Wednesday 25 August 2021

 

ਲੱਗੇ ਜਦੋਂ ਗੁਆਂਢੀ ਦੇ ਅੱਗ, ਲੋਕ ਬਸੰਤਰ ਕਹਿੰਦੇ ਨੇ।

ਲੱਗੇ ਜਦ ਘਰ ਅਪਣੇ, ਰੌਲ਼ਾ ਪਾਉਂਦੇ, ਸਾਹ ਨਾ ਲੈਂਦੇ ਨੇ।

ਤੱਕ ਦੂਜੇ ਘਰ ਉੱਠਦੀਆਂ ਲਾਟਾਂ ਤਾੜੀਆਂ ਜੱਗ ਵਜਾਉਂਦਾ ਹੈ।

ਛਿੜਕੇ ਤੇਲ ਤੇ ਦਵੇ ਹਵਾ, ਕੋਈ ਵਿਰਲਾ ਪਾਣੀ ਪਾਉਂਦਾ ਹੈ।

ਕੀ ਹੁੰਦੀ ਅੱਗ, ਜਾਣਨ ਉਹ, ਜੋ ਸੇਕ ਏਸ ਦਾ ਸਹਿੰਦੇ ਨੇ।

ਲੱਗੇ ਜਦੋਂ ਗੁਆਂਢੀ ਦੇ ਅੱਗ ਲੋਕ ਬਸੰਤਰ ਕਹਿੰਦੇ ਨੇ।

ਜ਼ਖ਼ਮ ਲੱਗੇ ਜਦ ਅਪਣੇ ਤਨ ਤੇ ਸਹਿਣਾ ਔਖਾ ਲੱਗਦਾ ਹੈ।

ਚੀਕਾਂ ਨਿਕਲਣ, ਅੱਖੋਂ ਪਾਣੀ ਬਣ ਕੇ ਦਰਿਆ ਵਗਦਾ ਹੈ।

ਸੱਟ ਲੱਗਿਆਂ ਜਦ ਦੂਜਾ ਰੋਂਦਾ ਖੂਬ ਠਹਾਕੇ ਪੈਂਦੇ ਨੇ।

ਲੱਗੇ ਜਦੋਂ ਗੁਆਂਢੀ ਦੇ ਅੱਗ ਲੋਕ ਬਸੰਤਰ ਕਹਿੰਦੇ ਨੇ।

ਕਿਸੇ ਦੁਖੀ ਹਿਰਦੇ ਦਾ ਜਾ ਕੇ ਕੋਈ ਦੁੱਖ ਵੰਡਾਉਂਦਾ ਨਹੀਂ।

ਲੂਣ ਜ਼ਖ਼ਮ ਤੇ ਲਾਉਂਦੇ ਸਾਰੇ, ਮਲ੍ਹਮ ਕੋਈ ਲਾਉਂਦਾ ਨਹੀਂ।

ਲਾ ਚਟਖਾਰੇ ਗੱਲਾਂ ਕਰਦੇ ਜਦ ਕੱਠੇ ਹੋ ਬਹਿੰਦੇ ਨੇ।

ਲੱਗੇ ਜਦੋਂ ਗੁਆਂਢੀ ਦੇ ਅੱਗ ਲੋਕ ਬਸੰਤਰ ਕਹਿੰਦੇ ਨੇ।

ਮੱਤਾਂ ਦਵੇ ਜ਼ਮਾਨਾ ਸਾਰਾ, ਕੋਈ ਦਿਲਾਸਾ ਦਿੰਦਾ ਨਹੀਂ।

ਡੁੱਬਦੇ ਦਿਲ ਨੂੰ ਕੋਈ ਪਨਾਗਾ ਆ ਧਰਵਾਸਾ ਦਿੰਦਾ ਨਹੀਂ।

ਨਾ ਕੋਈ ਹੱਥ ਪੂੰਝਦਾ ਅੱਥਰੂ ਜੋ ਹੜ੍ਹ ਬਣ ਕੇ ਵਹਿੰਦੇ ਨੇ।

ਲੱਗੇ ਜਦੋਂ ਗੁਆਂਢੀ ਦੇ ਅੱਗ ਲੋਕ ਬਸੰਤਰ ਕਹਿੰਦੇ ਨੇ।


No comments:

Post a Comment