Tuesday, 21 May 2019

ਗੀਤ - ਜੋ ਸੇਵਾ ਕਰਨੀ ਚਾਹੁੰਦੇ ਨੇ




ਗੀਤ
ਜੋ ਸੇਵਾ ਕਰਨੀ ਚਾਹੁੰਦੇ ਨੇ
ਜੋ ਸੇਵਾ ਕਰਨੀ ਚਾਹੁੰਦੇ ਨੇ ਉਹ ਕੁਰਸੀ ਦੀ ਮੰਗ ਕਰਦੇ ਨਹੀਂ।
ਪਾ ਜੁੱਤੀ ਮੋਢੇ ਰੱਖ ਪਰਨਾ ਤੁਰ ਪੈਂਦੇ ਸਫ਼ਰੋਂ ਡਰਦੇ ਨਹੀਂ।

ਕੁਰਸੀ ਤੇ ਬਹਿ ਜੋ ਹੁੰਦੀ ਹੈ ਉਹ ਸੇਵਾ ਨਹੀਂ ਹਕੂਮਤ ਹੈ।
ਹੱਥ ਦੇ ਵਿੱਚ ਹੁੰਦਾ ਡੰਡਾ ਹੈ ਤੇ ਜੀਭ ਤੇ ਹੁੰਦੀ ਤੂਹਮਤ ਹੈ।
ਉੰਗਲ਼ ਜੇ ਕੋਈ ਉੱਠਦੀ ਹੈ ਕੁਰਸੀ ਤੇ ਬੈਠੇ ਜਰਦੇ ਨਹੀਂ।
ਜੋ ਸੇਵਾ ਕਰਨੀ ਚਾਹੁੰਦੇ ਨੇ ਉਹ ਕੁਰਸੀ ਦੀ ਮੰਗ ਕਰਦੇ ਨਹੀਂ।

 ਜੋ ਸੱਚਮੁੱਚ ਸੇਵਾ ਕਰਦੇ ਨੇ ਉਹ ਏਧਰ ਓਧਰ ਤੱਕਦੇ ਨਹੀਂ।
ਫਲ਼ ਦੇਵੇਗਾ ਕੋਈ ਸੇਵਾ ਦਾ ਉਹ ਆਸ ਕਦੇ ਵੀ ਰੱਖਦੇ ਨਹੀਂ।
ਤਾਕਤ ਦੌਲਤ ਜਾਂ ਸ਼ੁਹਰਤ ਤੇ ਕਦੇ ਭੁੱਲ ਕੇ ਵੀ ਅੱਖ ਧਰਦੇ ਨਹੀਂ।
ਜੋ ਸੇਵਾ ਕਰਨੀ ਚਾਹੁੰਦੇ ਨੇ ਉਹ ਕੁਰਸੀ ਦੀ ਮੰਗ ਕਰਦੇ ਨਹੀਂ।

ਕੋਈ ਹੋਰ ਜੇ ਸੇਵਾ ਵੱਧ ਕਰੇ ਕਦੇ ਵੇਖ ਓਸ ਨੂੰ ਸੜਦੇ ਨਹੀਂ।
ਕਿਸੇ ਦੂਜੇ ਤਾਂਈਂ ਪਛਾੜਨ ਲਈ ਕਦੇ ਬੈਠ ਸਾਜਸ਼ਾਂ ਘੜਦੇ ਨਹੀਂ।
ਸਗੋਂ ਤੱਕ ਤੱਕ ਕੇ ਖੁਸ਼ ਹੁੰਦੇ ਨੇ ਇਹ ਵਾਂਗ ਲੂਣ ਦੇ ਖਰਦੇ ਨਹੀਂ।
ਜੋ ਸੇਵਾ ਕਰਨੀ ਚਾਹੁੰਦੇ ਨੇ ਉਹ ਕੁਰਸੀ ਦੀ ਮੰਗ ਕਰਦੇ ਨਹੀਂ।

