Tuesday, 14 May 2019

ਦੋ ਕਬਿੱਤ



ਦੋ ਕਬਿੱਤ
1.
ਆਖਦੇ ਨੇ ਨੇਤਾ ਕੋਈ ਭੁੱਖਾ ਨਹੀਂ ਮਰਨ ਦੇਣਾ, ਖਾਂਦਿਆਂ ਦੇ ਮੂੰਹੋਂ ਕੱਢ ਬੁਰਕੀ ਲਿਜਾਂਦੇ ਨੇ।
ਰੱਜਦੇ ਨਾ ਖਾ ਖਾ ਢਿੱਡ ਪਾਟਣੇ ਤੇ ਆ ਜਾਏ ਭਾਂਵੇਂ, ਦੂਜਿਆਂ ਨੂੰ ਖਾਂਦਾ ਵੇਖ ਉੱਕਾ ਨਾ ਸੁਖਾਂਦੇ ਨੇ।
ਭੁੱਖਿਆਂ ਨੂੰ ਦੇਂਦੇ ਸਦਾ ਸਬਰਾਂ ਦੀ ਮੱਤ ਪਰ ਬੁਰਕੀਆਂ ਰੱਜਿਆਂ ਦੇ ਮੂੰਹਾਂ ਵਿੱਚ ਪਾਂਦੇ ਨੇ।
ਅੰਨ੍ਹੇ ਵਾਂਗ ਵੰਡਦੇ ਨੇ ਸ਼ੀਰਨੀ ਪਨਾਗਾ ਸਾਰੇ ਮਹਾਂ ਦਾਤੇ ਆਪਣੇ ਜੋ ਆਪ ਨੂੰ ਕਹਾਂਦੇ ਨੇ।
2.
ਤੁਰ ਪਈਏ ਕਰ ਕੇ ਤਹੱਈਆ ਪਹੁੰਚ ਜਾਈਦਾ ਹੈ, ਕੋਈ ਵੀ ਮੰਜ਼ਲ ਹੁੰਦੀ ਕਦਮਾਂ ਤੋਂ ਦੂਰ ਨਹੀਂ।
ਪਾਉਣ ਲਈ ਮੋਤੀ ਪੈਂਦੇ ਸਾਗਰ ਹੰਘਾਲਣੇ ਨੇ, ਬਿਨਾਂ ਦੀਵੇ ਬਾਲ਼ਿਆਂ ਹਨ੍ਹੇਰਾ ਹੁੰਦਾ ਦੂਰ ਨਹੀਂ।
ਝੱਲਣੀਆਂ ਪੈਣ ਧੁੱਪਾਂ, ਝਾਗਣੀਆਂ ਪੈਣ ਰਾਤਾਂ, ਮਿਹਨਤਾਂ ਤੋਂ ਬਿਨਾਂ ਪੈਂਦਾ ਆਸਾਂ ਤਾਂਈਂ ਬੂਰ ਨਹੀਂ।
ਖਾਣ ਲਈ ਅੰਗੂਰ ਹੈ ਪਨਾਗਾ ਬਾਗ ਲਾਉਣਾ ਪੈਂਦਾ ਰੋਹੀ ਉੱਗੀ ਕਿੱਕਰ ਨੂੰ ਲੱਗਦੇ ਅੰਗੂਰ ਨਹੀਂ।

ਉਹਦੀਆਂ ਓਹੀ ਜਾਣੇ, ਉਹਦੀਆਂ ਓਹੀ ਜਾਣੇ।



ਕੀ ਕਰਦਾ ਤੇ ਕਿਉਂ ਕਰਦਾ ਹੈ ਬੁੱਝ ਨਾ ਸਕੇ ਸਿਆਣੇ।
ਉਹਦੀਆਂ ਓਹੀ ਜਾਣੇ, ਉਹਦੀਆਂ ਓਹੀ ਜਾਣੇ।

ਇੱਕਨਾਂ ਦੇ ਕੋਲ਼ ਦੌਲਤ ਏਨੀ ਅੰਦਰ ਨਹੀਂ ਸਮਾਉਂਦੀ।
ਇੱਕ ਦੇਖਣ ਨੂੰ ਤਰਸਣ ਪੈਸਾ ਰਾਤੀਂ ਨੀਂਦ ਨਾ ਅਉਂਦੀ।
ਦਿਨ ਤੇ ਰਾਤ ਮੁਸ਼ੱਕਤ ਕਰ ਵੀ ਭੁੱਖੇ ਰਹਿਣ ਨਿਆਣੇ।
ਉਹਦੀਆਂ ਓਹੀ ਜਾਣੇ, ਉਹਦੀਆਂ ਓਹੀ ਜਾਣੇ।

