Wednesday, 25 August 2021

 

ਆਉਣਾ ਨਹੀਂ ਚੈਨ ਉਦੋਂ ਤੱਕ ਮੇਰੀ ਅੱਖ ਗਿੱਲੀ ਨੂੰ।

ਲੱਤ ਹੇਠੋਂ ਨਹੀਂ ਲੰਘਾਉਂਦਾ ਜਦ ਤੱਕ ਮੈਂ ਦਿੱਲੀ ਨੂੰ।

 

ਕਾਤਲ ਪਿਉ ਦਾਦੇ ਦੇ ਤੋਂ ਬਦਲਾ ਮੈਂ ਲੈਣਾ ਹੈ।

ਕੰਡਾ ਬਣ ਖਿਆਲ ਰੜਕਦਾ ਦਿਲ ਵਿੱਚ ਇਹ ਰਹਿਣਾ ਹੈ।

ਅਕਬਰ ਦੀ ਧੌਣ ਚੋਂ ਜਦ ਤੱਕ ਕੱਢਦਾ ਨਹੀਂ ਕਿੱਲੀ ਨੂੰ।

ਆਉਣਾ ਨਹੀਂ ਚੈਨ ਉਦੋਂ ਤੱਕ ਮੇਰੀ ਅੱਖ ਗਿੱਲੀ ਨੂੰ।

ਲੱਤ ਹੇਠੋਂ ਨਹੀਂ ਲੰਘਾਉਂਦਾ ਜਦ ਤੱਕ ਮੈਂ ਦਿੱਲੀ ਨੂੰ।

 

ਲੋਕਾਂ ਲਈ ਲੜਨ ਦੇ ਬਦਲੇ ਧੌਣਾ ਕਟਵਾਈਆਂ ਤੂੰ

ਦਹਿਸ਼ਤ ਲਈ ਭਰ ਕੇ ਲਾਸ਼ਾਂ ਪੁੱਠੀਆਂ ਟੰਗਵਾਈਆਂ ਤੂੰ

ਸ਼ੇਰਾਂ ਨਾਲ਼ ਪੰਗਾ ਲੈਣਾ ਮਹਿੰਗਾ ਪਊ ਬਿੱਲੀ ਨੂੰ।

ਆਉਣਾ ਨਹੀਂ ਚੈਨ ਉਦੋਂ ਤੱਕ ਮੇਰੀ ਅੱਖ ਗਿੱਲੀ ਨੂੰ।

ਲੱਤ ਹੇਠੋਂ ਨਹੀਂ ਲੰਘਾਉਂਦਾ ਜਦ ਤੱਕ ਮੈਂ ਦਿੱਲੀ ਨੂੰ।

 

ਚੋਰੀ ਨਾ ਕਰੀ ਉਨ੍ਹਾਂ ਕੋਈ, ਡਾਕਾ ਨਾ ਮਾਰਿਆ ਸੀ।

ਜ਼ਾਲਮ ਨੂੰ ਫੜ ਤਲਵਾਰਾਂ ਰਣ ਵਿੱਚ ਵੰਗਾਰਿਆ ਸੀ।

ਲਿਆਵਾਂਗਾ ਅਕਬਰ ਤੇਰੀ ਥਾਂ ਤੇ ਮੱਤ ਹਿੱਲੀ ਨੂੰ।

ਆਉਣਾ ਨਹੀਂ ਚੈਨ ਉਦੋਂ ਤੱਕ ਮੇਰੀ ਅੱਖ ਗਿੱਲੀ ਨੂੰ।

ਲੱਤ ਹੇਠੋਂ ਨਹੀਂ ਲੰਘਾਉਂਦਾ ਜਦ ਤੱਕ ਮੈਂ ਦਿੱਲੀ ਨੂੰ।

 