ਦੂਜੇ ਨੂੰ ਮਾੜਾ ਆਖਣ ਨਾ ਕਦੇ ਖੁਦ ਨੂੰ ਚੰਗਾ ਕਹਿੰਦੇ ਨਹੀਂ।
ਹੱਸ ਅਪਣੀ ਨਿੰਦਾ ਸਹਿ ਲੈਂਦੇ ਕਦੇ ਮਨ ਤੇ ਲਾ ਕੇ ਬਹਿੰਦੇ ਨਹੀਂ।
ਬਣ ਧੂੜ ਪਨਾਗਾ ਰਹਿੰਦੇ ਨੇ ਕਮੀਆਂ ਤੇ ਪਾਉਂਦੇ ਪਰਦੇ ਨਹੀਂ।
ਜੋ ਸੇਵਾ ਕਰਨੀ ਚਾਹੁੰਦੇ ਨੇ ਉਹ ਕੁਰਸੀ ਦੀ ਮੰਗ ਕਰਦੇ ਨਹੀਂ।

ਗੀਤ - ਬਿਨ ਤੇਰੇ ਸੱਜਣਾ ਵੇ ਮੇਰਾ ਹੋਰ ਨਾ ਕੋਈ ਸਹਾਰਾ।





ਬਿਨ ਤੇਰੇ ਸੱਜਣਾ ਵੇ
ਝੂਠੀਆਂ ਦਿਲਜੋਈਆਂ ਹੈ ਕਰਦਾ ਰਹਿੰਦਾ ਇਹ ਜੱਗ ਸਾਰਾ।
ਬਿਨ ਤੇਰੇ ਸੱਜਣਾ ਵੇ ਮੇਰਾ ਹੋਰ ਨਾ ਕੋਈ ਸਹਾਰਾ।
ਬਣ ਬਣ ਕੇ ਅਪਣੇ ਵੇ ਲੋਕੀ ਦਿੰਦੇ ਰਹਿਣ ਦਿਲਾਸੇ।
ਸੂਈਆਂ ਬਣ ਚੁਭਦੇ ਨੇ ਹੱਸਦੇ ਉਹ ਜੋ ਨਕਲੀ ਹਾਸੇ।
ਦਿਲ ਸੁਣ ਕੇ ਹੋ ਜਾਂਦੈ ਪਹਿਲਾਂ ਨਾਲ਼ੋਂ ਵੀ ਵੱਧ ਭਾਰਾ।
ਬਿਨ ਤੇਰੇ ਸੱਜਣਾ ਵੇ ਮੇਰਾ ਹੋਰ ਨਾ ਕੋਈ ਸਹਾਰਾ।

ਰੁੱਤ ਆਏ ਬਹਾਰ ਜਦੋਂ ਚਾਰੇ ਪਾਸੇ ਛਾ ਜਾਏ ਖੇੜਾ।
ਖਾਂਦਾ ਵੱਢ ਵੱਢ ਮੈਨੂੰ ਫੁੱਲਾਂ ਨਾਲ਼ ਮਹਿਕਦਾ ਵਿਹੜਾ।
ਦਿਲ ਡੋਲਣ ਲੱਗ ਜਾਂਦਾ ਜਿੱਦਾਂ ਬੇਤਲ ਦੇ ਵਿੱਚ ਪਾਰਾ।
ਬਿਨ ਤੇਰੇ ਸੱਜਣਾ ਵੇ ਮੇਰਾ ਹੋਰ ਨਾ ਕੋਈ ਸਹਾਰਾ।