ਇੱਕਨਾਂ ਦੇ ਬੁਲ੍ਹਾਂ ਦੇ ਉੱਤੇ ਹਾਸੇ ਡੁਲ੍ਹ ਡੁਲ੍ਹ ਪੈਂਦੇ।
ਇੱਕ ਹਰ ਵੇਲ਼ੇ ਵਿੱਚ ਗ਼ਮਾਂ ਦੇ ਗਲ਼ ਗਲ਼ ਡੁੱਬੇ ਰਹਿੰਦੇ।
ਹੰਝੂਆਂ ਦਾ ਹੜ੍ਹ ਏਨਾ ਚੜ੍ਹਦਾ ਲੱਭਦੇ ਨਹੀਂ ਮੁਹਾਣੇ।
ਉਹਦੀਆਂ ਓਹੀ ਜਾਣੇ, ਉਹਦੀਆਂ ਓਹੀ ਜਾਣੇ।

ਇੱਕਨਾਂ ਦਾ ਹੱਥ ਲੱਗਿਆਂ ਮਿੱਟੀ ਬਣਦੇ ਸੋਨਾ ਚਾਂਦੀ।
ਇੱਕਨਾਂ ਦੇ ਹੱਥ ਲਾਇਆਂ ਮਿੱਟੀ ਸੋਨਾ ਹੈ ਬਣ ਜਾਂਦੀ।
ਪੁਠੀਆਂ ਪੈਣ ਉਨ੍ਹਾਂ ਦੀਆਂ ਸਿਧੀਆਂ ਭੁੱਜੇ ਉੱਗਣ ਦਾਣੇ।
ਉਹਦੀਆਂ ਓਹੀ ਜਾਣੇ, ਉਹਦੀਆਂ ਓਹੀ ਜਾਣੇ।

ਜਗਮਗ ਮਹਿਲਾਂ ਨੂੰ ਰਾਤੀਂ ਵੀ ਸੂਰਜ ਸਿੱਜਦਾ ਕਰਦਾ।
ਨ੍ਹੇਰੇ ਮੱਲੀਆਂ ਕੁੱਲੀਆਂ ਦੇ ਵਿੱਚ ਦੀਵਾ ਬਲ਼ਨੋ ਡਰਦਾ।
ਨਜ਼ਰ ਨਾ ਕੁੱਝ ਵੀ ਆਏ ਪਨਾਗਾ ਪੈਂਦੇ ਠੇਡੇ ਖਾਣੇ।
ਉਹਦੀਆਂ ਓਹੀ ਜਾਣੇ, ਉਹਦੀਆਂ ਓਹੀ ਜਾਣੇ।

