Wednesday, 25 August 2021

 

ਫੜ ਲਿਆ ਵਿੱਚ ਦੁਨੀਆਂ ਦੇ ਐਨਾ ਜ਼ੋਰ ਕਰੋਨਾ ਨੇ।

ਦਿੱਤੀ ਬਦਲ ਜ਼ਮਾਨੇ ਦੀ ਹੈ ਤੋਰ ਕਰੋਨਾ ਨੇ।

ਜੱਫੀ ਪਾਉਣਾ ਛੱਡੋ ਕੋਈ ਹੱਥ ਮਿਲਾਉਂਦਾ ਨਹੀਂ,

ਦਿੱਤਾ ਹੈ ਰਿਸ਼ਤਿਆਂ ਨੂੰ ਏਨਾ ਖੋਰ ਕਰੋਨਾ ਨੇ।

ਲੱਗ ਪਏ ਹਾਂ ਕਰਨ ਸਲਾਮ ਦੂਰ ਤੋਂ ਮਿੱਤਰਾਂ ਨੂੰ,

ਅਪਣੇ ਦਿੱਤੇ ਰੱਖ ਬਣਾ ਕੇ ਹੋਰ ਕਰੋਨਾ ਨੇ।

ਫੁੱਲਾਂ ਵਰਗੇ ਰਿਸ਼ਤੇ ਮਹਿਕ ਜਿਨ੍ਹਾਂ ਚੋਂ ਆਉਂਦੀ ਸੀ,

ਦਿੱਤੇ ਅੱਜ ਬਣਾ ਕੰਡਿਆਲੀ ਥੋਹਰ ਕਰੋਨਾ ਨੇ।

ਲੰਘ ਜਾਂਦੇ ਨੇ ਕੋਲ਼ੋਂ ਯਾਰ ਪਛਾਣੇ ਜਾਂਦੇ ਨਹੀਂ,

ਮੂੰਹ ਸਿਰ ਕੱਜੀਂ ਫਿਰਨ, ਬਣਾ ਤੇ ਚੋਰ ਕਰੋਨਾ ਨੇ।

ਡਿਗੇ ਪਏ ਨੂੰ ਹੱਥੋਂ ਫੜ ਕੇ ਕੋਈ ਉਠਾਉਂਦਾ ਨਹੀਂ,

ਕਰ ਦਿੱਤੇ ਹਨ ਐਨੇ ਚਿੱਤ ਕਠੋਰ ਕਰੋਨਾ ਨੇ।

ਬੰਦੇ ਨੂੰ ਆਖਦਿਆਂ ਬੰਦਾ ਸ਼ਰਮ ਜਹੀ ਆਵੇ,

ਦਿੱਤਾ ਅੱਜ ਬਣਾ ਉਸ ਨੂੰ ਕੁੱਝ ਹੋਰ ਕਰੋਨਾ ਨੇ।

ਖ਼ੌਫ਼ ਮੌਤ ਦਾ ਸੜਕਾਂ ਉੱਤੇ ਘੁੰਮਦਾ ਫਿਰਦਾ ਹੈ,

ਦੇ ਤੀ ਹੱਥ ਹਵਾਵਾਂ ਉਸ ਦੀ ਡੋਰ ਕਰੋਨਾ ਨੇ।

ਮੋਏ ਦਾ ਸਸਕਾਰ ਵੀ ਕਰਨ ਬਿਗਾਨੇ ਹੀ ਹੁਣ ਤਾਂ,

ਖੂਨ ਦਾ ਰਿਸ਼ਤਾ ਕਰ ਦਿੱਤਾ ਕਮਜ਼ੋਰ ਕਰੋਨਾ ਨੇ।    

ਮਰਦਾ ਹੈ ਮਰ ਜਾਵੇ ਹੱਥ ਪਨਾਗਾ ਲਾਉਂਦੇ ਨਹੀਂ,

ਕਲ਼ਜੁਗ ਅੱਜ ਬਣਾ ਤਾ ਕਲ਼ਜੁਗ ਘੋਰ ਕਰੋਨਾ ਨੇ।


 