ਹਨ ਅੰਗ ਤੇ ਸਾਕ ਬੜੇ ਪਰ ਨਾ ਥਾਂ ਲੈ ਸਕਦੇ ਤੇਰੀ।
ਰਹੇ ਲੱਭਦੀ ਤੈਨੂੰ ਹੀ ਹਰ ਪਲ ਨਜ਼ਰ ਕੁਪੱਤੀ ਮੇਰੀ।
ਕਦੇ ਜੋਰ ਪਰਾਏ ਨਾ ਸੱਜਣਾ ਪਾਇਆ ਕਿਸੇ ਕਿਨਾਰਾ।
ਬਿਨ ਤੇਰੇ ਸੱਜਣਾ ਵੇ ਮੇਰਾ ਹੋਰ ਨਾ ਕੋਈ ਸਹਾਰਾ।

ਮਿਠੀਆਂ ਵੀ ਜਗਤ ਦੀਆਂ ਦਿਲ ਦੇ ਉੱਪਰ ਚਲਾਉਂਦੀਆਂ ਆਰੇ।
ਰੋਸੇ ਵੀ ਪਰ ਤੇਰੇ ਸੱਜਣਾ ਲੱਗਦੇ ਅੱਤ ਪਿਆਰੇ।
ਆ ਫੜ ਲੈ ਬਾਂਹ ਮੇਰੀ ਮਿੰਨਤਾਂ ਕਰੇ ਪਨਾਗ ਵਿਚਾਰਾ।
ਬਿਨ ਤੇਰੇ ਸੱਜਣਾ ਵੇ ਮੇਰਾ ਹੋਰ ਨਾ ਕੋਈ ਸਹਾਰਾ।

Thursday, 16 May 2019

ਗੀਤ - ਧੀਆਂ ਤੋਂ ਨਹੀਂ ਡਰਦੇ




 ਗੀਤ
            ਧੀਆਂ ਤੋਂ ਨਹੀਂ ਡਰਦੇ
ਝਪਟ ਕੇ ਬੇਡਰ ਬਾਜ ਨੋਚਦੇ ਮਾਸ ਮਾਸੂਮ ਪਰਿੰਦਿਆਂ ਦਾ।
ਧੀਆਂ ਤੋਂ ਨਹੀਂ ਡਰਦੇ ਪਰ ਹੈ ਖਾਂਦਾ ਖੌਫ਼ ਦਰਿੰਦਿਆਂ ਦਾ।

ਕੀ ਜੱਗ ਤੇ ਕੀ ਰੱਬ ਸਭ ਦਾ ਇਹ ਖੌਫ਼ ਵਿਸਾਰੀ ਫਿਰਦੇ ਨੇ।
ਇਸ ਨਗਰੀ ਦੇ ਰਾਖੇ ਖੁਦ ਹੀ ਬਣੇ ਸ਼ਿਕਾਰੀ ਫਿਰਦੇ ਨੇ।
ਉੱਜਲ਼ ਚੋਲ਼ਾ ਧੋਖਾ ਦਵੇ ਸ਼ੈਤਾਨਾਂ ਦਿਆਂ ਕਰਿੰਦਿਆਂ ਦਾ।
ਧੀਆਂ ਤੋਂ ਨਹੀਂ ਡਰਦੇ ਪਰ ਹੈ ਖਾਂਦਾ ਖੌਫ਼ ਦਰਿੰਦਿਆਂ ਦਾ।

ਪੈੜ ਰਹਿਣ ਹਰ ਵੇਲ਼ੇ ਲੱਭਦੇ ਨਵੀਂਆਂ ਕਲੀਆਂ ਖਿੜੀਆਂ ਦੀ।
ਸੁਣਦਾ ਨਹੀਂ ਕੁਰਲਾਟ ਕੋਈ ਏਥੇ ਜ਼ਖ਼ਮੀ ਚਿੜੀਆਂ ਦੀ।
ਖੁਲ੍ਹਾ ਰੱਸਾ ਛੱਡਿਆ ਹੋਇਐ ਚੌਧਰੀਆਂ ਨੇ ਛਿੰਦਿਆਂ ਦਾ।
ਧੀਆਂ ਤੋਂ ਨਹੀਂ ਡਰਦੇ ਪਰ ਹੈ ਖਾਂਦਾ ਖੌਫ਼ ਦਰਿੰਦਿਆਂ ਦਾ।