ਸ਼ੇਰਾਂ ਦੇ ਪੁੱਤ ਪਾਲ਼ਿਆਂ ਕੁੱਤੇ ਨਾ ਬਣਦੇ ਨੇ।

ਆਉਂਦੀ ਜਦ ਹੋਸ਼ ਮੈਦਾਨੇ ਛਾਤੀ ਕੱਢ ਤਣਦੇ ਨੇ।

ਭੁੱਲਦੇ ਨਾ ਕਦੇ ਪਨਾਗਾ ਅਪਣੀ ਰਗ ਛਿੱਲੀ ਨੂੰ।

ਆਉਣਾ ਨਹੀਂ ਚੈਨ ਉਦੋਂ ਤੱਕ ਮੇਰੀ ਅੱਖ ਗਿੱਲੀ ਨੂੰ।

ਲੱਤ ਹੇਠੋਂ ਨਹੀਂ ਲੰਘਾਉਂਦਾ ਜਦ ਤੱਕ ਮੈਂ ਦਿੱਲੀ ਨੂੰ।


 

ਜੀਵਨ ਕੈਦ ਹੈ ਮੌਤ ਦੇ ਪਰ ਵਣਜਾਰੇ ਖੁੱਲ੍ਹੇ ਫਿਰਦੇ ਨੇ।

ਅੰਮ੍ਰਿਤ ਕਹਿ ਜੋ ਜ਼ਹਿਰ ਵੇਚਦੇ ਸਾਰੇ ਖੁੱਲ੍ਹੇ ਫਿਰਦੇ ਨੇ।

 

ਕਿਹੜਾ ਪਾਵੇ ਨੱਥ ਜੁਰਮ ਨੂੰ, ਅਪ੍ਰਾਧੀ ਨੂੰ ਕਾਬੂ ਕਰ ਕੇ

ਕੁੱਤੀ ਰਲ਼ ਗਈ ਚੋਰਾਂ ਸੰਗ, ਹਤਿਆਰੇ ਖੁੱਲ੍ਹੇ ਫਿਰਦੇ ਨੇ।

 

ਸਹੁੰਆਂ ਖਾ ਕੇ ਹਾਕਮ ਸੁੱਤੇ, ਢੋਲ ਵਜਾਇਆਂ ਵੀ ਨਾ ਜਾਗਣ

ਵਗਦੇ ਹੜ੍ਹ ਨਸ਼ਿਆਂ ਦੇ, ਭੰਨ ਕਿਨਾਰੇ, ਖੁੱਲ੍ਹੇ ਫਿਰਦੇ ਨੇ।

 

ਚੌਕੀਦਾਰ ਚੋਰ ਬਣ ਜਾਂਦੇ, ਚੋਰਾਂ ਹੱਥੋਂ ਮਾਰਾਂ ਖਾ ਵੀ

ਚੋਰ ਰਾਖਿਆਂ ਪਾਲ਼ੇ, ਬਣੇ ਵਿਚਾਰੇ, ਖੁੱਲ੍ਹੇ ਫਿਰਦੇ ਨੇ।

 

ਕਾਤਲ ਦੇ ਹੱਥ ਗ੍ਰੰਥ ਪਵਿੱਤਰ ਕਾਨੂੰਨਾਂ ਦੇ ਵਿਕ ਗਏ ਸਾਰੇ

ਗਲ਼ੀਆਂ ਵਿੱਚ ਪਰ ਸਜ਼ਾ ਦੇਣ ਦੇ ਲਾਰੇ ਖੁੱਲ੍ਹੇ ਫਿਰਦੇ ਨੇ।

 

ਬੇਦੋਸ਼ੇ ਗਰਦਾਨੇ ਦੋਸ਼ੀ,  ਬੈਠੇ ਬੰਦ ਸਲਾਖਾਂ ਪਿੱਛੇ

ਸੀਖਾਂ ਦੇ ਅਧਿਕਾਰੀ, ਰਾਜ ਦੁਲਾਰੇ, ਖੁੱਲ੍ਹੇ ਫਿਰਦੇ ਨੇ।

 

ਏਸ ਚਮਨ ਦਾ ਯਾਰ ਪਨਾਗਾ ਬੱਸ ਹੁਣ ਤਾਂ ਹੈ ਰੱਬ ਹੀ ਰਾਖਾ

ਵੱਗ ਉਜਾੜਾ ਪਾਉਂਦੇ, ਆਪ ਮੁਹਾਰੇ, ਖੁੱਲ੍ਹੇ ਫਿਰਦੇ ਨੇ।


 

