Wednesday 25 August 2021

 

ਇੱਕ ਫੁੱਲ ਬਾਝੋਂ ਗੁਲਸ਼ਨ ਸਾਰਾ ਸੁੰਨਾ ਸੁੰਨਾ ਲਗਦਾ ਹੈ

ਚਾਰੋਂ ਤਰਫ਼ ਹਨ੍ਹੇਰਾ ਜਾਪੇ ਸੂਰਜ ਭਾਂਵੇਂ ਦਗਦਾ ਹੈ।

ਖ਼ੁਦ ਜਲ਼ ਕੇ ਜੋ ਚਾਨਣ ਵੰਡੇ, ਨ੍ਹੇਰੇ ਮਸਤਕ ਕਰਦਾ ਰੋਸ਼ਨ

ਏਹੋ ਜਿਹਾ ਗਿਆਨ ਦਾ ਦੀਵਾ ਟਾਂਵੇਂ ਚਮਨ ਚ ਜਗਦਾ ਹੈ।

ਗਿਆਨ ਦੀ ਅਤੇ ਪਿਆਰ ਦੀ ਦੌਲਤ ਬੂਟੇ ਚਮਨ ਦਿਆਂ ਨੂੰ ਵੰਡਦਾ

ਰੂਹ ਦੇ ਵਿੱਚ ਜੋ ਉੱਤਰ ਜਾਂਦਾ, ਹਰ ਹਿਰਦੇ ਨੂੰ ਠਗਦਾ ਹੈ।

ਚਿੱਟਾ ਦੁੱਧ ਬਰਫ਼ ਦਾ ਪਰਬਤ, ਸੂਰਜ ਨੂੰ ਵੀ ਜੋ ਚੁੰਧਿਆਉਂਦਾ

ਜਿਉਂ ਜਿਉਂ ਮਿਲਦਾ ਨਿੱਘ ਪਿਆਰ ਦਾ ਬਣ ਕੇ ਦਰਿਆ ਵਗਦਾ ਹੈ।

ਰਾਖ ਨਿਮਰਤਾ ਦੀ ਨਾਲ਼ ਕੱਜਿਆ, ਹਿੱਕ ਵਿੱਚ ਨਿੱਘ ਸਮੋਈ ਰੱਖਦਾ

ਜਿਉਂ ਜਿਉਂ ਫੂਕਾਂ ਮਾਰੋ ਤਿਉਂ ਤਿਉਂ ਸੂਹਾ ਹੋ ਹੋ ਮਘਦਾ ਹੈ।

ਪਿੱਛੋਂ ਆ ਕੋਈ ਅੱਗੇ ਲੰਘ ਜਾਏ ਸਾਹਾਂ ਦੀ ਇਸ ਦੌੜ ਦੇ ਅੰਦਰ

ਹਾਰ ਦੇ ਕੋਝੇ ਸਦਮੇ ਨਾਲ਼ ਰੱਤ ਜੰਮ ਜਾਂਦਾ ਹਰ ਰਗ ਦਾ ਹੈ।

ਜਾਰੀ ਸਫ਼ਰ ਹੈ ਰੱਖਣਾ ਪੈਂਦਾ, ਹੰਝੂਆਂ ਵਿੱਚੋਂ ਹਾਸੇ ਲੱਭ ਲੱਭ,

ਅੰਗਿਆਰਾਂ ਤੇ ਪਾਣੀ ਪਾ ਪਾ, ਜਦ ਤੱਕ ਇਹ ਸਾਹ ਵਗਦਾ ਹੈ।                 

ਜਿਸ ਤਨ ਲੱਗੇ ਸੋਈ ਜਾਣੇ, ਕੋਈ ਨਾ ਜਾਣੇ ਪੀੜ ਪਰਾਈ

ਸੱਚ ਸਿਆਣਿਆਂ ਕਿਹਾ ਪਨਾਗਾ ਇਹ ਵਰਤਾਰਾ ਜੱਗ ਦਾ ਹੈ।   


No comments:

Post a Comment