Thursday 16 May 2019

ਗੁਰੂ ਨਾਨਕ ਪ੍ਰਕਾਸ਼




ਗੁਰੂ ਨਾਨਕ ਪ੍ਰਕਾਸ਼
ਪੂਰਨਮਾਸ਼ੀ ਦਾ ਚੰਦ ਬਣ ਗੁਰੂ ਨਾਨਕ ਨਾਲ਼ ਨੂਰ ਦੇ ਜੱਗ ਰੁਸ਼ਨਾਉਣ ਆਇਆ।
ਦੁਨੀਆਂ ਝੂਠ ਦੇ ਜੰਗਲ਼ ਵਿੱਚ ਭਟਕਦੀ ਨੂੰ ਰਸਤਾ ਸੱਚ ਦਾ ਰੱਬ ਦਿਖਾਉਣ ਆਇਆ।
ਨਾਲ਼ ਨਫ਼ਰਤਾਂ ਦੇ ਹੋਏ ਪਾਗਲਾਂ ਨੂੰ ਬਾਬਾ ਪਿਆਰ ਦੇ ਅਰਥ ਸਮਝਾਉਣ ਆਇਆ।
ਬੇਬਸ, ਲਾਚਾਰ, ਨਿਰਦੋਸ਼ਿਆਂ ਨੂੰ ਜਾਲਮ ਪੰਜਿਆਂ ਕੋਲ਼ੋਂ ਛੁਡਾਉਣ ਆਇਆ।
ਰਾਖਸ਼ ਠੱਗ ਸ਼ੈਤਾਨ ਜੋ ਬਣ ਗਏ ਸੀ ਮੁੜ ਕੇ ਉਨ੍ਹਾਂ ਨੂੰ ਸੱਜਣ ਬਣਾਉਣ ਆਇਆ।
ਜੀਹਨੂੰ ਪੈਰ ਦੀ ਜੁੱਤੀ ਕਹਿ ਭੰਡਦੇ ਸੀ ਰਾਜ ਮਾਤਾ ਕਹਿ ਉਹਨੂੰ ਵਡਿਆਉਣ ਆਇਆ।
ਗਿਆਨ ਧਿਆਨ ਨੂੰ ਕਰਨ ਬਹਾਲ ਆਇਆ ਮੁੜ ਕੇ ਸੱਚ ਨੂੰ ਤਖ਼ਤ ਬਿਠਾਉਣ ਆਇਆ।
ਰਹਿਬਰ ਧਰਮ ਦੇ ਧਰਮ ਤੋਂ ਭਟਕਿਆਂ ਨੂੰ ਅਰਥ ਧਰਮ ਦੇ ਸਹੀ ਸਮਝਾਉਣ ਆਇਆ।
ਤਾਕਤ ਵਾਲ਼ਿਆਂ ਦੇ ਡਰ ਨੂੰ ਰੱਖ ਪਾਸੇ ਚਿਹਰਾ ਉਨ੍ਹਾਂ ਦਾ ਅਸਲ ਵਿਖਾਉਣ ਆਇਆ।
ਵਿਹਲੜ ਜੋਕਾਂ ਨੂੰ ਪਾ ਫਿਟਕਾਰ ਬਾਬਾ ਜਸ ਧਰਮ ਦੀ ਕਿਰਤ ਦਾ ਗਾਉਣ ਆਇਆ।
ਕਤਲੋ ਗਾਰਤ ਨਾਲ਼ ਭਰੇ ਮਾਹੌਲ ਅੰਦਰ ਰਾਗ ਅਮਨ ਦਾ ਮਿੱਠਾ ਸੁਣਾਉਣ ਆਇਆ।
ਧਾਰ ਨਿਮਰਤਾ ਦਾਸਾਂ ਦਾ ਦਾਸ ਬਣ ਕੇ ਕਿਲੇ ਤਾਕਤ ਦੇ ਨਾਨਕ ਨਿਵਾਉਣ ਆਇਆ।
ਮੇਟ ਜਾਤ ਤੇ ਮਜ਼ਬ ਦੀਆਂ ਵੰਡੀਆਂ ਨੂੰ ਇੱਕੋ ਨੂਰ ਦੀ ਜੋਤ ਜਗਾਉਣ ਆਇਆ।
ਪੋਲ ਖੋਲ੍ਹ ਕੇ ਭੇਖਾਂ ਆਡੰਬਰਾਂ ਦੇ ਸੁੱਚੇ ਕਰਮਾਂ ਦੀ ਈਨ ਮਨਵਾਉਣ ਆਇਆ।
ਮੰਦਰ ਮਸਜਿਦ ਦੇ ਝਗੜੇ ਨੂੰ ਖ਼ਤਮ ਕਰ ਕੇ ਧਰਮਸਾਲ਼ ਹਰ ਵਿਹੜਾ ਬਣਾਉਣ ਆਇਆ।
ਚਹੁੰਆਂ ਕੁੰਟਾਂ ਦੇ ਵਿੱਚ ਉਦਾਸੀਆਂ ਕਰ ਨੌਂਆਂ ਖੰਡਾਂ ਦਾ ਦੁੱਖ ਮਿਟਾਉਣ ਆਇਆ।
ਪਾਕ ਪੈਰਾਂ ਦੀ ਛੋਹ ਦੇ ਨਾਲ਼ ਨਾਨਕ ਪੂਰੀ ਧਰਤ ਨੂੰ ਤੀਰਥ ਬਣਾਉਣ ਆਇਆ।
ਸੁਰਾਂ ਨਾਲ਼ ਰਬਾਬ ਦੇ ਮੇਲ ਕੇ ਸੁਰ ਕੀਰਤ ਕਰਤੇ ਦਾ ਮੁੱਖ ਤੋਂ ਗਾਉਣ ਆਇਆ।
ਭਾਂਤ ਭਾਂਤ ਦੇ ਬੁੱਤਾਂ ਦੇ ਪੂਜਕਾਂ ਨੂੰ ਇੱਕ ਓਂਕਾਰ ਦਾ ਸਬਕ ਦ੍ਰਿੜ੍ਹਾਉਣ ਆਇਆ।
ਅਪਣੇ ਕੋਲ਼ੋਂ ਪਨਾਗਾ ਕੁੱਝ ਆਖਿਆ ਨਹੀਂ ਕਹੀ ਕਰਤੇ ਦੀ ਗੱਲ ਸੁਣਾਉਣ ਆਇਆ।

No comments:

Post a Comment