Wednesday, 25 August 2021

 

ਇੱਕ ਫੁੱਲ ਬਾਝੋਂ ਗੁਲਸ਼ਨ ਸਾਰਾ ਸੁੰਨਾ ਸੁੰਨਾ ਲਗਦਾ ਹੈ

ਚਾਰੋਂ ਤਰਫ਼ ਹਨ੍ਹੇਰਾ ਜਾਪੇ ਸੂਰਜ ਭਾਂਵੇਂ ਦਗਦਾ ਹੈ।

ਖ਼ੁਦ ਜਲ਼ ਕੇ ਜੋ ਚਾਨਣ ਵੰਡੇ, ਨ੍ਹੇਰੇ ਮਸਤਕ ਕਰਦਾ ਰੋਸ਼ਨ

ਏਹੋ ਜਿਹਾ ਗਿਆਨ ਦਾ ਦੀਵਾ ਟਾਂਵੇਂ ਚਮਨ ਚ ਜਗਦਾ ਹੈ।

ਗਿਆਨ ਦੀ ਅਤੇ ਪਿਆਰ ਦੀ ਦੌਲਤ ਬੂਟੇ ਚਮਨ ਦਿਆਂ ਨੂੰ ਵੰਡਦਾ

ਰੂਹ ਦੇ ਵਿੱਚ ਜੋ ਉੱਤਰ ਜਾਂਦਾ, ਹਰ ਹਿਰਦੇ ਨੂੰ ਠਗਦਾ ਹੈ।

ਚਿੱਟਾ ਦੁੱਧ ਬਰਫ਼ ਦਾ ਪਰਬਤ, ਸੂਰਜ ਨੂੰ ਵੀ ਜੋ ਚੁੰਧਿਆਉਂਦਾ

ਜਿਉਂ ਜਿਉਂ ਮਿਲਦਾ ਨਿੱਘ ਪਿਆਰ ਦਾ ਬਣ ਕੇ ਦਰਿਆ ਵਗਦਾ ਹੈ।

ਰਾਖ ਨਿਮਰਤਾ ਦੀ ਨਾਲ਼ ਕੱਜਿਆ, ਹਿੱਕ ਵਿੱਚ ਨਿੱਘ ਸਮੋਈ ਰੱਖਦਾ

ਜਿਉਂ ਜਿਉਂ ਫੂਕਾਂ ਮਾਰੋ ਤਿਉਂ ਤਿਉਂ ਸੂਹਾ ਹੋ ਹੋ ਮਘਦਾ ਹੈ।

ਪਿੱਛੋਂ ਆ ਕੋਈ ਅੱਗੇ ਲੰਘ ਜਾਏ ਸਾਹਾਂ ਦੀ ਇਸ ਦੌੜ ਦੇ ਅੰਦਰ

ਹਾਰ ਦੇ ਕੋਝੇ ਸਦਮੇ ਨਾਲ਼ ਰੱਤ ਜੰਮ ਜਾਂਦਾ ਹਰ ਰਗ ਦਾ ਹੈ।

ਜਾਰੀ ਸਫ਼ਰ ਹੈ ਰੱਖਣਾ ਪੈਂਦਾ, ਹੰਝੂਆਂ ਵਿੱਚੋਂ ਹਾਸੇ ਲੱਭ ਲੱਭ,

ਅੰਗਿਆਰਾਂ ਤੇ ਪਾਣੀ ਪਾ ਪਾ, ਜਦ ਤੱਕ ਇਹ ਸਾਹ ਵਗਦਾ ਹੈ।                 

ਜਿਸ ਤਨ ਲੱਗੇ ਸੋਈ ਜਾਣੇ, ਕੋਈ ਨਾ ਜਾਣੇ ਪੀੜ ਪਰਾਈ

ਸੱਚ ਸਿਆਣਿਆਂ ਕਿਹਾ ਪਨਾਗਾ ਇਹ ਵਰਤਾਰਾ ਜੱਗ ਦਾ ਹੈ।   


 

