Wednesday 25 August 2021

ਦਰਵਾਜੇ ਤੇਰੇ ਤੇ ਨੀ ਅੰਨਦਾਤੇ ਬਹਿ ਗਏ ਆ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

ਤੇਰੀਆਂ ਲੂੰਬੜ ਚਾਲਾਂ ਨੀ ਚੱਲਣੀਆਂ ਨਹੀਂ ਇਨ੍ਹਾਂ ਦੇ ਅੱਗੇ।

ਕੋਈ ਕੁੱਤੇ ਬਿੱਲੇ ਨਹੀਂ ਇਹ ਨੇ ਸ਼ੇਰ ਜੰਗਲ਼ ਦੇ ਬੱਗੇ।

ਤੇਰੇ ਕਿਲੇ ਉਸਾਰਿਆਂ ਦੇ ਜਾਣਗੇ ਕਿੰਗਰੇ ਝੂਠ ਦੇ ਢਾਹ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

ਹੱਕਾਂ ਦੀ ਖਾਤਰ ਇਹ ਦਿੱਲੀਏ ਨਹੀਂ ਮਰਨ ਤੋਂ ਡਰਦੇ।

ਕਦੇ ਪਿੱਛੇ ਹਟਦੇ ਨਾ ਪੈਰ ਮੈਦਾਨ ਵਿੱਚ ਜਦ ਧਰਦੇ।

ਹੈ ਬਹੁਤ ਹਾਕਮਾਂ ਨੇ ਅਪਣਾ ਜ਼ੋਰ ਵੇਖ ਲਿਆ ਲਾ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

ਇਹ ਤਾਂ ਉਹ ਸੋਏ ਨੇ ਵੱਢਿਆਂ ਹੁੰਦੇ ਦੂਣ ਸਵਾਏ।

ਅਬਦਾਲੀ ਵਰਗਿਆਂ ਦੇ ਦਿੱਲੀਏ ਛੱਕੇ ਇਨ੍ਹਾਂ ਛੁਡਾਏ।

ਲੈ ਲਿਆ ਪੁੱਠਾ ਪੰਗਾ ਸ਼ੇਰਾਂ ਦੀ ਮੁੱਛ ਨੂੰ ਹੱਥ ਪਾ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

ਲਾ ਮੂਹਰੇ ਮੋਹਰਿਆਂ ਨੂੰ ਨਵੀਂਆਂ ਨਿੱਤ ਸਾਜਿਸ਼ਾਂ ਘੜਦੀ।

ਬਦਨਾਮ ਕਰਨ ਲਈ ਹੈਂ ਦੋਸ਼ ਫਿਰ ਦਰਵੇਸ਼ਾਂ ਸਿਰ ਮੜ੍ਹਦੀ।

ਜਿਹੜਾ ਵੀ ਸੁਣਦਾ ਹੈ ਥੁੱਕਦਾ ਮੂੰਹ ਤੇਰੇ ਤੇ ਆ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

ਸੱਚ ਕਹੇ ਪਨਾਗ ਸੁਣੀ ਭੈੜੀਏ ਧਿਆਨ ਨਾਲ਼ ਕੰਨ ਧਰ ਕੇ।

ਸਭ ਚੁਸਤੀਆਂ ਤੇਰੀਆਂ ਇਹ ਮਲ਼ੀਆ ਮੇਟ ਜਾਣਗੇ ਕਰ ਕੇ।

ਤੇਰੇ ਦੁਸ਼ਟ ਇਰਾਦਿਆਂ ਨੂੰ ਜਾਣਗੇ ਮਿੱਟੀ ਵਿੱਚ ਮਿਲਾ ਕੇ।

ਹੁਣ ਉੱਠਣਗੇ ਦਿੱਲੀਏ ਤੇਰੀਆਂ ਗੋਡਣੀਆਂ ਲਗਵਾ ਕੇ।

No comments:

Post a Comment