ਚਿਹਰੇ ਉੱਤੇ ਜੋ ਦੁੱਖ ਲਿਖਿਆ ਜੱਗ ਤੋਂ ਕਿਵੇਂ ਛੁਪਾਵਾਂ ਮੈਂ।

ਚਿਹਰੋ ਤੋਂ ਜੋ ਪੜ੍ਹ ਨਹੀਂ ਸਕਦਾ ਕਿੰਝ ਦਿਲ ਚੀਰ ਦਿਖਾਵਾਂ ਮੈਂ।

ਇੱਕ ਵੈਦ ਤੋਂ ਬਿਨਾਂ ਕਿਸੇ ਕੋਲ਼ ਦਾਰੂ ਨਾ ਇਸ ਦੁੱਖ ਦਾ ਕੋਈ

ਓਹੀ ਫਿਰੇ ਕਸਾਈ ਬਣਿਆਂ ਕਿਹੜਾ ਵੈਦ ਬੁਲਾਵਾਂ ਮੈਂ।

ਸੁਰਗ ਬਣਾਉਣਾ ਸੀ ਜਿਸ ਘਰ ਨੂੰ ਛੱਤ ਹੈ ਉਹਦੀ ਗਿਰਦੀ ਜਾਂਦੀ

ਝੱਖੜ ਨ੍ਹੇਰੀ ਨਾਲ਼ ਏਸ ਨੂੰ ਢਹਿਣੋ ਕਿਵੇਂ ਬਚਾਵਾਂ ਮੈਂ

ਦਿਲ ਦੇ ਤਖ਼ਤ ਬਿਠਾ ਕੇ ਵੀ ਮੈਂ ਜੀਹਦੇ ਦਿਲ ਨੂੰ ਜਿੱਤ ਨਾ ਸਕਿਆ

ਦੱਸੋ ਕਿਹੜੇ ਤਖ਼ਤ ਦੇ ਉੱਤੇ ਉਸ ਨੂੰ ਹੋਰ ਬਿਠਾਵਾਂ ਮੈਂ।

ਇੱਕ ਜਾਨ ਤੋਂ ਬਿਨਾਂ ਨਾ ਕੁੱਝ ਵੀ ਜਿਸ ਤੋਂ ਕਦੇ ਲੁਕੋ ਕੇ ਰੱਖਿਆ

ਸਮਝ ਨਾ ਆਵੇ ਕੀ ਨਜ਼ਰਾਨਾ ਉਸ ਦੀ ਝੋਲ਼ੀ ਪਾਵਾਂ ਮੈਂ।

ਦਿਲ ਦੇ ਵਿੱਚ ਹੰਝੂਆਂ ਦਾ ਵਾਸਾ ਹੂਕਾਂ ਹਰ ਇੱਕ ਸੁਰ ਚੋਂ ਨਿੱਕਲਣ

ਕਿਹੜੇ ਦਿਲ ਨਾਲ਼ ਲੋਕੇ ਦੱਸੋ ਗੀਤ ਖੁਸ਼ੀ ਦੇ ਗਾਵਾਂ ਮੈਂ।

ਫਿਰ ਵੀ ਕੋਸ਼ਿਸ਼ ਕਰਾਂ ਪਨਾਗਾ ਇਸ ਦਲਦਲ ਦੇ ਵਿੱਚੋਂ ਨਿੱਕਲ਼

ਖੁਸ਼ਬੋਦਾਰ ਫੁੱਲਾਂ ਦੇ ਬੂਟੇ ਗੁਲਸ਼ਨ ਵਿੱਚ ਉਗਾਵਾਂ ਮੈਂ।

 

ਮੰਗੀ ਮੌਤ ਜੇ ਕਿਤੋਂ ਮਿਲ ਜਾਵੇ ਹੱਸ ਕੇ ਮੈਂ ਗਲ਼ ਲਾ ਲਵਾਂ।

ਪਰ ਦੋਸ਼ ਨਾ ਕਿਸੇ ਸਿਰ ਆਵੇ ਹੱਸ ਕੇ ਮੈਂ ਗਲ਼ ਲਾ ਲਵਾਂ।

ਰਹੀ ਨਾ ਤਮੰਨਾ ਹੋਰ ਜੱਗ ਉੱਤੇ ਜੀਣ ਦੀ।

ਮੁੱਕ ਗਈ ਸਧਰ ਸਾਰੀ ਖਾਣ ਦੀ ਤੇ ਪੀਣ ਦੀ।

ਵੱਢ ਚੂੰਢੀਆਂ ਵਕਤ ਤੜਪਾਵੇ, ਹੱਸ ਕੇ ਮੈਂ ਗਲ਼ ਲਾ ਲਵਾਂ।

ਮੰਗੀ ਮੌਤ ਜੇ ਕਿਤੋਂ ਮਿਲ ਜਾਵੇ ਹੱਸ ਕੇ ਮੈਂ ਗਲ਼ ਲਾ ਲਵਾਂ।

 

