸਿਆਣਾ ਨਾਲ਼ ਮਿਹਨਤ ਪੂੰਜੀ ਕਰੇ ਕੱਠੀ ਸਾਂਭ ਸਕੇ ਨਾ ਮੂਰਖ ਸੰਤਾਨ ਉਹਦੀ।

ਜੀਹਨੂੰ ਲੋਕਾਂ ਦੇ ਖੂਨ ਦਾ ਝੱਸ ਪੈ ਜਾਏ ਵੜਦੀ ਨਹੀਂ ਤਲਵਾਰ ਮਿਆਨ ਉਹਦੀ।

ਰਾਹ ਜ਼ੁਲਮ ਦੇ ਜੇ ਬਲਵਾਨ ਤੁਰ ਪਏ ਕਰ ਨਾ ਸਕੇ ਕੋਈ ਰੀਸ ਹੈਵਾਨ ਉਹਦੀ।

ਪੈਸਾ ਖੁਸ਼ੀ ਇਨਸਾਨ ਨੂੰ ਦੇਣ ਦੀ ਥਾਂ ਰੱਖਦਾ ਸੂਲ਼ੀ ਤੇ ਟੰਗ ਕੇ ਜਾਨ ਉਹਦੀ।

ਸ਼ੇਖੀ ਮਾਰ ਨਾ ਬਣੇ ਮਹਾਨ ਬੰਦਾ ਨਾਲ਼ ਕੰਮਾਂ ਦੇ ਬਣੇ ਪਹਿਚਾਣ ਉਹਦੀ।

ਦਸਾਂ ਨਹੁੰਆਂ ਦੀ ਕਿਰਤ ਕਰ ਵੰਡ ਖਾਂਦਾ ਖੁਸ਼ੀ ਸਮਝ ਨਾ ਸਕੇ ਧਨਵਾਨ ਉਹਦੀ।

ਸਿੰਘ ਗੁਰੂ ਦਾ ਕਦੇ ਨਾ ਜ਼ੁਲਮ ਕਰਦਾ ਉੱਠਦੀ ਸੱਚ ਲਈ ਸਦਾ ਕ੍ਰਿਪਾਨ ਉਹਦੀ।

ਤਾਣ ਹੁੰਦੇ ਨਿਤਾਣਾ ਜੋ ਰਹੇ ਬਣ ਕੇ ਇੱਜ਼ਤ ਕਰੇ ਪਨਾਗ ਜਹਾਨ ਉਹਦੀ।

No comments:

Post a Comment