ਮੁੜ ਮੁੜ ਕੇ ਜੋ  ਰੌਲ਼ਾ ਪਾਉਣ ਤਿਰੰਗੇ ਦਾ।

ਸਿਆਸਤ ਲਈ ਹਥਿਆਰ ਬਣਾਉਣ ਤਿਰੰਗੇ ਦਾ।

ਕਰਨ ਲਈ ਬਦਨਾਮ ਸੜਕ ਤੇ ਬੈਠਿਆਂ ਨੂੰ

ਕਰ ਸਾਜਸ਼ ਅਪਮਾਨ ਕਰਾਉਣ ਤਿਰੰਗੇ ਦਾ।

ਪੂੰਝਣ ਅਪਣਾ ਮੁੜ੍ਹਕਾ ਨਾਲ਼ ਤਿਰੰਗੇ ਜੋ

ਸਾਨੂੰ ਉਹ ਸਤਿਕਾਰ ਸਿਖਾਉਣ ਤਿਰੰਗੇ ਦਾ।

ਦੇਸ਼ ਧ੍ਰੋਹੀ ਅੱਜ ਉਨ੍ਹਾਂ ਨੂੰ ਦੱਸਦੇ ਇਹ

ਮਰ ਕੇ ਵੀ ਜੋ ਕੱਫਣ ਪਾਉਣ ਤਿਰੰਗੇ ਦਾ।

ਭੰਡ ਰਹੇ ਕਹਿ ਕਹਿ ਅੱਤਵਾਦੀ ਉਹਨਾਂ ਨੂੰ

ਜਾਨ ਵਾਰ ਜੋ ਮਾਣ ਬਚਾਉਣ ਤਿਰੰਗੇ ਦਾ।

ਰੱਖ ਕਮਲ ਤੋਂ ਨੀਂਵਾਂ ਜੋ ਲਹਿਰਾਉਂਦੇ ਨੇ

ਬਹਿ ਕੁਰਸੀ ਤੇ ਗੋਗਾ ਗਾਉਣ ਤਿਰੰਗੇ ਦਾ।

ਲਾਠੀ ਮਾਰ ਕੇ ਕਰਦੇ ਦੇਖੇ ਬੇਅਦਬੀ

ਖ਼ੁਦ ਨੂੰ ਰਾਖਾ ਜੋ ਅਖਵਾਉਣ ਤਿਰੰਗੇ ਦਾ।

ਅੰਨਦਾਤੇ ਦਾ ਅਕਸ ਪਨਾਗ ਵਿਗਾੜਨ ਲਈ

ਫੜ ਝੰਡਾ ਹੱਥ ਨਾਹਰਾ ਲਾਉਣ ਤਿਰੰਗੇ ਦਾ।


 

ਦਰਵਾਜੇ ਤੇਰੇ ਤੇ ਨੀ ਅੰਨਦਾਤੇ ਬਹਿ ਗਏ ਆ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

 

ਤੇਰੀਆਂ ਲੂੰਬੜ ਚਾਲਾਂ ਨੀ ਚੱਲਣੀਆਂ ਨਹੀਂ ਇਨ੍ਹਾਂ ਦੇ ਅੱਗੇ।

ਕੋਈ ਕੁੱਤੇ ਬਿੱਲੇ ਨਹੀਂ ਇਹ ਨੇ ਸ਼ੇਰ ਜੰਗਲ਼ ਦੇ ਬੱਗੇ।

ਤੇਰੇ ਕਿਲੇ ਉਸਾਰਿਆਂ ਦੇ ਜਾਣਗੇ ਕਿੰਗਰੇ ਝੂਠ ਦੇ ਢਾਹ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

 

ਹੱਕਾਂ ਦੀ ਖਾਤਰ ਇਹ ਦਿੱਲੀਏ ਨਹੀਂ ਮਰਨ ਤੋਂ ਡਰਦੇ।

ਕਦੇ ਪਿੱਛੇ ਹਟਦੇ ਨਾ ਪੈਰ ਮੈਦਾਨ ਵਿੱਚ ਜਦ ਧਰਦੇ।

ਹੈ ਬਹੁਤ ਹਾਕਮਾਂ ਨੇ ਅਪਣਾ ਜ਼ੋਰ ਵੇਖ ਲਿਆ ਲਾ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

 

