Wednesday 25 August 2021

ਹੱਥ ਭੋਰਾ ਕੁ ਅਕਲ ਨੂੰ ਤੂੰ ਮਾਰ ਹਾਕਮਾ ।

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਭੁੱਲ ਡਾਢਿਆਂ ਦਾ ਪਿਆਰ ਜਿਨ੍ਹਾਂ ਚੋਗਾ ਤੈਨੂੰ ਪਾਇਆ

ਹਿਤਾਂ ਅਪਣਿਆਂ ਲਈ ਜਿਨ੍ਹਾਂ ਅੱਗੇ ਤੈਨੂੰ ਲਾਇਆ

ਉਹਨਾਂ ਵਾਸਤੇ ਨਾ ਇਹਨਾਂ ਨੂੰ ਵਿਸਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਛੱਡ ਖੋਤੇ ਵਾਲ਼ੀ ਅੜੀ, ਜਿਹੜੀ ਬੈਠਾ ਹੈਂ ਤੂੰ ਫੜੀ

ਇਹਨਾਂ ਸ਼ੀਸ਼ੇ ਵਾਗ ਭੰਨ ਦੇਣੀ ਗੁਜਰਾਤੀ ਤੜੀ

ਹੋ ਜਾ ਨੀਂਵਾਂ ਤੂੰ ਤਿਆਗ ਦੇ ਹੰਕਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਨਹੀਂ ਸ਼ੌਕ ਨਾਲ਼ ਅੰਨਦਾਤਾ ਚੱਲ ਦਿੱਲੀ ਆਏ

ਠੰਢ ਕਹਿਰਾਂ ਦੀ ਚ ਆ ਕੇ ਡੇਰੇ ਸੜਕਾਂ ਤੇ ਲਾਏ

ਇੱਕ ਰਾਤ ਓਥੇ ਵੇਖ ਤੂੰ ਗੁਜ਼ਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਆਖ ਜੱਟਾਂ ਨੂੰ ਨਾਦਾਨ, ਨਾ ਤੂੰ ਕਰ ਅਪਮਾਨ

ਤੇਰੇ ਨਾਲ਼ੋਂ ਵੱਧ ਸਿਆਣਾ ਅੱਜ ਹਿੰਦ ਦਾ ਕਿਸਾਨ

ਮਨ ਵਿੱਚ ਏਸ ਸੱਚ ਨੂੰ ਵਿਚਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

ਭੁੱਲ ਸੱਤਾ ਦਾ ਪਿਆਰ, ਝਾਤੀ ਦਿਲ ਵਿੱਚ ਮਾਰ

ਕਰ ਸੱਚ ਨੂੰ ਕਬੂਲ, ਦੇਹ ਮਖੌਟੇ ਨੂੰ ਉਤਾਰ

ਤੈਨੂੰ ਆਖਦਾ ਪਨਾਗ ਵਾਰੋ ਵਾਰ ਹਾਕਮਾ

ਓਇ ਲੈ ਲੈ ਅਪਣੇ ਕਿਸਾਨਾਂ ਦੀ ਤੂੰ ਸਾਰ ਹਾਕਮਾ ।

No comments:

Post a Comment