Monday, 13 May 2019

ਗ਼ਜ਼ਲ - ਕਈਆਂ ਦੀ ਹੈ ਸੁੱਤੀ ਅਕਲ ਜਗਾ ਦਿੰਦੀ ਦਾਰੂ।



ਕਈਆਂ ਦੀ ਹੈ ਸੁੱਤੀ ਅਕਲ ਜਗਾ ਦਿੰਦੀ ਦਾਰੂ।
ਕਈਆਂ ਦੇ ਪਰ ਉੱਕਾ ਹੋਸ਼ ਗਵਾ ਦਿੰਦੀ ਦਾਰੂ।
ਮਹਿੰਗੀ ਸਸਤੀ ਵਿੱਚ ਫ਼ਰਕ ਹੈ ਕੇਵਲ ਜਾਇਕੇ ਦਾ
ਪੀਣ ਪਿੱਛੋਂ ਹੈ ਹਰ ਇੱਕ ਝੂੰਮਣ ਲਾ ਦਿੰਦੀ ਦਾਰੂ।
ਨਰਕਾਂ ਦੇ ਕੀੜੇ ਦਾ ਆਲਮ ਕਰਦੀ ਕਈਆਂ ਦਾ
ਜਿਉਂਦੇ ਜੀ ਹੈ ਕੁੱਝ ਨੂੰ ਸੁਰਗ ਦਿਖਾ ਦਿੰਦੀ ਦਾਰੂ।
ਓਪਰਿਆਂ ਨੂੰ ਯਾਰ ਬਣਾਵੇ ਪਿਆਰੇ ਭਾਈਆਂ ਤੋਂ
 ਖੂਨ ਦੇ ਪਿਆਸੇ ਭਾਈਆਂ ਤਾਂਈਂ ਬਣਾ ਦਿੰਦੀ ਦਾਰੂ।
ਦਾਸੀ ਦੀ ਥਾਂ ਬਣ ਬੈਠੇ ਜੇ ਮਾਲਕ ਬੰਦੇ ਦੀ
ਮਹਿਲਾਂ ਚੋਂ ਕੱਢ ਕੁੱਲੀਆਂ ਵਿੱਚ ਬਿਠਾ ਦਿੰਦੀ ਦਾਰੂ।
ਬਣ ਕੇ ਡਾਇਣ ਬਟਾਲ਼ਵੀਆਂ ਦੀ ਦੇਹ ਨੂੰ ਖਾ ਜਾਂਦੀ
ਸਰਸਵਤੀ ਬਣ ਨਾਂ ਨੂੰ ਅਮਰ ਬਣਾ ਦਿੰਦੀ ਦਾਰੂ।
ਕਈਆਂ ਨੂੰ ਤਾਂ ਬੋਤਲ ਪੀਤੀ ਪੂਰੀ ਚੜ੍ਹਦੀ ਨਹੀਂ
ਕਈਆਂ ਨੂੰ ਹੱਥ ਲਾਇਆਂ ਨਸ਼ਾ ਚੜ੍ਹਾ ਦਿੰਦੀ ਦਾਰੂ।
ਪਤਾ ਨਹੀਂ ਮਰ ਜਾਣੀ ਵਿੱਚ ਕੀ ਐਸਾ ਪਾਇਆ ਹੈ
ਗਿੱਦੜਾਂ ਨੂੰ ਹੈ ਬੱਬਰ ਸ਼ੇਰ ਬਣਾ ਦਿੰਦੀ ਦਾਰੂ।
ਖੋਲ੍ਹ ਰੋਪੜੀ ਤਾਲ਼ੇ ਲੱਗੇ ਹੋਏ ਬੁੱਲ੍ਹਾਂ ਤੇ
ਦਿਲ ਦੇ ਸਾਰੇ ਰਾਜ਼ ਹੈ ਬਾਹਰ ਲਿਆ ਦਿੰਦੀ ਦਾਰੂ।
ਕਹਿੰਦੇ ਨੇ ਇਹ ਦੂਣਾ ਹੈ ਕਰ ਦਿੰਦੀ ਖੁਸ਼ੀਆਂ ਨੂੰ
ਗ਼ਮ ਦਿਲ ਦੇ ਪਰ ਸਾਰੇ ਕਹਿਣ ਭੁਲਾ ਦਿੰਦੀ ਦਾਰੂ।
ਵਸ ਵਿੱਚ ਰੱਖਣੀ ਆਉਂਦੀ ਨਹੀਂ ਪਨਾਗਾ ਇਹ ਜਿਸ ਨੂੰ
ਬੰਦੇ ਤੋਂ ਹੈ ਉਸ ਨੂੰ ਦੈਂਤ ਬਣਾ ਦਿੰਦੀ ਦਾਰੂ।

