Thursday 16 May 2019

ਗੀਤ - ਮਰ ਕੇ ਵੀ ਮਰਦੇ ਨਹੀਂ ਉਹ ਮਰਨਾ ਜੋ ਜਾਣਦੇ




ਗੀਤ
ਮੌਤ ਨੂੰ ਤੱਕ ਕੇ ਜਿਹੜੇ ਡਰਦੇ ਤੇ ਸਹਿਮਦੇ।
ਕਾਇਰ ਅਖਵਾਉਂਦੇ ਪਾਤਰ ਹੁੰਦੇ ਉਹ ਰਹਿਮ ਦੇ।
ਦਾਈਏ ਜੋ ਰੱਖਣ ਇਹਦੀ ਹਸਤੀ ਮਿਟਾਣ ਦੇ।
ਮਰ ਕੇ ਵੀ ਮਰਦੇ ਨਹੀਂ ਉਹ ਮਰਨਾ ਜੋ ਜਾਣਦੇ।

ਮਰ ਗਿਆ ਜੱਗ ਮਰਦਾ ਮਰਦਾ ਮਰਨਾ ਪਰ ਆਇਆ ਨਾ।
ਹੱਸ ਕੇ ਗਲ਼ ਕਦੇ ਕਿਸੇ ਨੇ ਮੋਤ ਨੂੰ ਲਾਇਆ ਨਾ।
ਮਹਿਬੂਬਾ ਸਮਝ ਮੌਤ ਨੂੰ ਸੂਰੇ ਜੋ ਮਾਣਦੇ।
ਮਰ ਕੇ ਵੀ ਮਰਦੇ ਨਹੀਂ ਉਹ ਮਰਨਾ ਜੋ ਜਾਣਦੇ।

ਪਾਵੇ ਨਾਲ਼ ਬੰਨ੍ਹੀ ਜਿਸ ਨੇ ਉਸ ਨੂੰ ਵੀ ਆਈ ਹੈ।
ਸਭ ਦੇ ਦਿਲ ਉੱਤੇ ਰਹਿੰਦੀ ਹਊਆ ਬਣ ਛਾਈ ਹੈ।
ਕਰਦੇ ਨੇ ਹੀਲੇ ਰਹਿੰਦੇ ਇਹਨੂੰ ਹਰਾਣ ਦੇ।
ਮਰ ਕੇ ਵੀ ਮਰਦੇ ਨਹੀਂ ਉਹ ਮਰਨਾ ਜੋ ਜਾਣਦੇ।

ਮੌਤ ਨੂੰ ਮੰਨ ਤਾਕਤਵਰ ਰਹਿੰਦੇ ਜੋ ਡਰਦੇ ਨੇ।
ਮਰਨੇ ਤੋਂ ਪਹਿਲਾਂ ਹੀ ਉਹ ਸੌ ਵਾਰੀ ਮਰਦੇ ਨੇ।
ਸੀਨਾ ਜੋ ਤਾਣਨ ਅੱਗੇ ਮੌਤ ਦੇ ਬਾਣ ਦੇ।
ਮਰ ਕੇ ਵੀ ਮਰਦੇ ਨਹੀਂ ਉਹ ਮਰਨਾ ਜੋ ਜਾਣਦੇ।

ਹੱਕ ਤੇ ਸੱਚ ਨਾਲ਼ ਸੂਰਮੇ ਕੰਧ ਬਣ ਕੇ ਖੜ੍ਹਦੇ ਨੇ।
ਲਾਹ ਕੇ ਡਰ ਖੌਫ਼ ਪਨਾਗਾ ਜਾਬਰ ਨਾਲ਼ ਲੜਦੇ ਨੇ।
ਆਸ਼ਕ ਪਰਵਾਨੇ ਹੁੰਦੇ ਮੰਜ਼ਲ ਨੂੰ ਪਾਣ ਦੇ।
ਮਰ ਕੇ ਵੀ ਮਰਦੇ ਨਹੀਂ ਉਹ ਮਰਨਾ ਜੋ ਜਾਣਦੇ।

No comments:

Post a Comment