Thursday 16 May 2019

ਗ਼ਜ਼ਲ - ਪਤਾ ਨਹੀਂ ਕੀ ਬਕਦੀ ਰਹਿੰਦੀ ਜੀਭ ਸਿਆਸਤਦਾਨਾਂ ਦੀ।




ਗ਼ਜ਼ਲ
ਪਤਾ ਨਹੀਂ ਕੀ ਬਕਦੀ ਰਹਿੰਦੀ ਜੀਭ ਸਿਆਸਤਦਾਨਾਂ ਦੀ।
ਲੱਗਦਾ ਹੈ ਪੈ ਗਈ ਕੁਰਾਹੇ ਅਕਲ ਇਨ੍ਹਾਂ ਸ਼ੈਤਾਨਾਂ ਦੀ।
ਆਦੀ-ਵਾਸੀ ਅਤੇ ਆਰੀਆ, ਮੁਸਲਮਾਨ ਤੇ ਹਿੰਦੀ, ਚੀਨੀ
ਗਿਣਤੀ ਕਰਨੀ ਔਖੀ ਹੋ ਗਈ ਹੈ ਹੁਣ ਤਾਂ ਹਨੂੰਮਾਨਾਂ ਦੀ।
ਔਰੰਗਜੇਬ ਤਾਂ ਸਦੀਆਂ ਪਹਿਲਾਂ ਵਿੱਚ ਕਬਰ ਦਫ਼ਨਾ ਦਿੱਤਾ ਸੀ
ਕਮੀ ਨਹੀਂ ਹੈ ਹੁਣ ਵੀ ਉਸ ਦੀਆਂ ਧਰਮੀ ਪਰ ਸੰਤਾਨਾਂ ਦੀ।
ਵਿਹਲਿਆਂ ਨੂੰ ਵੰਡਣ ਦੇ ਲਈ ਤਾਂ ਪੈਸੇ ਦੀ ਕੋਈ ਘਾਟ ਨਹੀਂ
ਪੈਸਾ ਹੈ ਨਹੀਂ ਵਿੱਚ ਖ਼ਜਾਨੇ ਕਦਰ ਲਈ ਗੁਣਵਾਨਾਂ ਦੀ।
ਟੱਬਰ ਦੇ ਜੀਅ ਭਾਂਵੇਂ ਫਾਕਾ ਕੱਟਣ ਰਾਸ਼ਨ ਦੀ ਥੁੜ ਕਾਰਨ
ਖਾਤਰਦਾਰੀ ਕਰਨੀ ਪੈਂਦੀ ਘਰ ਆਏ ਮਹਿਮਾਨਾਂ ਦੀ।
ਘੁੰਮਣ ਫਿਰਨ ਦੇ ਲਈ ਤਾਂ ਬੇਹੱਦ ਤਾਕਤ ਵਿੱਚ ਸਰੀਰਾਂ ਦੇ ਹੈ
ਕੰਮ ਕਰਦਿਆਂ ਜਾਨ ਨਿੱਕਲ਼ਦੀ ਅੱਜ ਕਲ੍ਹ ਦੀਆਂ ਰਕਾਨਾਂ ਦੀ।
ਕਮੀ ਹੈ ਜੇ ਤਾਂ ਬੱਸ ਲੋਕਾਂ ਦੀਆਂ ਜੇਬਾਂ ਅੰਦਰ ਪੈਸੇ ਦੀ ਹੈ
ਕਮੀ ਨਹੀੰ ਬਾਜ਼ਾਰ ਚ ਐਸ਼ੋ ਇਸ਼ਰਤ ਦਿਆਂ ਸਮਾਨਾਂ ਦੀ।
ਕਿਹੜਾ ਰਹੇਗਾ ਏਥੇ ਸਾਂਭਣ ਵਾਲ਼ਾ ਬੇਬਸ ਬੁੱਢਿਆਂ ਨੂੰ
ਭੱਜੀ ਜਾਂਦੀ ਹੇੜ੍ਹ ਪਨਾਗਾ ਛੱਡ ਕੇ ਵਤਨ ਜਵਾਨਾਂ ਦੀ।

No comments:

Post a Comment