ਕੂੰਜ ਕੋਈ ਜੇ ਬਚ ਬਾਜਾਂ ਤੋਂ ਘਰ ਅਪਣੇ ਤੁਰ ਜਾਂਦੀ ਹੈ।
ਟੋਲੀ ਭੁੱਖੇ ਬਾਘਾਂ ਦੀ ਉਹਨੂੰ ਵੱਢ ਵੱਢ ਓਥੇ ਖਾਂਦੀ ਹੈ।
ਦਮ ਟੁੱਟ ਜਾਂਦੈ ਤੋੜ ਤੋੜ ਕੇ ਮਾਸ ਉਨ੍ਹਾਂ ਨੂੰ ਦਿੰਦਿਆਂ ਦਾ।
ਧੀਆਂ ਤੋਂ ਨਹੀਂ ਡਰਦੇ ਪਰ ਹੈ ਖਾਂਦਾ ਖੌਫ਼ ਦਰਿੰਦਿਆਂ ਦਾ।

ਹਲ਼ਕੇ ਕੁੱਤਿਆਂ ਨੂੰ ਜਦ ਤੀਕਰ ਨੱਥ ਅਸੀਂ ਪਾ ਸਕਦੇ ਨਹੀਂ।
ਧੀ ਦੀ ਕਿਲਕਾਰੀ ਨੂੰ ਲੋਕੀ ਹੱਸ ਕੇ ਗਲ਼ ਲਾ ਸਕਦੇ ਨਹੀਂ।
ਹੋਣਾ ਨਾ ਕੋਈ ਅਸਰ ਪਨਾਗਾ ਸਿਰਫ਼ ਜ਼ਬਾਨੋ ਨਿੰਦਿਆਂ ਦਾ।
ਧੀਆਂ ਤੋਂ ਨਹੀਂ ਡਰਦੇ ਪਰ ਹੈ ਖਾਂਦਾ ਖੌਫ਼ ਦਰਿੰਦਿਆਂ ਦਾ।

ਗੀਤ - ਚਿੱਟਿਆਂ ਤੋਂ ਕਿਉਂ ਡਰਦੈਂ




ਗੀਤ
             ਚਿੱਟਿਆਂ ਤੋਂ ਕਿਉਂ ਡਰਦੈਂ
ਚਿੱਟਿਆਂ ਤੋਂ ਕਿਉਂ ਡਰਦੈਂ ਬੰਦਿਆ ਚਿੱਟਿਆਂ ਤੋਂ ਕਿਉਂ ਡਰਦਾ ਹੈਂ।
ਧੋਖਾ ਦੇਣ ਲਈ ਲੋਕਾਂ ਨੂੰ ਕਿਉਂ ਮੂੰਹ ਕਾਲ਼ਾ ਕਰਦਾ ਹੈਂ।

ਕੁਦਰਤ ਹੈ ਬਲਵਾਨ ਓਸ ਨੂੰ ਟੋਕ ਕੋਈ ਵੀ ਸਕਦਾ ਨਹੀਂ।
ਵਕਤ ਬਲੀ ਦੀ ਚਾਲ ਸੂਰਮਾ ਰੋਕ ਕੋਈ ਵੀ ਸਕਦਾ ਨਹੀਂ।
ਕਿਉਂ ਕੁਦਰਤ ਨਾਲ਼ ਟੱਕਰ ਲੈਂਦਾ, ਨਾਲ਼ ਖੁਦਾ ਕਿਉਂ ਲੜਦਾ ਹੈਂ।
ਚਿੱਟਿਆਂ ਤੋਂ ਕਿਉਂ ਡਰਦੈਂ ਬੰਦਿਆ ਚਿੱਟਿਆਂ ਤੋਂ ਕਿਉਂ ਡਰਦਾ ਹੈਂ।