ਖਾਸ ਕਿਸੇ ਯਾਰ ਵਾਂਗ ਮੌਤ ਨੂੰ ਉਡੀਕਾਂ ਮੈਂ

ਮਾਰ ਮਾਰ ਕੰਧਾਂ ਤੇ ਮਿਟਾਉਂਦਾ ਰਹਾਂ ਲੀਕਾਂ ਮੈਂ।

ਜਿੰਦ ਰਹਿਗੀ ਬਣ ਹੌਕੇ ਅਤੇ ਹਾਵੇ, ਹੱਸ ਕੇ ਮੈਂ ਗਲ਼ ਲਾ ਲਵਾਂ

ਮੰਗੀ ਮੌਤ ਜੇ ਕਿਤੋਂ ਮਿਲ ਜਾਵੇ ਹੱਸ ਕੇ ਮੈਂ ਗਲ਼ ਲਾ ਲਵਾਂ।

 

ਖੜ੍ਹ ਕੇ ਬਰੂਹਾਂ ਵਿੱਚ ਤੱਕਾਂ ਉਹਦਾ ਰਾਹ ਮੈਂ।

ਸੁਣਦਾ ਬਿੜਕ ਰਹਾਂ ਰੋਕ ਰੋਕ ਸਾਹ ਮੈਂ।

ਕਿਤੇ ਲੱਗ ਨਾ ਭੁਲੇਖਾ ਉਹਨੂੰ ਜਾਵੇ, ਹੱਸ ਕੇ ਮੈਂ ਗਲ਼ ਲਾ ਲਵਾਂ।

ਮੰਗੀ ਮੌਤ ਜੇ ਕਿਤੋਂ ਮਿਲ ਜਾਵੇ ਹੱਸ ਕੇ ਮੈਂ ਗਲ਼ ਲਾ ਲਵਾਂ

 

ਨਿੱਕੀ ਜੇਹੀ ਭੁੱਲ ਦਿੱਤੇ ਬਦਲ ਹਾਲਾਤ ਨੇ।

ਖੂਹ ਦੇ ਵਿੱਚ ਧੱਕਾ ਦੇ ਤਾ ਅੰਨ੍ਹੇ ਜਜ਼ਬਾਤ ਨੇ।

ਵੇਲ਼ਾ ਭੁੱਲਿਆ ਪਨਾਗ ਤੋਂ ਨਾ ਜਾਵੇ, ਹੱਸ ਕੇ ਮੈਂ ਗਲ਼ ਲਾ ਲਵਾਂ।

ਮੰਗੀ ਮੌਤ ਜੇ ਕਿਤੋਂ ਮਿਲ ਜਾਵੇ ਹੱਸ ਕੇ ਮੈਂ ਗਲ਼ ਲਾ ਲਵਾਂ।

 


