Wednesday, 25 August 2021

 

ਮੰਜ਼ਿਲ ਉੱਤੇ ਪਹੁੰਚਣ ਦੇ ਲਈ ਮੰਜ਼ਿਲ ਦੇ ਵੱਲ ਤੁਰਨਾ ਪੈਂਦੈ।

ਪਰਗਟ ਕਰਨ ਲਈ ਗੁਣ ਅਪਣੇ ਵਾਂਗ ਲੂਣ ਦੇ ਖੁਰਨਾ ਪੈਂਦੈ।


ਚਿਣੇ ਮੇਤੀਆਂ ਵਾਗੂੰ ਸੋਹਣੇ ਲੱਗਦੇ ਨੇ ਛੱਲੀਆਂ ਦੇ ਦਾਣੇ

ਢਿੱਡ ਕਿਸੇ ਦਾ ਭਰਨ ਲਈ ਪਰ ਖਾ ਕੇ ਸੱਟਾਂ ਭੁਰਨਾ ਪੈਂਦੈ ।


ਵਕਤੋਂ ਜੇ ਖੁੰਝ ਜਾਏ ਡੂੰਮਣੀ, ਆਲ਼ ਪਤਾਲ਼ ਰਹੇ ਫਿਰ ਗਾਉਂਦੀ

ਜੱਕੋ ਤੱਕੇ ਦੇ ਵਿੱਚ ਪੈ ਕੇ ਉਮਰਾ ਸਾਰੀ ਝੁਰਨਾ ਪੈਂਦੈ।


ਵੱਡੀ ਮੱਛੀ ਇਸ ਦੁਨੀਆਂ ਵਿੱਚ ਛੋਟੀ ਨੂੰ ਹੈ ਖਾਈ ਜਾਂਦੀ

ਅਪਣੀ ਹੋਂਦ ਬਚਾਉਣ ਵਾਸਤੇ ਆਪਣਿਆਂ ਨਾਲ਼ ਜੁੜਨਾ ਪੈਂਦੈ।


ਜ਼ਿੱਦੀ ਹਾਕਮ ਵੀ ਖੜ੍ਹ ਸਕੇ ਨਾ ਲੋਕ ਰੋਸ ਦੇ ਹੜ੍ਹ ਦੇ ਅੱਗੇ

ਜਿੱਧਰ ਪਰਜਾ ਕਹੇ ਪਨਾਗਾ ਉਸ ਰਸਤੇ ਵੱਲ ਮੁੜਨਾ ਪੈਂਦੈ।


 

 

ਆਂਡੇ ਘੁੱਗੀ ਦੇ ਜੋ ਖ਼ੁਦ ਖਾ ਲੈਂਦੇ ਨੇ।

ਕਾਂ ਉਹ ਘੁੱਗੀ ਨੂੰ ਅਤਿਵਾਦੀ ਕਹਿੰਦੇ ਨੇ।

ਕਾਂ ਕਾਂ ਕਰ ਕੇ ਰੌਲ਼ਾ ਪਾਉਣ ਵਡੱਤਣ ਦਾ

ਚੁੰਝ ਪੂੰਝ ਜੋ ਗੰਦੇ ਤੇ ਜਾ ਬਹਿੰਦੇ ਨੇ।

ਵੇਚੀ ਹੋਏ ਜ਼ਮੀਰ ਜਿਨ੍ਹਾਂ ਸਰਮਾਏ ਨੂੰ

ਕੋਲ ਨਾ ਆ ਕੇ ਮਿਹਨਤਕਸ਼ ਦੇ ਬਹਿੰਦੇ ਨੇ।

ਨ੍ਹੇਰੀ ਨਾਲ਼ ਨਾ ਟੁੱਟਦੇ ਜੋ ਰੁੱਖ ਲਿਫ਼ ਜਾਂਦੇ

ਆਕੜ ਵਾਲ਼ੇ ਗਰਦਣ ਤੁੜਵਾ ਲੈਂਦੇ ਨੇ।

ਹੋਂਦ ਜਿਨ੍ਹਾਂ ਦੀ ਪੈ ਜਾਂਦੀ ਵਿੱਚ ਖ਼ਤਰੇ ਦੇ

ਸੀਸ ਪਨਾਗਾ ਤਲ਼ੀ ਉੱਤੇ ਧਰ ਲੈਂਦੇ ਨੇ।


 

ਲੁੱਟ ਲਈ ਮਹਿਫਲ ਸਾਡੀ ਦਿੱਤਾ ਕਹਿਰ ਗੁਜ਼ਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਜੀਹਨੇ ਪੈਰਾਂ ਦੇ ਵਿੱਚ ਬਹਿ ਕੇ ਗਿਆਨ ਦਾ ਪੱਲਾ ਫੜਿਆ ਸੀ।