ਛੱਡ ਦੇ ਮੇਰਾ ਮੇਰਾ ਕਰਨਾ, ਸਿੱਖ ਲੈ ਤੇਰਾ ਤੇਰਾ ਕਰਨਾ।

ਦੁਨੀਆਂ ਨੂੰ ਤੂੰ ਛੱਡ ਡਰਾਉਣਾ, ਸਿੱਖ ਲੈ ਉਸ ਮਾਲਕ ਤੋਂ ਡਰਨਾ।

 

ਉੱਪਰ ਤੋਂ  ਜਦ ਸੱਦਾ ਆਇਆ ਸਭ ਕੁੱਝ ਛੱਡ ਕੇ ਪੈਣਾ ਜਾਣਾ।

ਇੱਕ ਵੀ ਸਾਹ ਨਹੀਂ ਮੰਗਿਆਂ ਮਿਲਣਾ ਵਿੱਚੇ ਈ ਰਹਿ ਜਾਊ ਪੀਣਾ ਖਾਣਾ।

ਜਿੱਥੇ ਹੈ ਸਭ ਓਥੇ ਈ ਰਹਿ ਜਾਊ, ਦੇਣਾ ਲੈਣਾ, ਚੱਕਣਾ ਧਰਨਾ

ਛੱਡ ਦੇ ਮੇਰਾ ਮੇਰਾ ਕਰਨਾ, ਸਿੱਖ ਲੈ ਤੇਰਾ ਤੇਰਾ ਕਰਨਾ।

 

ਤੇਰੀ ਦੌਲਤ ਤਾਕਤ ਤੇਰਾ ਲਿਖਿਆ ਲੇਖ ਮਿਟੇਣਾ ਹੈ ਨਹੀਂ।

ਜਿਨ੍ਹਾਂ ਵਾਸਤੇ ਮਾਰੇਂ ਠੱਗੀਆਂ ਸਾਥ ਕਿਸੇ ਨੇ ਦੇਣਾ ਹੈ ਨਹੀਂ।

ਅਪਣਾ ਕੀਤਾ ਆਪ ਭੁਗਤਣਾ ਅਪਣੇ ਕਰਮੀ ਡੁੱਬਣਾ ਤਰਨਾ।

ਛੱਡ ਦੇ ਮੇਰਾ ਮੇਰਾ ਕਰਨਾ, ਸਿੱਖ ਲੈ ਤੇਰਾ ਤੇਰਾ ਕਰਨਾ।

 

ਕੱਠੀ ਕੀਤੀ ਦੌਲਤ ਦੇ ਨਾਲ਼ ਭਲਾ ਕਿਸੇ ਦਾ ਕਰਨਾ ਸਿੱਖ ਲੈ।

ਦੁੱਖ ਵੰਡਾਉਣਾ ਸਿੱਖ ਦੁਖੀਆਂ ਦਾ, ਪੀੜ ਕਿਸੇ ਦੀ ਹਰਨਾ ਸਿੱਖ ਲੈ।

ਆਫ਼ਤ ਦੀ ਥਾਂ ਸਿੱਖ ਲੈ ਮਿੱਤਰਾ ਰਹਿਮਤ ਬੂੰਦਾਂ ਬਣ ਕੇ ਵਰ੍ਹਨਾ।

ਛੱਡ ਦੇ ਮੇਰਾ ਮੇਰਾ ਕਰਨਾ, ਸਿੱਖ ਲੈ ਤੇਰਾ ਤੇਰਾ ਕਰਨਾ।

 

ਰੋਂਦੇ ਕਿਸੇ ਨੂੰ ਗਲ਼ ਨਾਲ਼ ਲਾ ਲੈ, ਭੁੱਖੇ ਦੇ ਮੂੰਹ ਬੁਰਕੀ ਪਾ ਲੈ।

ਜ਼ਖ਼ਮ ਕਿਸੇ ਦੇ ਦੁਖਦੇ ਉੱਤੇ ਲਾ ਕੇ ਮਲ੍ਹਮ ਪੁੰਨ ਕਮਾ ਲੈ।

ਮਾਰੂੰ ਮਾਰੂੰ ਕਰਨਾ ਛੱਡ ਕੇ ਸਿੱਖ ਲੈ ਆਪ ਕਿਸੇ ਲਈ ਮਰਨਾ।

ਛੱਡ ਦੇ ਮੇਰਾ ਮੇਰਾ ਕਰਨਾ, ਸਿੱਖ ਲੈ ਤੇਰਾ ਤੇਰਾ ਕਰਨਾ।

 

