Saturday, 21 September 2019


ਹੰਝੂ ਨਾ ਆਖੋ ਇਹਨਾਂ ਨੂੰ, ਇਹ ਪਿਆਰ ਦੀਆਂ ਸੌਗਾਤਾਂ ਨੇ।
ਹੱਸ ਸੱਜਣਾ ਸੰਗ ਬਿਤਾਏ ਜੋ, ਇਹ ਉਨ੍ਹਾਂ ਪਲਾਂ ਦੀਆਂ ਬਾਤਾਂ ਨੇ।
ਬਹਿ ਕੇ ਨੈਣਾਂ ਦੀ ਸਰਦਲ਼ ਤੇ ਇਹ ਸਦਾ ਉਡੀਕਣ ਉਹਨਾਂ ਨੂੰ
ਧਰਤੀ ਦੇ ਗੇੜਿਆਂ ਨਾਲ਼ ਕਦੇ ਜਿਨ੍ਹਾਂ ਆਉਣਾ ਨਹੀਂ ਪਰਭਾਤਾਂ ਨੇ।
ਇਹ ਉਹ ਮੰਦਭਾਗੇ ਬੱਚੇ ਨੇ ਜਿਹੜੇ ਚਾਨਣ ਵਿੱਚੋਂ ਜਨਮੇ ਨੇ
ਪਰ ਪੈਰਾਂ ਨਾਲ਼ ਜਿਨ੍ਹਾਂ ਦੇ ਬੰਨ੍ਹੀਆਂ ਨ੍ਹੇਰੇ ਦੀਆਂ ਬਰਾਤਾਂ ਨੇ।
ਹੈ ਵਾਂਗ ਫੁੱਲਾਂ ਦੀ ਮਹਿਫਿਲ ਦੇ ਇਤਿਹਾਸ ਮਹਿਕਦਾ ਇਹਨਾਂ ਦਾ
ਬਣ ਗੀਤ ਗੂੰਜਦੇ ਦਿਨ ਜਿਸ ਦੇ, ਚਾਨਣ ਵਿੱਚ ਧੋਤੀਆਂ ਰਾਤਾਂ ਨੇ।
ਜਦ ਗੁਜ਼ਰੇ ਪਲਾਂ ਨੂੰ ਇਹਨਾਂ ਦੇ ਵਿੱਚੋਂ ਦੀ ਨਜ਼ਰਾਂ ਵੇਖਦੀਆਂ
ਤਾਂ ਨਜ਼ਰ ਆਉਂਦੀਆਂ ਰੰਗ ਦੀਆਂ ਰਿਮਝਿਮ ਰਿਮਝਿਮ ਬਰਸਾਤਾਂ ਨੇ।
ਇਹ ਉਹ ਪਨਾਗਾ ਹੀਰੇ ਨੇ ਹੌਲ਼ੀਆਂ ਪੈ ਜਾਂਦੀਆਂ ਜਿਨ੍ਹਾਂ ਅੱਗੇ
ਸ਼ਾਹਾਂ ਦੇ ਕੱਠੇ ਕੀਤੇ ਕੁੱਲ ਖ਼ਜ਼ਾਨਿਆਂ ਦੀਆਂ ਔਕਾਤਾਂ ਨੇ।