ਲਾ ਲਾ ਰੀਝ ਵਾਂਗ ਬੁਤਘਾੜੇ ਜਿਸ ਨੂੰ ਹੱਥੀਂ ਘੜਿਆ ਸੀ।

ਤੁਰ ਗਿਆ ਰੋਂਦੇ ਛੱਡ ਚਲਾਈ ਜਦ ਤਲਵਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਛੁਪਿਆ ਬਹੁਤ ਪੰਖੇਰੂ ਫਿਰ ਵੀ ਦਿੱਤਾ ਨੋਚ ਕਰੋਨਾ ਨੇ।

ਆ ਕੇ ਭੁੱਖੇ ਬਾਜ ਵਾਂਗਰਾਂ ਲਿਆ ਦਬੋਚ ਕਰੋਨਾ ਨੇ।

ਦਿੱਤਾ ਸੂਰਜ ਦੀ ਖੋਹ ਜੋਤ  ਹਨ੍ਹੇਰ ਪਸਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਬਣ ਕੇ ਸੰਗੀ, ਲੈ ਹੱਥ ਦੀਵਾ, ਜੋ ਅੰਧਕਾਰ ਮਿਟਾਉਂਦਾ ਰਿਹਾ।

ਰਸਤਾ ਜ਼ਿੰਦਗੀ ਦੇ ਰਾਹੀਆਂ ਨੂੰ ਮੰਜ਼ਿਲ ਦਾ ਦਰਸਾਉਂਦਾ ਰਿਹਾ।

ਨਿੱਘਾ ਉਹ ਚਾਨਣ ਦਾ ਸੋਮਾ ਦਿੱਤਾ ਠਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਯਾਰੀ ਯਾਰਾਂ ਨਾਲ਼ ਧਰਮ ਦੇ ਵਾਂਗੂੰ ਰਿਹਾ ਨਿਭਾਉਂਦਾ ਜੋ।

ਵੰਡਦਾ ਖੁਸ਼ੀਆਂ ਰਿਹਾ ਹਮੇਸ਼ਾ ਤੇ ਦੁੱਖ ਰਿਹਾ ਵੰਡਾਉਂਦਾ ਜੋ।

ਦਿੱਤੀਆਂ ਦਰੜ ਸਾਰੀਆਂ ਸਾਂਝਾਂ ਕਰ ਕੇ ਵਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


ਸੂਰਤ ਸਦਾ ਪਨਾਗਾ ਅੱਖਾਂ ਮੂਹਰੇ ਦਿਸਦੀ ਰਹਿੰਦੀ ਹੈ।

ਗੁੱਝੀ ਚੀਸ ਜਹੀ ਇੱਕ ਦਿਲ ਦੇ ਵਿੱਚੋਂ ਰਿਸਦੀ ਰਹਿੰਦੀ ਹੈ।

ਰਹਿਮ ਨਾ ਕੀਤਾ ਲੁੱਟ ਲਿਆ ਅੱਖਰਾਂ ਦਾ ਸੰਸਾਰ ਕਰੋਨਾ ਨੇ।

ਸੋਨੇ ਖਰੇ ਦੇ ਗਹਿਣੇ ਵਰਗਾ ਖੋਹ ਲਿਆ ਯਾਰ ਕਰੋਨਾ ਨੇ।


 

ਕੀ ਦੀ ਕੀ ਹੁਣ ਹੋ ਗਈ ਦੁਨੀਆਂ।

ਕਿੱਥੇ ਆਣ ਖਲੋ ਗਈ ਦੁਨੀਆਂ।

ਠਰ ਗਏ ਨੇ ਸਭ ਰਿਸ਼ਤੇ ਨਾਤੇ

ਅਪਣੇ ਆਪ ਚ ਖੋ ਗਈ ਦੁਨੀਆਂ।

ਚਾਅ ਜ਼ਿੰਦਗੀ ਦੇ ਦਫ਼ਨ ਹੋ ਗਏ

ਜਿਉਂਦੇ ਜੀ ਹੀ ਮੋ ਗਈ ਦੁਨੀਆਂ।

ਚਹਿਲ ਪਹਿਲ ਨੂੰ ਦਹਿਸ਼ਤ ਖਾ ਗਈ

ਕੰਧਾਂ ਵਿੱਚ ਸਮੋ ਗਈ ਦੁਨੀਆਂ।


 

