Thursday 16 May 2019

ਗੀਤ ---- ਸੋਹਣੀ ਪੱਗ ਪਟਿਆਲ਼ਾ ਸ਼ਾਹੀ

ਗੀਤ ---- ਸੋਹਣੀ ਪੱਗ ਪਟਿਆਲ਼ਾ ਸ਼ਾਹੀ

ਸੂਰਤ ਰਾਜ ਕੁਮਾਰਾਂ ਵਰਗੀ ਰੂਹਾਂ ਨੂੰ ਨਸ਼ਿਆਉਂਦੀ ਐ।
ਸੋਹਣੀ ਪੱਗ ਪਟਿਆਲ਼ਾ ਸ਼ਾਹੀ ਦਿਲ ਨੂੰ ਧੂਹਾਂ ਪਾਉਂਦੀ ਐ।

ਪਾਣੀ ਲਾ ਕੇ, ਪੂਣੀ ਕਰ ਕੇ, ਇਸ਼ਟ ਧਿਆ ਕੇ ਬੰਨ੍ਹੀ ਐ।
ਕੱਲਾ ਕੱਲਾ ਹੈ ਲੜ ਚਿਣਿਆਂ ਰੀਝਾਂ ਲਾ ਕੇ ਬੰਨ੍ਹੀ ਐ।
ਹਰ ਇੱਕ ਵੇਖਣ ਵਾਲ਼ੀ ਅੱਖ ਤੋਂ ਵਾਹ ਵਾਹ ਵਾਹ ਕਰਵਾਉਂਦੀ ਐ।
ਸੋਹਣੀ ਪੱਗ ਪਟਿਆਲ਼ਾ ਸ਼ਾਹੀ ਦਿਲ ਨੂੰ ਧੂਹਾਂ ਪਾਉਂਦੀ ਐ।

ਗੋਰੇ ਮੁੱਖੜੇ ਉੱਤੇ ਰੰਗ ਸੁਨਹਿਰੀ ਠਾਠਾਂ ਮਾਰ ਰਿਹਾ।
ਸੂਰਜ ਪੁੱਛਦਾ ਫਿਰਦੈ ਮੈਨੂੰ ਅੱਜ ਇਹ ਕੌਣ ਵੰਗਾਰ ਰਿਹਾ।
ਜਾਪੇ ਚਮਕ ਓਸ ਦੇ ਚਿਹਰੇ ਦੀ ਜੱਗ ਨੂੰ ਰੁਸ਼ਨਾਉਂਦੀ ਐ।
ਸੋਹਣੀ ਪੱਗ ਪਟਿਆਲ਼ਾ ਸ਼ਾਹੀ ਦਿਲ ਨੂੰ ਧੂਹਾਂ ਪਾਉਂਦੀ ਐ।

ਮੁੰਡੇ ਇੱਕ ਦੂਜੇ ਤੋਂ ਮੂਹਰੇ ਹੋ ਹੋ ਹੱਥ ਮਿਲਾਉਂਦੇ ਨੇ।
ਮੁੜ ਮੁੜ ਸੱਜੇ ਖੱਬੇ ਖੜ੍ਹ ਖੜ੍ਹ ਕੇ ਫੋਟੋ ਖਿਚਵਾਉਂਦੇ ਨੇ।
ਹਰ ਇੱਕ ਟੋਲੀ ਉਹਨੂੰ ਅਪਣਾ ਯਾਰ ਬਣਾਉਣਾ ਚਾਹੁੰਦੀ ਐ।
ਸੋਹਣੀ ਪੱਗ ਪਟਿਆਲ਼ਾ ਸ਼ਾਹੀ ਦਿਲ ਨੂੰ ਧੂਹਾਂ ਪਾਉਂਦੀ ਐ।

ਕੁੜੀਆਂ ਦੇ ਵਿੱਚ ਸ਼ਰਤਾਂ ਲੱਗਣ ਅੱਜ ਬੁਲਾਊ ਕਿਹੜੀ ਨੂੰ।
ਬੁਲ੍ਹਾਂ ਦੇ ਨਾਲ਼ ਨਾਮ ਛੁਹਾ ਕੇ ਖਾਸ ਬਣਾਊ ਕਿਹੜੀ ਨੂੰ।
ਹਰ ਕੋਈ ਅੱਗੇ ਹੋ ਹੋ ਉਹਨੂੰ ਅਪਣਾ ਆਪ ਵਿਖਾਉਂਦੀ ਐ।
ਸੋਹਣੀ ਪੱਗ ਪਟਿਆਲ਼ਾ ਸ਼ਾਹੀ ਦਿਲ ਨੂੰ ਧੂਹਾਂ ਪਾਉਂਦੀ ਐ।

ਸਿਰ ਦਾ ਕੱਜਣ ਬੜਾ ਵਿਲੱਖਣ ਸਾਡਾ ਪਿਆਰਾ ਦੁਨੀਆਂ ਤੇ।
ਲੱਖਾਂ ਦੇ ਵਿੱਚ ਲੁਕਦਾ ਇਹਦਾ ਨਾ ਚਮਕਾਰਾ ਦੁਨੀਆਂ ਤੇ।
ਤਾਂਹੀਓਂ ਪੱਗ ਪਨਾਗਾ ਸਾਡੇ ਸਿਰ ਦਾ ਤਾਜ ਕਹਾਉਂਦੀ ਐ।
ਸੋਹਣੀ ਪੱਗ ਪਟਿਆਲ਼ਾ ਸ਼ਾਹੀ ਦਿਲ ਨੂੰ ਧੂਹਾਂ ਪਾਉਂਦੀ ਐ।

No comments:

Post a Comment