ਤੇਰਾ ਜੇਕਰ ਦੀਦਾਰ ਨਾ ਹੁੰਦਾ

ਤੇਰਾ ਜੇਕਰ ਦੀਦਾਰ ਨਾ ਹੁੰਦਾ।
ਦਿਲ ਮੇਰਾ ਬੇਕਰਾਰ ਨਾ ਹੁੰਦਾ।
ਮੈਂ ਵੀ ਵਿੱਚ ਦਾਨਿਆਂ ਦੇ ਆ ਜਾਂਦਾ
ਇਸ਼ਕ ਦਾ ਜੇ ਖ਼ੁਮਾਰ ਨਾ ਹੁੰਦਾ।
ਕੋਈ ਕੱਟਦਾ ਨਾ ਤੇਸੇ ਨਾਲ਼ ਪਰਬਤ
ਵਿੱਚ ਦੁਨੀਆਂ ਜੇ ਪਿਆਰ ਨਾ ਹੁੰਦਾ।
ਮੁਹੱਬਤ ਬੂੰਦ ਬਣ ਜੇ ਬਰਸਦੀ ਨਾ
ਕਿਤੇ ਮੌਸਮ ਬਹਾਰ ਨਾ ਹੁੰਦਾ।
ਪਿਆਰ ਕੁਦਰਤ ਦਾ ਜੇ ਨਾ ਫੁੱਲ ਬਣਦਾ
ਮਹਿਕਦਾ ਇਹ ਦਿਆਰ ਨਾ ਹੁੰਦਾ।
ਤੇਰੀ ਚਾਹਤ ਧੜਕਦੀ ਨਾ ਜੇਕਰ
ਇਹ ਦਿਲ ਬੇ-ਅਖ਼ਤਿਆਰ ਨਾ ਹੁੰਦਾ।
ਜੇ ਨਾ ਆਸ਼ਕ ਪਨਾਗਾ ਜਾਨ ਦਿੰਦੇ
ਵਿੱਚ ਨਾਇਕਾਂ ਸ਼ੁਮਾਰ ਨਾ ਹੁੰਦਾ।     

ਦਿਨ ਦੀਵੀਂ ਹੁਣ ਲੋਕਾਂ ਦੇ ਹੱਕਾਂ ਤੇ ਡਾਕੇ ਪੈਂਦੇ ਨੇ


ਦਿਨ ਦੀਵੀਂ ਹੁਣ ਲੋਕਾਂ ਦੇ ਹੱਕਾਂ ਤੇ ਡਾਕੇ ਪੈਂਦੇ ਨੇ।
ਬੋਲ਼ੇ ਕੰਨਾਂ ਨੂੰ ਨਹੀਂ ਸੁਣਦੇ ਰੋਜ਼ ਪਟਾਕੇ ਪੈਂਦੇ ਨੇ।
ਉਡ ਜਾਂਦੇ ਅਸਮਾਨਾਂ ਦੇ ਵਿੱਚ ਧੌਲਰ ਪਰਜਾ ਤੰਤਰ ਦੇ