ਜੋ ਵੀ ਜੰਮਿਆਂ ਉਸ ਦੇ ਉੱਤੇ ਜੋਬਨ ਇੱਕ ਦਿਨ ਆਉਂਦਾ ਹੈ।
ਦੋ ਦਿਨ ਨਸ਼ਾ ਚੜ੍ਹਾ ਕੇ ਪੂਰਾ ਆਖਰ ਪਿੱਠ ਦਿਖਾਉਂਦਾ ਹੈ।
ਜੋਬਨ ਜਾਂਦਾ ਤੱਕ ਕੇ ਵੀਰਾ ਕਿਉਂ ਤਿਲ ਤਿਲ ਕਰ ਮਰਦਾ ਹੈਂ।
ਚਿੱਟਿਆਂ ਤੋਂ ਕਿਉਂ ਡਰਦੈਂ ਬੰਦਿਆ ਚਿੱਟਿਆਂ ਤੋਂ ਕਿਉਂ ਡਰਦਾ ਹੈਂ।

ਚਿੱਟੇ ਤੇਰੇ ਕਾਲ਼ੇ ਦਿਲ ਦੇ ਉੱਤੇ ਪਰਦਾ ਪਾਉਂਦੇ ਨੇ।
ਕਾਲ਼ਿਆਂ ਵਾਲ਼ੇ ਤਾਂਹੀਓਂ ਝੁਕ ਕੇ ਗੋਡਿਆਂ ਨੂੰ ਹੱਥ ਲਾਉਂਦੇ ਨੇ।
ਸਮਝ ਨਾ ਆਵੇ ਤੱਕ ਕੇ ਚਿੱਟੇ ਹੌਲ ਨਾਲ਼ ਕਿਉਂ ਮਰਦਾ ਹੈਂ।
ਚਿੱਟਿਆਂ ਤੋਂ ਕਿਉਂ ਡਰਦੈਂ ਬੰਦਿਆ ਚਿੱਟਿਆਂ ਤੋਂ ਕਿਉਂ ਡਰਦਾ ਹੈਂ।

ਚਿੱਟਆਂ ਵਾਲ਼ੇ ਮੂਰਖ ਨੂੰ ਵੀ ਲੋਕ ਸਿਆਣਾ ਕਹਿੰਦੇ ਨੇ।
ਸਿੱਖਣ ਦੇ ਲਈ ਗੁਰ ਜਿੰਦਗੀ ਦੇ ਨੇੜੇ ਹੋ ਹੋ ਬਹਿੰਦੇ ਨੇ।
ਇਨ੍ਹਾਂ ਕੀਮਤੀ ਚਿੱਟਿਆਂ ਦੀ ਤੌਹੀਨ ਕਾਸ ਤੋਂ ਕਰਦਾ ਹੈਂ।
ਚਿੱਟਿਆਂ ਤੋਂ ਕਿਉਂ ਡਰਦੈਂ ਬੰਦਿਆ ਚਿੱਟਿਆਂ ਤੋਂ ਕਿਉਂ ਡਰਦਾ ਹੈਂ।

ਲੰਘ ਹੈ  ਗਈ ਜਵਾਨੀ ਜਿਹੜੀ ਰੰਗਿਆਂ ਨੇ ਪਰਤਾਉਣੀ ਨਹੀਂ।
ਉਹ ਤਾਕਤ ਉਹ ਚੁਸਤੀ ਫੁਰਤੀ ਕਾਲ਼ੇ ਕਰਿਆਂ ਆਉਣੀ ਨਹੀਂ।
ਬੇ-ਮੰਜ਼ਲ ਰਸਤੇ ਤੇ ਕਿਉਂ ਤੂੰ ਪੈਰ ਪਨਾਗਾ ਧਰਦਾ ਹੈਂ।
ਚਿੱਟਿਆਂ ਤੋਂ ਕਿਉਂ ਡਰਦੈਂ ਬੰਦਿਆ ਚਿੱਟਿਆਂ ਤੋਂ ਕਿਉਂ ਡਰਦਾ ਹੈਂ।