ਬਲ਼ਦੀ ਇਸ ਦੁਨੀਆਂ  ਤੇ ਕਿਰਪਾ ਕਰ, ਪਾ ਮੁੜ ਕੇ ਫੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਪੁੱਤ ਇੱਕੋ ਪਿਉ ਦੇ ਨੇ ਪਰ ਹਨ ਵੱਖ ਵੱਖ ਹੋਏ ਬੈਠੇ

ਜਾਤਾਂ ਮਜ਼੍ਹਬਾਂ ਵਸ ਪੈ ਬਣ ਹਨ ਟਿੱਬੇ ਟੋਏ ਬੈਠੇ

ਬੈਠੇ ਨੇ ਘਰ ਸਮਝੀਂ ਉਸ ਨੂੰ ਜੋ ਹੈ ਰੈਣ ਬਸੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਹਨ ਇੱਕੋ ਨੂਰ ਦੀਆਂ ਅੰਨ੍ਹੇ ਪਾਈ ਵੰਡੀਆਂ  ਜਾਂਦੇ।

ਬਣ ਦੁਸ਼ਮਣ ਵੱਢੀਂ ਨੇ ਇੱਕ ਦੂਜੇ ਦੀਆਂ ਘੰਡੀਆਂ ਜਾਂਦੇ।

ਰੱਖ ਵੱਖ ਵੱਖ ਨਾਂ ਉਸ ਦੇ ਬਣਾ ਲਿਆ ਇਹ ਮੇਰਾ ਉਹ ਤੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਬਣ ਬੈਠੇ ਠੱਗ ਬਗਲੇ, ਮਾਣਸ ਖਾਣੇ ਤੇ ਹੰਕਾਰੀ

ਸੱਜਣ ਨੇ, ਕੌਡੇ ਨੇ, ਬਹਿ ਗਏ ਬਣ ਕੇ ਵਲੀ ਕੰਧਾਰੀ

ਪੰਜਾਂ ਨੇ ਪਾ ਲਿਆ ਹੈ ਮੁੜ ਕੇ ਆ ਲੋਕਾਂ ਨੂੰ ਘੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।

ਸੋਮੇ ਜੀਵਨ ਦੇ ਨੂੰ ਬਹੁਤੇ ਸਿਆਣੇ ਲੱਗ ਪਏ ਸੋਕਣ

ਜੱਗ ਜਨਣੀ ਦਾ ਜੱਗ ਦੇ ਉੱਤੇ ਆਉਣਾ ਲੱਗ ਪਏ ਰੋਕਣ

ਕੋਈ ਚਾਰਾ ਚੱਲਦਾ ਨਾ ਲਾ ਲਿਆ ਜ਼ੋਰ ਪਨਾਗ ਬਥੇਰਾ।

ਬਣ ਸੂਰਜ ਦੁਨੀਆਂ ਤੋਂ ਬਾਬਾ ਕਰ ਜਾ ਦੂਰ ਹਨ੍ਹੇਰਾ।


 