ਜਦ ਕਾਨੂੰਨੀ ਬੰਬਾਂ ਦੇ ਦਮਦਾਰ ਧਮਾਕੇ ਪੈਂਦੇ ਨੇ।
ਇੱਕੋ ਰੰਗ ਚ ਰੰਗ ਦੇਣਾ ਹੈ ਬਾਗ ਦੇ ਸਾਰੇ ਫੁੱਲਾਂ ਨੂੰ
ਜਦ ਵੀ ਕੋਈ ਕਹਿੰਦਾ ਹੈ ਹਰ ਤਰਫ਼ ਠਹਾਕੇ ਪੈਂਦੇ ਨੇ।
ਸੰਤਾਲ਼ੀ ਦੇ ਨਾਲ਼ੋਂ ਇੱਕ ਦਮ ਵੱਖਰੈ ਭਾਰਤ ਠਾਰਾਂ ਦਾ
ਹੋਵੇ ਕਿਉਂ ਨਾ ਦੋਹਾਂ ਦੇ ਵਿੱਚ ਸੱਤ ਦਹਾਕੇ ਪੈਂਦੇ ਨੇ।
ਪਤਾ ਨਹੀਂ ਕਿਉਂ ਦਿਲ ਤੋਂ ਕਾਲ਼ਖ ਜਾਂਦੀ ਨਹੀਂ ਬੇਈਮਾਨਾਂ ਦੇ
ਭਾਂਵੇਂ ਨੇਤਾ ਸਾਡੇ ਦੁੱਧ ਨਾਲ਼ ਰੋਜ਼ ਨਹਾ ਕੇ ਪੈਂਦੇ ਨੇ।
ਕਿਸੇ ਯੋਜਨਾ ਨਵੀਂ ਲਈ ਜਦ ਫੰਡ ਸਰਕਾਰੀ ਆ ਜਾਂਦੇ
ਖਾਂਦੀ ਮੁਰਗੇ ਅਫ਼ਸਰਸ਼ਾਹੀ ਖੂਬ ਪਚਾਕੇ ਪੈਂਦੇ ਨੇ।
ਸੂਰਜ ਚੜ੍ਹਦੇ ਨਾਲ਼ ਨੇ ਜਾਂਦੇ ਬਿੱਖਰ ਵਿੱਚ ਹਵਾਵਾਂ ਦੇ
ਸ਼ੇਖਚਿਲੀ ਜੋ ਕਿਲੇ ਰਾਤ ਨੂੰ ਰੋਜ਼ ਬਣਾ ਕੇ ਪੈਂਦੇ ਨੇ।
ਨਹੀਂ ਪਨਾਗਾ ਰੂਪ ਧਾਰਦੇ ਸੁਪਨੇ ਕਦੇ ਹਕੀਕਤ ਦਾ
ਭੋਲ਼ੇ ਲੋਕਾਂ ਨੂੰ ਜੋ ਹਾਕਮ ਰੋਜ਼ ਦਿਖਾ ਕੇ ਪੈਂਦੇ ਨੇ।

ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ


ਹਸ਼ਰ ਹੈ ਬਹੁਤ ਮਾੜਾ ਮੁਲਕ ਵਿੱਚ ਈਮਾਨਦਾਰੀ ਦਾ।
ਨਹੀਂ ਫੜਦਾ ਕੋਈ ਪੱਲਾ ਏਸ ਕਰਮਾਂ ਦੀ ਮਾਰੀ ਦਾ।
ਪਾਈ ਈਮਾਨਦਾਰੀ ਦਾ ਮਖੌਟਾ ਹਰ ਕੋਈ ਫਿਰਦੈ
ਜਾਪਦੈ ਕੌਮ ਨੇ ਹੈ ਲੈ ਲਿਆ ਠੇਕਾ ਮੱਕਾਰੀ ਦਾ।
ਗਏ ਲੁਕਮਾਨ ਵੀ ਨੇ ਛੱਡ ਇਸ ਧਰਤੀ ਨੂੰ ਹੁਣ ਸਾਰੇ
ਨਹੀਂ ਲੱਭ ਸਕੇ ਜਦ ਦਾਰੂ ਉਹ ਇਸ ਮਾਰੂ ਬਿਮਾਰੀ ਦਾ।
ਬਹਿ ਗਿਆ ਰੱਬ ਵੀ ਹੁਣ ਤਾਂ ਪਾਲ਼ ਏਥੇ ਦਲਾਲਾਂ ਨੁੰ
ਉਹਦੇ ਵਰਦਾਨ ਲਈ ਭਰਨਾ ਪੇਟ ਪੈਂਦਾ ਪੁਜਾਰੀ ਦਾ।
ਫੜ ਲਿਆ ਝੂਠ ਦਾ ਦਾਮਨ ਹੈ ਘੁੱਟ ਕੇ ਏਸ ਦੇ ਲੋਕਾਂ
ਜਿਉਣਾ ਹੋ ਗਿਆ ਮੁਸ਼ਕਲ ਕਿਸੇ ਸੱਚ ਦੇ ਵਪਾਰੀ ਦਾ।
ਨਾ ਡਰ ਸਰਕਾਰ ਦਾ ਨਾ ਧਰਮ ਰਾਜੇ ਦਾ ਰਿਹਾ ਏਥੇ
ਬਿਨਾਂ ਸੰਗ ਸ਼ਰਮ ਹੁੰਦਾ ਹੈ ਨਾਚ ਚੋਰੀ ਚਕਾਰੀ ਦਾ।
ਜਾਨ ਦੀ  ਮਾਲ ਦੀ ਪਰਿਵਾਰ ਦੀ ਰਾਖੀ ਕਿਵੇਂ ਕਰੀਏ
ਫਿਕਰ ਇਹ ਲੈ ਗਿਆ ਹੈ ਰੂਪ ਹੁਣ ਇੱਕ ਮਹਾਂਮਾਰੀ ਦਾ।
ਕੋਈ ਸਰਕਾਰ ਤੇ ਕਾਨੂੰਨ ਨਾਂ ਦੀ ਚੀਜ਼ ਨਹੀਂ ਲੱਭਦੀ
ਹਰ ਤਰਫ਼ ਰਾਜ ਹੈ ਜੰਗਲ਼ ਦਾ ਤੇ ਜਾਂ ਤਰਫ਼ਦਾਰੀ ਦਾ।
ਦੂਰ ਦਿਸਹਦੇ ਤੇ ਵੀ ਕਿਰਨ ਨਹੀਂ ਕੋਈ ਆਸ ਦੀ ਦਿਸਦੀ
ਪਨਾਗਾ ਆਸਰੇ ਜਿਸ ਦੇ ਵਕਤ ਔਖਾ ਗੁਜ਼ਾਰੀਦਾ।