ਹਾਂ ਜੱਟ ਪੰਜਾਬੀ ਮੈਂ ਨਹੀ ਕਿਸੇ ਨਾਢੂ ਖਾਂ ਤੋਂ ਡਰਦਾ






ਹਾਂ ਜੱਟ ਪੰਜਾਬੀ ਮੈਂ ਨਹੀਂ ਕਿਸੇ ਨਾਢੂ ਖਾਂ ਤੋਂ ਡਰਦਾ।
ਕਦੇ ਮੰਨਦਾ ਧੋਂਸ ਨਹੀਂ ਨਾਲ਼ ਪਰ ਪਿਆਰ ਗੁਲਾਮੀ ਕਰਦਾ।

ਮਿੱਟੀ ਨਾਲ਼ ਘੁਲ਼ਦਾ ਵੀ ਹਮੇਸ਼ਾਂ ਹੇਕਾਂ ਰਹਿੰਦਾ ਲਾਉਂਦਾ।
ਖਾ ਰੁੱਖੀ ਮਿੱਸੀ ਵੀ ਸਦਾ ਹਾਂ ਮਾਲਕ ਦੇ ਗੁਣ ਗਾਉਂਦਾ।
ਹੱਥ ਅੱਡਦਾ ਕਦੇ ਨਹੀਂ ਕਿਰਤ ਹਾਂ ਦਸਾਂ ਨਹੁੰਆਂ ਦੀ ਕਰਦਾ।
ਹਾਂ ਜੱਟ ਪੰਜਾਬੀ ਮੈਂ ਨਹੀਂ ਕਿਸੇ ਨਾਢੂ ਖਾਂ ਤੋਂ ਡਰਦਾ।

ਉੱਠ ਸਰਘੀ ਵੇਲ਼ੇ ਮੈਂ ਅਪਣੇ ਖੇਤਾਂ ਦੇ ਵਿੱਚ ਜਾਂਵਾਂ।
ਲੈ ਰੱਬ ਦਾ ਨਾਂ ਪਹਿਲਾਂ ਪਿੱਛੋਂ ਕੰਮ ਨੂੰ ਮੈਂ ਹੱਥ ਲਾਂਵਾਂ।
ਮਿਹਨਤ ਤਾਂ ਮੇਰੀ ਹੈ ਉਹਦੀ ਮਿਹਰ ਬਿਨਾਂ ਨਹੀਂ ਸਰਦਾ।
ਹਾਂ ਜੱਟ ਪੰਜਾਬੀ ਮੈਂ ਨਹੀਂ ਕਿਸੇ ਨਾਢੂ ਖਾਂ ਤੋਂ ਡਰਦਾ।

ਆਥਣ ਤੱਕ ਤੜਕੇ ਤੋਂ ਮਿੱਟੀ ਨਾਲ਼ ਖੇਡ੍ਹਦਾ ਰਹਿੰਦਾ।
ਪੰਜ ਦਰਿਆਂਵਾਂ ਵਾਂਗੂੰ ਮੁੜ੍ਹਕਾ ਤਨ ਮੇਰੇ ਤੋਂ ਵਹਿੰਦਾ।
ਅੱਤ ਗਰਮੀ ਸਰਦੀ ਦੀ ਅਪਣੇ ਪਿੰਡੇ ਉੱਤੇ ਜਰਦਾ।
ਹਾਂ ਜੱਟ ਪੰਜਾਬੀ ਮੈਂ ਨਹੀਂ ਕਿਸੇ ਨਾਢੂ ਖਾਂ ਤੋਂ ਡਰਦਾ।

ਕੁੱਝ ਵੀਰ ਮੇਰਿਆਂ ਨੇ ਦਾਗ ਇੱਕ ਮੱਥੇ ਮੇਰੇ ਲਾ ਤਾ।
ਅੰਨਦਾਤੇ ਧੰਨੇ ਦਾ ਦਾਰੂ ਦਾਸ ਨਾਮ ਰਖਵਾ ਤਾ।
ਪੀ ਲੈਨਾਂ ਘੁੱਟ ਕਦੇ ਰੱਖਦਾ ਨਹੀਂ ਪਨਾਗਾ ਪਰਦਾ।
ਹਾਂ ਜੱਟ ਪੰਜਾਬੀ ਮੈਂ ਨਹੀਂ ਕਿਸੇ ਨਾਢੂ ਖਾਂ ਤੋਂ ਡਰਦਾ।