ਇਹ ਤਾਂ ਉਹ ਸੋਏ ਨੇ ਵੱਢਿਆਂ ਹੁੰਦੇ ਦੂਣ ਸਵਾਏ।

ਅਬਦਾਲੀ ਵਰਗਿਆਂ ਦੇ ਦਿੱਲੀਏ ਛੱਕੇ ਇਨ੍ਹਾਂ ਛੁਡਾਏ।

ਲੈ ਲਿਆ ਪੁੱਠਾ ਪੰਗਾ ਸ਼ੇਰਾਂ ਦੀ ਮੁੱਛ ਨੂੰ ਹੱਥ ਪਾ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

 

ਲਾ ਮੂਹਰੇ ਮੋਹਰਿਆਂ ਨੂੰ ਨਵੀਂਆਂ ਨਿੱਤ ਸਾਜਿਸ਼ਾਂ ਘੜਦੀ।

ਬਦਨਾਮ ਕਰਨ ਲਈ ਹੈਂ ਦੋਸ਼ ਫਿਰ ਦਰਵੇਸ਼ਾਂ ਸਿਰ ਮੜ੍ਹਦੀ।

ਜਿਹੜਾ ਵੀ ਸੁਣਦਾ ਹੈ ਥੁੱਕਦਾ ਮੂੰਹ ਤੇਰੇ ਤੇ ਆ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

 

ਸੱਚ ਕਹੇ ਪਨਾਗ ਸੁਣੀ ਭੈੜੀਏ ਧਿਆਨ ਨਾਲ਼ ਕੰਨ ਧਰ ਕੇ।

ਸਭ ਚੁਸਤੀਆਂ ਤੇਰੀਆਂ ਇਹ ਮਲ਼ੀਆ ਮੇਟ ਜਾਣਗੇ ਕਰ ਕੇ।

ਤੇਰੇ ਦੁਸ਼ਟ ਇਰਾਦਿਆਂ ਨੂੰ ਜਾਣਗੇ ਮਿੱਟੀ ਵਿੱਚ ਮਿਲਾ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।


 