Wednesday, 24 July 2019

Kali Heer Dee - ਪੱਥਰ ਨਰਮ ਨਾ ਪੈਂਦੇ ਕਦੇ ਕਿਸੇ ਨੇ ਵੇਖੇ ਨੇ



ਪੱਥਰ ਨਰਮ ਨਾ ਪੈਂਦੇ ਕਦੇ ਕਿਸੇ ਨੇ ਵੇਖੇ ਨੇ
ਸਾਲਾਂ ਬੱਧੀ ਰੱਖੇ ਪਾਣੀ ਵਿੱਚ ਡੁਬੋ ਕੇ।
ਕੋਕੜ ਮੋਠ ਨਾ ਰਿੱਝਦੇ ਤੌੜੀ ਭਾਂਵੇਂ ਸੜ ਜਾਵੇ
ਹਾਰਾ ਪਾਥੀਆਂ ਦੇ ਨਾਲ਼ ਜੇ ਭਰੀਏ ਤੋ ਤੋ ਕੇ।
ਕੱਲਰ ਦੇ ਵਿੱਚ ਪਾਇਆ ਬੀਜ ਕਦੇ ਨਾ ਫਲ਼ਿਆ ਹੈ
ਵਾਹੋ ਜਿੰਨਾ ਮਰਜ਼ੀ ਜੋਗਾਂ ਨੂੰ ਜੋ ਜੋ ਕੇ।
ਕੋਲਾ ਕਾਲ਼ੇ ਤੋਂ ਨਾ ਚਿੱਟਾ ਕਦੇ ਵੀ ਹੋ ਸਕਦਾ, ਜੱਗ ਜਾਣੇ,
ਕਰਨਾ ਚਾਹੀਏ ਉਹਨੂੰ ਦੇ ਦੁੱਧ ਦੇ ਨਾਲ਼ ਧੋ ਕੇ।
ਲੁੱਡਣ ਮੋਛਾ ਸੁੱਕਿਆ ਹੋਇਆ ਪੱਕੀ ਟਾਹਲੀ ਦਾ
ਕੌਣ ਵਿਖਾਵੇ ਉਹਨੂੰ ਮਾਸਾ ਇੱਕ ਮੁਚੋ ਕੇ।
ਕਹਿੰਦਾ ਮੁੰਡਿਆ ਤੇਰੇ ਵਰਗੇ ਨੰਗ ਮਲੰਗਾਂ ਦੀ
ਗੱਲ ਨਾ ਸੁਣਾਂ ਦੋ ਘੜੀ ਮੈਂ ਤਾਂ ਕੋਲ਼ ਖਲੋ ਕੇ।
ਬਹੁਤ ਪਖੰਡੀਆਂ ਦੇ ਨਾਲ਼ ਰੋਜ਼ ਵਾਸਤਾ ਪੈਂਦਾ ਹੈ
ਮੰਗਣ ਭੀਖ ਤਰਸ ਦੀ ਮਾਇਆ ਗੰਢ ਲੁਕੋ ਕੇ।
ਐਂਵੇਂ ਪੱਥਰ ਦੇ ਨਾਲ਼ ਮਾਰ ਨਾ ਟੱਕਰਾਂ ਛੋਕਰਿਆ, ਗੱਲ ਸੁਣ ਲੈ,
ਭਰੀ ਨਾ ਕਿਸੇ ਬਾਲ਼ਟੀ ਦੁੱਧ ਨਾਲ਼ ਝੋਟਾ ਚੋ ਕੇ।
ਧੱਕੇ ਦੇ ਨਾਲ਼ ਬੈਠਣਾ ਚਾਹੇ ਜੋ ਵਿੱਚ ਬੇੜੀ ਦੇ
ਮਾਰਾਂ ਵਿੱਚ ਝਨਾਂ ਦੇ ਧੱਕਾ ਮਾਰ ਡੁਬੋ ਕੇ।
ਲਾ ਲਾ ਪੈਰਾਂ ਨੂੰ ਹੱਥ ਤੇਰਾ ਕੁੱਝ ਨਾ ਸੌਰਨਾ
ਚੁੱਕ ਪੁਆ ਨਾ ਬੈਠੀਂ ਤੂੰ ਕੋਡਾ ਹੋ ਹੋ ਕੇ।
ਟੱਬਰ ਨੂੰ ਦੱਸ ਕੀ ਮੈਂ ਅਪਣਾ ਮਾਸ ਖੁਆਊਂਗਾ
ਤੇਰੇ ਜਿਹੇ ਮੁਸ਼ਟੰਡਿਆਂ ਨੂੰ ਬਿਨ ਪੈਸੇ ਢੋ ਕੇ?
ਕੰਡਾ ਲੇਧੜੇ ਦਾ ਬਣ ਕੇ ਐਂਵੇਂ ਚਿੰਬੜ ਨਾ, ਤੂੰ ਮੈਨੂੰ,
ਛੱਡ ਦੇ ਜਿੱਦ ਪਨਾਗਾ ਬਹਿ ਜਾ ਲਾਂਭੇ ਹੋ ਕੇ।

