Wednesday 25 August 2021

 

ਗੱਲ ਸੁਣ ਤੂੰ ਅਕਬਰ ਬਾਦਸ਼ਾਹ ਤੈਨੂੰ ਦੁੱਲਾ ਰਿਹਾ ਵੰਗਾਰ

ਰੂਹ ਸਾਂਦਲ਼ ਅਤੇ ਫਰੀਦ ਦੀ ਮੈਨੂੰ ਆਖੇ ਵਾਰੋ ਵਾਰ।

ਲੈ ਬਦਲਾ ਦਾਦੇ ਬਾਪ ਦਾ ਹੱਥੀਂ  ਤੂੰ ਅਕਬਰ ਨੂੰ ਮਾਰ।

ਸਿਰ ਭੱਟੀਆਂ ਦੇ ਜੋ ਚੜ੍ਹ ਗਿਆ, ਚੜ੍ਹ ਗਿਆ, ਬੱਚਾ ਕਰਜ਼ਾ ਦੇਹ ਉਤਾਰ।

 

ਜ਼ਰਾ ਆ ਤੂੰ ਰਣ ਵਿੱਚ ਬੁਜ਼ਦਿਲਾ ਫੜ ਹੱਥ ਦੇ ਵਿੱਚ ਤਲਵਾਰ।

ਕਰ ਦੋ ਹੱਥ ਆਹਮੋ ਸਾਹਮਣੇ ਆ ਮੋੜ ਦੁੱਲੇ ਦਾ ਵਾਰ।

ਸਿਰ ਤੇਰਾ ਧੜ ਤੋਂ ਲਾਹ ਕੇ ਲਵਾਂ ਤਪਦੇ ਦਿਲ ਨੂੰ ਠਾਰ।

ਭਰ ਤੂੜੀ ਅੰਦਰ ਖੱਲ ਦੇ, ਖੱਲ ਦੇ, ਟੰਗ ਦਿਆਂ ਲਹੌਰੋਂ ਬਾਹਰ।

 

ਮੈਨੂੰ ਜਾਨੋ ਵੱਧ ਹੈ ਬਾਰ ਦੇ ਲੋਕਾਂ ਅਪਣਿਆਂ ਨਾਲ਼ ਪਿਆਰ।

ਖੋਹ ਦੌਲਤ ਸਾਂਦਲ਼ ਬਾਰ ਦੀ ਲਾਏ ਦਿੱਲੀ ਤੂੰ ਅੰਬਾਰ।

ਲੁੱਟ ਸਾਰੀ ਦੇਵਾਂ ਅਕਬਰਾ ਵੰਡ ਲੋਕਾਂ ਦੇ ਵਿਚਕਾਰ।

ਸੀ ਸ਼ੇਰ ਲੱਧੀ ਨੇ ਜੰਮਿਆਂ, ਜੰਮਿਆਂ, ਸਦਾ ਯਾਦ ਰਖੇ ਸੰਸਾਰ।

 

ਤੂੰ ਸੋਚਿਆ ਚੋਗਾ ਪਾ ਕੇ ਲਊਂ ਦੁੱਲੇ ਨੂੰ ਪੁਚਕਾਰ।

ਨਹੀਂ ਰੰਗ ਬਦਲਦਾ ਖੂਨ ਦਾ ਫੂਕਾਂ ਜ਼ਖ਼ਮਾਂ ਉੱਤੇ ਮਾਰ

ਹਨ ਸ਼ੇਰ ਪਨਾਗਾ ਮੁੱਢ ਤੋਂ ਭੱਟੀ ਰਾਜਪੂਤ ਸਰਦਾਰ      

ਕਦੇ ਭੁੱਲਦੇ ਨਾ ਇਹ ਦੁਸ਼ਮਣੀ, ਦੁਸ਼ਮਣੀ, ਜਿਹੜੀ ਪੈ ਜਾਂਦੀ ਇੱਕ ਵਾਰ।


No comments:

Post a Comment