ਭਟਕ ਚੁੱਕੇ ਲੋਕ-ਤੰਤਰ ਨੂੰ ਲੀਹ ਤੇ ਪਾਉਣ ਆਏ ਨੇ।

ਇਹ ਅੰਨਦਾਤੇ ਅਕਲ ਹਾਕਮ ਨੂੰ ਅੱਜ ਸਿਖਾਉਣ ਆਏ ਨੇ।

ਬੁਰਜ ਹੰਕਾਰ ਦੇ ਜੋ ਅੰਬਰਾਂ ਨੂੰ ਛੋਹਣ ਸੀ ਲੱਗੇ

ਉਨ੍ਹਾਂ ਨੂੰ ਉਨ੍ਹਾਂ ਦੀ ਔਕਾਤ ਅਸਲ ਦਿਖਾਉਣ ਆਏ ਨੇ।

ਆਪ ਹੁਦਰੀ ਹਕੂਮਤ ਨੂੰ, ਤਲ਼ੀ ਧਰ ਜਾਨ ਅੰਨਦਾਤੇ

ਲੋਕ ਤਾਕਤ ਸਰਬ ਉੱਤਮ ਹੈ, ਇਹ ਸਮਝਾਉਣ ਆਏ ਨੇ

ਕਰਨ ਲਈ ਇਨ੍ਹਾਂ ਨੂੰ ਬਦਨਾਮ ਜੋ ਲਾਉਂਦੇ ਸੱਤਾਧਾਰੀ

ਇਹ ਸੂਰਜ ਸੱਚ ਦੇ, ਇਲਜ਼ਾਮ ਉਹ ਝੁਠਲਾਉਣ ਆਏ ਨੇ।

ਜਿਨ੍ਹਾਂ ਪੂੰਜੀ ਦੇ ਕਿਲਿਆਂ ਨੂੰ ਉਸਾਰਨ ਲੱਗਿਆ ਹਾਕਮ

ਉਨ੍ਹਾਂ ਦੇ ਕਿੰਗਰੇ ਉੱਚੇ ਇਹ ਮਿਥ ਕੇ ਢਾਹੁਣ ਆਏ ਨੇ।

ਹਕੂਮਤ, ਜਿਸ ਨੂੰ ਚੁਭਦੀ ਹੈ ਹੋਂਦ ਧਰਤੀ ਦੇ ਪੁੱਤਾਂ ਦੀ,

ਓਸ ਦੀ ਹੋਂਦ ਨੂੰ ਮਿੱਟੀ ਦੇ ਵਿੱਚ ਮਿਲਾਉਣ ਆਏ ਨੇ।

ਨਹੀਂ ਮੁੜਨਾ ਇਨ੍ਹਾਂ ਦਿੱਲੀ ਦੀ ਸਾਜਿਸ਼ ਨੂੰ ਬਿਨਾਂ ਕੁਚਲ਼ੇ

ਜੋ ਅਪਣੀ ਮਿਟ ਰਹੀ ਹਸਤੀ ਨੂੰ ਚੱਲ ਬਚਾਉਣ ਆਏ ਨੇ।

ਪਨਾਗਾ ਮੁੜਨਗੇ ਹੁਣ ਚਾਲ ਲੂੰਬੜ ਦੀ ਦਫ਼ਨ ਕਰ ਕੇ

ਕਸਮ ਖਾ, ਸੱਚ ਲਈ ਲੇਖੇ ਜੋ ਜਾਨਾਂ ਲਾਉਣ ਆਏ ਨੇ


 