Kali Heerਸੁਣ ਨਾਂਹ ਕੋਰੀ ਧੀਦੋ ਮੁੱਖ ਤੋਂ ਲੁੱਡਣ ਝਬੇਲ ਦੇ




ਸੁਣ ਨਾਂਹ ਕੋਰੀ ਧੀਦੋ ਮੁੱਖ ਤੋਂ ਲੁੱਡਣ ਝਬੇਲ ਦੇ

ਪੱਤਣੋ ਹਟ ਕੇ ਥੋੜਾ ਦੂਰ ਬਹਿ ਗਿਆ ਜਾ ਕੇ।

ਭੁੱਲਣ ਖਾਤਰ ਦੁੱਖ ਦਿਲ ਵਿੱਚ ਨਿਰਾਸ਼ਾ ਡੁੱਬੇ ਦਾ

ਫੜ ਕੇ ਵੰਝਲ਼ੀ ਬਹਿ ਗਿਆ ਬੁੱਲ੍ਹਾਂ ਦੇ ਨਾਲ਼ ਲਾ ਕੇ।

ਨਿੱਕਲਣ ਲੱਗੀਆਂ ਵੰਝਲ਼ੀ ਵਿੱਚੋਂ ਧੁਨਾਂ ਪਿਆਰੀਆਂ

ਜਿੱਦਾਂ ਹੋਣ ਵਜਾਈਆਂ ਮਿਸ਼ਰੀ ਵਿੱਚ ਰਲ਼ਾ ਕੇ।

ਜੀਹਨੇ ਸੁਣੀਆਂ ਖਿੱਚਿਆ ਧੀਦੋ ਵੱਲ ਨੂੰ ਆ ਗਿਆ

ਬਹਿ ਗਿਆ ਕੋਲ਼ ਫੱਕਰ ਦੇ ਪੂਰੀ ਬਿਰਤੀ ਲਾ ਕੇ।

ਹੁੰਦੇ ਹੁੰਦੇ ਪੱਤਣ ਸਾਰਾ ਖਾਲੀ ਹੋ ਗਿਆ

ਕੁੱਲ ਮੁਸਾਫ਼ਿਰ ਬਹਿ ਗਏ ਕੋਲ਼ ਧੀਦੋ ਦੇ ਆ ਕੇ।

ਨਾਰਾਂ ਲੁੱਡਣ ਦੀਆਂ ਵੀ ਕੋਲ਼ੇ ਆ ਕੇ ਬਹਿ ਗਈਆਂ

ਜਿੱਦਾਂ ਹੋਣ ਨਾਗਣਾ ਕੀਲੀਆਂ ਬੀਨ ਵਜਾ ਕੇ।

ਐਨੀਆਂ ਮਸਤ ਹੋ ਗੀਆਂ ਭੁੱਲ ਗੀਆਂ ਅਪਣੇ ਆਪ ਨੂੰ

ਬਹਿ ਗੀਆਂ ਬਣ ਧੀਦੋ ਦੀਆਂ ਲੁੱਡਣ ਨੂੰ ਭੁਲਾ ਕੇ।

ਇੱਕ ਇੱਕ ਲੱਤ ਧੀਦੋ ਦੀ ਛਾਤੀ ਰੱਖ ਲਈ ਦੋਹਾਂ ਨੇ

ਘੁੱਟਣ ਲੱਗੀਆਂ ਪੋਲੇ ਪੋਲੇ ਜਹੇ ਦਬਾ ਕੇ।

ਲੱਤਾਂ ਵੇਖ ਘੁੱਟਦੀਆਂ ਖਤਰਾ ਪੈ ਗਿਆ ਲੁੱਡਣ ਨੂੰ

ਰੰਨਾਂ ਗੱਭਰੂ ਨੇ ਪੱਟ ਲਈਆਂ ਜਾਦੂ ਪਾ ਕੇ।

ਰਹਿ ਜਾਊਂ ਖਾਲੀ ਹੱਥ ਮੈਂ ਪੱਤਣ ਤੇ ਝੱਖ ਮਾਰਦਾ

ਮੁੰਡਾ ਰੰਨਾਂ ਮੇਰੀਆਂ ਲੈ ਜਾਊ ਖਿਸਕਾ ਕੇ।

ਹੁਣ ਪਛਤਾਵੇ ਕਿਉਂ ਨਾ ਪਾਰ ਲੰਘਾ ਤਾ ਛੋਹਰ ਨੂੰ

ਦੇਰੀ ਬਿਨਾਂ ਕੀਤਿਆਂ ਬੇੜੀ ਵਿੱਚ ਬਿਠਾ ਕੇ।

ਪਰ ਨਾ ਗਿਆ ਵਕਤ ਮੁੜ ਹੱਥ ਪਨਾਗਾ ਆਉਂਦਾ ਹੈ

