Tuesday 14 May 2019

ਜਿਸ ਰਾਹ ਤੋਂ ਤੂੰ ਲੰਘ ਜਾਵੇਂ ਉਹ ਰਾਹ ਖੁਸ਼ਬੋ ਨਾਲ਼ ਭਰ ਜਾਂਦੈ।

ਜਿਸ ਰਾਹ ਤੋਂ ਤੂੰ ਲੰਘ ਜਾਵੇਂ ਉਹ ਰਾਹ ਖੁਸ਼ਬੋ ਨਾਲ਼ ਭਰ ਜਾਂਦੈ।
ਤੇਰਾ ਹੱਸ ਕੇ ਕਿਸੇ ਵੱਲ ਤੱਕਣਾ ਮੁਰਦੇ ਨੂੰ ਜਿਉਂਦਾ ਕਰ ਜਾਂਦੈ।

ਤੈਨੂੰ ਵਿਹਲੇ ਵੇਲ਼ੇ ਸੱਜਣਾ ਲੱਗਦਾ ਹੈ ਰੱਬ ਨੇ ਘੜਿਆ ਹੈ।
ਸਭ ਸੁਹਜ ਕਲਾ ਲਾ ਅਪਣੀ ਹਰ ਨਕਸ਼ ਬਣਾ ਕੇ ਜੜਿਆ ਹੈ।
ਤੇਰੀ ਮਿਹਰ ਹੋ ਜਾਏ ਜਿਸ ਤੇ ਡੁੱਬਦਾ ਵੀ ਸਾਗਰ ਤਰ ਜਾਂਦੈ।
ਜਿਸ ਰਾਹ ਤੋਂ ਤੂੰ ਲੰਘ ਜਾਵੇਂ ਉਹ ਰਾਹ ਖੁਸ਼ਬੋ ਨਾਲ਼ ਭਰ ਜਾਂਦੈ।

ਹਰ ਇੱਕ ਅੱਖ ਦੇਖਣ ਵਾਲ਼ੀ ਤੇਰੀ ਹੋਈ ਦੀਵਾਨੀ ਫਿਰਦੀ ਹੈ।
ਬਿਨ ਪੀਤੇ ਕੁੱਲ ਜਵਾਨੀ ਹੋਈ ਮਸਤਾਨੀ ਫਿਰਦੀ ਹੈ।
ਤੂੰ ਜਦੋਂ ਸਾਹਮਣੇ ਆਵੇਂ ਕੋਈ ਨਸ਼ਾ ਅਕਾਸ਼ੋਂ ਵਰ੍ਹ ਜਾਂਦੈ।
ਜਿਸ ਰਾਹ ਤੋਂ ਤੂੰ ਲੰਘ ਜਾਵੇਂ ਉਹ ਰਾਹ ਖੁਸ਼ਬੋ ਨਾਲ਼ ਭਰ ਜਾਂਦੈ।

ਤੇਰੇ ਦਰਸ਼ਨ ਦੇ ਲਈ ਗੱਭਰੂ ਰਹਿੰਦੇ ਮਨਸੂਬੇ ਘੜਦੇ ਨੇ।
ਖੋ ਧੀਰਜ ਵਕਤੋਂ ਪਹਿਲਾਂ ਤੇਰੇ ਰਸਤੇ ਤੇ ਆ ਖੜ੍ਹਦੇ ਨੇ।
ਜੇ ਦੇਰ ਕਿਸੇ ਨੂੰ ਹੋ ਜਾਏ ਪਛਤਾਵੇ ਦੇ ਨਾਲ਼ ਮਰ ਜਾਂਦੈ।
ਜਿਸ ਰਾਹ ਤੋਂ ਤੂੰ ਲੰਘ ਜਾਵੇਂ ਉਹ ਰਾਹ ਖੁਸ਼ਬੋ ਨਾਲ਼ ਭਰ ਜਾਂਦੈ।

ਦੁਆ ਕਰੇ ਪਨਾਗ ਹਮੇਸ਼ਾਂ ਤੇਰੀ ਖਿੜੀ ਸਦਾ ਮੁਸਕਾਨ ਰਹੇ।
ਤੇਰੇ ਮੁੱਖ ਦੀ ਲੋਅ ਨਾਲ਼ ਸੱਜਣਾ ਸਦਾ ਰੋਸ਼ਨ ਇਹ ਅਸਮਾਨ ਰਹੇ।
ਕਿਤੇ ਨਜ਼ਰ ਨਾ ਲੱਗ ਜਾਏ ਕੋਈ ਇਹ ਸੋਚ ਮੇਰਾ ਮਨ ਡਰ ਜਾਂਦੈ।
ਜਿਸ ਰਾਹ ਤੋਂ ਤੂੰ ਲੰਘ ਜਾਵੇਂ ਉਹ ਰਾਹ ਖੁਸ਼ਬੋ ਨਾਲ਼ ਭਰ ਜਾਂਦੈ।

No comments:

Post a Comment