ਅੱਗ ਦਿਲਾਂ ਨੂੰ ਲਾਉਣਾ ਛੱਡ ਦੇ, ਲੱਗੀ ਅੱਗ ਨੂੰ ਸਿੱਖ ਬੁਝਾਉਣਾ।

ਜਾਏ ਬੀਤਦਾ ਵਕਤ ਪਨਾਗਾ, ਮੁੜ ਕੇ ਇਹਨੇ ਹੱਥ ਨਾ ਆਉਣਾ।

ਨੇਕੀ ਕਰੀ ਬਚਾਊ ਕੇਵਲ ਜਦ ਦੋਜ਼ਖ਼ ਦੀ ਅੱਗ ਨੇ ਵਰ੍ਹਨਾ।

ਛੱਡ ਦੇ ਮੇਰਾ ਮੇਰਾ ਕਰਨਾ, ਸਿੱਖ ਲੈ ਤੇਰਾ ਤੇਰਾ ਕਰਨਾ।


 

ਖ਼ੁਦ ਨੂੰ ਸਮਝ ਕੇ ਦੇਸ਼ ਭਗਤ ਮੈਂ ਮਾਣ ਰਿਹਾ ਅਪਣੇ ਤੇ ਕਰਦਾ।

ਫੁੱਲਿਆ ਰਿਹਾ ਗੁਬਾਰੇ ਵਾਂਗੂੰ, ਪੈਰ ਰਿਹਾ ਆਕੜ ਕੇ ਧਰਦਾ।

ਸੀ ਇਹ ਸੋਚ ਹੈ ਦੇਸ਼ ਭਗਤ ਜੋ ਅਪਣੇ ਵਤਨ ਤੋਂ ਸਦਕੇ ਜਾਵੇ

ਇਹਦੀ ਪਾਕ ਧਰਤ ਨੂੰ ਨਿੱਤ ਸਵੇਰੇ ਉੱਠ ਕੇ ਸੀਸ ਨਿਵਾਵੇ

ਭੰਗ ਨਾ ਹੋਏ ਅਖੰਡਤਾ ਇਹਦੀ ਸਦਾ ਦੁਆ ਬੱਸ ਇਹ ਕਰਦਾ ਜੋ

ਬੁਰੀ ਨਜ਼ਰ ਜੇ ਦੁਸ਼ਮਣ ਦੇਖੇ ਸੁਪਨੇ ਵਿੱਚ ਵੀ ਨਾ ਜਰਦਾ ਜੋ

ਪਿਆਰ ਇਦ੍ਹੇ ਲੋਕਾਂ ਨੂੰ ਕਰਦਾ, ਇਹਦੇ ਲਈ ਜਿਉਂਦਾ ਮਰਦਾ

ਇਸ ਦੀ ਖੁਸ਼ਹਾਲੀ ਦੀ ਖਾਤਰ ਹਰ ਪਲ ਅਪਣਾ ਅਰਪਣ ਕਰਦਾ

ਬਣ ਜਾਵੇ ਇਹ ਮੋਹਰੀ ਜੱਗ ਦਾ ਉੱਠਦੇ ਬਹਿੰਦੇ ਕਰੇ ਦੁਆਵਾਂ

ਗੁੱਡੀ ਇਹਦੀ ਚੜ੍ਹਦੀ ਤੱਕ ਤੱਕ ਉਡੇ ਖੁਸ਼ੀ ਨਾਲ਼ ਵਿੱਚ ਹਵਾਵਾਂ

 

