Wednesday 25 August 2021

ਅੰਦੋਲਨਕਾਰੀ ਕਿਸਾਨਾਂ ਦੀ ਅਪੀਲ 

ਆਪੋ ਅਪਣੀ ਡੱਫ ਵਜਾ ਕੇ ਨਾ ਮਸਲਾ ਉਲ਼ਝਾਓ।

ਪਾ ਪਾ ਸਫਾਂ ਚ ਵੰਡੀਆਂ ਸਾਨੂੰ ਨਾ ਕਮਜ਼ੋਰ ਬਣਾਓ।

ਨਾਸ਼ੁਕਰੀ ਸਰਕਾਰ ਨੂੰ ਇਹਦੀ ਸਹੀ ਔਕਾਤ ਦਿਖਾਓ।

ਸੀਸ ਤਲ਼ੀ ਦੇ ਉੱਤੋ ਰੱਖ ਕੇ ਅੱਜ ਰਣ ਦੇ ਵਿੱਚ ਆਓ।

ਭੁੱਲ ਗਏ ਨੇ ਉਹ ਦਿਨ ਹਾਕਮ ਜਦ ਸਨ ਭੁੱਖੇ ਮਰਦੇ।

ਅੰਨ ਲਈ ਅਮਰੀਕਾ ਦੀਆਂ ਸੀ ਮਿੰਨਤਾਂ ਮੁੜ ਮੁੜ ਕਰਦੇ।

ਅਸੀਂ ਭਰੇ ਸੀ ਢਿੱਡ ਉਨ੍ਹਾਂ ਨੂੰ ਜਾ ਕੇ ਯਾਦ ਕਰਾਓ।

ਸੀਸ ਤਲ਼ੀ ਦੇ ਉੱਤੋ ਰੱਖ ਕੇ ਅੱਜ ਰਣ ਦੇ ਵਿੱਚ ਆਓ।

ਅੰਨਦਾਤੇ ਦੇ ਨਾਲ਼ ਜ਼ਰਾ ਵੀ ਜੇ ਤੁਹਾਨੂੰ ਹਮਦਰਦੀ।

ਆ ਕੇ ਖੜ੍ਹ ਜਾਓ ਨਾਲ਼ ਅਸਾਡੇ ਲਾਹ ਕੇ ਸਿਆਸੀ ਵਰਦੀ।

ਖ਼ੁਦ ਨੂੰ ਥਾਪੀ ਦੇ ਦੇ ਅਪਣੀ ਸਿਆਸਤ ਨਾ ਚਮਕਾਓ।

ਸੀਸ ਤਲ਼ੀ ਦੇ ਉੱਤੋ ਰੱਖ ਕੇ ਅੱਜ ਰਣ ਦੇ ਵਿੱਚ ਆਓ।  

ਤੁਹਾਡੇ ਸ਼ੋਰ ਸ਼ਰਾਬੇ ਵਿੱਚੋਂ ਬੂ ਸਿਆਸਤ ਦੀ ਆਉਂਦੀ।

ਮਲ੍ਹਮ ਲਾਉਣ ਦੀ ਥਾਂ ਹੈ ਜਿਹੜੀ ਲੂਣ ਜ਼ਖ਼ਮ ਤੇ ਲਾਉਂਦੀ।

ਰੱਖ ਸਿਆਸੀ ਹਿਤ ਇੱਕ ਪਾਸੇ ਖੜ੍ਹ ਕੇ ਨਾਲ਼ ਦਿਖਾਓ।

ਸੀਸ ਤਲ਼ੀ ਦੇ ਉੱਤੋ ਰੱਖ ਕੇ ਅੱਜ ਰਣ ਦੇ ਵਿੱਚ ਆਓ।

ਛੱਡ ਸਿਆਸੀ ਦੂਸ਼ਣਬਾਜ਼ੀ ਮੁੱਦੇ ਦੀ ਗੱਲ ਚੁੱਕੋ।

ਦੁੱਧ ਧੋਤੇ ਬਣ ਬਣ ਨਾ ਐਵੇਂ ਇੱਕ ਦੂਜੇ ਤੇ ਥੁੱਕੋ।

ਸੋਧ ਪਿਛਲੀਆਂ ਭੁੱਲਾਂ ਬਣ ਕੇ ਅੱਜ ਤੂਫ਼ਾਨ ਦਿਖਾਓ।

ਸੀਸ ਤਲ਼ੀ ਦੇ ਉੱਤੋ ਰੱਖ ਕੇ ਅੱਜ ਰਣ ਦੇ ਵਿੱਚ ਆਓ।

ਭੁੱਲ ਵਖਰੇਵੇਂ ਹੋ ਕੇ ਇੱਕ ਜਦ ਅੜ ਕੇ ਮੂਹਰੇ ਖੜ੍ਹ ਗਏ।

ਚੋਟ ਨਗਾਰੇ ਉੱਤੇ ਲਾ ਕੇ ਜਦ ਦਿੱਲੀ ਵਿੱਚ ਵੜ ਗਏ।

ਬਿੱਲੀ ਬਣ ਜਾਊ ਸ਼ੇਰ ਪਨਾਗਾ ਭੁੱਲ ਜਾਊ ਸਭ ਦਾਓ।

ਸੀਸ ਤਲ਼ੀ ਦੇ ਉੱਤੋ ਰੱਖ ਕੇ ਅੱਜ ਰਣ ਦੇ ਵਿੱਚ ਆਓ।

No comments:

Post a Comment