ਗ਼ਜ਼ਲ - ਭੀੜ ਚ ਕੱਲੇ ਬੈਠੇ ਹਾਂ ਅੱਜ ਖੋ ਗਏ ਬੋਲ ਜ਼ਬਾਨਾਂ ਦੇ।




ਗ਼ਜ਼ਲ
ਭੀੜ ਚ ਕੱਲੇ ਬੈਠੇ ਹਾਂ ਅੱਜ ਖੋ ਗਏ ਬੋਲ ਜ਼ਬਾਨਾਂ ਦੇ।
ਸਾਂਝਾਂ ਤੋਂ ਹਨ ਸੱਖਣੇ ਹੋ ਗਏ ਹਿਰਦੇ ਹੁਣ ਇਨਸਾਨਾਂ ਦੇ।
ਰਾਹ ਸੀ ਜਿਨ੍ਹਾਂ ਦਿਖਾਉਣਾ ਉਹ ਖੁਦ ਰਾਹ ਤੋਂ ਭਟਕੇ ਫਿਰਦੇ ਨੇ
ਤੀਰ ਉਨ੍ਹਾਂ ਦੇ ਤਾਂਹੀਓਂ ਉੱਤੇ ਪੈਂਦੇ ਨਹੀਂ ਨਿਸ਼ਾਨਾਂ ਦੇ।
ਨਵੀਂ ਪਨੀਰੀ ਸਭ ਕਦਰਾਂ ਤੋਂ ਬਾਗੀ ਹੋਈ ਫਿਰਦੀ ਹੈ
ਗੱਲ ਅਕਲ ਦੀ ਖਾਨੇ ਦੇ ਵਿੱਚ ਵੜਦੀ ਨਹੀਂ ਜਵਾਨਾਂ ਦੇ।
ਨਫ਼ਰਤ, ਵੈਰ, ਦਵੈਸ਼, ਈਰਖਾ ਜੂਹਾਂ ਮੱਲੀ ਬੈਠੇ ਨੇ
ਬੈਠੇ ਹਾਂ ਭੁੱਲ ਪਿਆਰ ਮੁਹੱਬਤ ਚੇਲੇ ਬਣ ਸ਼ੈਤਾਨਾਂ ਦੇ।
ਚੱਲੇ ਸਾਂ ਅਸੀਂ ਬਣਨ ਦੇਵਤੇ ਉੱਚੇ ਉੱਠ ਇਨਸਾਨਾਂ ਤੋਂ
ਪਤਾ ਨਹੀਂ ਕਿਸ ਮੋੜ ਤੇ ਆ ਕੇ ਰਾਹ ਪੈ ਗਏ ਹੈਵਾਨਾਂ ਦੇ।
ਗਿਰਗਟ ਦੇ ਰੰਗ ਵਾਂਗੂੰ ਰਹਿੰਦੇ ਰੰਗ ਬਦਲਦੇ ਹਰ ਪਲ ਹੀ
ਝੂਠੇ ਧੋਖੇਬਾਜ਼ ਸਿਆਸਤਦਾਨਾਂ ਦੇ ਐਲਾਨਾਂ ਦੇ।
ਪੱਧਰ ਖੇਤ ਨੂੰ ਕਰਨੇ ਦੇ ਲਈ ਖਿੱਚਣਾ ਪੈਂਦਾ ਮਿੱਟੀ ਨੂੰ
ਢਾਹੁਣਾ ਪੈਂਦਾ ਟਿੱਬਿਆਂ ਨੂੰ ਢਿੱਡ ਭਰਨੇ ਲਈ ਖਤਾਨਾਂ ਦੇ।
ਅਪਣੀ ਮੱਤ ਨੂੰ ਸਮਝ ਕੇ ਵੱਡਾ ਪੁਰਖਾਂ ਦਾ ਰਾਹ ਛੱਡ ਬੈਠੇ
ਬੌਨੇ ਬੋਲ ਨੇ ਜਾਪਣ ਲੱਗੇ ਬੰਦਿਆਂ ਪਰਮ ਮਹਾਨਾਂ ਦੇ।
ਅੰਮ੍ਰਿਤ ਦਾ ਖੋ ਲਿਆ ਖ਼ਜਾਨਾ, ਜੀਵਨ ਲੱਭਦੇ ਫਿਰਦੇ ਹਾਂ
ਢੇਰ ਪਨਾਗਾ ਇਰਦ ਗਿਰਦ ਲਾ ਮੌਤ ਦਿਆਂ ਸਾਮਾਨਾਂ ਦੇ।