ਅੱਜ ਜਦੋਂ ਇਹ ਸਮਝ ਹੈ ਆਇਆ ਕੀਹਨੂੰ ਦੇਸ਼ ਭਗਤ ਹਨ ਕਹਿੰਦੇ

ਦੂਰ ਹੋ ਗਏ ਸਭੇ ਭੁਲੇਖੇ ਜੋ ਸਨ ਮੇਰੇ ਮਨ ਵਿੱਚ ਰਹਿੰਦੇ।

 

ਹਰੇ ਰੰਗ ਦੀ ਕੋਈ ਇਮਾਰਤ ਚੁੱਕ ਹਥੌੜਾ ਤੋੜੀ ਹੈ  ਨਹੀਂ।

ਵੱਖਰੀ ਸੋਚ ਦੇ ਕਿਸੇ ਸ਼ਖ਼ਸ ਦੀ ਗਰਦਨ ਕਦੇ ਮਰੋੜੀ ਹੈ ਨਹੀਂ।

ਖੋਹ ਕੇ ਇੱਕ ਗ੍ਰੰਥ ਕਿਸੇ ਹੱਥ ਦੂਜਾ ਕਦੇ ਫੜਾਇਆ ਹੈ ਨਹੀਂ।

ਇੱਕ ਹਮਸਾਏ ਨੂੰ ਭੁੱਲ ਕੇ ਵੀ ਦੂਜੇ ਨਾਲ਼ ਲੜਾਇਆ ਹੈ ਨਹੀਂ।

ਕਦੇ ਦੇਸ਼ ਦੇ ਵਿਹੜੇ ਦੇ ਵਿੱਚ ਕੋਈ ਕੰਧ ਉਸਾਰੀ ਹੈ ਨਹੀਂ।

ਲਾਟ ਤਬਾਹੀ ਦੀ ਜੋ ਬਣ ਜਾਏ ਉੱਗਲ਼ੀ ਕਦੇ ਚਿੰਗਾੜੀ ਹੈ ਨਹੀਂ।

ਇੱਕ ਤਿਹਾਈ ਹਮਵਤਨਾਂ ਨੂੰ ਕਦੇ ਬਿਗਾਨੇ ਮੰਨਿਆਂ ਹੈ ਨਹੀਂ।

ਪੂਜਣ ਜੋ ਕੋਈ ਹੋਰ ਪੈਗੰਬਰ ਵੈਰ ਉਨ੍ਹਾਂ ਨਾਲ਼ ਬੰਨ੍ਹਿਆਂ ਹੈ ਨਹੀਂ।

ਛੱਡ ਜਾਵੋ ਇਹ ਦੇਸ਼ ਅਸਾਡਾ ਬਾਂਹ ਚੁੱਕ ਨਾਹਰਾ ਲਾਇਆ ਹੈ ਨਹੀਂ।

ਵੰਡ ਦਏ ਅਪਣੇ ਲੋਕਾਂ ਨੂੰ ਜੋ ਸ਼ਬਦ ਬੁੱਲ੍ਹਾਂ ਤੇ ਆਇਆ ਹੈ ਨਹੀਂ।

ਕੌਮੀ ਦੌਲਤ ਕੁੱਝ ਹੱਥਾਂ ਵਿੱਚ ਦੇਣ ਦੀ ਕਰੀ ਹਮਾਇਤ ਹੈ ਨਹੀਂ।

ਇੱਕੋ ਰੰਗ ਚਮਨ ਦਾ ਹੋਵੇ ਕਦੇ ਜ਼ੁਬਾਨੋ ਸਕਿਆ ਕਹਿ ਨਹੀਂ।

ਪਿਆਰ ਨੂੰ ਨਫ਼ਰਤ ਦੇ ਵਿੱਚ ਬਦਲੇ ਕੀਤੀ ਕੋਈ ਗੱਲ ਕਦੇ ਨਹੀਂ।

ਸਾਂਝਾਂ ਨੂੰ ਜੋ ਲੀਰਾਂ ਕਰ ਦਏ ਮਾਰੀ ਕੋਈ ਮੱਲ ਕਦੇ ਨਹੀਂ।

 

