Thursday 16 May 2019

ਗੀਤ - ਟੁੱਟੀ ਦਾ ਦੁੱਖ ਓਹੀ ਜਾਣੇ ਜਿਸ ਨੂੰ ਜਰਨਾ ਪੈਂਦਾ ਹੈ

ਗੀਤ
ਕਿਣਕਾ ਕਿਣਕਾ ਜਿੰਦ ਖੁਰਦੀ ਹੈ, ਤਿਲ ਤਿਲ ਮਰਨਾ ਪੈਂਦਾ ਹੈ।
ਟੁੱਟੀ ਦਾ ਦੁੱਖ ਓਹੀ ਜਾਣੇ ਜਿਸ ਨੂੰ ਜਰਨਾ ਪੈਂਦਾ ਹੈ।

ਹਰ ਸਾਹ ਦੇ ਨਾਲ਼ ਹੂੰਗਰ ਵੱਜਦੀ, ਹਰ ਪਲ ਸੰਘੀ ਘੁੱਟਦਾ ਹੈ।
ਭੁੱਲ ਜਾਂਦਾ ਹੈ ਚਾਲ ਸਮਾਂ ਵੀ, ਕਦਮ ਨਾ ਅੱਗੇ ਪੁੱਟਦਾ ਹੈ।
ਅੱਗ ਦਾ ਸਾਗਰ ਬਣਿਆਂ ਜੀਵਨ ਸੜ ਸੜ ਤਰਨਾ ਪੈਂਦਾ ਹੈ।
ਟੁੱਟੀ ਦਾ ਦੁੱਖ ਓਹੀ ਜਾਣੇ ਜਿਸ ਨੂੰ ਜਰਨਾ ਪੈਂਦਾ ਹੈ।

ਯਾਦ ਸੱਜਣ ਦੀ ਬਣ ਕੇ ਕੰਡਾ ਜਿਹਨ ਚ ਚੁਭਦੀ ਰਹਿੰਦੀ ਹੈ।
ਦਿਲ ਤੇ ਚੱਲਣ ਛੁਰੀਆਂ ਤੇ ਰੱਤ ਅੱਥਰੂ ਬਣ ਕੇ ਵਹਿੰਦੀ ਹੈ।
ਯਾਦਾਂ ਬਣਨ ਹਥੌੜੇ ਦਿਲ ਨੂੰ ਪੱਥਰ ਕਰਨਾ ਪੈਂਦਾ ਹੈ।
ਟੁੱਟੀ ਦਾ ਦੁੱਖ ਓਹੀ ਜਾਣੇ ਜਿਸ ਨੂੰ ਜਰਨਾ ਪੈਂਦਾ ਹੈ।

ਕੋਈ ਨਿਆਮਤ ਵੀ ਦੁਨੀਆਂ ਦੀ ਟੁੱਟੇ ਦਿਲ ਨੂੰ ਭਾਉਂਦੀ ਨਹੀਂ।
ਖਾਣ ਪੀਣ ਨੂੰ ਦਿਲ ਨਹੀਂ ਕਰਦਾ, ਅੱਖੀਂ ਨੀਂਦਰ ਆਉਂਦੀ ਨਹੀਂ।
ਤਾਹਨੇ ਖਾ ਖਾ ਲੋਕਾਂ ਦੇ ਇਸ ਢਿੱਡ ਨੂੰ ਭਰਨਾ ਪੈਂਦਾ ਹੈ।
ਟੁੱਟੀ ਦਾ ਦੁੱਖ ਓਹੀ ਜਾਣੇ ਜਿਸ ਨੂੰ ਜਰਨਾ ਪੈਂਦਾ ਹੈ।

ਜੀ ਕਰਦਾ ਹੈ ਮਰਨੇ ਨੂੰ ਪਰ ਫਿਰ ਵੀ ਜਿਉਣਾ ਪੈਂਦਾ ਹੈ।
ਨਕਲੀ ਹਾਸਾ ਹਸ ਹਸ ਦਿਲ ਦਾ ਜ਼ਖ਼ਮ ਸਿਉਣਾ ਪੈਂਦਾ ਹੈ।
ਨੰਗਾ ਪੈਰ ਪਨਾਗਾ ਕੰਡਿਆਂ ਉੱਤੇ ਧਰਨਾ ਪੈਂਦਾ ਹੈ।
ਟੁੱਟੀ ਦਾ ਦੁੱਖ ਓਹੀ ਜਾਣੇ ਜਿਸ ਨੂੰ ਜਰਨਾ ਪੈਂਦਾ ਹੈ।

No comments:

Post a Comment