Saturday, 21 September 2019


ਸੁਪਨਿਆਂ ਦੀ ਕਦਰ ਕਰਨਾ ਸਿੱਖ ਲੈ।
ਅੰਬਰੀਂ ਪਰਵਾਜ਼ ਭਰਨਾ ਸਿੱਖ ਲੈ।
ਭੁੱਲ ਕੇ ਜਿਉਣਾ ਤੂੰ ਅਪਣੇ ਆਪ ਲਈ
ਦੂਜਿਆਂ ਦੇ ਲਈ ਮਰਨਾ ਸਿੱਖ ਲੈ।
ਤਿਉੜੀਆਂ ਮੱਥੇ ਤੇ ਪਾਉਣਾ ਛੱਡ ਦੇ
ਕਿਸੇ ਨੂੰ ਬੁੱਕਲ਼ ਚ ਭਰਨਾ ਸਿੱਖ ਲੈ।
ਹਿੱਕ ਦੀ ਤਾਕਤ ਦਾ ਕਰ ਹੰਕਾਰ ਨਾ
ਕਹਿਰ ਅੱਲਾ ਦੇ ਤੋਂ ਡਰਨਾ ਸਿੱਖ ਲੈ।
ਵੰਡ ਕੇ ਪੀੜਾਂ ਮਿਲੇਗੀ ਪੀੜ ਹੀ
ਪੀੜ ਦੁਖਿਆਰੇ ਦੀ ਹਰਨਾ ਸਿੱਖ ਲੈ।
ਨਹੀਂ ਮਿਲਣੇ ਫੁੱਲ ਹਰ ਇੱਕ ਡਗਰ ਤੇ
ਪੈਰ ਅੰਗਿਆਰਾਂ ਤੇ ਧਰਨਾ ਸਿੱਖ ਲੈ।
ਮਿਹਰ ਜੇ ਮਾਲਕ ਦੀ ਚਾਹੁੰਦਾ ਹੈਂ ਪਨਾਗ
ਬਣ ਦਯਾ ਦੀ ਬੂੰਦ ਵਰ੍ਹਨਾ ਸਿੱਖ ਲੈ।


ਭੀੜ ਚ ਕੱਲੇ ਬੈਠੇ ਹਾਂ ਅੱਜ ਖੋ ਗਏ ਬੋਲ ਜ਼ਬਾਨਾਂ ਦੇ।
ਸਾਂਝਾਂ ਤੋਂ ਹਨ ਸੱਖਣੇ ਹੋ ਗਏ ਹਿਰਦੇ ਹੁਣ ਇਨਸਾਨਾਂ ਦੇ।
ਰਾਹ ਸੀ ਜਿਨ੍ਹਾਂ ਦਿਖਾਉਣਾ ਉਹ ਖ਼ੁਦ ਰਾਹ ਤੋਂ ਭਟਕੇ ਫਿਰਦੇ ਨੇ
ਤੀਰ ਉਨ੍ਹਾਂ ਦੇ ਤਾਂਹੀਓਂ ਪੈਂਦੇ ਉੱਤੇ ਨਹੀਂ ਨਿਸ਼ਾਨਾਂ ਦੇ।
ਨਵੀਂ ਪਨੀਰੀ ਸਭ ਕਦਰਾਂ ਤੋਂ ਬਾਗੀ ਹੋਈ ਫਿਰਦੀ ਹੈ
ਗੱਲ ਅਕਲ ਦੀ ਖਾਨੇ ਦੇ ਵਿੱਚ ਵੜਦੀ ਨਹੀਂ ਜਵਾਨਾਂ ਦੇ।
ਨਫ਼ਰਤ, ਵੈਰ, ਦਵੈਸ਼, ਈਰਖਾ ਜੂਹਾਂ ਮੱਲੀ ਬੈਠੇ ਨੇ