ਕਹਿੰਦੇ ਨੇ ਸਿਆਣੇ ਜਦੋਂ ਮੌਤ ਆਉਂਦੀ ਕੁੱਤੇ ਦੀ ਉਹ

ਮੂਤਦਾ ਮਸੀਤ ਵਿੱਚ ਵੜ ਕੇ

ਓਇ ਗੱਲ ਸੁਣ ਲੈ ਹਾਕਮਾ,

ਸੁਣ ਲੈ ਮੋਦੀਆ ਖੜ੍ਹ ਕੇ, ਓਇ ਗੱਲ ਸੁਣ ਲੈ ਹਾਕਮਾ

ਦੂਜਾ ਰੂਪ ਹੁੰਦਾ ਅੰਨਦਾਤਾ ਕਹਿੰਦੇ ਰੱਬ ਦਾ।

ਮਿੱਟੀ ਨਾਲ਼ ਮਿੱਟੀ ਹੋ ਜੋ ਢਿੱਡ ਭਰੇ ਸਭ ਦਾ।

ਮਾੜੇ ਦਿਨ ਆ ਗਏ, ਤੇਰੀ ਮੱਤ ਗਈ ਮਾਰੀ,

ਸੰਘੀ ਰੱਬ ਦੀ ਬਹਿ ਗਿਆ ਫੜ ਕੇ, ਓਇ ਗੱਲ ਸੁਣ ਲੈ ਹਾਕਮਾ,

ਸੁਣ ਲੈ ਮੋਦੀਆ ਖੜ੍ਹ ਕੇ, ਓਇ ਗੱਲ ਸੁਣ ਲੈ ਹਾਕਮਾ

ਬਣ ਬੈਠਾ ਮੋਟੇ ਸਰਮਾਏ ਦਾ ਦਲਾਲ ਤੂੰ।

ਆਪੇ ਹੀ ਸਹੇੜ ਲਿਆ ਆਪਣਾ ਹੈ ਕਾਲ਼ ਤੂੰ।

ਬਚਦਾ ਨਾ ਦੇਖਿਆ ਗਿੱਦੜ ਕੋਈ ਅੱਜ ਤੱਕ

ਸ਼ੇਰ ਦੇ ਘੁਰੇ ਵਿੱਚ ਵੜ ਕੇ, ਓਇ ਗੱਲ ਸੁਣ ਲੈ ਹਾਕਮਾ,

ਸੁਣ ਲੈ ਮੋਦੀਆ ਖੜ੍ਹ ਕੇ, ਓਇ ਗੱਲ ਸੁਣ ਲੈ ਹਾਕਮਾ

ਕੰਨ ਬੋਲ਼ੇ ਹੋ ਗਏ, ਸੁਣੇ ਲੋਕਾਂ ਦੀ ਆਵਾਜ਼ ਨਾ।

ਸੋਚ ਲੈ ਤੂੰ ਸਿਰ ਉੱਤੇ ਰਹਿੰਦਾ ਸਦਾ ਤਾਜ ਨਾ।

ਦਿੰਦੇ ਨੇ ਪਲ਼ਟ ਲੋਕੀ ਤਖ਼ਤਾਂ ਨੂੰ ਲਾਵਾ ਜਦੋਂ

ਧੁਖਦਾ ਦਿਲਾਂ ਦੇ ਵਿੱਚ ਭੜਕੇ, ਓਇ ਗੱਲ ਸੁਣ ਲੈ ਹਾਕਮਾ,

ਸੁਣ ਲੈ ਮੋਦੀਆ ਖੜ੍ਹ ਕੇ, ਓਇ ਗੱਲ ਸੁਣ ਲੈ ਹਾਕਮਾ

ਦੇਖ ਦੁੱਖ ਜੱਟਾਂ ਦੇ ਜ਼ਮੀਰ ਕਿਉਂ ਨਹੀਂ ਜਾਗਦੀ ।

ਆਕੜਾਂ ਨੂੰ ਛੱਡ ਗੱਲ ਮੰਨ ਲੈ ਪਨਾਗ ਦੀ।

ਠੰਢ ਵਿੱਚ ਸੜਕਾਂ ਤੇ ਬੈਠੇ ਅੰਨਦਾਤਿਆਂ ਨੂੰ

ਨੀਂਵਾਂ ਹੋ ਉਠਾ ਲੈ ਬਾਂਹ ਫੜ ਕੇ, ਓਇ ਗੱਲ ਸੁਣ ਲੈ ਹਾਕਮਾ,

ਸੁਣ ਲੈ ਮੋਦੀਆ ਖੜ੍ਹ ਕੇ, ਓਇ ਗੱਲ ਸੁਣ ਲੈ ਹਾਕਮਾ


 

ਹੱਥ ਭੋਰਾ ਕੁ ਅਕਲ ਨੂੰ ਤੂੰ ਮਾਰ ਹਾਕਮਾ ।

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਭੁੱਲ ਡਾਢਿਆਂ ਦਾ ਪਿਆਰ ਜਿਨ੍ਹਾਂ ਚੋਗਾ ਤੈਨੂੰ ਪਾਇਆ

ਹਿਤਾਂ ਅਪਣਿਆਂ ਲਈ ਜਿਨ੍ਹਾਂ ਅੱਗੇ ਤੈਨੂੰ ਲਾਇਆ

ਉਹਨਾਂ ਵਾਸਤੇ ਨਾ ਇਹਨਾਂ ਨੂੰ ਵਿਸਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਛੱਡ ਖੋਤੇ ਵਾਲ਼ੀ ਅੜੀ, ਜਿਹੜੀ ਬੈਠਾ ਹੈਂ ਤੂੰ ਫੜੀ

ਇਹਨਾਂ ਸ਼ੀਸ਼ੇ ਵਾਗ ਭੰਨ ਦੇਣੀ ਗੁਜਰਾਤੀ ਤੜੀ

ਹੋ ਜਾ ਨੀਂਵਾਂ ਤੂੰ ਤਿਆਗ ਦੇ ਹੰਕਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਨਹੀਂ ਸ਼ੌਕ ਨਾਲ਼ ਅੰਨਦਾਤਾ ਚੱਲ ਦਿੱਲੀ ਆਏ

ਠੰਢ ਕਹਿਰਾਂ ਦੀ ਚ ਆ ਕੇ ਡੇਰੇ ਸੜਕਾਂ ਤੇ ਲਾਏ

ਇੱਕ ਰਾਤ ਓਥੇ ਵੇਖ ਤੂੰ ਗੁਜ਼ਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਆਖ ਜੱਟਾਂ ਨੂੰ ਨਾਦਾਨ, ਨਾ ਤੂੰ ਕਰ ਅਪਮਾਨ

ਤੇਰੇ ਨਾਲ਼ੋਂ ਵੱਧ ਸਿਆਣਾ ਅੱਜ ਹਿੰਦ ਦਾ ਕਿਸਾਨ

ਮਨ ਵਿੱਚ ਏਸ ਸੱਚ ਨੂੰ ਵਿਚਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਭੁੱਲ ਸੱਤਾ ਦਾ ਪਿਆਰ, ਝਾਤੀ ਦਿਲ ਵਿੱਚ ਮਾਰ