ਇੱਕ ਗਲਤੀ ਖਾ ਜਾਂਦੀ ਕੀਤੀ ਸਾਰੀ ਉਮਰ ਕਮਾਈ।

ਮੁੜ ਵਕਤ ਨਾ ਆਉਂਦਾ ਹੈ ਬੰਦਾ ਲੱਖ ਜਾਵੇ ਪਛਤਾਈ।

ਅਪਣਿਆਂ ਸਹਾਰੇ ਹੈ ਜਿੱਤੀਦਾ ਜੱਗ ਆਖਦੇ ਦਾਨੇ।

ਓਦੋਂ ਪਰ ਹਰ ਜਾਂਦਾ ਅਪਣੇ ਬਣਦੇ ਜਦੋਂ ਬਿਗਾਨੇ।

ਜੱਗ ਨੂੰ ਜਿੱਤ ਲੈਂਦਾ ਹੈ ਜਿਹੜਾ ਚਿੱਤ ਨਿਮਰਤਾ ਧਾਰੇ।

ਜਿੱਤਿਆ ਵੀ ਹਰ ਜਾਂਦਾ ਜਿਹੜਾ ਨਾ ਗੁੱਸੇ  ਨੂੰ ਮਾਰੇ।

ਹੈ ਆਖ ਫਰੀਦ ਗਿਆ ਮਾਰੇ ਕੋਈ ਨਾ ਮਾਰੋ ਘੁੰਮ ਕੇ

ਘਰ ਅਪਣੇ ਤੁਰ ਜਾਵੋ ਨਿਉਂ ਕੇ ਪੈਰ ਓਸ ਦੇ ਚੁੰਮ ਕੇ

ਅੱਖਾਂ ਦੇ ਪਾਣੀ ਦੀ ਰੱਬ ਨੇ ਐਸੀ ਘੜੀ ਤਾਸੀਰ।

ਮਨ ਹਲਕਾ ਹੋ ਜਾਂਦੈ ਵਗਦਾ ਨੈਣਾਂ ਚੋਂ ਜਦ ਨੀਰ।

ਅਪਣਾ ਮਨ ਮੰਨ ਲੈਂਦਾ ਕੀਤੇ ਅਪਣੇ ਜਦੋਂ ਗੁਨਾਹ ਨੂੰ।

ਹੱਸ ਕਰੇ ਕਬੂਲ ਬੰਦਾ ਉਸ ਦੇ ਬਦਲੇ ਮਿਲੀ ਸਜ਼ਾ ਨੂੰ।

ਬਣ ਖਾਕ ਪਨਾਗਾ ਤੂੰ ਪੈਰਾਂ ਦੇ ਵਿੱਚ ਸਿੱਖ ਲੈ ਬਹਿਣਾ।

ਜੋ ਜ਼ਖਮ ਦਵੇ ਦੁਨੀਆਂ ਸਿੱਖ ਲੈ ਹੱਸ ਕੇ ਉਸ ਨੂੰ ਸਹਿਣਾ।


 

ਚਾਰੇ ਪਾਸੇ ਛਾਈ ਹੈ ਚੁੱਪ।

ਪਤਾ ਨਾ ਕਿੱਥੋਂ ਆਈ ਹੈ ਚੁੱਪ।

ਰਹਿਬਰ ਰੌਲ਼ਾ ਪਾਉਣ ਘਣੇਰਾ

ਜੰਤਾ ਦੇ ਗਲ਼ ਪਾਈ ਹੈ ਚੁੱਪ।

ਮੌਤ ਦਾ ਡਰ ਹੈ, ਮੋਹ ਜ਼ਿੰਦਗੀ ਦਾ

ਜਿਸ ਨੇ ਦਿਲੀਂ ਵਸਾਈ ਹੈ ਚੁੱਪ।

ਕਦੋਂ ਟੁੱਟੇਗਾ ਚੁੱਪ ਦਾ ਪਹਿਰਾ

ਸੋਚ ਸੋਚ ਘਬਰਾਈ ਹੈ ਚੁੱਪ।

ਰੱਬ ਬਣ ਕੇ ਬਹਿ ਗਿਆ ਸੀ ਜਿਹੜਾ

ਉਸ ਇਹ ਆਪ ਕਮਾਈ ਹੈ ਚੁੱਪ।

ਜਾਨਾਂ ਸਾਂਭਣ ਦੇ ਲਈ ਧਾਰੀ

ਜਾਨਾਂ ਦੀ ਤ੍ਰਿਹਾਈ ਹੈ ਚੁੱਪ।

ਓਹੀ ਜਾਣਨ ਪੀੜ ਪਨਾਗਾ

ਪਿੰਡੇ ਜਿਨ੍ਹਾਂ ਹੰਢਾਈ ਹੈ ਚੁੱਪ।

 

ਅਕਲ ਨਾ ਆਉਂਦੀ ਰਾਸ ਕਦੇ ਤਲਵਾਰਾਂ ਨੂੰ।

ਸੂਲ਼ੀ ਮਿਲੇ ਇਨਾਮ ਅਕਲ ਬਰਦਾਰਾਂ ਨੂੰ।

 

ਕਦਰ ਨਾ ਜੱਗ ਤੇ ਕਰਦਾ ਕੋਈ ਸਿਆਣਪ ਦੀ

ਮੂਰਖ ਟੋਲਾ ਸਾਂਭ ਲਏ ਸਤਿਕਾਰਾਂ ਨੂੰ।

 

ਗੱਲ ਅਕਲ ਦੀ ਕੋਈ ਸਿਆਣਾ ਕਰ ਦਏ ਜੇ

ਪੈ ਜਾਂਦਾ ਹੈ ਖਤਰਾ ਝੱਟ ਸਰਕਾਰਾਂ ਨੂੰ।

 

ਕਿਹੋ ਜਿਹਾ ਇਹ ਮੌਸਮ ਚੰਦਰਾ ਆਇਆ ਹੈ

ਲਾ ਦਿੱਤਾ ਹੈ ਜਿਸ ਨੇ ਗ੍ਰਹਿਣ ਬਹਾਰਾਂ ਨੂੰ।

 

ਅੰਦਰ ਬਹਿ ਕੇ ਕਦ ਤੱਕ ਵਕਤ ਗੁਜ਼ਾਰਾਂਗੇ

ਤਾਲ਼ਾ ਕਦ ਤੱਕ ਲੱਗਿਆ ਰਹੂ ਬਜ਼ਾਰਾਂ ਨੂੰ?