ਬੈਠੇ ਹਾਂ ਭੁੱਲ ਪਿਆਰ ਮੁਹੱਬਤ ਚੇਲੇ ਬਣ ਸ਼ੈਤਾਨਾਂ ਦੇ।
ਚੱਲੇ ਸਾਂ ਅਸੀਂ ਬਣਨ ਦੇਵਤੇ ਉੱਚੇ ਉੱਠ ਇਨਸਾਨਾਂ ਤੋਂ
ਪਤਾ ਨਹੀਂ ਕਿਸ ਮੋੜ ਤੇ ਆ ਕੇ ਰਾਹ ਪੈ ਗਏ ਹੈਵਾਨਾਂ ਦੇ।
ਗਿਰਗਟ ਦੇ ਰੰਗ ਵਾਂਗੂੰ ਰਹਿੰਦੇ ਰੰਗ ਬਦਲਦੇ ਹਰ ਪਲ ਹੀ
ਝੂਠੇ, ਧੋਖੇਬਾਜ਼ ਸਿਆਸਤਦਾਨਾਂ ਦੇ ਐਲਾਨਾਂ ਦੇ।
ਪੱਧਰ ਖੇਤ ਨੂੰ ਕਰਨੇ ਦੇ ਲਈ ਖਿੱਚਣਾ ਪੈਂਦਾ ਮਿੱਟੀ ਨੂੰ
ਢਾਹੁਣਾ ਪੈਂਦਾ ਟਿੱਬਿਆਂ ਨੂੰ ਢਿੱਡ ਭਰਨੇ ਲਈ ਖਤਾਨਾਂ ਦੇ।
ਅਪਣੀ ਮੱਤ ਨੂੰ ਸਮਝ ਕੇ ਵੱਡਾ ਪੁਰਖਾਂ ਦਾ ਰਾਹ ਛੱਡ ਬੈਠੇ
ਬੌਨੇ ਬੋਲ ਨੇ ਜਾਪਣ ਲੱਗੇ ਬੰਦਿਆਂ ਪਰਮ ਮਹਾਨਾਂ ਦੇ।
ਅੰਮ੍ਰਿਤ ਦਾ ਖੋ ਲਿਆ ਖ਼ਜਾਨਾ, ਜੀਵਨ ਲੱਭਦੇ ਫਿਰਦੇ ਹਾਂ
ਢੇਰ ਪਨਾਗਾ ਇਰਦ ਗਿਰਦ ਲਾ ਮੌਤ ਦਿਆਂ ਸਾਮਾਨਾਂ ਦੇ।


ਸੁਣ ਸੁਣ ਕੇ ਦਿਲ ਚੀਰ ਕੀਰਨੇ ਗਸ਼ੀਆਂ ਪੈਣ ਹਵਾਵਾਂ ਨੂੰ।
ਪੁੱਤਾਂ ਨੂੰ ਖਾ ਲੈਣ ਨਸ਼ੇ ਪਰ ਮੌਤ ਨਾ ਆਉਂਦੀ ਮਾਂਵਾਂ ਨੂੰ।
ਪੱਥਰ ਦਿਲ ਕਰ ਮੋਢਾ ਬਾਪੂ ਲਾ ਲੈਂਦਾ ਹੈ ਅਰਥੀ ਨੂੰ
ਸਿਵਿਆਂ ਵਿੱਚ ਖੜ੍ਹ ਵਾਜਾਂ ਮਾਰਨ ਭੈਣਾਂ ਮੋਏ ਭਰਾਵਾਂ ਨੂੰ।
ਸੂਹੇ ਵਸਤਰ ਅੱਗ ਬਣ ਜਾਂਦੇ, ਡੰਗ ਚੂੜੀਆਂ ਮਾਰਦੀਆਂ
