Thursday 16 May 2019

ਗ਼ਜ਼ਲ - ਰਾਜੇ ਰਾਣੇ ਤੁਰ ਜਾਂਦੇ ਨੇ




                       ਗ਼ਜ਼ਲ


ਰਾਜੇ ਰਾਣੇ ਤੁਰ ਜਾਂਦੇ ਨੇ, ਮਹਿਲ ਮੁਨਾਰੇ ਤੁਰ ਜਾਂਦੇ ਨੇ।
ਅਪਣਾ ਅਪਣਾ ਜੋਰ ਦਿਖਾ ਕੇ ਇੱਕ ਦਿਨ ਸਾਰੇ ਤੁਰ ਜਾਂਦੇ ਨੇ।
ਜਿਉਂਦੇ ਜੋ ਬਣ ਰੱਬ ਦੇ ਸਾਨੀ, ਬੰਦੇ ਨੂੰ ਨਾ ਸਮਝਣ ਬੰਦਾ
ਆਉਂਦਾ ਜਦੋਂ ਇਲਾਹੀ ਸੱਦਾ ਬਣ ਵੇਚਾਰੇ ਤੁਰ ਜਾਂਦੇ ਨੇ।
ਦਿਨ ਤੇ ਰਾਤ ਮਜੂਰੀ ਕਰ ਕੇ ਪੇਟ ਪਾਲ਼ਦੇ ਜਿਹੜੇ ਅਪਣਾ
ਵਕਤ ਆਉਣ ਤੇ ਸਭ ਕੰਮ ਛੱਡ ਕੇ ਥੱਕੇ ਹਾਰੇ ਤੁਰ ਜਾਂਦੇ ਨੇ।
ਰੇਸ਼ਮ ਵਿੱਚ ਜੋ ਰਹਿਣ ਲਪੇਟੇ, ਸੋਨੇ ਚਾਂਦੀ ਨਾਲ਼ ਸ਼ਿੰਗਾਰੇ
ਨ੍ਹਾਤੇ ਧੋਤੇ, ਲਿਸ਼ਕੇ ਪੁਸ਼ਕੇ, ਸਜੇ ਸੰਵਾਰੇ ਤੁਰ ਜਾਂਦੇ ਨੇ।
ਕਾਰੋਬਾਰ ਚ ਉਲ਼ਝੇ ਰਹਿੰਦੇ, ਸਿਰ ਖੁਰਕਣ ਦਾ ਸਮਾਂ ਨਾ ਮਿਲਦਾ
ਨਫਿਆਂ ਤੇ ਨੁਕਸਾਨਾਂ ਨੂੰ ਭੁੱਲ ਉਹ ਵਣਜਾਰੇ ਤੁਰ ਜਾਂਦੇ ਨੇ।
ਘਿਰੇ ਰਹਿਣ ਜੋ ਰਿਸ਼ਤਿਆਂ ਅੰਦਰ, ਪੁੱਤਾਂ ਪੋਤਿਆਂ ਦੇ ਵਿੱਚ ਖੇਡ੍ਹਣ
ਟੱਬਰਾਂ ਵਾਲ਼ੇ ਤੁਰ ਜਾਂਦੇ ਨੇ, ਕੱਲੇ ਕਾਰੇ ਤੁਰ ਜਾਂਦੇ ਨੇ।
ਚੰਗੇ ਜਾਂਦੇ, ਮੰਦੇ ਜਾਂਦੇ, ਪਰਉਪਕਾਰੀ ਬੰਦੇ ਜਾਂਦੇ
 ਚੋਰ ਠੱਗ ਤੇ ਕਾਤਲ ਜਾਂਦੇ, ਮੂਸੇ, ਦਾਰੇ ਤੁਰ ਜਾਂਦੇ ਨੇ।
ਸੁਖ ਆਰਾਮ ਚ ਰਹਿਣ ਸਦਾ ਜੋ, ਹਾਸੇ ਖੁਸ਼ੀਆਂ ਛੱਡ ਤੁਰ ਜਾਂਦੇ
ਹੰਝੂਆਂ ਦੇ ਵਿੱਚ ਗਲ਼ ਗਲ਼ ਡੁੱਬੇ, ਦੁਖਾਂ ਮਾਰੇ ਤੁਰ ਜਾਂਦੇ ਨੇ।
ਕੀਤੇ ਕਰਮ ਨਿਸ਼ਾਂ ਰਹਿ ਜਾਂਦਾ, ਚੰਗਾ ਮਾੜਾ ਨਾਂ ਰਹਿ ਜਾਂਦਾ
ਵੱਜਦੇ ਜੱਗ ਤੇ ਹੋਰ ਪਨਾਗਾ ਢੋਲ ਨਗਾਰੇ ਤੁਰ ਜਾਂਦੇ ਨੇ।

No comments:

Post a Comment