 

ਤੀਰ ਨਿਸ਼ਾਨੇ ਪੈਣ ਨਾ ਤੀਰ ਅੰਦਾਜ਼ਾਂ ਦੇ

ਭੁੱਲ ਗਿਆ ਚੜ੍ਹਨਾ ਘੋੜੇ ਸ਼ਾਹ ਅਸਵਾਰਾਂ ਨੂੰ।

 

ਨਜ਼ਦੀਕੀ ਦੀ ਥਾਂ ਹੈ ਲੈ ਲਈ ਦੂਰੀਆਂ ਨੇ

ਤਰਸ ਗਏ ਨੇ ਯਾਰ ਮਿਲਣ ਲਈ ਯਾਰਾਂ ਨੂੰ।

 

ਚਾਰੇ ਪਾਸੇ ਚੁੱਪ ਪਨਾਗਾ ਛਾਈ ਹੈ

ਬੋਲਣ ਦਾ ਹੱਕ  ਟੀ ਵੀ ਜਾਂ ਅਖ਼ਬਾਰਾਂ ਨੂੰ।

 

ਦੁਨੀਆਂ ਭਾਵੇਂ ਮਰ ਜਾਏ ਸਾਰੀ ਮੈਂ ਬਚ ਜਾਂ ਜੋ ਕਹਿੰਦੇ ਨੇ।

ਏਹੋ ਜਿਹੇ ਇਨਸਾਨ ਵੀ ਸੱਜਣਾ ਦੁਨੀਆਂ ਦੇ ਵਿੱਚ ਰਹਿੰਦੇ ਨੇ।

 

ਮੇਰੇ ਮਰਿਆਂ ਜੇ ਜੱਗ ਬਚਦੈ ਹਾਜ਼ਰ ਹੈ ਜਿੰਦ ਹਰ ਵੇਲ਼ੇ

ਹੱਥ ਜੋੜ ਕੇ ਮਾਲਕ ਅੱਗੇ ਵਿਰਲੇ ਈ ਤਰਲਾ ਲੈਂਦੇ ਨੇ।

 

ਬੰਦੇ ਕਹਿਣ ਦੀ ਥਾਂ ਦਿਲ ਕਰਦੈ ਆਖ ਦੇਵਤੇ ਮੈਂ ਸਤਿਕਾਰਾਂ

ਬਲ਼ਦੀ ਅੱਗ ਵਿੱਚ ਦੂਜੇ ਦੀ ਥਾਂ ਜੋ ਹੱਸ ਕੇ ਜਾ ਬਹਿੰਦੇ ਨੇ।

 

ਕੁੱਲੀਆਂ ਵੱਲ ਨੂੰ ਕੋਈ ਨਾ ਵੇਖੇ, ਸਭ ਤੱਕਦੇ ਨੇ ਮਹਿਲਾਂ ਵੱਲ ਨੂੰ

ਰੇਤੇ ਦਿਆਂ ਘਰਾਂ ਦੇ ਵਾਂਗੂੰ ਜਦੋਂ ਮੁਨਾਰੇ ਢਹਿੰਦੇ ਨੇ।

 

ਭੁੱਲ ਜਾਂਦੇ ਨੇ ਅਪਣੀ ਮੌਤ ਨੂੰ ਬਣ ਕੇ ਰੱਬ ਦੁਨੀਆਂ ਦੇ ਹਾਕਮ

ਇੱਕ ਦੂਜੇ ਨੂੰ ਮਾਰਨ ਲਈ ਜਦ ਇੱਕ ਦੂਜੇ ਨਾਲ਼ ਖਹਿੰਦੇ ਨੇ।

 

ਜਿੱਤਦੇ ਅੰਤ ਨੇ ਓਹੀ ਜਿਹੜੇ ਭਲਾ ਸਭਸ ਦਾ ਮੰਗਦੇ ਹੋਏ

ਜੱਗ ਦੇ ਸਿਰ ਤੇ ਆਈ ਮੁਸੀਬਤ ਅਪਣੇ ਸਿਰ ਤੇ ਸਹਿੰਦੇ ਨੇ।

 

ਵਿੱਚ ਉਸ ਦੀ ਦਰਗਾਹ ਪਨਾਗਾ ਝੂਠੀ ਚੱਲਦੀ ਨਹੀਂ ਗਵਾਹੀ

ਅਪਣੇ ਕੀਤੇ ਜੁਰਮ ਹਮੇਸ਼ਾਂ ਆਪ ਭੁਗਤਣੇ ਪੈਂਦੇ ਨੇ।