ਕਿਹੜਾ ਦੇਵੇ ਮੱਤ ਸਬਰ ਦੀ ਵਿਧਵਾ ਹੋ ਗਏ ਚਾਵਾਂ ਨੂੰ।
ਸੂਰਜ ਨੂੰ ਆ ਜਾਏ ਤ੍ਰੇਲ਼ੀ, ਦਿਲ ਚੰਦ ਦਾ ਠਰ ਜਾਂਦਾ ਹੈ
ਸੁਣ ਸੁਣ ਧਰਤੀ ਉੱਤੋਂ ਉੱਠਦੀਆਂ ਹਿਰਦੇ ਵਿੰਨ੍ਹਦੀਆਂ ਧਾਹਵਾਂ ਨੂੰ।
ਧੀ ਦਾ ਬਾਬਲ ਚੇਤੇ ਕਰ ਕਰ ਰੋਂਦਾ ਧੀਰਜ ਧਰਦਾ ਨਹੀਂ
ਘੋੜੀ ਚੜ੍ਹ ਕੇ ਆਏ ਨਸ਼ੇ ਨਾਲ਼ ਲਾਡੋ ਧੀ ਦੀਆਂ ਲਾਵਾਂ ਨੂੰ।
ਸ਼ੈਤਾਨੀ ਕਿਰਦਾਰਾਂ ਨੂੰ ਮੱਤ ਹਾੜ੍ਹਾ ਵੇ ਕੋਈ ਦੇਵੋ ਸਿੱਧੀ
ਅੰਗਿਆਰਾਂ ਨਾਲ਼ ਰਹਿਣ ਸਜਾਉਂਦੇ ਜੋ ਫੁੱਲਾਂ ਦੇ ਰਾਹਵਾਂ ਨੂੰ।
ਦੂਜੇ ਦੇ ਘਰ ਲਾਈ ਪਨਾਗਾ ਅਪਣੇ ਘਰ ਵੀ ਆ ਜਾਂਦੀ ਹੈ
ਬਖ਼ਸ਼ੇ ਅੱਗ ਨਾ ਸੋਨੇ ਚਾਂਦੀ ਦੇ ਵਿੱਚ ਮੜ੍ਹਿਆਂ ਨਾਂਵਾਂ ਨੂੰ।


ਦਾਰੂ ਦੇ ਨਾਲ਼ ਰੱਜਦਾ ਸ਼ਰਾਬੀ ਕਦੇ ਨਹੀਂ।
ਪੱਲੇ ਤੋਂ ਖਰਚ ਪੀਂਦਾ ਹਿਸਾਬੀ ਕਦੇ ਨਹੀਂ।
ਹੈ ਪੀਣ ਲੱਗੇ ਰਹਿੰਦਾ ਸੀਮਾ ਦੇ ਵਿੱਚ ਜੋ
ਪੀ ਕੇ ਉਹ ਸ਼ਖਸ਼ ਕਰਦਾ ਖ਼ਰਾਬੀ ਕਦੇ ਨਹੀਂ।
ਬਹਿ ਕੇ ਕੁਬੇਰ ਤੇ ਵੀ ਰਹਿੰਦਾ ਕੰਜੂਸ ਹੀ
ਕਿਸਮਤ ਚ ਜਿਸ ਦੇ ਕਰਨੀ ਨਵਾਬੀ ਕਦੇ ਨਹੀਂ।
ਫੜ ਉੰਗਲ਼ੀ ਤਜ਼ਰਬਾ ਲੈ ਆਦਮੀ ਨੂੰ ਜਾਂਦਾ
ਜਿੱਥੇ ਲਿਜਾਂਦਾ ਗਿਆਨ ਕਿਤਾਬੀ ਕਦੇ ਨਹੀਂ।
ਹਰ ਆਦਮੀ ਦੀ ਫ਼ਿਤਰਤ ਹੁੰਦੀ ਹੈ ਆਪੋ ਅਪਣੀ