ਭਾਂਵੇਂ ਜ਼ੋਰ ਲਾ ਲੀਏ ਵਾਜਾਂ ਮਾਰ ਬੁਲਾ ਕੇ।

Kali Heer ਵੰਝਲ਼ੀ ਬੁੱਲ੍ਹਾਂ ਨਾਲ਼ੋਂ ਲਾਹੀ ਧੀਦੋ ਰਾਂਝੇ ਨੇ


ਵੰਝਲ਼ੀ ਬੁੱਲ੍ਹਾਂ ਨਾਲ਼ੋਂ ਲਾਹੀ ਧੀਦੋ ਰਾਂਝੇ ਨੇ

ਟੰਗ ਲਈ ਕਮਰ ਕਸੇ ਵਿੱਚ ਬੁੱਲ੍ਹਾਂ ਨਾਲ਼ ਛੁਹਾ ਕੇ।

ਕਰਨੀ ਪਾਰ ਝਨਾਂ ਹੈ ਦਿਲ ਵਿੱਚ ਪੂਰੀ ਧਾਰ ਲਈ

ਕਰਨੀ ਪਵੇ ਜਾਨ ਦੀ ਭਾਂਵੇਂ ਬਾਜ਼ੀ ਲਾ ਕੇ।

ਠਿਲ੍ਹਣ ਲਈ ਝਨਾਂ ਵਿੱਚ ਕੰਢੇ ਉੱਤੇ ਜਾ ਖੜ੍ਹਿਆ

ਨਾਰਾਂ ਲੁੱਡਣ ਦੀਆਂ ਲਿਆ ਫੜ ਬਾਂਹਾਂ ਤੋਂ ਜਾ ਕੇ।

ਪਾਣੀ ਡੂੰਘਾ ਵਗਦਾ ਤੇਜ਼ ਬਲਾ ਦਾ ਮਹਿਰਮਾ

ਐਂਵੇਂ ਬਹਿ ਜਾਵੇਂਗਾ ਅਪਣੀ ਜਾਨ ਗੁਆ ਕੇ।

ਵਾਰੀ ਜਾਂਦੀਆਂ ਹਾਂ ਲੱਖ ਵਾਰੀ ਤੇਰੀ ਜਾਨ ਤੋਂ

ਪਾਰ ਲੰਘਾਈਏ ਤੈਨੂੰ ਮੋਢਿਆਂ ਉੱਤੇ ਚਾ ਕੇ।

ਨਹੀਂ ਮਜ਼ਾਲ ਲੁੱਡਣ ਦੀ ਰੋਕੇ ਬੇੜੀ ਚੜ੍ਹਨੇ ਤੋਂ

ਬੋਲੂ ਕੁੱਝ ਤਾਂ ਬਹਿ ਜਾਊ ਛਿੱਤਰ ਸਾਥੋਂ ਖਾ ਤੇ।

ਤੂੰ ਹੈਂ ਮਲਕ ਅਸੀਂ ਗੁਲਾਮ ਤੇਰੀਆਂ ਹੋ ਗਈਆਂ

ਸੁਰਮੇ ਵਾਂਗੂੰ ਰੱਖੀਏ ਅੱਖਾਂ ਵਿੱਚ ਵਸਾ ਕੇ।

ਬਾਂਹੋਂ ਫੜ ਧੀਦੋ ਨੂੰ ਵਿੱਚ ਬੇੜੀ ਦੇ ਲੈ ਆਈਆਂ

ਉੱਤੇ ਪਲੰਘ ਬਿਠਾ ਤਾ ਲਾੜੇ ਵਾਂਗ ਸਜਾ ਕੇ।

ਜਿੱਦਾਂ  ਕਰ ਤਕਸੀਰ ਮੁਆਫ਼ ਵਿਚਾਰੇ ਆਦਮ ਨੂੰ

ਜੰਨਤ ਵਿੱਚ ਬਿਠਾ ਤਾ ਹੋਵੇ ਕਿਸੇ ਲਿਆ ਕੇ।

ਜਾਂ ਫਿਰ ਅਜ਼ਾਜ਼ੀਲ ਨੂੰ ਕੱਢ ਕੇ ਕੋਈ ਜਹੰਨਮ ਚੋਂ

ਵਿੱਚ ਬਹਿਸ਼ਤ ਵਾੜ ਦਏ ਕੁੱਲ ਗੁਨਾਹ ਬਖ਼ਸ਼ਾ ਕੇ।

ਦੋਵੇ ਪਾਸੇ ਬਹਿ ਗੀਆਂ ਨਾਰਾਂ ਲੁੱਡਣ ਝਬੇਲ ਦੀਆਂ

ਇੱਕ ਇੱਕ ਬਾਂਹ ਪਨਾਗਾ ਕਮਰ ਦੁਆਲ਼ੇ ਪਾ ਕੇ।