ਨਹੀਂ ਗੁਣ ਸਾਧੂ ਵਾਲ਼ਾ ਕੋਈ


ਪਾਪਾਂ ਦੇ ਮਣਕਿਆਂ ਦੀ ਮਾਲ਼ਾ ਜਾਂਵਾਂ ਸਦਾ ਪਰੋਈ।
ਸਾਧੂ ਸਿੰਘ ਨਾਂ ਮੇਰਾ ਨਹੀਂ ਗੁਣ ਸਾਧੂ ਵਾਲ਼ਾ ਕੋਈ।

ਲੈ ਸ਼ੁਕਰ ਮਨਾਂਵਾਂ ਨਾ ਹੈ ਬਿਨ ਮੰਗਆਂ ਉਹ ਜੋ ਦਿੰਦਾ।
ਆਖਾਂ ਮੈਂ ਖੱਟਿਆ ਹੈ, ਕਦੇ ਨਾ ਐਖਾਂ ਹੈ ਉਹ ਦਿੰਦਾ।
ਮਾੜੀ ਦਾ ਉਹ ਦੋਸ਼ੀ ਕਰਦਾ ਮੈਂ ਜੋ ਚੰਗੀ ਹੋਈ।
ਸਾਧੂ ਸਿੰਘ ਨਾਂ ਮੇਰਾ ਨਹੀਂ ਗੁਣ ਸਾਧੂ ਵਾਲ਼ਾ ਕੋਈ।

ਸਿੰਘ ਨਾਂ ਪਿਛੇ ਲਾਇਐ ਹੈਂ ਬਰ ਕੁੱਤੇ ਤੋਂ ਡਰ ਜਾਂਦਾ।
ਸਵਾ ਲੱਖ ਨਾਲ਼ ਕੀ ਲੜਨਾ ਸਵਾ ਨੂੰ ਖੜ੍ਹਾ ਦੇਖ ਮਰ ਜਾਂਦਾ।
ਜਾਬਰ ਨਾਲ਼ ਭਿੜਨੇ ਦੀ ਥਾਂ ਹਾਂ ਜਾਂਦਾ ਜਾਨ ਲੁਕੋਈ।
ਸਾਧੂ ਸਿੰਘ ਨਾਂ ਮੇਰਾ ਨਹੀਂ ਗੁਣ ਸਾਧੂ ਵਾਲ਼ਾ ਕੋਈ।

ਹਾਂ ਆਕੜ ਖਾਨ ਬੜਾ ਰੱਖਦਾ ਸਦਾ ਧੌਣ ਅਕੜਾਈ।
ਮਿੱਠਤ ਤੇ ਨੀਂਵੀਂ ਦਾ ਗੁਰੂ ਦਾ ਫਿਰਦਾ ਸਬਕ ਭੁਲਾਈਂ।
ਗੁਣੀਆਂ ਤੇ ਗਿਆਨੀਆਂ ਦੀ ਕਰਦਾ ਰਹਾਂ ਸਦਾ ਬਦਖੋਈ।
ਸਾਧੂ ਸਿੰਘ ਨਾਂ ਮੇਰਾ ਨਹੀਂ ਗੁਣ ਸਾਧੂ ਵਾਲ਼ਾ ਕੋਈ।

ਮੋਹ ਮਮਤਾ ਵਿੱਚ ਫਸਿਆ ਸਬਰ ਦਾ ਪੱਲਾ ਫਿਰਦਾ ਛੱਡੀਂ।
ਦੌਲਤ ਨਾਲ਼ ਰੱਜਦਾ ਨਾਂ ਹਮੇਸ਼ਾਂ ਰੱਖਦਾ ਪੱਲਾ ਅੱਡੀਂ।
ਖੁਸ਼ ਹੁੰਦਾ ਹੁਕਮ ਚਲਾ ਸੰਗਦਾ ਹਾਂ ਕਰਦਾ ਅਰਜੋਈ।
ਸਾਧੂ ਸਿੰਘ ਨਾਂ ਮੇਰਾ ਨਹੀਂ ਗੁਣ ਸਾਧੂ ਵਾਲ਼ਾ ਕੋਈ।