ਰੰਗ ਕਲੀ ਦਾ ਹੋ ਸਕਦਾ ਗੁਲਾਬੀ ਕਦੇ ਨਹੀਂ।
ਕਾਲ਼ਾ ਨਾ ਹੋਏ ਚਿੱਟਾ ਲੱਖ ਪਾਲਿਸ਼ਾਂ ਕਰੇ ਵੀ
ਗਧਿਆਂ ਨੂੰ ਆਉਂਦੀ ਹਾਜ਼ਰ ਜਵਾਬੀ ਕਦੇ ਨਹੀਂ।
ਸਾਗਰ ਵਿਸ਼ਾਲ ਕਿੰਨਾ, ਕਿੰਨੀ ਡੂੰਘਾਈ ਇਹਦੀ
ਇਹ ਸੋਚ ਸਕਦੀ ਮਛਲੀ ਤਲਾਬੀ ਕਦੇ ਨਹੀਂ।
ਦਿਲ ਖੁਸ਼ ਪਨਾਗਾ ਹੋਵੇ ਹਾਸਾ ਵੀ ਤਾਂ ਹੀ ਆਉਂਦੈ
ਲੱਟ ਲੱਟ ਬਲ਼ਦੀ ਲੱਕੜ ਸਲ੍ਹਾਬੀ ਕਦੇ ਨਹੀਂ।


ਮੈਂ ਖ਼ੁਦ ਨੂੰ ਭੁੱਲ ਬੈਠਾ ਹਾਂ ਮੁਹੱਬਤ ਹੋ ਗਈ ਜਦ ਤੋਂ।
ਸੁਪਨਿਆਂ ਮੇਰਿਆਂ ਦੇ ਵਿੱਚ ਹੈ ਵਸ ਉਹ ਗਈ ਜਦ ਤੋਂ।
ਭਟਕਣਾ ਖ਼ਤਮ ਹੋ ਗਈਆਂ, ਹੈ ਮੰਜ਼ਲ ਦਿਸ ਪਈ ਮੈਨੂੰ
ਹਨ੍ਹੇਰਾ ਹੋ ਗਿਆ ਗ਼ਾਇਬ ਨਜ਼ਰ ਆ ਲੋਅ ਗਈ ਜਦ ਤੋਂ।
ਨਜ਼ਾਰਾ ਕੋਈ ਦੁਨੀਆਂ ਦਾ ਨਜ਼ਰ ਦੇ ਹੇਠ ਨਹੀਂ ਆਉਂਦਾ
ਨਜ਼ਰ ਮੇਰੀ ਨੂੰ ਹੈ ਸੂਰਤ ਕਿਸੇ ਦੀ ਪੋਹ ਗਈ ਜਦ ਤੋਂ।
ਹੈ ਨੱਚਦਾ ਕਮਲ਼ਿਆਂ ਵਾਂਗੂੰ, ਇਹ ਦਿਲ ਟਿਕ ਕੇ ਨਹੀਂ ਬਹਿੰਦਾ
ਹਵਾ ਆਈ ਹੈ ਉਸ ਵੱਲੋਂ  ਏਸ ਨੂੰ ਛੋਹ ਗਈ ਜਦ ਤੋਂ।
ਦੀਵਾਨਾ ਲੋਕ ਜਦ ਕਹਿੰਦੇ, ਹੈ ਚੰਗਾ ਲੱਗਦਾ ਮੈਨੂੰ
ਅਕਲ ਹੈ ਪਿਆਰ ਦੇ ਰਾਹਾਂ ਚ ਮੇਰੀ ਖੋ ਗਈ ਜਦ ਤੋਂ।
ਨਹੀਂ ਤਾਹਨੇ ਜ਼ਮਾਨੇ ਦੇ ਅਸਰ ਕਰਦੇ ਕੋਈ ਮਨ ਤੇ
