Wednesday 25 August 2021

 

 

ਬਾਹਰ ਦੀਵੇ ਬਾਲ਼ਦਿਆ ਕੋਈ ਅੰਦਰ ਦੀਵਾ ਬਾਲ਼।

ਰੂਹ ਨੂੰ ਰੋਸ਼ਨ ਕਰ ਦਏ ਕੋਈ ਐਸੀ ਬਾਲ਼ ਮਿਸ਼ਾਲ।

ਪੁੱਟ ਈਰਖਾ ਦਵੈਤ ਨੂੰ ਜੋ ਦਿਲ ਚੋਂ ਕੱਢ ਕੇ ਬਾਹਰ

ਨੱਕੋ ਨੱਕ ਉਹਨੂੰ ਭਰ ਦਏ ਪਿਆਰ ਮੁਹੱਬਤ ਨਾਲ਼।

ਹਰ ਇੱਕ ਬਸ਼ਰ ਚੋਂ ਲੱਗ ਪਏ ਦਿਸਣ ਰੱਬੀ ਨੂਰ

ਤੂੰ ਤੇ ਮੈਂ ਦਾ ਸਦਾ ਲਈ ਜਾਵੇ ਵਿਸਰ ਖਿਆਲ।

ਮਿੱਠਤ ਤੇ ਅਪਣੱਤ ਦੇ ਵਹਿਣ ਲੱਗਣ ਦਰਿਆ

ਕੁੱਲ ਕੁੜੱਤਣ ਮਰ ਜਾਏ ਇੱਕੋ ਘੁੱਟ ਦੇ ਨਾਲ਼।

ਦੈਂਤ ਮਾਰ ਹੰਕਾਰ ਦਾ ਧਾਰ ਨਿਮਰਤਾ ਚਿੱਤ

ਛੱਡ ਚਟਾਨੀ ਆਕੜਾਂ ਬਣ ਜਾ ਧੂੜ ਰਵਾਲ਼।

ਹਰ ਦਿਨ ਜਸ਼ਨ ਮਨਾਈਏ ਦੀਵਾਲ਼ੀ ਹਰ ਰਾਤ

ਮਾਰ ਪਨਾਗਾ ਹੰਭਲ਼ਾ ਕੋਈ ਘਾਲ਼ ਅਜੇਹੀ ਘਾਲ਼।


No comments:

Post a Comment