Wednesday 25 August 2021

 

 

ਕੁੱਤੇ ਦਾ ਰੋਸ

 

ਘਟੀਆ ਅਤੇ ਕਮੀਣਾ ਬੰਦਾ ਜੋ ਦੁਨੀਆਂ ਵਿੱਚ ਰਹਿੰਦਾ।

ਦੁਨੀਆਂ ਦਾ ਹਰ ਸਿਆਣਾ ਬੰਦਾ ਕੁੱਤਾ ਉਸ ਨੂੰ ਕਹਿੰਦਾ।

ਇਸ ਤੋਂ ਵੱਡੀ ਹੋਰ ਗਾਲ਼ ਨਾ ਪਰ ਕੁੱਤੇ ਲਈ ਕੋਈ

ਪੱਥਰ ਕਰ ਕੇ ਦਿਲ ਅਪਣੇ ਨੂੰ ਹੈ ਹਰ ਕੁੱਤਾ ਸਹਿੰਦਾ।

 

ਮੈਂ ਕੁੱਤਾ ਹਾਂ ਪਰ ਮੈਂ ਬੰਦਿਆ ਤੇਰੇ ਨਾਲ਼ੋਂ ਚੰਗਾ।

ਨਾ ਮੈਂ ਮੱਕੇ ਹੱਜ ਨੂੰ ਜਾਂਵਾਂ, ਨਾ ਮੈਂ ਨ੍ਹਾਉਂਦਾ ਗੰਗਾ।

ਕਰਦਾ ਕਦੇ ਗੁਨਾਹ ਨਾ ਕੋਈ ਜਿਹੜਾ ਪਵੇ ਛੁਪਾਉਣਾ

ਏਸੇ ਲਈ ਮੈਂ ਬੇ-ਡਰ ਘੁੰਮਾਂ ਗਲ਼ੀਆਂ ਦੇ ਵਿੱਚ ਨੰਗਾ।

 

ਨਾ ਮੈਂ ਲੈਂਦਾ ਤੇਰੇ ਵਾਂਗੂੰ ਨਾਲ਼ ਖ਼ੁਦਾ ਦੇ ਪੰਗਾ।

ਅੱਗ ਨੂੰ ਜੱਫੀ ਕਦੇ ਨਾ ਪਾਂਵਾਂ ਪਾਉਂਦਾ ਜਿਵੇਂ ਪਤੰਗਾ।

ਲੜਾਂ ਕਦੇ ਜੇ ਅਪਣੇ ਹੱਕ ਦੀ ਰਾਖੀ ਦੇ ਲਈ ਲੜਦਾਂ

ਰੰਗ, ਜਾਤ ਤੇ ਮਜ਼੍ਹਬ ਦੇ ਨਾਂ ਤੇ ਕਦੇ ਨਾ ਕਰਦਾ ਦੰਗਾ।

 

ਮੱਕਾ ਕਾਂਸ਼ੀ ਉਹ ਘਰ ਮੇਰਾ ਖਾਂਦਾ ਹਾਂ ਜਿਸ ਘਰ ਦਾ।

ਮਾਲਕ ਨੂੰ ਮੈਂ ਰੱਬ ਕਰ ਜਾਣਾ, ਮੈਂ ਮਾਲਕ ਦਾ ਬਰਦਾ।

ਅੰਤਮ ਸਾਹ ਤੱਕ ਵਫ਼ਾ ਨਿਭਾਵਾਂ, ਜਾਨ ਵੀ ਅਪਣੀ ਦੇਵਾਂ

ਲਾਲਚ ਵਸ ਪੈ ਕਦੇ ਗੱਦਾਰੀ ਮਾਲਕ ਨਾਲ਼ ਨਾ ਕਰਦਾ

 

ਲੋਭ ਚ ਆ ਕੇ ਤੇਰੇ ਵਾਂਗੂੰ ਕਦੇ ਝੂਠ ਨਾ ਬੋਲਾਂ।

ਰਿਸ਼ਵਤ ਲੈ ਨਾ ਭੇਤ ਸਾਂਈਂ ਦਾ ਦੁਸ਼ਮਣ ਅੱਗੇ ਖੋਲ੍ਹਾਂ।

ਜਾਂ ਮੈਂ ਅਪਣੀ ਜਾਂ ਮਾਲਕ ਦੀ ਰਾਖੀ ਦੇ ਲਈ ਭੌਂਕਾਂ

ਟਕਿਆਂ ਖਾਤਰ ਟੌਂਕਰ ਟੌਂਕਰ ਸੱਚ ਨਾ ਘੱਟੇ ਰੋਲਾਂ।

 

ਹੱਕ ਦੂਜੇ ਦਾ ਖੋਹ ਖੋਹ ਢੇਰ ਨਾ ਮੈਂ ਦੌਲਤ ਦੇ ਲਾਉਂਦਾ।

ਤਾਕਤ ਦੇ ਲਈ ਨਿਰਦੋਸ਼ਾਂ ਦਾ ਮੈਂ ਨਾ ਖੂਨ ਵਹਾਉਂਦਾ।

ਜੇ ਕੋਈ ਚਾਹੇ ਡਰਾਉਣਾ ਮੈਨੂੰ ਅੱਗਿਉਂ ਦੰਦ ਦਿਖਾਵਾਂ

ਪਿਆਰ ਦੇ ਉੱਤਰ ਦੇ ਵਿੱਚ ਮੈਂ ਵੀ ਰੱਜ ਕੇ ਪੂੰਛ ਹਿਲਾਉਂਦਾ।

 

ਕੁੱਤਾ ਕਹਿ ਬੰਦੇ ਨੂੰ ਤੂੰ ਤੌਹੀਨ ਮੇਰੀ ਕਿਉਂ ਕਰਦਾ?

ਅਪਣੀ ਜ਼ਾਤ ਦੀ ਇਹ ਬਦਨਾਮੀ ਹੋਰ ਨਾ ਹੁਣ ਮੈਂ ਜਰਦਾ।

ਏਸੇ ਲਈ ਅੱਜ ਕਲਮ ਪਨਾਗ ਦੀ ਅਪਣੇ ਮੂੰਹ ਵਿੱਚ ਫੜ ਕੇ

ਤੇਰੀ ਅਸਲੀਅਤ ਤੋਂ ਮੈਂ ਹੈ ਚੁੱਕਿਆ ਬੰਦਿਆ ਪਰਦਾ।


No comments:

Post a Comment