ਮੇਰੇ ਦਿਲ ਤੇ ਹਕੂਮਤ ਹੈ ਕਿਸੇ ਦੀ ਹੋ ਗਈ ਜਦ ਤੋਂ।
ਹੈ ਹਰ ਸ਼ੈ ਚੋਂ ਪਨਾਗਾ ਸ਼ਕਲ ਓਸੇ ਦੀ ਨਜ਼ਰ ਆਉਂਦੀ
ਕਿ ਸ਼ਬਨਮ ਪਿਆਰ ਦੀ ਕਾਇਨਾਤ ਨੂੰ ਹੈ ਧੋ ਗਈ ਜਦ ਤੋਂ।


ਨਜ਼ਰ ਕਿਤੇ ਨਾ ਆਉਂਦੀਆਂ ਚਿੜੀਆਂ।
ਪੈਰ ਨਹੀਂ ਘਰ ਪਾਉਂਦੀਆਂ ਚਿੜੀਆਂ।
ਤਰਸ ਗਏ ਹਾਂ ਚੀਂ ਚੀਂ ਨੂੰ ਹੁਣ
ਹੁਣ ਨਹੀਂ ਸ਼ੋਰ ਮਚਾਉਂਦੀਆਂ ਚਿੜੀਆਂ।
ਛਾਇਆ ਦਿਸੇ ਸੰਨਾਟਾ ਵਿਹੜੀਂ
ਜਿਥੇ ਸੀ ਕਦੇ ਗਾਉਂਦੀਆਂ ਚਿੜੀਆਂ।
ਅਕਲਾਂ ਵਾਲ਼ਿਓ ਕੁੱਝ ਤਾਂ ਸੋਚੋ
ਕਿਉਂ ਨਹੀਂ ਚਹਿ ਚਹਾਉਂਦੀਆਂ ਚਿੜੀਆਂ।
ਰਹੇ ਨਹੀਂ ਘਰ ਕੜੀਆਂ ਵਾਲ਼ੇ
ਘਰ ਸੀ ਜਿੱਥੇ ਬਣਾਉਂਦੀਆਂ ਚਿੜੀਆਂ।
ਕੱਚੇ ਢਹਿ ਜਦ ਪੱਕੇ ਬਣ ਗਏ
ਉਸ ਦਿਨ ਨੂੰ ਪਛਤਾਉਂਦੀਆਂ ਚਿੜੀਆਂ।
ਕਦੇ ਕਦੇ ਮਹਿਮਾਨਾਂ ਵਾਂਗੂੰ
ਹੁਣ ਤਾਂ ਸ਼ਕਲ ਦਿਖਾਉਂਦੀਆਂ ਚਿੜੀਆਂ।
ਕੁੜੀਆਂ ਤਾਂ ਫਿਰ ਵੀ ਬਚ ਗਈਆਂ
ਬਚਦੀਆਂ ਨਜ਼ਰ ਨਾ ਆਉਂਦੀਆਂ ਚਿੜੀਆਂ।
ਸਾਡਾ ਵੀ ਹੈ ਹੱਕ ਧਰਤੀ ਤੇ
ਲੱਗਣ ਸੁਆਲ ਉਠਾਉਂਦੀਆਂ ਚਿੜੀਆਂ।
ਸਾਨੂੰ ਕਰੋ ਨਾ ਘਰ ਤੋਂ ਬੇਘਰ
ਜਾਪੇ ਹਨ ਕੁਰਲਾਉਂਦੀਆਂ ਚਿੜੀਆਂ।
ਦਿਓ ਨਾ ਸਾਨੂੰ ਦੇਸ਼ ਨਿਕਾਲ਼ਾ
ਫਿਰਨ ਵਾਸਤੇ ਪਾਉਂਦੀਆਂ ਚਿੜੀਆਂ।
ਪਊ ਪਨਾਗ ਸਰਾਪ ਭੋਗਣਾ
ਜੇ ਨਹੀਂ ਮੁੜ ਕੇ ਆਉਂਦੀਆਂ ਚਿੜੀਆਂ।