ਗ਼ਜ਼ਲ - ਸੁਣ ਸੁਣ ਕੇ ਦਿਲ ਚੀਰ ਕੀਰਨੇ ਗਸ਼ੀਆਂ ਪੈਣ ਹਵਾਵਾਂ ਨੂੰ।




ਗ਼ਜ਼ਲ
ਸੁਣ ਸੁਣ ਕੇ ਦਿਲ ਚੀਰ ਕੀਰਨੇ ਗਸ਼ੀਆਂ ਪੈਣ ਹਵਾਵਾਂ ਨੂੰ।
ਪੁੱਤਾਂ ਨੂੰ ਖਾ ਲੈਣ ਨਸ਼ੇ ਪਰ ਮੌਤ ਨਾ ਆਉਂਦੀ ਮਾਂਵਾਂ ਨੂੰ।
ਪੱਥਰ ਦਿਲ ਕਰ ਮੋਢਾ ਬਾਪੂ ਲਾ ਲੈਂਦਾ ਹੈ ਅਰਥੀ ਨੂੰ
ਸਿਵਿਆਂ ਵਿੱਚ ਖੜ੍ਹ ਵਾਜਾਂ ਮਾਰਨ ਭੈਣਾਂ ਮੋਏ ਭਰਾਵਾਂ ਨੂੰ।
ਸੂਹੇ ਵਸਤਰ ਅੱਗ ਬਣ ਜਾਂਦੇ, ਡੰਗ ਚੂੜੀਆਂ ਮਾਰਦੀਆਂ
ਕਿਹੜਾ ਦੇਵੇ ਮੱਤ ਸਬਰ ਦੀ ਵਿਧਵਾ ਹੋ ਗਏ ਚਾਵਾਂ ਨੂੰ।
ਸੂਰਜ ਨੂੰ ਆ ਜਾਏ ਤ੍ਰੇਲ਼ੀ, ਦਿਲ ਚੰਦ ਦਾ ਜੰਮ ਜਾਂਦਾ ਹੈ
ਸੁਣ ਸੁਣ ਧਰਤੀ ਉੱਤੋਂ ਉੱਠਦੀਆਂ ਹਿਰਦੇ ਵਿੰਨ੍ਹਦੀਆਂ ਧਾਹਵਾਂ ਨੂੰ।
ਧੀ ਦਾ ਬਾਬਲ ਚੇਤੇ ਕਰ ਕਰ ਰੋਂਦਾ ਧੀਰਜ ਧਰਦਾ ਨਹੀਂ
ਘੋੜੀ ਚੜ੍ਹ ਕੇ ਆਏ ਨਸ਼ੇ ਨਾਲ਼ ਲਾਡੋ ਧੀ ਦੀਆਂ ਲਾਵਾਂ ਨੂੰ।
ਹਾੜ੍ਹਾ ਵੇ ਸਮਝਾਵੋ ਕੋਈ ਸ਼ੈਤਾਨੀ ਕਿਰਦਾਰਾਂ ਤਾਂਈਂ
ਅੰਗਿਆਰਾਂ ਨਾਲ਼ ਰਹਿਣ ਸਜਾਉਂਦੇ ਜੋ ਫੁੱਲਾਂ ਦੀਆਂ ਰਾਹਵਾਂ ਨੂੰ।
ਦੂਜੇ ਦੇ ਘਰ ਲਾਈ ਪਨਾਗਾ ਅਪਣੇ ਘਰ ਵੀ ਆ ਜਾਂਦੀ 
ਬਖ਼ਸ਼ੇ ਅੱਗ ਨਾ ਸੋਨੇ ਚਾਂਦੀ ਦੇ ਵਿੱਚ ਮੜ੍ਹਿਆਂ ਨਾਂਵਾਂ ਨੂੰ।