ਦਿੱਤੇ ਬਦਲ ਕਰੋਨਾ ਨੇ ਸਭ ਦੁਨੀਆਂ ਦੇ ਦਸਤੂਰ।

ਕਰ ਦਿੱਤਾ ਇਸ ਆਪਣਿਆਂ ਨੂੰ ਆਪਣਿਆਂ ਤੋਂ ਦੂਰ।


ਸੂਰਜ ਓਹੀ ਅੰਬਰ ਦੇ ਵਿੱਚ, ਓਹੀ ਚੰਦ ਤੇ ਤਾਰੇ

ਐਪਰ ਜਾਪੇ ਮਾਰ ਉਡਾਰੀ ਟੁਰ ਗਿਆ ਕਿਧਰੇ ਨੂਰ।


ਬੁਝੇ ਬੁਝੇ ਸਭ ਚਿਹਰੇ ਜਾਪਣ, ਅੱਖਾਂ ਵਿਚ ਉਦਾਸੀ

ਬੁਲ੍ਹਾਂ ਤੋਂ ਮੁਸਕਾਨਾਂ ਸਭ ਦੇ ਹੋ ਗਈਆਂ ਕਾਫ਼ੂਰ।


ਰਾਜਾ ਰੰਕ ਡਰੇ ਸਭ ਫਿਰਦੇ, ਸਾਹ ਹਨ ਸਭ ਦੇ ਸੁੱਕੇ

ਤਾਕਤ ਵਾਲ਼ਿਆਂ ਦਾ ਮਿੱਟੀ ਵਿੱਚ ਰੁਲ਼ਿਆ ਫਿਰੇ ਗ਼ਰੂਰ।


ਸੁੰਨੀਆਂ ਪਈਆਂ ਸਭੇ ਮਹਿਫ਼ਲਾਂ, ਬੇ-ਰੌਣਕ ਬਾਜ਼ਾਰ

ਡਰ ਦਾ ਦੈਂਤ ਚੁਤਰਫੇ ਖੁੱਲ੍ਹਾ ਪਾਉਂਦਾ ਫਿਰੇ ਫ਼ਤੂਰ।


ਪਤਾ ਨਾ ਲੱਗੇ ਕਦ ਤੇ ਕਿੱਥੋਂ ਆ ਕੇ ਹੈ ਫੜ ਲੈਂਦਾ

ਬਣਦੇ ਜਾਣ ਸ਼ਿਕਾਰ ਏਸ ਦੇ ਪਰ ਪੂਰਾਂ ਦੇ ਪੂਰ।


ਕੁੱਲ ਧਨੰਤਰ ਜੱਗ ਦੇ ਇਸ ਦੇ ਅੱਗੇ ਬੇਬਸ ਹੋਏ

ਹਿਕਮਤ ਦਾ ਹੰਕਾਰ ਹੋ ਗਿਆ ਟੁੱਟ ਕੇ ਚਿਕਨਾਚੂਰ।


ਖੋਹ ਲਿਆ ਏਸ ਪਨਾਗ ਤੋਂ ਸੱਜਣ ਹਰਸ਼ ਜਿਹਾ ਇੱਕ ਪਿਆਰਾ

ਜਿਸ ਦਾ ਘਾਟਾ ਵਕਤ ਬਲੀ ਵੀ ਸਕਣਾ ਕਦੇ ਨਾ ਪੂਰ।


 

ਇੱਕ ਫੁੱਲ ਦੇ ਟੁੱਟ ਜਾਣ ਨਾਲ਼ ਹਰ ਤਰਫ਼ ਉਦਾਸੀ ਛਾ ਗਈ ਹੈ।

ਇਉਂ ਲਗਦਾ ਹੈ ਰਸਤਾ ਭੁੱਲ ਗੁਲਸ਼ਨ ਵਿੱਚ ਪਤਝੜ ਆ ਗਈ ਹੈ।

ਜਿਸ ਮਾਲਕ ਨੇ ਫੁੱਲ ਖਿੜਾਇਆ ਓਸੇ ਉਸ ਨੂੰ ਤੋੜ ਲਿਆ ਹੈ

ਕਿਸ ਨੂੰ ਕੋਈ ਦਵੇ ਉਲ਼ਾਂਭਾ, ਮੱਤ ਸਭ ਦੀ ਚਕਰਾ ਗਈ ਹੈ।

ਤੁਰ ਗਿਆ ਸਭ ਤੋਂ ਬਾਂਹ ਛੁਡਾ ਕੇ, ਬਹੁਤ ਰੋਕਿਆ ਪਰ ਨਾ ਰੁਕਿਆ

ਮਹਿਕ ਛੱਡ ਗਿਆ ਪਿਛੇ ਜਿਹੜੀ ਅੱਖਾਂ ਸਭ ਛਲਕਾ ਗਈ ਹੈ।

ਸਦਾ ਰਿਹਾ ਨਾ ਕੋਈ ਏਥੇ, ਜੋ ਆਇਆ ਹੈ ਸਭ ਨੇ ਜਾਣਾ

ਉਸ ਦੇ ਜਾਣ ਦੀ ਪੀੜਾ ਐਪਰ ਬੁਰਜ ਸਬਰ ਦੇ ਢਾਹ ਗਈ ਹੈ।

ਬਦਲ ਗਿਆ ਹੈ ਲਗਦਾ ਸਭ ਕੁੱਝ, ਪਹਿਲਾਂ ਵਾਲ਼ਾ ਰੰਗ ਨਾ ਲੱਭੇ

“ਹਰਸ਼” ਤੁਰ ਗਿਆ, ਸੋਗ ਰਹਿ ਗਿਆ, ਰਾਤ ਰਵੀ ਨੂੰ ਖਾ ਗਈ ਹੈ।

ਤੁਰ ਗਿਆਂ ਨਾਲ਼ ਨਾ ਤੁਰਿਆ ਜਾਂਦਾ, ਭਾਣਾ ਮਿੱਠਾ ਮੰਨਣਾ ਪੈਂਦਾ

ਓਹੀ ਮਰਦ ਕਹਾਉਣ ਪਨਾਗਾ ਸਮਝ ਜਿਨ੍ਹਾਂ ਨੂੰ ਆ ਗਈ ਹੈ।