Wednesday 25 August 2021

 

ਰੱਖ ਅਪਣੀ ਹਥੇਲ਼ੀ ਉੱਤੇ ਜਾਨ ਆਏ ਨੇ।

ਕਰ ਦਿੱਲੀਏ ਸਲਾਮ ਨੀ ਕਿਸਾਨ ਆਏ ਨੇ।

 

ਮੁੱਦਾ ਇਨ੍ਹਾਂ ਨੂੰ ਸਤਾਉਂਦਾ ਅਪਣੀ ਪਛਾਣ ਦਾ।

ਨਹੀਂ ਸ਼ੌਕ ਕੋਈ ਸੜਕਾਂ ਤੇ ਧੱਕੇ ਖਾਣ ਦਾ।

ਜਾਂਦਾ ਅਪਣਾ ਬਚਾਉਣ ਸਨਮਾਨ ਆਏ ਨੇ।

ਕਰ ਦਿੱਲੀਏ ਸਲਾਮ ਨੀ ਕਿਸਾਨ ਆ ਨੇ।

 

ਹੋਵੇ ਹਾਕਮ ਦੇ ਕੋਲ਼ ਜੇ ਦਿਮਾਗ ਭੋਰਾ ਚੰਗਾ।

ਲੈਂਦਾ ਅਪਣੇ ਅਵਾਮ ਨਾਲ਼ ਕਦੇ ਨਾ ਉਹ ਪੰਗਾ।

ਤੈਨੂੰ ਦੇਣ ਏਸ ਸੱਚ ਦਾ ਗਿਆਨ ਆਏ ਨੇ।

ਕਰ ਦਿੱਲੀਏ ਸਲਾਮ ਨੀ ਕਿਸਾਨ ਆ ਨੇ।

 

ਤੇਰੇ ਸਿਤਮ ਪਿੰਡੇ ਤੇ ਇਹ ਜਰਨ ਆਏ ਨੇ।

ਸ਼ਾਨ ਅਪਣੀ ਬਚਾਉਣ ਲਈ ਮਰਨ ਆਏ ਨੇ।

ਹੰਕਾਰਿਆਂ ਦਾ ਤੋੜਨ ਗੁਮਾਨ ਆਏ ਨੇ।

ਕਰ ਦਿੱਲੀਏ ਸਲਾਮ ਨੀ ਕਿਸਾਨ ਆ ਨੇ।

 

ਚਾਲਾਂ ਤੇਰੀਆਂ ਨੂੰ ਜੜਾਂ ਤੱਕ ਜਾਣਦੇ ਨੇ ਇਹ।

ਚਿਹਰਾ ਚਿਹਰੇ ਪਿੱਛੇ ਲੁਕਿਆ ਪਛਾਣਦੇ ਨੇ ਇਹ।

ਇਹ ਨਾ ਸੋਚੀਂ ਕਿਤੇ ਉੱਠ ਕੇ ਨਾਦਾਨ ਆਏ ਨੇ।

ਕਰ ਦਿੱਲੀਏ ਸਲਾਮ ਨੀ ਕਿਸਾਨ ਆ ਨੇ।

 

ਸਾਰੀ ਦੁਨੀਆਂ ਹੈ ਨਾਲ਼ ਨਾ ਸਮਝ ਬੈਠੀਂ ਕੱਲੇ।

ਬੰਨ੍ਹ ਸਿਰਾਂ ਤੇ ਕੱਫਣ ਤੇਰੇ ਬੂਹੇ ਜਿਨ੍ਹਾਂ ਮੱਲੇ।

ਬੱਚੇ ਬੁੱਢੇ ਅਤੇ ਚੱਲ ਕੇ ਜਵਾਨ ਆਏ ਨੇ।

ਕਰ ਦਿੱਲੀਏ ਸਲਾਮ ਨੀ ਕਿਸਾਨ ਆ ਨੇ।

 

ਹੱਕ ਅਪਣੇ ਇਹ ਝੋਲ਼ੀ ਚ ਪੁਆ ਕੇ ਜਾਣਗੇ।

ਸੱਚ ਆਖਦਾ ਪਨਾਗ ਤੈਨੂੰ ਢਾਹ ਕੇ ਜਾਣਗੇ।

ਲੈ ਕੇ ਦਿਲਾਂ ਵਿੱਚ ਗੁੱਸੇ ਦਾ ਤੂਫ਼ਾਨ ਆਏ ਨੇ।

ਕਰ ਦਿੱਲੀਏ ਸਲਾਮ ਨੀ ਕਿਸਾਨ ਆ ਨੇ।


No comments:

Post a Comment