ਪਤਾ ਨਹੀਂ ਕੀ ਬਕਦੀ ਰਹਿੰਦੀ ਜੀਭ ਸਿਆਸਤਦਾਨਾਂ ਦੀ।
ਲੱਗਦਾ ਹੈ ਪੈ ਗਈ ਕੁਰਾਹੇ ਅਕਲ ਇਨ੍ਹਾਂ ਸ਼ੈਤਾਨਾਂ ਦੀ।
ਆਦੀ-ਵਾਸੀ ਅਤੇ ਆਰੀਆ, ਮੁਸਲਮਾਨ ਤੇ ਹਿੰਦੀ, ਚੀਨੀ
ਗਿਣਤੀ ਕਰਨੀ ਔਖੀ ਹੋ ਗਈ ਹੈ ਹੁਣ ਤਾਂ ਹਨੂੰਮਾਨਾਂ ਦੀ।
ਔਰੰਗਜ਼ੇਬ ਤਾਂ ਸਦੀਆਂ ਪਹਿਲਾਂ ਵਿੱਚ ਕਬਰ ਦਫ਼ਨਾ ਦਿੱਤਾ ਸੀ
ਕਮੀ ਨਹੀਂ ਹੈ ਹੁਣ ਵੀ ਉਸ ਦੀਆਂ ਧਰਮੀ ਪਰ ਸੰਤਾਨਾਂ ਦੀ।
ਵਿਹਲਿਆਂ ਨੂੰ ਵੰਡਣ ਦੇ ਲਈ ਤਾਂ ਪੈਸੇ ਦੀ ਕੋਈ ਘਾਟ ਨਹੀਂ ਹੈ
ਪੈਸਾ ਹੈ ਨਹੀਂ ਵਿੱਚ ਖ਼ਜ਼ਾਨੇ ਕਦਰ ਲਈ ਗੁਣਵਾਨਾਂ ਦੀ।
ਟੱਬਰ ਦੇ ਜੀਅ ਭਾਂਵੇਂ ਫਾਕਾ ਕੱਟਣ ਰਾਸ਼ਨ ਦੀ ਥੁੜ ਕਾਰਨ
ਖਾਤਰਦਾਰੀ ਕਰਨੀ ਪੈਂਦੀ ਘਰ ਆਏ ਮਹਿਮਾਨਾਂ ਦੀ।
ਘੁੰਮਣ ਫਿਰਨ ਦੇ ਲਈ ਤਾਂ ਬੇਹੱਦ ਤਾਕਤ ਵਿੱਚ ਸਰੀਰਾਂ ਦੇ ਹੈ
ਕੰਮ ਕਰਦਿਆਂ ਜਾਨ ਨਿੱਕਲ਼ਦੀ ਅੱਜ ਕਲ੍ਹ ਦੀਆਂ ਰਕਾਨਾਂ ਦੀ।
ਕਮੀ ਹੈ ਜੇ ਤਾਂ ਬੱਸ ਲੋਕਾਂ ਦੀਆਂ ਜੇਬਾਂ ਅੰਦਰ ਪੈਸੇ ਦੀ ਹੈ
ਕਮੀ ਨਹੀਂ ਬਾਜ਼ਾਰ ਚ ਐਸ਼ੋ ਇਸ਼ਰਤ ਦਿਆਂ ਸਮਾਨਾਂ ਦੀ।
ਬੇਬਸ ਬੁੱਢਿਆਂ ਨੂੰ ਇਸ ਦੇਸ਼ ਚ ਸਾਂਭੇਗਾ ਹੁਣ ਕੌਣ ਭਲਾ ਦੱਸ
ਭੱਜੀ ਜਾਂਦੀ ਹੇੜ੍ਹ ਪਨਾਗਾ ਛੱਡ ਕੇ ਵਤਨ ਜਵਾਨਾਂ ਦੀ।