ਮੰਨਦਾ ਹਾਂ ਮੈਂ ਦੇਸ਼ ਭਗਤ ਨਹੀਂ ਕਿਉਂਕਿ ਮੈਂ ਇੰਝ ਕਰ ਨਹੀਂ ਸਕਦਾ।

ਮੁੜ ਕੇ ਵੰਡੀਆਂ ਪੈਣ ਦੇਸ਼ ਦੀਆਂ ਕਿਉਂਕਿ ਮੈਂ ਇਹ ਜਰ ਨਹੀਂ ਸਕਦਾ।

ਅਪਣੀ ਸੋਚ ਪੁਰਾਣੀ ਉੱਤੇ ਪਰ ਮੈਨੂੰ ਅਫਸੋਸ ਨਹੀਂ ਹੈ।

ਉੱਜੜ ਜਾਏ ਬਹਾਰ ਚਮਨ ਦੀ ਕਿਉਂਕਿ ਮੇਰੀ ਸੋਚ ਨਹੀਂ ਹੈ।


 

ਤਾਕਤ ਦੇ ਲਈ ਇੱਕ ਦੂਜੇ ਨੂੰ ਠਿੱਬ੍ਹੀਆਂ ਲਾਓ ਨਾ।

ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

 

ਕੁੱਝ ਦਿਨ ਛੱਡ ਸਿਆਸਤ ਬਣ ਇਨਸਾਨ ਦਿਖਾ ਦੇਵੋ।

ਭੁੱਲ ਕਮੀਣੀਆਂ ਚਾਲਾਂ ਨੂਰੀ ਸ਼ਾਨ ਦਿਖਾ ਦੇਵੋ।

ਬਣ ਸੱਤਾ ਦੇ ਪਾਂਧੀ ਮਨ ਚੋਂ ਰੱਬ ਭੁਲਾਓ ਨਾ।

ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

 

ਸੁਣੋ ਉਨ੍ਹਾਂ ਦੀਆਂ ਚੀਕਾਂ  ਜੋ  ਲਏ ਲੁੱਟ ਕਰੋਨਾ ਨੇ।

ਫੜੋ ਉਨ੍ਹਾਂ ਦੀ ਬਾਂਹ ਜੋ ਦਿੱਤੇ ਪੁੱਟ ਕਰੋਨਾ ਨੇ।

ਆਪਾ ਚੀਨੋ ਦੂਜਿਆਂ ਤੇ ਇਲਜ਼ਾਮ ਲਗਾਓ ਨਾ।

ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

 

ਆਫ਼ਤ ਦੇ ਡਰ ਨਾਲ਼ ਹੌਸਲੇ ਖਰਦਿਆਂ ਨੂੰ ਦੇਖੋ।

ਬੇਰੁਜ਼ਗਾਰੀ ਹੱਥੋਂ ਭੁੱਖੇ ਮਰਦਿਆਂ ਨੂੰ ਦੇਖੋ।

ਭੁੱਖਿਆਂ ਦੇ ਲਈ ਆਇਆ ਰਾਸ਼ਨ ਆਪ ਖਪਾਓ ਨਾ।

ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।

 

ਉਮਰ ਹੈ ਪਈ ਪਨਾਗਾ ਸਿਆਸੀ ਜੰਗਾਂ ਲੜਨ ਲਈ।

ਵਕਤ ਵੰਗਾਰ ਰਿਹਾ ਅੱਜ ਮਾਨਵਤਾ ਨਾਲ਼ ਖੜ੍ਹਨ ਲਈ।

ਸਿਆਸਤ ਦਾ ਹਥਕੰਡਾ ਦੁੱਖ ਦੀ ਘੜੀ ਬਣਾਓ ਨਾ।

ਰਲ਼ ਕੇ ਲੜੋ ਬਲਾ ਨਾਲ਼ ਸਿਆਸਤ ਨੂੰ ਚਮਕਾਓ ਨਾ।


 

ਗੱਲੀਂ ਪੀਰ ਨਾ ਬਣਿਆਂ ਜਾਂਦਾ, ਕਰ ਕੇ ਕੁੱਝ ਦਿਖਾਉਣਾ ਪੈਂਦੈ।

ਹਿੰਦ ਦੀ ਚਾਦਰ ਬਣਨ ਲਈ ਜਾ ਦਿੱਲੀ ਸੀਸ ਕਟਾਉਣਾ ਪੈਂਦੈ।

 