ਕਰ ਸੱਚ ਨੂੰ ਕਬੂਲ, ਦੇਹ ਮਖੌਟੇ ਨੂੰ ਉਤਾਰ

ਤੈਨੂੰ ਆਖਦਾ ਪਨਾਗ ਵਾਰੋ ਵਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।


 

ਬੈਠ ਗਏ ਕਿਸਾਨ ਆ ਕੇ ਬੂਹੇ ਉੱਤੇ ਦਿੱਲੀ ਦੇ।

ਸ਼ੇਰਾਂ ਹੱਲਾ ਬੋਲ ਦਿੱਤਾ ਉੱਤੇ ਕਾਲ਼ੀ ਬਿੱਲੀ ਦੇ

ਹੁਣ ਜਾਬਰਾਂ ਦਾ ਤਖ਼ਤ ਹਿਲਾ ਕੇ ਜਾਣਗੇ।

ਬਈ ਹੱਕ ਆਪਣੇ, ਹੱਕ ਆਪਣੇ ਇਹ ਝੋਲ਼ੀ ਚ ਪੁਆ ਕੇ ਜਾਣਗੇ।

ਹਾਕਮ ਦਲਾਲ ਬਣ ਬੈਠਾ ਸਰਮਾਏ ਦਾ

ਘੁੱਟਣ ਹੈ ਲੱਗਾ ਗਲ਼ ਧਰਤੀ ਦੇ ਜਾਏ ਦੇ।

ਉਹਦੇ ਮਨਸੂਬੇ ਮਿੱਟੀ ਚ ਮਿਲਾ ਕੇ ਜਾਣਗੇ।

ਬਈ ਹੱਕ ਆਪਣੇ, ਹੱਕ ਆਪਣੇ ਇਹ ਝੋਲ਼ੀ ਚ ਪੁਆ ਕੇ ਜਾਣਗੇ।

ਆਖਦੇ ਨੇ ਭਲਾ ਅਸੀਂ ਕਰਨਾ ਕਿਸਾਨ ਦਾ।

ਸੱਚ ਪਰ ਹਰ ਬੰਦਾ ਜਾਣਦਾ ਜਹਾਨ ਦਾ।

ਪਾਇਆ ਚਿਹਰੇ ਤੇ ਨਕਾਬ ਇਹ ਹਟਾ ਕੇ ਜਾਣਗੇ।

ਬਈ ਹੱਕ ਆਪਣੇ, ਹੱਕ ਆਪਣੇ ਇਹ ਝੋਲ਼ੀ ਚ ਪੁਆ ਕੇ ਜਾਣਗੇ।

ਦੇਸ਼ ਵਿੱਚ ਲੱਗਦੈ ਭੁਚਾਲ਼ ਕੋਈ ਆ ਗਿਆ।

ਅੰਬਰਾਂ ਦੇ ਉੱਤੇ ਨੂਰ ਨਵਾਂ ਕੋਈ ਛਾ ਗਿਆ।

ਲੋਹਾ ਤਾਕਤ ਦਾ ਆਪਣੀ ਮਨਾ ਕੇ ਜਾਣਗੇ।

ਬਈ ਹੱਕ ਆਪਣੇ, ਹੱਕ ਆਪਣੇ ਇਹ ਝੋਲ਼ੀ ਚ ਪੁਆ ਕੇ ਜਾਣਗੇ।

ਢਾਹ ਕੇ ਕਿਲਾ ਜਾਣਗੇ ਪਨਾਗਾ ਇਹ ਗ਼ਰੂਰ ਦਾ।

ਨਸ਼ਾ ਲਾਹ ਕੇ ਜਾਣਗੇ ਇਹ ਭੂਤਰੇ ਲੰਗੂਰ ਦਾ।

ਲੰਕਾ ਸੋਨੇ ਦੀ ਇਹ ਰੌਣ ਦੀ ਜਲ਼ਾ ਕੇ ਜਾਣਗੇ।

ਬਈ ਹੱਕ ਆਪਣੇ, ਹੱਕ ਆਪਣੇ ਇਹ ਝੋਲ਼ੀ ਚ ਪੁਆ ਕੇ ਜਾਣਗੇ।