ਗ਼ਜ਼ਲ
ਸੁਣ ਸੁਣ ਕੇ ਦਿਲ ਚੀਰ ਕੀਰਨੇ
ਗਸ਼ੀਆਂ ਪੈਣ ਹਵਾਵਾਂ ਨੂੰ।
ਪੁੱਤਾਂ ਨੂੰ ਖਾ ਲੈਣ ਨਸ਼ੇ ਪਰ
ਮੌਤ ਨਾ ਆਉਂਦੀ ਮਾਂਵਾਂ ਨੂੰ।
ਪੱਥਰ ਦਿਲ ਕਰ ਮੋਢਾ ਬਾਪੂ ਲਾ ਲੈਂਦਾ
ਹੈ ਅਰਥੀ ਨੂੰ
ਸਿਵਿਆਂ ਵਿੱਚ ਖੜ੍ਹ ਵਾਜਾਂ
ਮਾਰਨ ਭੈਣਾਂ ਮੋਏ ਭਰਾਵਾਂ ਨੂੰ।
ਸੂਹੇ ਵਸਤਰ ਅੱਗ ਬਣ ਜਾਂਦੇ,
ਡੰਗ ਚੂੜੀਆਂ ਮਾਰਦੀਆਂ
ਕਿਹੜਾ ਦੇਵੇ ਮੱਤ ਸਬਰ ਦੀ
ਵਿਧਵਾ ਹੋ ਗਏ ਚਾਵਾਂ ਨੂੰ।
ਸੂਰਜ ਨੂੰ ਆ ਜਾਏ ਤ੍ਰੇਲ਼ੀ,
ਦਿਲ ਚੰਦ ਦਾ ਜੰਮ ਜਾਂਦਾ ਹੈ
ਸੁਣ ਸੁਣ ਧਰਤੀ ਉੱਤੋਂ
ਉੱਠਦੀਆਂ ਹਿਰਦੇ ਵਿੰਨ੍ਹਦੀਆਂ ਧਾਹਵਾਂ ਨੂੰ।
ਧੀ ਦਾ ਬਾਬਲ ਚੇਤੇ ਕਰ ਕਰ
ਰੋਂਦਾ ਧੀਰਜ ਧਰਦਾ ਨਹੀਂ
ਘੋੜੀ ਚੜ੍ਹ ਕੇ ਆਏ ਨਸ਼ੇ ਨਾਲ਼
ਲਾਡੋ ਧੀ ਦੀਆਂ ਲਾਵਾਂ ਨੂੰ।
ਹਾੜ੍ਹਾ ਵੇ ਸਮਝਾਵੋ ਕੋਈ
ਸ਼ੈਤਾਨੀ ਕਿਰਦਾਰਾਂ ਤਾਂਈਂ
ਅੰਗਿਆਰਾਂ ਨਾਲ਼ ਰਹਿਣ ਸਜਾਉਂਦੇ
ਜੋ ਫੁੱਲਾਂ ਦੀਆਂ ਰਾਹਵਾਂ ਨੂੰ।
ਦੂਜੇ ਦੇ ਘਰ ਲਾਈ ਪਨਾਗਾ ਅਪਣੇ
ਘਰ ਵੀ ਆ ਜਾਂਦੀ
ਬਖ਼ਸ਼ੇ ਅੱਗ ਨਾ ਸੋਨੇ ਚਾਂਦੀ
ਦੇ ਵਿੱਚ ਮੜ੍ਹਿਆਂ ਨਾਂਵਾਂ ਨੂੰ।
No comments:
Post a Comment