ਤਲਵਾਰਾਂ ਦੇ ਹੱਥੋਂ ਲਹਿੰਦੇ ਤਿਲਕ ਜੰਜੂ ਨਾਲ਼ ਖੜ੍ਹਨਾ ਪੈਂਦੈ।

ਬੇਬਸ ਮਜ਼ਲੂਮਾਂ ਦਾ ਹੱਥ ਲਾਹ ਸਾਰੇ ਹੀ ਡਰ ਫੜਨਾ ਪੈਂਦੈ।

ਰੋਂਦੀ ਹਿੰਦ ਦੇ ਦਿਲ ਦਾ ਦੁੱਖ ਦਿਲ ਅਪਣੇ ਉੱਤੇ ਹੰਢਾਉਣਾ ਪੈਂਦੈ।

ਹਿੰਦ ਦੀ ਚਾਦਰ ਬਣਨ ਲਈ ਜਾ ਦਿੱਲੀ ਸੀਸ ਕਟਾਉਣਾ ਪੈਂਦੈ।

 

ਭੁੱਲ ਕੇ ਸਾਰਾ ਮੋਹ ਅਪਣਿਆਂ ਦਾ, ਦੁਖੀਆਂ ਦਾ ਦੁੱਖ ਕੱਟਣਾ ਪੈਂਦਾ।

ਸੀਸ ਤਲ਼ੀ ਤੇ ਧਰ ਕੇ ਅਪਣਾ, ਜ਼ਾਲਮ ਅੱਗੇ ਡੱਟਣਾ ਪੈਂਦਾ।

ਬਾਲ ਯਤੀਮ ਬਣੇ ਨਾ ਕੋਈ, ਪੁੱਤ ਯਤੀਮ ਬਣਾਉਣਾ ਪੈਂਦੈ।

ਹਿੰਦ ਦੀ ਚਾਦਰ ਬਣਨ ਲਈ ਜਾ ਦਿੱਲੀ ਸੀਸ ਕਟਾਉਣਾ ਪੈਂਦੈ।

 

ਚੱਲ ਮਕਤੂਲ ਨੂੰ ਕਤਲ ਹੋਣ ਲਈ ਕਾਤਲ ਦੇ ਦਰ ਆਉਣਾ ਪੈਂਦੈ।

ਪਿੰਜਰੇ ਵਿੱਚ ਪਨਾਗਾ ਬਣ ਕੇ ਕੈਦੀ  ਵਕਤ ਬਿਤਾਉਣਾ ਪੈਂਦੈ।

ਤੇਗ ਬਹਾਦਰ ਬਣ ਦਿੱਲੀ ਦੇ ਤਖ਼ਤ ਨਾਲ਼ ਟਕਰਾਉਣਾ ਪੈਂਦੈ।

ਹਿੰਦ ਦੀ ਚਾਦਰ ਬਣਨ ਲਈ ਜਾ ਦਿੱਲੀ ਸੀਸ ਕਟਾਉਣਾ ਪੈਂਦੈ।

 

ਕਿਸ ਵਿੱਚ ਆਉਂਦਾ ਸ਼ਹਿਰ ਹੈ ਸਾਡਾ

ਨਜ਼ਰ ਹੈ ਰਹਿੰਦੀ ਜ਼ੋਨਾਂ ਉੱਤੇ।

ਮਿੱਤਰਾਂ ਨਾਲ਼ ਮੇਲ ਵੀ ਹੁਣ ਤਾਂ

ਹੋਏ ਤਾਂ ਹੁੰਦੈ ਫੋਨਾਂ ਉੱਤੇ।

ਰਹਿੰਦੀ ਨਿਗ੍ਹਾ ਦੁਮੇਲ ਦੇ ਉੱਤੇ,

ਕਦੋਂ ਆਊਗਾ ਕੋਈ ਫ਼ਰਿਸ਼ਤਾ

ਖੁਸ਼ੀਆਂ ਭਰਿਆ ਦੇਣ ਸੁਨੇਹਾ

ਹੋ ਗਈ ਜਿੱਤ ਕਰੋਨਾ ਉੱਤੇ?