ਗ਼ਜ਼ਲ - ਦਾਰੂ ਦੇ ਨਾਲ਼ ਰੱਜਦਾ ਸ਼ਰਾਬੀ ਕਦੇ ਨਹੀਂ।




ਗ਼ਜ਼ਲ
ਦਾਰੂ ਦੇ ਨਾਲ਼ ਰੱਜਦਾ ਸ਼ਰਾਬੀ ਕਦੇ ਨਹੀਂ।
ਪੱਲੇ ਤੋਂ ਖਰਚ ਪੀਂਦਾ ਹਿਸਾਬੀ ਕਦੇ ਨਹੀਂ।
ਹੈ ਪੀਣ ਲੱਗੇ ਰਹਿੰਦਾ ਸੀਮਾ ਦੇ ਵਿੱਚ ਜੋ
ਪੀ ਕੇ ਉਹ ਬੰਦਾ ਕਰਦਾ ਖਰਾਬੀ ਕਦੇ ਨਹੀਂ।
ਬਹਿ ਕੇ ਕੁਬੇਰ ਤੇ ਵੀ ਰਹਿੰਦਾ ਕੰਜੂਸ ਹੀ
ਕਿਸਮਤ ਚ ਜਿਸ ਦੇ ਕਰਨੀ ਨਵਾਬੀ ਕਦੇ ਨਹੀਂ।
ਫੜ ਉੰਗਲ਼ੀ ਤਜ਼ਰਬਾ ਲੈ ਆਦਮੀ ਨੂੰ ਜਾਏ
ਜਿੱਥੇ ਲਿਜਾਂਦਾ ਗਿਆਨ ਕਿਤਾਬੀ ਕਦੇ ਨਹੀਂ।
ਹਰ ਆਦਮੀ ਦੀ ਫਿਤਰਤ ਹੁੰਦੀ ਹੈ ਆਪੋ ਅਪਣੀ
ਹੋ  ਕਲੀ ਦਾ ਰੰਗ ਸਕਦਾ ਗੁਲਾਬੀ ਕਦੇ ਨਹੀਂ।
ਕਾਲ਼ਾ ਨਾ ਹੋਏ ਚਿੱਟਾ ਲੱਖ ਪਾਲਿਸ਼ਾਂ ਕਰੇ ਵੀ
ਗਧਿਆਂ ਨੂੰ ਆਉਂਦੀ ਹਾਜ਼ਰ ਜਵਾਬੀ ਕਦੇ ਨਹੀਂ।
ਸਾਗਰ ਵਿਸ਼ਾਲ ਕਿੰਨਾ, ਕਿੰਨੀ ਡੂੰਘਾਈ ਇਹਦੀ
ਇਹ ਸੋਚ ਸਕਦੀ ਮਛਲੀ ਤਲਾਬੀ ਕਦੇ ਨਹੀਂ।
ਦਿਲ ਖੁਸ਼ ਪਨਾਗਾ ਹੋਵੇ ਹਾਸਾ ਵੀ ਤਾਂ ਹੀ ਆਉਂਦੈ
ਲੱਟ ਲੱਟ ਬਲ਼ਦੀ ਲੱਕੜ ਸਲ੍ਹਾਬੀ ਕਦੇ ਨਹੀਂ।