Saturday 25 September 2021

ਤੱਕ ਚਿਹਰੇ ਤੇਰੇ ਨੂੰ ਜਾਂਦੇ ਭੁੱਲ ਚੰਦ ਤੇ ਤਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

ਮੁੱਖ ਅਪਣੇ ਸੋਹਣੇ ਤੋਂ ਨੀ ਤੂੰ ਪਰਦਾ ਜਦੋਂ ਹਟਾਵੇਂ।

ਸੂਰਜ ਨੂੰ ਗਸ਼ ਪੈਂਦੀ, ਨੀ ਤੂੰ ਅੱਗ ਪਾਣੀ ਨੂੰ ਲਾਵੇਂ।

ਨੀਂਵੀਂ ਜਹੀ ਪਾ ਲੈਂਦੇ ਵੇਖ ਕੇ ਤੈਨੂੰ ਫੁੱਲ ਵਿਚਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

ਨਾ ਹੁਸਨ ਤੇਰੇ ਦਾ ਹੈ ਕੋਈ ਵੀ ਜੋੜ ਜ਼ਮਾਨੇ ਅੰਦਰ।

ਹੁੰਦਾ ਜੋ ਵੇਖ ਨਸ਼ਾ ਨਾ ਉਹਦਾ ਤੋੜ ਜ਼ਮਾਨੇ ਅੰਦਰ।

ਕਰ ਲੈਂਦਾ ਦਰਸ਼ਨ ਜੋ, ਜਾਂਦੇ ਹੋਸ਼ ਓਸ ਦੇ ਮਾਰੇ

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

ਹੂਰਾਂ ਤੇ ਪਰੀਆਂ ਦੀਆਂ ਗੱਲਾਂ ਲੋਕ ਬਹੁਤ ਹਨ ਕਰਦੇ।

ਤੈਨੂੰ ਜੋ ਤੱਕ ਲੈਂਦੇ ਉਨ੍ਹਾਂ ਦਾ ਨਾਂ ਨਾ ਮੂੰਹ ਤੇ ਧਰਦੇ।

ਇੰਦਰ ਦੇ ਖਾੜੇ ਦੇ ਐਥੇ ਈ ਲੈਂਦੇ ਦੇਖ ਨਜ਼ਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

ਠੋਡੀ ਤੇ ਤਿਲ ਕਾਲ਼ਾ ਕੰਮ ਹੈ ਨਜ਼ਰ ਬੱਟੂ ਦਾ ਕਰਦਾ।

ਲੱਗ ਜਾਏ ਨਾ ਨਜ਼ਰ ਕਿਤੇ ਸੋਚ ਕੇ ਰੱਬ ਵੀ ਹੋਣੈ ਡਰਦਾ।

ਬੇਅਕਲ ਪਨਾਗ ਕਿਵੇਂ ਓਸ ਦੀ ਵਡਿਆਈ ਵੀਚਾਰੇ।

ਲੁੱਟ ਲਵੇ ਗੱਭਰੂਆਂ ਨੂੰ ਗੁਲਾਬੀ ਤੇਰਾ ਰੰਗ ਮੁਟਿਆਰੇ।

No comments:

Post a Comment